ਇਮਾਮ ਬਖ਼ਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਮਾਮ ਬਖ਼ਸ਼ : ਇਮਾਮ ਬਖ਼ਸ਼ ਦਾ ਜਨਮ ਪਿੰਡ ਪਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿੱਚ 1778 ਵਿੱਚ ਹੋਇਆ। ਇਮਾਮ ਬਖ਼ਸ਼ ਨੇ ਮੁਢਲੀ ਵਿੱਦਿਆ ਮੀਆਂ ਵੱਡਾ ਲਾਹੌਰੀ ਤੋਂ ਪ੍ਰਾਪਤ ਕੀਤੀ। ਉਹ ਪੇਸ਼ੇ ਵਜੋਂ ਤਰਖਾਣ ਸੀ ਪਰ ਇਸਦੇ ਨਾਲ-ਨਾਲ ਬੱਚਿਆਂ ਨੂੰ ਕੁਰਾਨ ਮਜੀਦ ਵੀ ਹਿਫ਼ਜ਼ ਕਰਾਉਂਦਾ ਸੀ ਅਤੇ ਉਹਨਾਂ ਨੂੰ ਕੁਰਾਨ ਦੇ ਹਾਫ਼ਿਜ਼ ਬਣਾਉਂਦਾ ਸੀ। ਇੱਕ ਥਾਂ ਇਮਾਮ ਬਖ਼ਸ਼ ਇਸ ਬਾਰੇ ਲਿਖਦਾ ਹੈ :

ਇਮਾਮ ਬਖ਼ਸ਼ ਵਿੱਚ ਪਸੀਆਂ ਵਾਲੇ,

ਬੈਠਾ ਜੋਸ਼ ਖ਼ਰੋਸ ਵਿਖਾਲੇ।

ਪੜ੍ਹ ਪੜ੍ਹ ਹਾਫ਼ਿਜ਼ ਹੋਣ ਸੁਖਾਲੇ,

            ਮਿਲੇ ਬਦਲਾ ਨੇਕ ਕਾਰੀ ਦਾ।

     ਐਪਰ ਮੁੱਖ ਤੌਰ `ਤੇ ਇਸ ਕਿੱਸਾ ਕਵੀ ਇਮਾਮ ਬਖ਼ਸ਼ ਨੇ ਸ਼ਾਹ ਬਹਿਰਾਮ ਜਾਂ ਬਹਿਰਾਮ ਗੋਰ, ਲੈਲਾ ਮਜਨੂੰ, ਗੁਲ ਸਨੋਬਰ, ਚੰਦਰ ਬਦਨ ਬਦੀਉਲ ਜਮਾਲ ਅਤੇ ਕਿੱਸਾ ਗੁਲਬਦਨ ਆਦਿ ਕਿੱਸਿਆਂ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਆਪਣੇ ਉਸਤਾਦ ਦੇ ਸਤਿਕਾਰ ਤੇ ਪ੍ਰਸੰਸਾ ਵਿੱਚ ਇੱਕ ਰਚਨਾ ਕੀਤੀ ਜਿਸ ਦਾ ਨਾਂ ਮੁਨਾਜਾਤ ਮੀਆਂ ਵੱਡਾ ਹੈ।

     ਇਮਾਮ ਬਖ਼ਸ਼ ਰਚਿਤ ਕਿੱਸਿਆਂ ਵਿੱਚੋਂ ਸਭ ਤੋਂ ਵੱਧ ਮਕਬੂਲੀਅਤ ਕਿੱਸਾ ਸ਼ਾਹ ਬਹਿਰਾਮ ਨੂੰ ਪ੍ਰਾਪਤ ਹੋਈ। ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ :

      ਪੰਜਾਬ ਵਿੱਚ ਸ਼ਾਇਦ ਹੀ ਕੋਈ ਐਸਾ ਘਰਾਣਾ ਹੋਸੀ ਜਿੱਥੇ ਇਹ ਨਾ ਪੁੱਜਾ ਹੋਵੇ। ਵਾਰਿਸ ਦੀ ਹੀਰ ਇਸ ਤੋਂ ਪਹਿਲਾਂ ਏਨੀ ਲੋਕਪ੍ਰਿਯ ਹੋਈ ਸੀ ਅਤੇ ਪਿੱਛੋਂ ਫ਼ਜ਼ਲ ਸ਼ਾਹ ਦੀ ਸੋਹਣੀ ਏਨੀ ਮਕਬੂਲ ਹੋਈ।

     ਕਿੱਸਾ ਸ਼ਾਹ ਬਹਿਰਾਮ ਦੇਉ-ਪਰੀਆਂ ਦੇ ਕਿੱਸਿਆਂ ਦੀ ਤਰਜ਼ `ਤੇ ਰਚਿਆ ਗਿਆ ਹੈ। ਇੱਕ ਦੇਉ ਫ਼ਾਰਸ (ਈਰਾਨ) ਦੇ ਸੋਹਣੇ ਬਾਦਸ਼ਾਹ ਬਹਿਰਾਮ ਗੋਰ ਉੱਤੇ ਮੋਹਿਤ ਹੋ ਜਾਂਦਾ ਹੈ ਅਤੇ ਬਾਰਾਂ ਵਰ੍ਹਿਆਂ ਦੇ ਯਤਨਾਂ ਮਗਰੋਂ ਘੋੜੇ ਦਾ ਰੂਪ ਧਾਰ ਬਾਦਸ਼ਾਹ ਬਹਿਰਾਮ ਨੂੰ ਆਪਣੀ ਪਿੱਠ `ਤੇ ਸਵਾਰ ਕਰ ਕੇ ਆਪਣੇ ਦੇਸ਼ ਲੈ ਜਾਂਦਾ ਹੈ। ਉੱਥੇ ਸ਼ਾਹ ਬਹਿਰਾਮ ਨੂੰ ਇੱਕ ਪਰੀ ਹੁਸਨ ਬਾਨੋ ਨਾਲ ਇਸ਼ਕ ਹੋ ਜਾਂਦਾ ਹੈ। ਇਤਫ਼ਾਕ ਵੱਸ ਉਹ ਦੇਉ ਵੀ ਉਸ ਪਰੀ `ਤੇ ਮੋਹਿਤ ਸੀ ਪਰੰਤੂ ਸ਼ਾਹ ਬਹਿਰਾਮ ਲਈ ਉਹ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਕੁਰਬਾਨ ਕਰ ਦਿੰਦਾ ਹੈ।

     ਕਿੱਸੇ ਵਿਚਲੀਆਂ ਘਟਨਾਵਾਂ ਵਧੇਰੇ ਕਰ ਕੇ ਪਰਾਭੌਤਿਕ ਅਤੇ ਅਸੁਭਾਵਿਕ ਹਨ। ਕਿੱਸਾ ਮਸਨਵੀ ਕਾਵਿ-ਰੂਪ ਹੈ। ਹਮਦ ਤੋਂ ਪਿੱਛੋਂ ਕਹਾਣੀ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡਿਆ ਹੈ। ਕਹਾਣੀ ਸਿੱਧੀ-ਸਪਾਟ ਅਤੇ ਸਧਾਰਨ ਤੋਰੇ ਤੁਰਦੀ ਹੈ। ਕਹਾਣੀ ਕਹਿਣ ਵਿੱਚ ਕਵੀ ਪੂਰੀ ਮੁਹਾਰਤ ਦਾ ਧਾਰਨੀ ਜਾਪਦਾ ਹੈ। ਕਿੱਸਾ-ਕਾਵਿ ਵਿੱਚ ਨਾਇਕਾ ਦੀ ਸੁੰਦਰਤਾ ਦੇ ਬਿਆਨ ਦੀ ਰਵਾਇਤ ਨੂੰ ਵੀ ਉਸ ਨੇ ਬਰਕਰਾਰ ਰੱਖਿਆ ਹੈ। ਹੁਸਨ ਬਾਨੋ ਦੇ ਹੁਸਨ ਦੀ ਤਾਰੀਫ਼ ਕਰਨ ਵਿੱਚ ਉਸ ਨੇ ਵੀ ਕੋਈ ਕਸਰ ਨਹੀਂ ਛੱਡੀ :

ਮੱਥਾ ਚੰਦ ਬਦਰ ਜਿਉਂ ਚਮਕੇ ਰੋਸ਼ਨ ਦੋ ਰੁਖ਼ਸਾਰੇ।

ਸ਼ਹਿਜ਼ਾਦੇ ਦੇ ਵੇਖਣ ਕਾਰਨ ਚਸ਼ਮਾ ਸ਼ੋਖ਼ ਸਿਤਾਰੇ।

ਠੋਡੀ ਗਿਰਦ ਹੁਸਨ ਬਾਨੋ ਦੀ ਪੱਕਾ ਸੇਉ ਕਸ਼ਮੀਰੀ।...

ਦੋ ਅਨਾਰ ਸੀਨੇ ਤੇ ਤਾਜ਼ੇ ਇਕ ਸੱਜੇ ਇਕ ਖੱਬੇ।

            ਗੋਇਆ ਆਹੇ ਸਾਫ਼ ਸੰਦਲ ਦੇ, ਦੋ ਕਸਤੂਰੀ ਡੱਬੇ।

     ਸ਼ਾਹ ਬਹਿਰਾਮ ਦੀ ਸੁੰਦਰਤਾ ਦਾ ਵਰਣਨ ਵੀ ਕੀਤਾ ਹੈ। ਕਿੱਸਾ ਸੁਖਾਂਤ ਹੈ ਅਤੇ ਦੋਵਾਂ (ਸ਼ਾਹ ਬਹਿਰਾਮ ਤੇ ਹੁਸਨ ਬਾਨੋ) ਦੇ ਸੁਹਾਗ ਜੋੜੇ ਦੇ ਰੂਪ ਵਿੱਚ ਫ਼ਾਰਸ ਪਰਤਣ `ਤੇ ਸਮਾਪਤ ਹੋ ਜਾਂਦਾ ਹੈ। ਦ੍ਰਿਸ਼-ਚਿਤਰਨ ਵਿੱਚ ਕਵੀ ਨਿਪੁੰਨ ਹੈ ਜੋ ਕੁਝ ਬਿਆਨ ਕਰਦਾ ਹੈ ਉਸ ਦਾ ਦ੍ਰਿਸ਼ ਅੱਖਾਂ ਅੱਗੇ ਸਕਾਰ ਹੋ ਜਾਂਦਾ ਹੈ। ਬੋਲੀ ਸਧਾਰਨ ਪੰਜਾਬੀ ਹੈ ਜਿਸ ਉੱਤੇ ਫ਼ਾਰਸੀ ਦਾ ਪ੍ਰਭਾਵ ਸਪਸ਼ਟ ਦਿਖਾਈ ਦਿੰਦਾ ਹੈ।

     ਕਿੱਸਾ ਚੰਦਰ ਬਦਨ ਵਿੱਚ ਚੰਦਰ ਬਦਨ ਦੇ ਰੂਪ ਦੀ ਪ੍ਰਸੰਸਾ ਦਮੋਦਰ ਦੇ ਰਾਂਝੇ ਵਾਂਗ ਕੀਤੀ ਹੈ ਅਤੇ ਉਸ ਦੀ ਸੁੰਦਰਤਾ ਦਾ ਪ੍ਰਭਾਵ ਪਸ਼ੂ-ਪੰਛੀਆਂ ਤੋਂ ਇਲਾਵਾ ਹੂਰਾਂ ਪਰੀਆਂ `ਤੇ ਵੀ ਮਾਰੂ ਦੱਸਿਆ ਗਿਆ ਹੈ।

     ਲੈਲਾ ਮਜਨੂੰ ਦੇ ਕਿੱਸੇ ਨੂੰ ਕਵੀ ਆਪਣਾ ਦੀਵਾਨ ਆਖਦਾ ਹੈ :

ਫ਼ਾਰਸੀ ਕਹੇ ਦੀਵਾਨ ਲੋਕਾਂ ਨੇ ਹੋਇ ਇਸ਼ਕ ਸ਼ਰਾਬੀ।

            ਇਹ ਦੀਵਾਨ ਇਮਾਮ ਬਖ਼ਸ਼ ਦਾ ਵਿੱਚ ਜ਼ਬਾਨ ਪੰਜਾਬੀ।

     ਲੈਲਾ ਮਜਨੂੰ ਦਾ ਇਹ ਕਿੱਸਾ ਉਸ ਨੇ ਫ਼ਾਰਸੀ ਦੇ ਦੇਵਕੱਦ ਸ਼ਾਇਰਾਂ ਨਿਜ਼ਾਮੀ, ਅਮੀਰ ਖ਼ੁਸਰੋ ਅਤੇ ਹਾਤਿਫ਼ ਦੀਆਂ ਇਸੇ ਨਾਂ ਦੀਆਂ ਫ਼ਾਰਸੀ ਰਚਨਾਵਾਂ ਨੂੰ ਮੁੱਖ ਰੱਖ ਕੇ ਲਿਖਿਆ :

ਚਾਵਲ ਲਏ ਨਿਜ਼ਾਮੀ ਪਾਸੋਂ, ਦਾਲ ਹਾਤਿਫ਼ ਨੇ ਪਾਈ।

            ਰੋਗ਼ਨ ਖ਼ੁਸਰੋ, ਨਮਕ ਅਸਾਡਾ, ਖਿਚੜੀ ਅਜਬ ਬਣਾਈ।

ਕਿੱਸਾ ਗੁਲ-ਸਨੋਬਰ ਫ਼ਾਰਸੀ ਦੀ ਇਸੇ ਨਾਂ ਦੀ ਮਸਨਵੀ ਗੁਲਿ-ਸਨੋਬਰ ਦਾ ਪੰਜਾਬੀ ਰੂਪ ਕਿਹਾ ਜਾ ਸਕਦਾ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਕਵੀ ਨੇ ਪੰਜਾਬੀ ਤੋਂ ਇਲਾਵਾ ਫ਼ਾਰਸੀ ਸਾਹਿਤ ਦਾ ਵੀ ਚੋਖਾ ਅਧਿਐਨ ਕੀਤਾ ਹੋਇਆ ਸੀ। ਕਿੱਸਾ ਬਦੀਉਲ-ਜਮਾਲ ਵਿੱਚ ਮਸਲੇ- ਮਸਾਇਲ ਅਤੇ ਹਕਾਇਤਾਂ (ਪ੍ਰਾਚੀਨ ਵਾਕਿਆਤ) ਲਿਖੀਆਂ ਹਨ। ਇਸ ਵਿੱਚ ਹਜ਼ਰਤ ਹਾਜਰਾ ਦਾ ਵਾਕਿਆ ਬਹੁਤ ਮਹੱਤਵਪੂਰਨ ਹੈ।

     ਹਜ਼ਰਤ ਇਬਰਾਹੀਮ ਦੀ ਪਤਨੀ ਅਤੇ ਹਜ਼ਰਤ ਇਸਮਾਈਲ ਦੀ ਮਾਂ ਹਜ਼ਰਤ ਬੀਬੀ ਹਾਜਰਾ ਸਨ। ਹਜ਼ਰਤ ਇਬਰਾਹੀਮ ਰੱਬ ਦੀ ਹਿਦਾਇਤ ਤੇ ਹੁਕਮ ਅਨੁਸਾਰ ਆਪਣੀ ਬੀਵੀ ਅਤੇ ਬੱਚੇ ਇਸਮਾਈਲ, ਜੋ ਉਸ ਵੇਲੇ ਕੁਝ ਮਹੀਨਿਆਂ ਦੇ ਸਨ, ਨੂੰ ਮੱਕੇ ਸ਼ਹਿਰ ਤੋਂ ਬਾਹਰ ਸੁੰਨਸਾਨ ਰੇਗਿਸਤਾਨੀ ਵਾਦੀ ਵਿੱਚ ਛੱਡ ਕੇ ਵਿਦਾ ਹੋ ਜਾਂਦੇ ਹਨ। ਹਜ਼ਰਤ ਹਾਜਰਾ ਦੇ ਪੁੱਛਣ `ਤੇ ਹਜ਼ਰਤ ਇਬਰਾਹੀਮ ਉਸਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ ਇਸ ਬੀਆਬਾਨ ਵਿੱਚ ਖ਼ੁਦਾ ਦੇ ਸਪੁਰਦ ਕਰ ਕੇ ਚੱਲਿਆ ਹਾਂ। ਸ਼ਦੀਦ ਗਰਮੀ ਉਪਰੋਂ ਰੇਗਿਸਤਾਨ ਦੀ ਤਪਦੀ ਦੁਪਹਿਰ ਵਿੱਚ ਰੱਬ ਦੇ ਹੁਕਮ ਨੂੰ ਪ੍ਰਵਾਨ ਕਰਦੀ ਬੀਬੀ ਹਾਜਰਾ ਦੀ ਸਥਿਤੀ ਨੂੰ ਇਮਾਮ ਬਖ਼ਸ਼ ਨੇ ਬਹੁਤ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਪੇਸ਼ ਕੀਤਾ ਹੈ :

ਕੱਲਰ ਸ਼ੋਰ ਜ਼ਿਮੀ ਸੀ ਪਾਣੀ ਘਾਹ ਨਾ ਮੂਲ,

ਛਾਂ ਨਾ ਕੋਈ ਦਰਖ਼ਤ ਦੀ ਕੱਖ ਕੰਡੇ ਪਰ ਸੂਲ।

ਬੀਬੀ ਇਸਮਾਈਲ ਨੂੰ ਉਪਰ ਜ਼ਿਮੀ ਬਹਾ,

            ਕਹਿੰਦੀ ਮੈਂ ਤੂੰ ਹੋਏ ਹਾਂ ਅੱਜ ਸਪੁਰਦ ਖ਼ੁਦਾ।

ਸਾਮੀ ਧਾਰਮਿਕ ਪੁਸਤਕਾਂ ਵਿੱਚ ਵੀ ਬੀਬੀ ਹਾਜਰਾ ਨਾਲ ਸੰਬੰਧਿਤ ਇਸ ਘਟਨਾ ਦੇ ਹਵਾਲੇ ਆਉਂਦੇ ਹਨ।

          ਮੁਨਾਜਾਤ ਮੀਆਂ ਵੱਡਾ  ਸੀਹਰਫ਼ੀ ਕਾਵਿ-ਰੂਪ ਅਤੇ ਬੈਂਤ ਛੰਦ ਵਿੱਚ ਲਿਖੀ ਹੈ। ਇਮਾਮ ਬਖ਼ਸ਼ ਨੇ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਸ਼ਾਹ ਬਹਿਰਾਮ ਅਤੇ ਚੰਦਰ ਬੰਦਨ ਆਦਿ ਕਿੱਸਿਆਂ ਦੀ ਰਚਨਾ ਕੀਤੀ। ਇਸ ਤੋਂ ਪਹਿਲਾਂ ਕਿਸੇ ਨੇ ਇਹਨਾਂ ਕਿੱਸਿਆਂ ਉੱਤੇ ਹੱਥ ਨਹੀਂ ਅਜ਼ਮਾਇਆ। ਨਵੀਆਂ ਕਹਾਣੀਆਂ ਹੋਣ ਕਰ ਕੇ ਇਹਨਾਂ ਦੀ ਪ੍ਰਸਿੱਧੀ ਇਮਾਮ ਬਖ਼ਸ਼ ਦੀਆਂ ਹੋਰ ਰਚਨਾਵਾਂ ਨਾਲੋਂ ਵਧੇਰੇ ਹੋਈ।


ਲੇਖਕ : ਰਾਸ਼ਿਦ ਰਸ਼ੀਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਇਮਾਮ ਬਖ਼ਸ਼ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਮ ਬਖ਼ਸ਼. ਇੱਕ ਸ਼ਾਹੀ ਫ਼ੌਜ ਦਾ ਸਰਦਾਰ , ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਭਾਈ ਜਗਤੇ ਦੇ ਹੱਥੋਂ ਮੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.