ਆਜ਼ਾਦ ਹਿੰਦ ਫ਼ੌਜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜ਼ਾਦ ਹਿੰਦ ਫ਼ੌਜ: ਭਾਰਤ ਨੂੰ ਸੁਤੰਤਰ ਕਰਾਉਣ ਵਿਚ ਆਜ਼ਾਦ ਹਿੰਦ ਫ਼ੌਜ ਦਾ ਮਹੱਤਵਪੂਰਣ ਯੋਗਦਾਨ ਹੈ, ਭਾਵੇਂ ਇਸ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੇ ਬਰਲਿਨ ਵਿਚ ਭਾਰਤ ਦੀ ਸੁਤੰਤਰਤਾ ਦੀ ਲੜਾਈ ਲੜਨ ਲਈ ਸੰਨ 1941 ਈ. ਵਿਚ ‘ਲਸ਼ਕਰੇ ਹਿੰਦ ’ (ਵੇਖੋ) ਦੀ ਸਥਾਪਨਾ ਕੀਤੀ ਸੀ , ਪਰ ਉਹ ਕੋਈ ਵਿਸ਼ੇਸ਼ ਵਜੂਦ ਨ ਬਣਾ ਸਕੀ। ਉਸ ਤੋਂ ਬਾਦ ‘ਆਜ਼ਾਦ ਹਿੰਦ ਫ਼ੌਜ’ ਦੀ ਸਥਾਪਨਾ 15 ਫਰਵਰੀ 1942 ਈ. ਵਿਚ ਜਨਰਲ ਮੋਹਨ ਸਿੰਘ ਦੇ ਉੱਦਮ ਅਤੇ ਸਿਆਣਪ ਨਾਲ ਸਿੰਗਾਪੁਰ ਵਿਚ ਹੋਈ। ਇਸ ਵਿਚ ਉਨ੍ਹਾਂ ਭਾਰਤੀ ਸਿਪਾਹੀਆਂ, ਅਧਿਕਤਰ ਸਿੱਖ ਸੈਨਿਕਾਂ, ਨੇ ਹਿੱਸਾ ਲਿਆ ਜੋ ਦੂਜੇ ਵਿਸ਼ਵ ਯੁੱਧ ਵੇਲੇ ਅੰਗ੍ਰੇਜ਼ਾਂ ਵਲੋਂ ਜਾਪਾਨੀਆਂ ਅਗੇ ਆਤਮ-ਸਮਰਪਣ ਕੀਤੇ ਜਾਣ ’ਤੇ ਕੈਦੀ ਬਣਾਏ ਗਏ ਸਨ। ਇਸ ਫ਼ੌਜੀ ਸੰਗਠਨ ਵਿਚ ਲੈਫ਼.-ਕਰਨਲ ਨਿਰੰਜਨ ਸਿੰਘ ਗਿਲ ਨੂੰ ਚੀਫ਼ ਆਫ਼ ਸਟਾਫ਼, ਲਫ਼.-ਕਰਨਲ ਜੇ.ਕੇ.ਭੌਂਸਲੇ ਨੂੰ ਕੁਆਰਟਰ ਮਾਸਟਰ ਜਨਰਲ ਅਤੇ ਲਫ਼.-ਕਰਨਲ ਏ.ਸੀ. ਚੈਟਰਜੀ ਨੂੰ ਮੈਡੀਕਲ ਸੇਵਾਵਾਂ ਦਾ ਡਾਇਰੈਕਟਰ ਬਣਾਇਆ ਗਿਆ। ਉਦੋਂ ਹੀ 28 ਮਾਰਚ 1942 ਈ. ਨੂੰ ਰਾਸ ਬਿਹਾਰੀ ਬੋਸ ਅਤੇ ਐਨ. ਰਾਘਵਨ ਦੇ ਉਦਮਾਂ ਨਾਲ ਟੋਕੀਓ ਵਿਚ ‘ਇੰਡੀਅਨ ਇੰਡੀਪੈਂਡੈਂਸ ਲੀਗ’ ਕਾਇਮ ਕੀਤੀ ਗਈ

            15 ਜੂਨ 1942 ਈ. ਨੂੰ ਬੈਂਕਾਕ ਵਿਚ ਹੋਈ ਇਕ ਹੋਰ ਕਾਨਫ੍ਰੰਸ ਵਿਚ ਪਾਸ ਹੋਇਆ ਕਿ ਇੰਡੀਅਨ ਇੰਡੀਪੈਂਡੈਂਸ ਲੀਗ ਅਤੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਲਈ ਸੁਭਾਸ਼ ਚੰਦਰ ਬੋਸ ਨੂੰ ਜਾਪਾਨੀ ਅਧਿਕਾਰੀ ਬਰਲਿਨ ਤੋਂ ਟੋਕੀਓ ਲਿਆਉਣ। ਪਰ ਇਸ ਦੌਰਾਨ ਆਜ਼ਾਦ ਹਿੰਦ ਫ਼ੌਜ ਅਤੇ ਜਾਪਾਨੀ ਅਧਿਕਾਰੀਆਂ ਵਿਚ ਸੈਨਿਕ ਮਸਲਿਆਂ ਬਾਰੇ ਮਤ-ਭੇਦ ਪੈਦਾ ਹੋ ਜਾਣ ਕਾਰਣ ਬੋਸ ਨੂੰ ਟੋਕੀਓ ਨ ਲਿਆਉਂਦਾ ਗਿਆ। ਪਰ ਜਦੋਂ ਸ਼ਾਂਤ ਮਹਾਸਾਗਰ ਵਿਚ ਜਾਪਾਨੀਆਂ ਨੂੰ ਕੁਝ ਹਾਰਾਂ ਹੋਈਆਂ, ਤਾਂ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਇਆਂ ਉਹ ਸੁਭਾਸ਼ ਚੰਦਰ ਨੂੰ 20 ਜੂਨ 1943 ਈ. ਨੂੰ ਬਰਲਿਨ ਤੋਂ ਟੋਕੀਓ ਲੈ ਆਏ।

            15 ਜੁਲਾਈ 1943 ਈ. ਨੂੰ ਬੋਸ ਸਿੰਗਾਪੁਰ ਪਹੁੰਚਿਆ ਅਤੇ ਡੇਢ ਲੱਖ ਦੇ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਦਿੱਲੀ ਵਲ ਚਲਣ ਲਈ ਹੱਲਾ-ਸ਼ੇਰੀ ਦਿੱਤੀ। 25 ਅਗਸਤ 1943 ਈ. ਨੂੰ ਸੁਭਾਸ਼ ਚੰਦਰ ਆਜ਼ਾਦ ਹਿੰਦ ਫ਼ੌਜ ਦਾ ਸੈਨਾਪਤੀ ਬਣ ਕੇ ਰੰਗੂਨ ਪਹੁੰਚਿਆ ਅਤੇ ਅਸਥਾਈ ਸਰਕਾਰ ਕਾਇਮ ਕੀਤੀ। ਭਾਰਤੀ ਇਸਤਰੀਆਂ ਨੂੰ ਜੱਥੇਬੰਦ ਕਰਨ ਲਈ ਉਸ ਨੇ ‘ਰਾਨੀ ਝਾਂਸੀ ਰਜਮੈਂਟ’ ਤਿਆਰ ਕੀਤੀ। ਇਸ ਸਾਲ ਦੇ ਅੰਤ ਤਕ ਆਜ਼ਾਦ ਹਿੰਦ ਫ਼ੌਜ ਦੀ ਗਿਣਤੀ ਸੱਤਰ ਹਜ਼ਾਰ ਤੋਂ ਵਧ ਹੋ ਗਈ। ਬੋਸ ਦੀ ਸਿਆਣਪ ਨਾਲ ਆਜ਼ਾਦ ਹਿੰਦ ਫ਼ੌਜ ਅਤੇ ਜਾਪਾਨੀ ਅਧਿਕਾਰੀਆਂ ਵਿਚ ਨੇੜਤਾ ਵਧੀ। ਇਥੋਂ ਤਕ ਕਿ ਜਾਪਾਨ ਸਰਕਾਰ ਨੇ ਆਜ਼ਾਦ ਹਿੰਦ ਫ਼ੌਜ ਨੂੰ ਆਪਣੀਆਂ ਸੁਤੰਤਰ ਸਰਗਰਮੀਆਂ ਲਈ ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂ ਦੇ ਦਿੱਤੇ ਅਤੇ ਦਸੰਬਰ, 1943 ਈ. ਵਿਚ ਬੋਸ ਪੋਰਟ ਬਲੀਅਰ ਪਹੁੰਚ ਗਿਆ।

            ਜਨਵਰੀ 1944 ਈ. ਵਿਚ ਆਜ਼ਾਦ ਹਿੰਦ ਫ਼ੌਜ ਦਾ ਮੁੱਖ ਦਫ਼ਤਰ ਰੰਗੂਨ ਵਿਚ ਲਿਆਉਂਦਾ ਗਿਆ। ਫਿਰ ਬਰਮਾ ਦੇਸ਼ ਦੀ ਸੀਮਾ ਨੂੰ ਪਾਰ ਕਰਕੇ 18 ਮਾਰਚ 1944 ਈ. ਨੂੰ ਇਸ ਫ਼ੌਜ ਨੇ ਭਾਰਤ ਦੀ ਧਰਤੀ ਉਤੇ ਪੈਰ ਰਖੇ। ਇਹ ਫ਼ੌਜ ਕੋਹੀਮਾ ਅਤੇ ਇੰਫਲ ਤਕ ਵਧ ਗਈ। ਪਰ ਅਮਰੀਕਾ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਉਤੇ ਬੰਬ-ਵਰਸ਼ਾ ਕਰਕੇ ਜਾਪਾਨ ਨੂੰ ਛੇ ਦਿਨਾਂ ਵਿਚ ਹਥਿਆਰ ਸੁਟਣ ਲਈ ਮਜਬੂਰ ਕਰ ਦਿੱਤਾ।

            ਇਸ ਨਾਲ ਆਜ਼ਾਦ ਹਿੰਦ ਫ਼ੌਜ ਅਗੇ ਵਧਣੋਂ ਰੁਕ ਗਈ। ਉਧਰ ਮਿਤਰ ਦੇਸ਼ਾਂ ਦੀਆਂ ਫ਼ੌਜਾਂ ਚੰਗੀ ਤਰ੍ਹਾਂ ਸੰਗਠਿਤ ਹੋ ਕੇ ਸਾਰੇ ਮਹਾਜ਼ਾਂ ਉਤੇ ਅਗੇ ਵਧਣ ਲਗੀਆਂ। ਅਗਸਤ 1945 ਈ. ਵਿਚ ਇਹ ਫ਼ੌਜਾਂ ਬਰਮਾ ਵਿਚ ਫਿਰ ਤੋਂ ਦਾਖ਼ਲ ਹੋ ਗਈਆਂ ਅਤੇ ਰੰਗੂਨ ਉਤੇ ਮੁੜ ਕਬਜ਼ਾ ਕਰ ਲਿਆ। ਇਸ ਦੌਰਾਨ ਜਾਪਾਨੀ ਸੈਨਿਕਾਂ ਅਤੇ ਅਫ਼ਸਰਾਂ ਦੇ ਨਾਲ ਆਜ਼ਾਦ ਹਿੰਦ ਫ਼ੌਜ ਦੇ ਭਾਰਤੀ ਸਿਪਾਹੀ ਅਤੇ ਅਫ਼ਸਰ ਵੀ ਕੈਦੀ ਬਣਾ ਲਏ ਗਏ ਅਤੇ ਬਹੁਤਿਆਂ ਨੂੰ ਭਾਰਤ ਲਿਆ ਕੇ ਕੇਵਲ ਨੌਕਰੀਓਂ ਕਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਲਈ ਵਾਤਾਵਰਣ ਅਨੁਕੂਲ ਨਹੀਂ ਸੀ ਅਤੇ ਕਾਂਗ੍ਰਸ ਪਾਰਟੀ ਉਨ੍ਹਾਂ ਦੀ ਪਿਠ ਉਤੇ ਸੀ। ਜਨਰਲ ਮੋਹਨ ਸਿੰਘ ਅਤੇ ਕਰਨਲ ਨਿਰੰਜਨ ਸਿੰਘ ਗਿਲ ਨੂੰ ਛਡ ਦਿੱਤਾ ਗਿਆ।

            ਕੁਝ ਅਫ਼ਸਰਾਂ ਵਿਰੁੱਧ ਫ਼ੌਜੀ ਨਿਯਮਾਂ ਅਨੁਸਾਰ ਅਦਾਲਤੀ ਕਾਰਵਾਈ ਕੀਤੀ ਗਈ। ਅਜਿਹੀਆਂ ਕਾਰਵਾਈਆਂ ਵਿਚੋਂ ਇਕ ਅਫ਼ਸਰ-ਤਿਕੜੀ (ਕਪਤਾਨ ਸ਼ਾਹ ਨਵਾਜ਼, ਕਪਤਾਨ ਗੁਰਬਖ਼ਸ਼ ਸਿੰਘ ਢਿਲੋਂ ਅਤੇ ਕਪਤਾਨ ਪ੍ਰੇਮ ਕੁਮਾਰ ਸਹਿਗਲ) ਵਿਰੁੱਧ ਲਾਲ ਕਿਲ੍ਹੇ ਵਿਚ ਕੀਤੀ ਗਈ ਅਦਾਲਤੀ ਕਾਰਵਾਈ ਬਹੁਤ ਪ੍ਰਸਿੱਧ ਹੈ। ਇਹ ਮੁਕਦਮਾ ਲਗਭਗ ਇਕ ਸਾਲ ਤਕ ਚਲਿਆ ਅਤੇ ਇਸ ਨੂੰ ਪ੍ਰਸਿੱਧ ਵਕੀਲ ਭੋਲਾ ਭਾਈ ਡੇਸਾਈ ਨੇ ਲੜਿਆ, ਪਰ ਅਦਾਲਤ ਨੇ ਤਿੰਨਾਂ ਅਫ਼ਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਫਲਸਰੂਪ ਦੇਸ਼ ਭਰ ਵਿਚ ਤਕੜਾ ਰੋਸ ਮਨਾਇਆ ਗਿਆ। ਹਾਲਾਤ ਦੀ ਨਜ਼ਾਕਤ ਨੂੰ ਵੇਖਦੇ ਹੋਇਆਂ ਹਿੰਦੁਸਤਾਨ ਦੀ ਸੈਨਾ ਦੇ ਕਮਾਂਡਰ-ਇਨ-ਚੀਫ਼ ਨੇ ਤਿੰਨਾਂ ਨੂੰ ਬਰੀ ਕਰ ਦਿੱਤਾ।

            15 ਅਗਸਤ 1947 ਈ. ਵਿਚ ਪ੍ਰਾਪਤ ਹੋਈ ਆਜ਼ਾਦੀ ਤੋਂ ਬਾਦ ਭਾਰਤੀ ਸਰਕਾਰ ਨੇ ਆਜ਼ਾਦ ਹਿੰਦ ਫ਼ੌਜ ਦੇ ਅਫ਼ਸਰਾਂ ਅਤੇ ਸੈਨਿਕਾਂ ਨੂੰ ਢੁੱਕਵੇਂ ਮੁਆਵਜ਼ੇ ਦਿੱਤੇ ਅਤੇ ਕਈਆਂ ਨੂੰ ਅਰਧ-ਸੈਨਿਕ ਦਲਾਂ ਜਾਂ ਪੁਲਿਸ ਵਿਚ ਨੌਕਰੀਆਂ ਵੀ ਦਿੱਤੀਆਂ। ਇਸ ਵਿਚ ਸੰਦੇਹ ਨਹੀਂ ਕਿ ਆਜ਼ਾਦ ਹਿੰਦ ਫ਼ੌਜ ਆਪਣੇ ਉੱਦੇਸ਼ ਵਿਚ ਕਾਮਯਾਬ ਨਹੀਂ ਹੋ ਸਕੀ, ਪਰ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਫ਼ੌਜ ਦੀ ਸਥਾਪਨਾ ਨਾਲ ਸੁਤੰਤਰਤਾ ਪ੍ਰਾਪਤੀ ਦੀ ਰਫ਼ਤਾਰ ਤੇਜ਼ ਹੋ ਗਈ ਕਿਉਂਕਿ ਅੰਗ੍ਰੇਜ਼ ਸਰਕਾਰ ਨੇ ਅਨੁਭਵ ਕਰ ਲਿਆ ਸੀ ਕਿ ਹੁਣ ਜ਼ਿਆਦਾ ਸਮੇਂ ਲਈ ਭਾਰਤ ਉਤੇ ਹਕੂਮਤ ਕਰਨਾ ਸੰਭਵ ਨਹੀਂ ਰਿਹਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਆਜ਼ਾਦ ਹਿੰਦ ਫ਼ੌਜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਜ਼ਾਦ ਹਿੰਦ ਫ਼ੌਜ : ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ 15 ਫ਼ਰਵਰੀ, 1942 ਨੂੰ ਹੋਈ ਐਪਰ ਇਸ ਦਾ ਮੁੱਢ ਕਪਤਾਨ ਮੋਹਨ ਸਿੰਘ ਪਹਿਲਾਂ ਹੀ ਬੰਨ੍ਹ ਚੁੱਕਾ ਸੀ। ਗਿਆਨੀ ਪ੍ਰੀਤਮ ਸਿੰਘ, ਕਪਤਾਨ ਅਸਲਮ, ਸੁਆਮੀ ਪੁਰੀ, ਸੂਬੇਦਾਰ ਅੱਲਾ ਰੱਖਾ, ਸੂਬੇਦਾਰ ਸ਼ਿੰਗਾਰਾ ਸਿੰਘ, ਸੂਬੇਦਾਰ ਫ਼ਤਿਹ ਖ਼ਾਨ ਤੇ ਉਨ੍ਹਾਂ ਦੇ ਸਾਥੀ ਉਸ ਦੇ ਨਾਲ ਸਨ। ਉਸ ਦੇ ਸਿਖਾਹੀਆਂ ਦੀਆਂ ਟੁਕੜੀਆਂ ਨੇ ਮਲਾਇਆ ਦੀਆਂ ਕਈ ਲੜਾਈਆਂ ਤੇ ਝੜਪਾਂ ਵਿਚ ਹਿੱਸਾ ਲਿਆ। ਇਥੋਂ ਤੱਕ ਕਿ ‘ਬੁਕੀਤੀਮਾ ਹਿੱਲ’ ਦੀ ਖੂਨਰੇਜ਼ ਆਖ਼ਰੀ ਲੜਾਈ ਵਿਚ ਵੀ ਹਿੱਸਾ ਲਿਆ।

          ਅੰਗਰੇਜ਼ੀ ਫ਼ੌਜਾਂ ਦੇ ਹਥਿਆਰ ਸੁੱਟਣ ਤੇ ਕਰਨਲ ਹੰਟ ਨੇ ਅੰਗਰੇਜ਼ੀ ਫ਼ੌਜਾਂ ਦੇ ਸਾਰੇ ਸਿਪਾਹੀ ਜਾਪਾਨ ਦੇ ਕਰਨਲ ਫੂਜੀਵਾਰਾਂ ਦੇ ਹਵਾਲੇ ਕੀਤੇ ਅਤੇ ਉਸ ਨੇ ਉਸੇ ਵੇਲੇ ਉਨ੍ਹਾਂ ਦੀ ਕਮਾਨ ਕੈਪਟਨ ਮੋਹਨ ਸਿੰਘ ਦੇ ਹਵਾਲੇ ਕਰ ਦਿੱਤੀ। ਕੈਪਟਨ ਮੋਹਨ ਸਿੰਘ ਨੇ ਹੀ ਇਸ ਮੌਕੇ ਉਤੇ ਵਲਵਲਾ–ਭਰਪੂ ਤਕਰੀਰ ਕੀਤੀ ਤੇ ਸਿਪਾਹੀਆਂ ਨੇ ਜੋਸ਼ ਭਰੇ ਨਾਹਰੇ ਲਾਏ। ਰਾਸ ਬਿਹਾਰੀ ਬੋਸ (ਜਿਹੜਾ ਉਦੋਂ ਜਾਪਾਨ ਵਿਚ ਸੀ), ਐਨ ਰਾਘਵਨ (ਜਿਹੜਾ ਮਲਾਇਆ ਵਿਚ ਸੀ) ਤੇ ਹੋਰਨਾਂ ਪ੍ਰਸਿੱਧ ਹਿਦੁਸਤਾਨੀਆਂ ਦੀਆਂ ਕੋਸ਼ਿਸ਼ਾਂ ਨਾਲ 28 ਮਾਰਚ, 1942 ਨੂੰ ਟੋਕੀਓ ਵਿਚ ਇਕ ਸੰਮੇਲਨ ਹੋਇਆ ਤੇ ‘ਇੰਡੀਅਨ ਇੰਡੀਪੈਂਡੈਸ ਲੀਗ’ ਹੋਂਦ ਵਿਚ ਆਈ। 15 ਜੂਨ ਨੂੰ ਬੈਂਕਾਕ ਵਿਚ ਇਕ ਹੋਰ ਕਾਨਫ਼ਰੰਸ ਹੋਈ ਜਿਸ ਵਿਚ ਫ਼ੈਸਲਾ ਹੋਇਆ ਕਿ ‘ਇੰਡੀਪੈਂਡੈਂਸ ਲੀਗ’ ਅਤੇ ਆਜ਼ਾਦ ਹਿੰਦ ਫੌਜ ਦੀ ਅਗਵਾਈ ਲਈ ਸੁਭਾਸ਼ ਚੰਦਰ ਬੋਸ ਨੂੰ ਜਾਪਾਨੀ ਕਰਮਚਾਰੀ ਬਰਲਿਨ ਤੋਂ ਹਵਾਈ ਜਹਾਜ਼ ਰਾਹੀਂ ਟੋਕੀਓ ਲਿਆਉਣ।

          ‘ਆਜ਼ਾਦ ਹਿੰਦ ਫ਼ੌਜ’ ਅਜੇ ਤੱਕ ਪੂਰੀ ਤਰ੍ਹਾਂ ਜਥੇਬੰਦ ਨਹੀਂ ਸੀ ਹੋਈ ਕਿ ਭਾਰਤੀਆਂ ਨੇ ਜਾਪਾਨੀਆਂ ਵਿਚ ਮਤਭੇਦ ਸ਼ੁਰੂ ਹੋ ਗਏ। ਜਾਪਾਨੀ ਹਿੰਦੁਸਤਾਨੀ ਸਿਪਾਹੀਆਂ ਨੂੰ ਜੰਗੀ ਕੈਦੀਆਂ ਦੇ ਤੌਰ ਤੇ ਆਪਣੀ ਫ਼ੌਜ ਦਾ ਇਕ ਹਿੱਸਾ ਬਣਾ ਕੇ ਵਰਤਣਾ ਚਾਹੁੰਦੇ ਸਨ, ਪਰ ਹਿੰਦੁਸਤਾਨੀ ਇਸ ਸੰਸਥਾ ਰਾਹੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਲੋੜਦੇ ਸਨ। ਝਗੜੇ ਦਾ ਵੱਡਾ ਕਾਰਨ ਇਹ ਸੀ ਕਿ ਜਾਪਾਨੀ ਹੁਕਮਰਾਨ ਆਪਣੀਆਂ ਪਹਿਲੀਆਂ ਜਿੱਤਾਂ ਤੇ ਘਮੰਡ ਵਿਚ ਬੇਈਮਾਨ ਹੋ ਗਏ ਸਨ। ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਨੂੰ, ਜੋ ਇਕ ਜੋਸ਼ੀਲੀ ਜਥੇਬੰਦੀ ਬਣ ਚੁੱਕੀ ਸੀ, ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਦੇ ਜਾਪਾਨੀ ਬਦੇਸ਼–ਮੰਤਰੀ ਤੇਮੀਕਾਜ਼ੇ ਹੋਰਾਂ ਨੇ ਜਾਪਾਨੀ ਪਾਰਲੀਮੈਂਟ ਵਿਚ ਬਿਆਨ ਦਿੱਤਾ ਕਿ ਇਹ ਜੰਗੀ ਕੈਦੀ ਹਨ।

          ਉਨ੍ਹਾਂ ਨੇ ਆਜ਼ਾਦ ਹਿੰਦ ਫੋਜ਼ ਦੀ ਕੇਂਦਰੀ ਹਸਤੀ ਨਜ਼ਰ–ਅੰਦਾਜ਼ ਕਰਕੇ ਹਾਂਗਕਾਂਗ, ਬੋਰਨੀਓ, ਫਿਲਪੀਨ ਆਦਿ ਵਿਚ ਜਾਪਾਨੀ ਕਮਾਂਡਰਾ ਹੇਠਾਂ ਅਤੇ ਜਾਂ ਆਪਣੇ ਹੱਥ–ਠੋਕਿਆ (ਜਿਹਾ ਕਿ ਹਾਂਗਕਾਂਗ ਵਿਚ ਹਕੀਮ ਖਾਨ ਸੂਬੇਦਾਰ) ਨਾਲ ਵੱਖਰੀਆਂ ਵੱਖਰੀਆਂ ‘ਆਜ਼ਾਦ ਹਿੰਦ ਫੌਜਾਂ’ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਨ੍ਹਾਂ ਨੇ ਮਲਾਇਆ ਵਿਚ ਆਜ਼ਾਦ ਹਿੰਦ ਫੌਜ ਦੀਆਂ ਟੁਕੜੀਆਂ ਨੂੰ ਆਪਣੀ ਕਮਾਨ ਹੇਠਾਂ ਫਿਲਪੀਨ ਆਦਿ ਵੱਖ ਵੱਖ ਥਾਵਾਂ ਤੇ ਲਿਜਾਣਾ ਅਤੇ ਲੜਾਈ ਵਿਚ ਸ਼ਾਮਲ ਕਰਨਾ ਚਾਹਿਆ। ਜਾਪਾਨੀ ਬੈਂਕਾਕ ਕਾਨਫਰੰਸ ਦੇ ਫ਼ੈਸਲਿਆਂ ਤੋਂ ਮੁੱਕਰ ਗਏ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਲਿਆਉਣ ਤੋਂ ਟਾਲ–ਮਟੋਲ ਕਰਨ ਲਗ ਪਏ। ਜਾਪਾਨੀਆਂ ਨੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਲਈ ਕੋਈ ਆਰਜ਼ੀ ਸਰਕਾਰ ਕਾਇਮ ਕਰਨ ਦੀ ਆਗਿਆ ਵੀ ਨਾ ਦਿੱਤੀ। ਇਸ ਤੋਂ ਇਲਾਵਾ ਉਹ ਦੱਖਣੀ–ਪੂਰਬੀ ਏਸ਼ੀਆਈ ਦੇਸ਼ਾਂ ਵਿਚ ਭਾਰਤੀਆਂ ਦੀਆਂ ਵੱਡੀਆਂ ਵੱਡੀਆਂ ਜਾਇਦਾਦਾਂ, ਉਨ੍ਹਾਂ ਨੂੰ ਛੱਡਣ ਲਈ ਤਿਆਰ ਸਨ ਪਰ ਦੂਜੇ ਪਾਸੇ ਆਜ਼ਾਦ ਹਿੰਦ ਫ਼ੌਜਾਂ ਦੇ ਅਫਸਰਾਂ ਨੇ ਇਸ ਪ੍ਰਤਿਗਿਆ–ਪੱਤਰ ਉਤੇ ਲਹੂ ਨਾਲ ਦਸਖ਼ਤ ਕਰ ਦਿਤੇ ਕਿ ਉਹ ਇਕੱਠੇ ਰਹਿਣਗੇ ਤੇ ਹਿੰਦੁਸਤਾਨ ਦੀ ਹੇਠੀ ਨਹੀਂ ਹੋਣ ਦੇਣਗੇ। ਲੜਾਈ ਦੀ ਵਿਉਂਤ ਅਤੇ ਫ਼ੌਜੀ ਪੈਂਤੜਿਆਂ ਬਾਰੇ ਵੀ ਜਾਪਾਨੀ ਕਮਾਂਡਰਾਂ ਤੇ ਆਜ਼ਾਦ ਹਿੰਦ ਫ਼ੌਜ ਪੈਂਤੜਿਆਂ ਬਾਰੇ ਵੀ ਜਾਪਾਨੀ ਕਮਾਂਡਰਾਂ ਤੇ ਆਜ਼ਾਦ ਹਿੰਦ ਫ਼ੌਜ ਵਿਚਕਾਰ ਡੂੰਘੇ ਮਤਭੇਦ ਸਨ। ਇਸ ਕਰਕੇ ਜਦੋਂ ਜਨਰਲ ਮੋਹਨ ਸਿੰਘ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਆਜ਼ਾਦ ਹਿੰਦ ਫ਼ੌਜ ਦੇ ਸਾਰੇ ਸਿਪਾਹੀ ਇਕ–ਮੁੱਠ ਹੋ ਕੇ ਡਟ ਗਏ। ਉਨ੍ਹਾਂ ਨੇ ਆਪਣੀਆਂ ਬੈਰਕਾਂ ਢਾਹ ਦਿੱਤੀਆਂ ਅਤੇ ਵਰਦੀਆਂ ਲਾਹ ਦਿੱਤੀਆਂ। ਇਸ ਸਮੇਂ ਹੀ ਸ਼ਾਂਤ ਮਹਾਂਸਾਗਰ ਵਿਚ ਜਾਪਾਨੀਆਂ ਨੂੰ ਹਾਰਾਂ ਹੋਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਜਾਪਾਨੀਆਂ ਨੂੰ ਝੁਕਣਾ ਪਿਆ, ਉਹ ਨੇਤਾ ਜੀ ਨੁੰ ਲੈ ਆਏ। ਸ਼ੁਰੂ ਤੋਂ ਹੀ ਸੁਭਾਸ਼ ਜੀ ਦਾ ਸੁਭਾਅ ਤਿੱਖਾ ਤੇ ਕਾਹਲਾ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਸ਼ਾਂਤੀ–ਪਸੰਦ ਨੀਤੀ ਦੇ ਵਿਰੁੱਧ ਇਹ ਚਾਹੁੰਦਾ ਸੀ ਕਿ ਲੜਾਈ ਤੇ ਬਗਾਵਤ ਕਰਕੇ ਦੇਸ਼ ਨੂ਼ੰ ਆਜ਼ਾਦ ਕਰਵਾਇਆ ਜਾਵੇ। ਸੰਨ 1938 ਵਿਚ ਗਾਂਧੀ ਜੀ ਵਲੋਂ ਵਿਰੋਧ ਹੋਣ ਤੇ ਵੀ ਉਸਨੇ ਕਾਂਗਰਸ ਛੱਡਕੇ ਫਾਰਵਰਡ ਬਲਾਕ ਦੀ ਨੀਂਹ ਰੱਖੀ ਸੀ। ਦੂਜੀ ਵੱਡੀ ਲੜਾਈ ਸ਼ੁਰੂ ਹੋਈ ਤੇ ਸੁਭਾਸ਼ ਨੂੰ ਅੰਗਰੇਜ਼ਾਂ ਨੇ ਕੈਦ ਕਰ ਲਿਆ ਪਰ 26 ਜਨਵਰੀ 1941 ਨੂੰ ਉਹ ਕੈਦ ਵਿਚੋਂ ਨੱਸ ਕੇ ਅਫਗਾਨਿਸਤਾਨ ਰਾਹੀਂ ਜਰਮਨੀ ਪਹੁੰਚ ਗਿਆ ਤੇ ਭਾਰਤ ਨੂੰ ਇਨਕਲਾਬੀ ਤੇ ਫ਼ੌਜੀ ਜਨਤਾ ਰਾਹੀਂ ਆਜ਼ਾਦ ਕਰਵਾਉਣ ਦੀਆਂ ਵਿਉਂਤਾਂ ਸੋਚਣ ਲੱਗਾ।

          20 ਜੂਨ, 1942 ਨੂੰ ਸੁਭਾਸ਼ ਚੰਦਰ ਬੋਸ ਬਰਲਿਨ ਤੋਂ ਟੋਕਿਓ ਆਇਆ ਤੇ ਜੁਲਾਈ ਮਹੀਨੇ ਵਿਚ ਸਿੰਗਾਪੁਰ। ਇਥੇ ਮਲਾਇਆ ਚੀਨ, ਥਾਈਲੈਂਡ, ਬਰਮਾ ਤੇ ਹੋਰ ਪੂਰਬੀ ਦੇਸ਼ਾਂ ਵਿਚ ਵਸਦੇ ਹਿੰਦੁਸਤਾਨੀਆਂ ਦੇ ਆਗੂ ਇਕੱਠੇ ਹੋਏ ਹੋਏ ਸਨ। ਆਜ਼ਾਦ ਹਿੰਦ ਫ਼ੌਜ ਉਂਜ ਹੀ ਸਾਰੀ ਦੀ ਸਾਰੀ ਉੱਥੇ ਸੀ।

          15 ਜੁਲਾਈ, 1943 ਨੂੰ ਸੁਭਾਸ਼ਾ ਹੋਰਾਂ ਨੇ ਸਿੰਗਾਪੁਰ ਵਿਚ ਆਜ਼ਾਦ ਹਿੰਦ ਫ਼ੌਜ ਦਾ ਮੁਆਇਲਾਂ ਕੀਤਾ ਤੇ ਫ਼ੌਜ ਲਈ ‘ਦਿੱਲੀ ਚਲੋ’ ਦਾ ਨਾਹਰਾ ਚੁਣਿਆ। ਡੇਢ ਲੱਖ ਖਲਕਤ ਨੇ ਸੁਭਾਸ਼ ਦਾ ਭਾਸ਼ਣ ਸੁਣਿਆ। ਇੱਧਰ ਹਿੰਦੁਸਤਾਨ ਵਿਚ ਵੀ ਗਾਂਧੀ ਜੀ ਦੀ ਅਗਵਾਈ ਹੇਠ ਕਾਂਗਰਸ ‘ਹਿੰਦੁਸਤਾਨ ਛੱਡੋ’ ਦਾ ਮਤਾ ਪਾਸ ਕਰ ਚੁੱਕੀ ਸੀ ਤੇ ਆਜ਼ਾਦੀ ਦਾ ਘੋਲ ਇਕ ਨਵੇਂ ਦੌਰ ਵਿਚ ਦਾਖ਼ਲ ਹੋ ਚੁੱਕਾ ਸੀ। ਆਜ਼ਾਦ ਹਿੰਦ ਫੌਜ਼ ਦੀ ਚਰਚਾ ਹਿੰਦੁਸਤਾਨ ਵਿਚ ਬੱਚੇ–ਬੁੱਚੇ ਦੇ ਮੂੰਹ ਤੇ ਸੀ।

          25 ਅਗਸਤ, 1943 ਨੂੰ ਆਜ਼ਾਦ ਹਿੰਦ ਫੌਜ਼ ਦਾ ਸੈਨਾਪਤੀ ਬਣ ਕੇ ਸੁਭਾਸ਼ ਜਲਦੀ ਹੀ ਰੰਗੂਨ ਪੁੱਜ ਗਿਆ। ‘ਰਾਣੀ ਝਾਂਸੀ ਰਜਮੰਟ ਦੇ ਨਾਂ ਹੇਠ ਉਸ ਨੇ ਇਸਤਰੀਆਂ ਨੂੰ ਵੀ ਜਥੇਬੰਦ ਕੀਤਾ। ਰੰਗੂਨ ਪਹੁੰਚ ਕੇ ਉਸ ਨੇ ਆਪਣੀ ਅਗਵਾਈ ਥੱਲੇ ਆਜ਼ਾਦ ਹਿੰਦ ਫ਼ੌਜ ਦੀ ਆਰਜ਼ੀ ਹਕੂਮਤ ਕਾਇਮ ਕੀਤੀ। ਇਸ ਸਾਲ ਦੇ ਅਖ਼ੀਰ ਤੱਕ ਆਜ਼ਾਦ ਹਿੰਦ ਫ਼ੌਜ ਦੀ ਆਰਜ਼ੀ ਹਕੂਮਤ ਕਾਇਮ ਕੀਤੀ। ਇਸ ਸਾਲ ਦੇ ਅਖੀਰ ਤੱਕ ਆਜ਼ਾਦ ਹਿੰਦ ਫ਼ੌਜ ਦੀ ਗਿਣਤੀ ਸੱਤਰ ਹਜ਼ਾਰ ਤੱਕ ਪਹੁੰਚ ਗਈ, ਜਿਸ ਵਿਚ ਬਦੇਸ਼ਾਂ ਅੰਦਰ ਵਸਦੇ ਬਾਕੀ ਭਾਰਤੀ ਵੀ ਸ਼ਾਮਲ ਸਨ।

          ਇਸ ਆਜ਼ਾਦ ਹਿੰਦ ਫ਼ੌਜ ਤੋਂ ਇਲਾਵਾ ਸੁਭਾਸ਼ ਨੇ ਜਰਮਨ ਵਿਚ ਵੀ ਆਜ਼ਾਦ ਹਿੰਦ ਫੌਜ ਕਾਇਮ ਕੀਤੀ। ਪਰ ਇਸਦੀ ਗਿਣਤੀ ਸਿਰਫ ਤਿੰਨ ਹਜ਼ਾਰ ਸੀ ਤੇ ਇਹ ਹਰ ਪੱਖੋ ਜਰਮਨ ਫੌਜ ਦਾ ਹੀ ਇਕ ਹਿੱਸਾ ਸੀ।

          ਸੁਭਾਸ਼ ਦੀ ਸ਼ਖਸੀਅਤ ਤੇ ਸਿਆਣਪ ਸਦਕਾ ਆਜ਼ਾਦ ਹਿੰਦ ਫੌਜ ਅਤੇ ਜਾਪਾਨੀ ਸਰਕਾਰ ਵਿਚਕਾਰ ਮੇਲ–ਮਿਲਾਪ ਵਧ ਗਿਆ। ਇਥੋਂ ਤੱਕ ਕਿ ਜਾਪਾਨ ਨੇ ਅੰਡੇਮਾਨ ਤੇ ਨਿਕੋਬਾਰ ਟਾਪੂ ਇਸ ਫ਼ੌਜ ਨੂੰ ਆਪਣੀਆਂ ਨਵੇਕਲੀਆਂ ਸਰਗਰਮੀਆਂ ਵਾਸਤੇ ਭੇਟਾ ਕਰ ਦਿੱਤੇ। ਦਸੰਬਰ, 1943 ਵਿਚ ਸੁਭਾਸ਼ ਆਪਣੇ ਅਮਲੇ ਨਾਲ ਪੋਰਟ ਬਲੇਅਰ ਪੁੱਜ ਗਿਆ।

          4 ਫਰਵਰੀ, 1944 ਨੂੰ ਆਜ਼ਾਦ ਹਿੰਦ ਫ਼ੌਜ ਨੇ ਬਰਮਾ ਵੱਲੋਂ ਪਹਿਲੀ ਵਾਰ ਹਿੰਦੁਸਤਾਨੀ ਸਰਹੱਦਾਂ ਉਤੇ ਹਮਲਾ ਕੀਤਾ ਤੇ ਡੇਢ ਮਹੀਨੇ ਦੇ ਅੰਦਰ–ਅੰਦਰ, ਜਾਪਾਨੀ ਫ਼ੌਜ ਦੇ ਨਾਲ, ਇਹ ਲੋਕ ਕੋਹੀਮਾਂ ਪਾਲੇਲ ਤੇ ਟਿੱਡਮ ਤੱਕ ਪਹੁੰਚ ਗਏ ਪਰ ਇਹ ਜਿੱਤਾਂ ਅਸਥਾਈ ਸਾਬਤ ਹੋਈਆਂ। ਰਲੀਆਂ–ਮਿਲੀਆਂ ਬਰਤਾਨਵੀਂ ਤੇ ਅਮਲਰੀਕੀ ਫ਼ੌਜਾਂ ਇਸ ਸਮੇਂ ਤੱਕ ਕਾਫੀ ਤਕੜੀਆਂ ਹੋ ਚੁਕੀਆਂ ਸਨ ਤੇ ਪੂਰਬ ਤੇ ਪੱਛਮ ਸਭ ਮੁਹਾਜ਼ਾਂ ਉਤੇ ਜੰਗ ਦਾ ਪਾਸਾ ਪਲਟ ਰਿਹਾ ਸੀ। ਬਰਮਾ ਵਿਚ ਵੀ ਅਗਸਤ, 1944 ਤੱਕ ਇਹ ਫੌਜਾਂ ਮੈਕਟਿਲਾ ਤੱਕ ਪੁੱਜ ਗਈਆਂ ਤੇ ਮਈ, 1945 ਵਿਚ ਉਨ੍ਹਾਂ ਨੇ ਰੰਗੂਨ ਉਤੇ ਮੁੜ ਕਬਜ਼ਾ ਕਰ ਲਿਆ। ਜਾਪਾਨੀ ਫ਼ੌਜਾਂ ਦੇ ਨਾਲ ਨਾਲ ਆਜ਼ਾਦ ਹਿੰਦ ਫ਼ੌਜ ਦੇ ਕਈ ਅਫ਼ਸਰ ਤੇ ਸਿਪਾਹੀ ਵੀ ਅੰਗਰੇਜ਼ਾਂ ਨੇ ਕੈਦੀ ਬਣਾ ਲਏ। ਹੌਲੀ ਹੌਲੀ ਸਾਰੇ ਹਿੰਦੀ ਸਿਪਾਹੀ ਵਾਪਸ ਹਿੰਦੁਸਤਾਨ ਲਿਆਂਦੇ ਗਏ ਤੇ ਬਹੁਤਿਆਂ ਨੂੰ ਸਰਕਾਰ ਨੇ ਕਈ ਹੋਰ ਦੰਡ ਦਿੱਤੇ ਬਿਨਾਂ ਨੌਕਰੀਆਂ ਤੋਂ ਬਰਖਾਸਤ ਕਰ ਦਿਤਾ।

          ਇਸ ਮੁਆਮਲੇ ਸਬੰਧੀ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਹੁਣ ਤੱਕ ਹਿੰਦੁਸਤਾਨ ਵਿਚ ਆਜ਼ਾਦੀ ਦੀ ਜੰਗ ਸਮਝੇ ਜਿੱਤੀ ਹੀ ਪਈ ਸੀ। ਦੂਜੀ ਵੱਡੀ ਲੜਾਈ ਨੇ ਅੰਗਰੇਜ਼ੀ ਸਮਰਾਜ ਨੁੰ ਖੋਖਲਾ ਕਰ ਦਿਤਾ ਸੀ ਅਤੇ ਸੰਸਾਰ ਦੀ ਰਾਏ ਵੀ ਇਹੋ ਹੀ ਸੀ ਕਿ ਅੰਗਰੇਜ਼ ਹੁਣ ਭਾਰਤ ਨੂੰ ਗ਼ੁਲਾਮ ਨਹੀਂ ਰੱਖ ਸਕਣਗੇ। ਇਸੇ ਲਈ ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀਆਂ ਨਾਲ ਅੰਗਰੇਜ਼ੀ ਸਰਕਾਰ ਬਹੁਤੀ ਸਖਤੀ ਨਹੀਂ ਸੀ ਕਰਨਾ ਚਾਹੁੰਦੀ। ਪੰਡਤ ਜਵਾਹਰ ਲਾਲ ਨਹਿਰੂ ਤੇ ਕਾਂਗਰਸ ਦੇ ਹੋਰ ਨੇਤਾ ਇਸ ਸੈਨਾ ਦੀ ਪਿੱਠ ਉਤੇ ਸਨ ਅਤੇ ਸਾਰੇ ਦੇਸ਼ ਵਿਚ ਇਨ੍ਹਾਂ ਬੀਰਾਂ ਦੇ ਕਾਰਨਾਮਿਆਂ ਦੀ ਬਹੁਤ ਸ਼ਾਲਾਘਾ ਹੋ ਰਹੀ ਸੀ। ਹਕੂਮਤ ਨੇ ਕੁਝ ਅਫ਼ਸਰਾਂ ਵਿਰੁੱਧ ਫੌਜੀ ਆਦਾਲਤ ਵਿਚ ਮੁਕੱਦਮੇ ਚਲਾਏ ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਮੁਕੱਦਮਾ ਕਪਤਾਨ ਸ਼ਾਹ ਨਵਾਜ਼, ਕਪਤਾਨ ਗੁਰਬਖਸ਼ ਸਿੰਘ ਢਿੱਲੋਂ ਤੇ ਕਪਤਾਨ ਪਰੇਮ ਕੁਮਾਰ ਸਹਿਗਲ ਵਾਲਾ ਸੀ। ਇਹ ਦਿੱਲੀ ਦੇ ਲਾਲ ਕਿਲੇ ਵਿਚ 5 ਜਨਵਰੀ, 1945 ਨੂੰ ਸ਼ੁਰੂ ਹੋਇਆ ਤੇ 31 ਦਸੰਬਰ, 1945 ਤੱਕ ਚਲਦਾ ਰਿਹਾ। ਮੁਲਜ਼ਮਾਂ ਵੱਲੋਂ ਹਿੰਦੁਸਤਾਨ ਦਾ ਉੱਘਾ ਵਕੀਲ ਭੋਲਾ ਭਾਈ ਡੇਸਾਈ ਪੇਸ਼ ਹੋਇਆ। ਫੌਜੀ ਅਦਾਲਤ ਨੇ ਹਰ ਮੁਲਜ਼ਮ ਨੂੰ ਕਸੂਰਵਾਰ ਠਹਿਰਾਇਆ ਤੇ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ। ਸਜ਼ਾ ਦੀ ਖਬਰ ਨਸ਼ਰ ਹੁੰਦਿਆਂ ਹੀ ਸਾਰੇ ਹਿੰਦੁਸਤਾਨ ਵਿਚ ਰੋਸ ਦਾ ਇਕ ਤੁਫ਼ਾਨ ਉੱਠ ਪਿਆ ਤੇ ਜਾਪਦਾ ਸੀ ਕਿ ਜੇ ਇਹ ਸਜ਼ਾਵਾਂ ਸੱਚੀ–ਮੁੱਚੀ ਹੀ ਅਮਲ ਵਿਚ ਲਿਆਂਦੀਆਂ ਗਈਆਂ ਤਾਂ ਦੇਸ਼ ਵਿਚ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਖ਼ਲਬਲੀ ਮੱਚ ਜਾਏਗੀ। ਨਾਜ਼ੁਕ ਹਾਲਾਤ ਨੂੰ ਸਾਹਮਣੇ ਰੱਖਦਿਆਂ ਹਿੰਦ ਸੈਨਾ ਦੇ ਕਮਾਂਡਰ–ਇਨ–ਚੀਫ਼ ਸਰ ਕਲਾਡ ਆਕਿਨਲੈਕ ਨੇ 3 ਜਨਵਰੀ, 1946 ਨੂੰ ਸ਼ਾਹ ਨਵਾਜ਼, ਢਿੱਲੋਂ ਤੇ ਸਹਿਗਲ ਦੀਆਂ ਸਜ਼ਾਵਾਂ ਰੱਦ ਕਰ ਕੇ ਉਨ੍ਹਾਂ ਨੂੰ ਰਿਹਾ ਕਰ ਦਿੱਤਾ।

          ਆਜ਼ਾਦ ਹਿੰਦ ਫ਼ੌਜ ਦਾ ਸੰਖੇਪ ਇਤਿਹਾਸ ਖ਼ਤਮ ਕਰਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਸੁਭਾਸ਼ ਚੰਦਰ ਬੋਸ 17 ਅਗਸਤ, 1945 ਨੂੰ ਸਾਇਗਾਨ ਤੋਂ ਟੋਕੀਓ ਜਾਂਦਾ ਹਵਾਈ ਹਾਦਸੇ ਵਿਚ ਮਾਰਿਆ ਗਿਆ। ਸੰਨ 1947 ਵਿਚ ਦੇਸ਼ ਦੀ ਆਜ਼ਾਦੀ ਪਿਛੋਂ ਭਾਰਤ ਸਰਕਾਰ ਨੇ ਆਜ਼ਾਦ ਹਿੰਦ ਫੌਜ ਦੇ ਅਫ਼ਸਰਾਂ ਤੇ ਸਿਪਾਹੀਆਂ ਨੂੰ ਯੋਗ ਮੁਆਵਜ਼ੇ ਦਿੱਤੇ।

          ਹ.ਪ.–ਜਨਰਲ ਸਰ ਕਲਾਡ ਆਕਿਨਲੈਕ – ਸਪਰਿੰਗਿੰਗ ਟਾਈਗਰ ਲੈਫਟੀਨੈਂਟ ਜਨਰਲ ਫਰਾਂਸਿਸ ਟੱਕਰ – ਵਾਈਲ ਮੈਮੇਰੀ ਸਰਵਜ਼ – ਸ੍ਰੀ ਰਾਮ ਸਿੰਘ ਰਾਵਲ – ਟੋਕੀਓ ਸੇ ਇੰਫ਼ਾਲ, ਸ੍ਰੀ ਗਰੀਸ਼ ਚੰਦਰ ਕੋਸ਼ੀ – ਸੁਭਾਸ਼ ਬਾਬੂ ਦੇ ਭਾਸ਼ਨ; ਸ਼ਾਹ ਨਵਾਜ਼ ਖ਼ਾਨ – ਆਈ ਅਨ. ਏ. ਐਡ. ਨੇਤਾ ਜੀ, ਸਤਿਆਦੇਵ – ਨੇਤਾ ਜੀ ਯੋਰਪ ਮੇਂ, ਆਜ਼ਾਦ ਹਿੰਦ ਫ਼ੌਜ, ਇਸਰਾਰ ਅਹਿਮਦ ਆਜ਼ਾਦ– ਮੁਕੰਮਲ ਤਾਰੀਖਿ ਆਜ਼ਾਦ ਹਿੰਦ ਫੌਜ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.