ਉਂਗਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਂਗਲੀ. ਦੇਖੋ, ਅੰਗੁਲਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਉਂਗਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਂਗਲੀ : ਹੱਥਾਂ ਤੇ ਪੈਰਾ ਵਿਚ ਪੰਜ ਪੰਜ ਉਂਗਲੀਆਂ ਹੁੰਦੀਆਂ ਹਨ। ਕਦੇ ਕਦੇ ਕਿਸੇ ਦੀ ਛੇਵੀਂ ਉਂਗਲੀ ਵੀ ਹੁੰਦੀ ਹੈ, ਪਰ ਇਹ ਕਿਸੇ ਕੰਮ ਨਹੀਂ ਆਉਂਦੀ, ਸਗੋਂ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣਦੀ ਹੈ।

          ਪੰਜ ਉਂਗਲੀਆਂ ਕਦੇ ਬਰਾਬਰ ਨਹੀਂ ਹੁੰਦੀਆਂ । ਹਰ ਉਂਗਲੀ ਦੀ ਲੰਬਾਈ, ਆਪਣੇ ਕੰਮ ਤੇ ਸਥਾਨ ਮੁਤਾਬਕ ਵੱਖਰੀ ਹੈ। ਹੱਥ ਦੀ ਬਾਹਰ ਵਾਲੀ ਪਹਿਲੀ ਉਂਗਲੀ ਮੋਟੀ ਤੇ ਛੋਟੀ ਹੁੰਦੀ ਹੈ। ਇਸਨੂੰ ਅੰਗੂਠਾ ਆਖਦੇ ਹਨ। ਇਹ ਸਭ ਤੋਂ ਵਧ ਲੋੜੀਂਦੀ ਤੇ ਫੁਰਤੀਲੀ ਹੈ। ਇਸਦੇ ਨਕਾਰੇ ਹੋ ਜਾਣ ਤੇ ਹੱਥ ਦੀ ਕਾਰਜ ਸ਼ਕਤੀ ਅੱਧੀ ਹੋ ਜਾਂਦੀ ਹੈ। ਬਾਕੀ ਚਾਰ ਉਂਗਲੀਆਂ ਦੀ ਰਲ ਕੇ ਅੱਧੀ ਕਾਰਜ-ਸ਼ਕਤੀ ਰਹਿ ਜਾਂਦੀ ਹੈ। ਇਨ੍ਹਾਂ ਦੇ ਨਾਂ ਇਸ ਪਰਕਾਰ ਹਨ, ਮੂਹਰਲੀ (index finger) ਗਭਲੀ (middle), ਅੰਗੂਠੀ ਵਾਲੀ ਉਂਗਲੀ (ring finger) ਅਤੇ ਚੀਚੀ (little finger)

 

          ਹੱਥ ਦੀ ਹਰ ਉਂਗਲੀ ਵਿਚ ਤਿੰਨ ਹੱਡੀਆਂ ਹੁੰਦੀਆਂ ਹਨ, ਪਰ ਅੰਗੂਠੇ ਵਿਚ ਸਿਰਫ ਦੋ। ਇਉਂ ਹਰ ਉਂਗਲੀ ਵਿਚ ਤਿੰਨ ਜੋੜ ਹਨ, ਪਰ ਅੰਗੂਠੇ ਵਿਚ ਦੋ। ਇਹ ਜੋੜ ਉਂਗਲਾਂ ਦੀ ਮੁੜਨ ਤੇ ਹਿਲਣ ਦੀ ਸ਼ਕਤੀ ਵਧਾਉਂਦੇ ਹਨ। ਸਾਰੀ ਉਂਗਲੀ ਨੂੰ ਸਿੱਧੀ ਰੱਖ ਕੇ, ਪਹਿਲੇ ਜੋੜ ਤੇ ਇਸ ਨੂੰ ਅੱਗੇ ਵਲ ਮੋੜਨ ਵਾਲੇ ਨਿਕੇ ਨਿਕੇ ਮਾਸ ਦੇ ਪੱਠੇ ਹੁੰਦੇ ਹਨ ਜਿਨ੍ਹਾਂ ਨੂੰ ਲੰਬਰਾਈਕਲ (lumbrical) ਕਹਿੰਦੇ ਹਨ। ਉਂਗਲੀਆਂ ਦੀ ਮੁੱਠੀ ਮੀਚਣ ਤੇ ਖੋਲ੍ਹਣ ਵਾਲੇ ਵੱਡੇ ਵੱਡੇ ਮਾਸ ਦੇ ਪੱਠੇ ਹਨ ਜਿਹੜੇ ਬਾਂਹ ਦੀਆਂ ਹੱਡੀਆਂ ਦੇ ਸਿੱਧੇ (ventral) ਤੇ ਪੁੱਠੇ (dorsal) ਪਾਸੇ ਉਗਦੇ ਹਨ ਤੇ ਮਾਸ ਦੀਆਂ ਪੱਤੀਆਂ (tendons) ਬਣ ਕੇ. ਉਂਗਲੀਆਂ ਦੀਆਂ ਹੱਡੀਆਂ ਦੇ ਦੋਹੀਂ ਪਾਸੀਂ ਤੇ ਸਿਰੇ ਉੱਤੇ ਆ ਕੇ ਜੁੜਦੇ ਹਨ। ਉਂਗਲੀ ਨੂੰ ਸੱਜੇ, ਖੱਬੇ ਵਲ ਹਰਕਤ ਦੇਣ ਵਾਲੇ ਨਿੱਕੇ ਪੱਠੇ ਵੈਂਟਰਲ ਤੇ ਡਾੱਰਸਲ ਇੰਟਰੋਸ਼ਿਆਈ (interossei) ਕਹਾਉਂਦੇ ਹਨ। ਇਹ ਹਥੇਲੀ ਦੀਆਂ ਹੱਡੀਆਂ ਦੇ ਪਾਸਿਆਂ ਤੋਂ ਉੱਠਕੇ ਉਂਗਲੀ ਦੀ ਪਹਿਲੀ ਹੱਡੀ ਦੇ ਪਾਸੇ ਤੇ ਆ ਜੁੜਦੇ ਹਨ। ਇਨ੍ਹਾਂ ਸਾਰੇ ਮਾਸ ਦੇ ਪੱਠਿਆਂ ਦੇ ਮਿਲੇ ਜੁਲੇ ਸੰਗੋੜ ਨਾਲ, ਹੱਥ ਦੀਆਂ ਉਂਗਲੀਆਂ ਮਨੁੱਖ ਦੀ ਮੁਰਜ਼ੀ ਮੁਤਾਬਕ ਕੰਮ ਕਰ ਸਕਦੀਆਂ ਹਨ।

          ਉਂਗਲੀ ਦੇ ਪੁੱਠੇ ਪਾਸੇ ਦੇ ਸਿਰੇ ਉੱਤੇ ਨਹੁੰ ਹੈ। ਨਹੁੰ ਸਖ਼ਤ ਹੋਈ ਚਮੜੀ ਦਾ ਹੀ ਰੂਪ ਹੈ। ਇਹ ਸੱਟ ਫੇਟ ਤੇ ਠੰਢਾ ਤੱਤਾ ਸਹਿਣ ਦੀ ਵਧੇਰੇ ਸਮਰਥਾ ਰਖਦਾ ਹੈ। ਉਂਗਲੀ ਦੇ ਸਿੱਧੇ ਪਾਸੇ ਦੇ ਸਿਰਿਆਂ ਨੂੰ ਪੋਟੇ ਕਹਿੰਦੇ ਹਨ। ਪੋਟਿਆਂ ਦੀ ਚਮੜੀ ਬਹੁਤ ਕੋਮਲ-ਭਾਵੀ (sensitive) ਹੁੰਦੀ ਹੈ। ਇਸ ਵਿਚ ਨਰਵ-ਤੰਤੂ ਤੇ ਲਹੂ ਦੀਆਂ ਨਾਲੀਆਂ ਦਾ ਜਲ ਵਿਛਿਆ ਹੋਇਆ ਹੈ। ਇਸਦੇ ਤੰਤੂ, ਗਰਦਨ ਦੀ ਸੁਖਮਣਾ ਨਾੜੀ ਨਾਲ ਸਬੰਧਤ ਹਨ। ਜਦੋਂ ਕਦੇ ਇਹ ਤੰਤੂ ਮੁੱਢੋਂ ਜਾਂ ਵਿਚਾਲਿਉਂ ਕਿਤੇ ਟੁਟ ਜਾਣ ਤਾਂ ਉਂਗਲੀ ਤੇ ਇਸ ਦੇ ਪੋਟੇ ਦੀ ਸੂਝ ਸ਼ਕਤੀ ਮੁਕ ਜਾਂਦੀ ਹੈ। ਉਂਗਲੀ ਦੇ ਮਾਸ ਦੇ ਪੱਠੇ ਦੀ ਕਿਤੇ ਵੀ ਕੋਈ ਕਮਜ਼ੋਰੀ ਜਾਂ ਬੀਮਾਰੀ, ਉਂਗਲੀ ਨੂੰ ਨਿਕੰਮਾ ਕਰ ਦਿੰਦੀ ਹੈ। ਉਂਗਲੀ ਦ ਪੋਟੇ ਦੀਆਂ ਲਹੂ ਦੀਆਂ ਨਾਲੀਆਂ ਬਹੁਤ ਬਾਰੀਕ ਹੋਣ ਕਾਰਨ, ਗਰਮੀ ਤੇ ਸਰਦੀ ਦਾ ਅਸਰ ਵਧੇਰੇ ਕਬਲਦੀਆਂ ਹਨ। ਬਹੁਤੀ ਠੰਢ ਵਿਚ, ਬਰਫ ਉੱਤੇ, ਹੱਥਾਂ ਪੈਰਾਂ ਦੀਆਂ ਉਂਗਲਾਂ ਸਭ ਤੋਂ ਪਹਿਲਾਂ ਸੁੰਨ ਹੁੰਦੀਆਂ ਤੇ ਕਾਲੀਆਂ ਹੋ ਕੇ ਝੜ ਜਾਂਦੀਆਂ ਹਨ। ਇਸ ਰੋਗ ਨੂੰ ਠੰਢ-ਮਾਰ (frost bite) ਆਖਦੇ ਹਨ।

          ਉਂਗਲੀ ਸਰੀਰ ਦੀ ਅਰੋਗਤਾ ਦਾ ਸ਼ੀਸ਼ਾ ਹੈ। ਕਈ ਬੀਮਾਰੀਆਂ ਦੀ ਪਛਾਣ, ਉਂਗਲੀ ਨੂੰ ਗਹੁ ਨਾਲ ਵੇਖਣ ਤੇ ਹੁੰਦੀ ਹੈ। ਰੂਹਮੇਟਾਇਡ ਆਰਥਰਾਈਟਸ (Rheumatoid Arthiritis) ਵਿਚ ਜੋੜਾਂ ਦੇ ਸੁੱਜ ਜਾਣ ਨਾਲ, ਉਂਗਲੀ ਦੀ ਸ਼ਕਲ ਵਿਗੜਦੀ ਹੈ। ਗਠੀਏ ਦੀ ਗੱਠ ਸਭ ਤੋਂ ਪਹਿਲਾਂ ਪੈਰ ਦੇ ਅੰਗੂਠੇ ਉੱਤੇ ਬੱਝਦੀ ਹੈ। ਫੇਫੜੇ ਤੇ ਦਿਲ ਦੀ ਲੰਬੀ ਬੀਮਾਰੀ ਨਾਲ ਹੱਥ ਦੀਆਂ ਉਂਗਲਾਂ ਦੇ ਪੋਟੇ ਚੌੜੇ ਤੇ ਮੋਟੇ ਹੋ ਜਾਂਦੇ ਹਨ। ਇਨ੍ਹਾਂ ਨੂੰ ਕਲੱਬ ਫਿੰਗਰਜ਼ (club fingers) ਆਖਦੇ ਹਨ। ਲਹੂ ਦੀ ਘਾਟ ਦਾ ਪਤਾ ਨਹੁੰ ਦੀ ਪਿਲੱਤਣ ਤੋਂ ਲਗ ਜਾਂਦਾ ਹੈ। ਲਹੂ ਦੀ ਘਾਟ ਤੋਂ ਉਪਜੀ ਪਿਲੱਤਣ ਨਹੁੰ ਨੂੰ ਚਮਚੇ ਵਾਂਗਾ ਡੂੰਘਾ ਬਣਾਉਂਦੀ ਹੈ। ਬਚਪਨ ਵਿਚ ਨੀਲੇ ਨਹੁੰ ਤੇ ਪੋਟੇ ਜਮਾਂਦਰੂ ਦਿਲ ਦੀ ਬੀਮਾਰੀ ਦੀਆਂ ਨਿਸ਼ਾਨੀਆਂ ਹਨ। ਨਹੁੰਆਂ ਦੀ ਸਫ਼ੈਦੀ ਕੈਲਸੀਅਮ ਦੀ ਘਾਟ ਦੀ ਸੂਚਕ ਹੈ। ਧੱਦਰ ਦੀ ਲਾਗ ਨਾਲ ਨਹੁੰ ਸਲੇਟੀ ਰੰਗੇ, ਖੁਰਦਰੇ ਤੇ ਭੁਰਭੁਰੇ ਹੋ ਜਾਂਦੇ ਹਨ।

          ਹੱਥ ਦੀ ਉਂਗਲੀ ਦੀ ਜ਼ਿੰਦਗੀ ਦੇ ਹਰ ਕੰਮ ਵਿਚ ਲੋੜ ਹੈ। ਸਖ਼ਤ, ਬਾਰੀਕ ਤੇ ਹਰ ਗੁੰਝਲਦਾਰ ਕੰਮ, ਇਸਦੀ ਸਹਾਇਤਾ ਨਾਲ ਹੁੰਦਾ ਹੈ। ਕਲਰਕ ਤੇ ਲਿਖਾਰੀ, ਜਿਹੜੇ ਹਰ ਵਕਤ ਕਲਮ ਚਲਾਉਂਦੇ ਜਾਂ ਟਾਈਪ ਦੇ ਕੀ-ਬੋਰਡ ਅਤੇ ਤਾਰ ਦੀ ਟਿਕਟਿਕੀ ਉੱਤੇ ਉਂਗਲਾਂ ਮਾਰਦੇ ਹਨ, ਸਭ ਤੋਂ ਵਧ ਇਨ੍ਹਾਂ ਦੀ ਵਰਤੋਂ ਕਰਦੇ ਹਨ। ਇਸ ਲਈ ਕਈ ਵਾਰ ਅੱਧੀ ਉਮਰ ਵਿਚ ਹੀ ਕਿਸੇ ਮਾਨਸਕ ਚੋਟ ਕਾਰਨ, ਇਨ੍ਹਾਂ ਦੀਆਂ ਉਂਗਲਾਂ ਥਕ ਕੇ ਦੁਖਣ ਲਗ ਪੈਂਦੀਆਂ ਹਨ ਤੇ ਇਸ ਮਗਰੋਂ ਉਹ ਕਦੇ ਵੀ ਪਹਿਲੇ ਜਿੰਨਾਂ ਕੰਮ ਨਹੀਂ ਕਰਦੀਆਂ। ਇਸਨੂੰ ਲਿਖਾਰੀਆਂ ਦੀ ਪੀੜ (writers’ cramps) ਕਹਿੰਦੇ ਹਨ। ਇਸ ਨੂੰ ਠੀਕ ਕਰਨ ਲਈ ਮਨ ਦੀ ਸ਼ਾਂਤੀ, ਵਿਟਾਮਿਨ ਬੀ-12, ਤੇ ਬੀ-1  ਦੀ ਲੋੜ ਹੈ।

          ਕੰਮ-ਧੰਦਾ ਕਰਦਿਆਂ ਉਂਗਲੀ ਦੇ ਪੋਟੇ ਨੂੰ ਸੱਟ ਲਗ ਜਾਣੀ ਬੜੀ ਸੰਭਵ ਹੈ। ਸਾਰੀ ਉਂਗਲੀ ਦੀ ਸਲਾਮਤੀ ਲਈ ਕੁਦਰਤ ਨੇ ਪੋਟੇ ਦੀ ਚਾਰ ਦੀਵਾਰੀ ਦੀ ਝਿੱਲੀ ਬਾਕੀ ਉਂਗਲੀ ਦੇ ਝਿੱਲੀ ਦੇ ਖ਼ੌਲ ਤੋਂ ਵੱਖ ਰੱਖੀ ਹੈ। ਸੱਟ ਮਗਰੋਂ, ਜਦ ਰੋਗਾਣੂ ਇਸ ਜ਼ਖ਼ਮ ਵਿਚ ਵੜਕੇ ਸੋਜ ਪਾਕ ਬਣਾਉਂਦੇ ਹਨ ਤਾਂ ਪਾਕ ਇਸ ਚਾਰ ਦੀਵਾਰੀ ਵਿਚ ਬੰਦ ਰਹਿੰਦੀ ਹੈ। ਪੋਟੇ ਦੇ ਪਾਸੇ ਤੇ ਚੀਰਾ ਦੇਣ ਨਾਲ ਇਹ ਬਾਹਰ ਨਿਕਲ ਆਉਂਦੀ ਹੈ ਤੇ ਜ਼ਖ਼ਮ ਛੇਤੀ ਮਿਲ ਜਾਂਦਾ ਹੈ। ਇਸ ਚੀਰੇ ਦਾ ਪਿਛਲਾ ਸਿਰਾ ਉਂਗਲ ਦੇ ਆਖਰੀ ਜੋੜ ਵਲੋਂ ਇਕ ਸੈਂਟੀਮੀਟਰ ਅਗਾੜੀ ਰੱਖਣਾ ਜ਼ਰੂਰੀ ਹੈ। ਇਸ ਤੋਂ ਪਿਛਾਂਹ ਦਿੱਤਾ ਚੀਰਾ ਪਾਕ ਲਈ ਸਾਰੀ ਉਂਗਲੀ ਦੀ ਝਿੱਲੀ ਦਾ ਰਾਹ ਖੋਲ੍ਹ ਦਿੰਦਾ ਹੈ, ਜਿਸ ਤੋਂ ਸੋਜ ਹੱਥ ਵਿਚ ਤੇ ਉਸ ਤੋਂ ਅੱਗੇ ਬਾਂਹ ਵਿਚ ਵੀ ਜਾ ਫੈਲਦੀ ਹੈ।

          ਹ. ਪੁ.––ਰੋਜ਼ ਐਂਡ ਕਾਰਲੈੱਸ ਮੈਨੂਅਲ ਆਫ ਸਰਜਰੀ; ਏ ਟੈਸਟ ਬੁੱਕ ਆਫ ਮੈਡੀਸਨ-ਪ੍ਰਾਈਸ।             

 

 


ਲੇਖਕ : ਜਸਵੰਤ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਉਂਗਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਂਗਲੀ, ਇਸਤਰੀ ਲਿੰਗ : ਉਂਗਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-17-12-55-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.