ਆਹਲੂਵਾਲੀਆ ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਆਹਲੂਵਾਲੀਆ ਮਿਸਲ: ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ ਜਿਸ ਦੀ ਸਥਾਪਨਾ ਲਾਹੌਰ ਜ਼ਿਲ੍ਹੇ ਦੇ ‘ਆਹਲੂ’ ਪਿੰਡ ਦੇ ਵਾਸੀ ਇਕ ਕਲਾਲ ਸਿੱਖ ਸਦਾ ਸਿੰਘ (ਨਾਮਾਂਤਰ ‘ਸਦਾਓ’) ਦੇ ਵੰਸ਼ ਵਿਚੋਂ ਸ. ਜੱਸਾ ਸਿੰਘ (ਵੇਖੋ) ਨੇ ਕੀਤੀ। ਜੱਸਾ ਸਿੰਘ ਦੇ ਪਿਤਾ ਸ. ਬਦਰ ਸਿੰਘ ਨੇ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਪਾਨ ਕੀਤਾ ਸੀ। ਸੰਨ 1712 ਈ. ਵਿਚ ਪੈਦਾ ਹੋਏ ਸ. ਜੱਸਾ ਸਿੰਘ ਨੇ ਅਠਾਰ੍ਹਵੀਂ ਸਦੀ ਵਿਚ ਹੋਏ ਸਿੱਖ ਸੰਘਰਸ਼ ਵਿਚ ਮਹੱਤਵਪੂਰਣ ਯੋਗਦਾਨ ਪਾਇਆ। ਇਹ ਨਵਾਬ ਕਪੂਰ ਸਿੰਘ ਦਾ ਪੁੱਤਰ ਤੁਲ ਵਿਸ਼ਵਸਤ ਸੰਗੀ ਸੀ। ਸੰਨ 1734 ਈ. ਵਿਚ ਜਦੋਂ ਸਿੱਖ ਸ਼ਕਤੀ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿਚ ਵੰਡਿਆ ਗਿਆ ਤਾਂ ਇਸ ਦਾ ਜੱਥਾ ਤਰੁਣਾ ਦਲ ਦੇ ਪੰਜ ਜੱਥਿਆਂ ਵਿਚੋਂ ਇਕ ਸੀ।

            ਸੰਨ 1748 ਈ. ਵਿਚ ਵਿਸਾਖੀ ਵਾਲੇ ਦਿਨ 65 ਸਿੱਖ ਜੱਥਿਆਂ ਨੂੰ ਇਕ ਕੇਂਦਰੀ ਸੱਤਾ ਅਧੀਨ ਸੰਗਠਿਤ ਕਰਨ ਲਈ ‘ਦਲ-ਖ਼ਾਲਸਾ’ ਦੀ ਸਥਾਪਨਾ ਕੀਤੀ ਗਈ ਅਤੇ ਸ. ਜੱਸਾ ਸਿੰਘ ਉਸ ਦਾ ਮੁਖੀ ਥਾਪਿਆ ਗਿਆ। ਦਲ ਖ਼ਾਲਸਾ ਨੂੰ ਅਗੋਂ ਯਾਰ੍ਹਾਂ ਮਿਸਲਾਂ ਵਿਚ ਵੰਡਿਆ ਗਿਆ ਜਿਨ੍ਹਾਂ ਵਿਚੋਂ ਛੇ ਬੁੱਢਾ ਦਲ ਅਧੀਨ ਸਨ ਅਤੇ ਪੰਜ ਤਰੁਣਾ ਦਲ ਅਧੀਨ। ਇਹ ਮਿਸਲ ਬੁੱਢਾ ਦਲ ਦੀਆਂ ਮਿਸਲਾਂ ਵਿਚ ਸ਼ਾਮਲ ਕੀਤੀ ਗਈ।

            ਸ. ਜੱਸਾ ਸਿੰਘ ਦੀ ਅਗਵਾਈ ਅਧੀਨ ਦਲ ਖ਼ਾਲਸਾ ਨੇ ਆਪਣੀ ਸ਼ਕਤੀ ਦਾ ਵਿਸਤਾਰ ਕੀਤਾ ਅਤੇ ਨਵੰਬਰ 1753 ਈ. ਵਿਚ ਮੀਰ ਮਨੂੰ ਦੀ ਮੌਤ ਤੋਂ ਪੈਦਾ ਹੋਈ ਅਰਾਜਕਤਾ ਦੀ ਸਥਿਤੀ ਤੋਂ ਲਾਭ ਉਠਾਉਂਦਿਆਂ ਬਹੁਤ ਸਾਰੇ ਇਲਾਕੇ ਜਿਤੇ। ਫਰਵਰੀ 1762 ਈ. ਵਿਚ ਹੋਏ ਵੱਡੇ ਘਲੂਘਾਰੇ ਦੇ ਬਾਵਜੂਦ ਕੇਵਲ ਦੋ ਸਾਲ ਬਾਦ ਸਰਹਿੰਦ ਨੂੰ ਜਿਤਿਆ। ਸੰਨ 1777 ਈ. ਵਿਚ ਰਾਇ ਇਬਰਾਹੀਮ ਨਾਂ ਦੇ ਭੱਟੀ ਜਾਗੀਰਦਾਰ ਨੂੰ ਹਰਾ ਕੇ ਉਸ ਤੋਂ ਕਪੂਰਥਲਾ ਨਗਰ ਜਿਤ ਲਿਆ ਅਤੇ ਉਸ ਨੂੰ ਆਹਲੂਵਾਲੀਆ ਮਿਸਲ ਦਾ ਸਦਰ ਮੁਕਾਮ ਬਣਾਇਆ। ਉਸ ਦੀ ਮਿਸਲ ਦੇ ਅਧਿਕਾਰ ਖੇਤਰ ਵਿਚ ਕੋਟ ਈਸਾ ਖ਼ਾਨ , ਜਗਰਾਉਂ, ਈਸੜੂ , ਫਤਹਿਗੜ੍ਹ ਤੋਂ ਇਲਾਵਾ ਜਲੰਧਰ ਦੁਆਬ ਵਿਚ ਸੁਲਤਾਨਪੁਰ ਲੋਧੀ ਅਤੇ ਉਸ ਦਾ ਸਮੀਪਵਰਤੀ ਖੇਤਰ, ਅਤੇ ਬਾਰੀ ਦੁਆਬ ਦੇ ਜੰਡਿਆਲਾ ਸਥਿਆਲਾ, ਬੁਣਡਾਲਾ, ਜਲਾਲਾਬਾਦ , ਵੈਰੋਵਾਲ, ਸਰਹਾਲੀ, ਗੋਇੰਦਵਾਲ , ਤਰਨਤਾਰਨ ਅਤੇ ਖਡੂਰ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਫਗਵਾੜਾ , ਉੜਮੁੜ ਟਾਂਡਾ ਅਤੇ ਅਹੀਆਪੁਰ ਦੇ ਜ਼ਿੰਮੀਂਦਾਰਾਂ ਤੋਂ ਖ਼ਿਰਾਜ ਲੈਂਦਾ ਸੀ।

            ਸੰਨ 1783 ਈ. ਵਿਚ ਜੱਸਾ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦਾ ਚਚੇਰਾ ਭਰਾ ਭਾਗ ਸਿੰਘ ਮਿਸਲਦਾਰ ਬਣਿਆ। ਸੰਨ 1801 ਈ. ਵਿਚ ਉਸ ਦੀ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਫਤੇ ਸਿੰਘ ਮਿਸਲ ਦੀ ਗੱਦੀ ਉਤੇ ਬੈਠਾ। ਉਹ ਮਹਾਰਾਜਾ ਰਣਜੀਤ ਸਿੰਘ ਦਾ ਪੱਗ-ਵਟ ਮਿਤਰ ਸੀ ਅਤੇ ਦੋਹਾਂ ਖ਼ਾਨਦਾਨਾਂ ਵਿਚ ਨਿਘੇ ਸੰਬੰਧ ਸਨ। ਸੰਨ 1846 ਈ. ਵਿਚ ਹੋਈ ਅੰਗ੍ਰੇਜ਼-ਸਿੱਖ ਜੰਗ ਵਿਚ ਕਪੂਰਥਲਾ ਰਿਆਸਤ ਅੰਗ੍ਰੇਜ਼ ਸਰਕਾਰ ਦੀ ਸਰਪ੍ਰਸਤੀ ਅਧੀਨ ਆ ਗਈ। ਫਤੇ ਸਿੰਘ ਦੀ ਸੰਤਾਨ ਨੇ ਸੰਨ 1948 ਈ. ਤਕ ਇਸ ਰਿਆਸਤ ਵਿਚ ਹਕੂਮਤ ਚਲਾਈ। ਸੰਨ 1948 ਈ. ਵਿਚ ਇਸ ਨੂੰ ਪੈਪਸੂ ਵਿਚ ਸ਼ਾਮਲ ਕਰ ਲਿਆ ਗਿਆ। ਹੋਰ ਵਿਸਤਾਰ ਲਈ ਵੇਖੋ ‘ਕਪੂਰਥਲਾ ਰਿਆਸਤ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਆਹਲੂਵਾਲੀਆ ਮਿਸਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਹਲੂਵਾਲੀਆ ਮਿਸਲ : ਬਾਰ੍ਹਾਂ ਮਿਸਲਾਂ ਵਿਚੋਂ ਇਕ ਸੀ ਜੋ ਅਠਾਰ੍ਹਵੀਂ ਸਦੀ ਦੇ ਪਿਛਲੇ ਅੱਧ ਦੌਰਾਨ ਪੰਜਾਬ ਵਿਚ ਸ਼ਕਤੀਸ਼ਾਲੀ ਬਣੀ ਸੀ। ਇਸ ਮਿਸਲ ਦਾ ਨਾਂ ਜ਼ਿਲਾ ਲਾਹੌਰ ਦੇ ਪਿੰਡ ਆਹਲੂ ਤੋਂ ਪਿਆ ਅਤੇ ਇਸਦਾ ਬਾਨੀ ਸਦਾਓ ਨਾਂ ਦਾ ਕਲਾਲ ਸੀ। ਇਸਦੀ ਔਲਾਦ ਵਿਚੋਂ ਇਕ, ਬਦਰ ਸਿੰਘ ਦਾ ਵਿਆਹ ਭਾਗ ਸਿੰਘ ਹੱਲੋਵਾਲੀਆ ਦੀ ਭੈਣ ਨਾਲ ਹੋਇਆ, ਜਿਸਨੇ ਨਵਾਬ ਕਪੂਰ ਸਿੰਘ ਦੇ ਹੱਥੋਂ ਖ਼ਾਲਸੇ ਦਾ ਅੰਮ੍ਰਿਤ ਛਕਿਆ ਸੀ ਅਤੇ ਜਿਸ ਕਾਰਨ ਉਸਨੇ ਮਾਇਕ ਸਾਧਨਾਂ ਅਤੇ ਪ੍ਰਭਾਵ ਵਿਚ ਹੋਰ ਵੀ ਵਾਧਾ ਹਾਸਲ ਕੀਤਾ ਸੀ। ਬਦਰ ਸਿੰਘ ਦੇ ਘਰ ਜੱਸਾ ਸਿੰਘ ਨਾਂ ਦਾ ਸੁਪੁੱਤਰ ਪੈਦਾ ਹੋਇਆ ਜਿਸਨੇ ਆਹਲੂਵਾਲੀਆ ਮਿਸਲ ਦੀ ਸਥਾਪਨਾ ਕੀਤੀ ਜਿਸਦੀ ਬਚੀ-ਖੁਚੀ ਹੋਂਦ ਪਿਛਲੇ ਕੁਝ ਸਾਲਾਂ ਤਕ ਕਪੂਰਥਲਾ ਰਿਆਸਤ ਦੇ ਰੂਪ ਵਿਚ ਬਣੀ ਰਹੀ ਸੀ। ਜੱਸਾ ਸਿੰਘ ਜੋ ਇਤਿਹਾਸ ਵਿਚ ਜੱਸਾ ਸਿੰਘ ਆਹਲੂਵਾਲੀਆ ਦੇ ਨਾਂ ਨਾਲ ਪ੍ਰਸਿੱਧ ਹੋਇਆ ਸੀ, ਅਠਾਰ੍ਹਵੀਂ ਸਦੀ ਦੇ ਮਹੱਤਵਪੂਰਨ ਦੌਰ ਦੌਰਾਨ ਸਿੱਖਾਂ ਦਾ ਪ੍ਰਸਿੱਧ ਆਗੂ ਸੀ। ਇਹ ਨਵਾਬ ਕਪੂਰ ਸਿੰਘ ਦੀ ਸੱਜੀ ਬਾਂਹ ਸੀ ਅਤੇ ਇਸ ਨੇ ਪੰਜਾਬ ਦੇ ਗਵਰਨਰਾਂ ਜ਼ਕਰੀਆ ਖ਼ਾਨ , ਯਾਹੀਆ ਖ਼ਾਨ ਅਤੇ ਮੀਰ ਮੰਨੂੰ ਦੇ ਵਿਰੁੱਧ ਸਿੱਖ ਸੰਘਰਸ਼ ਵਿਚ ਮੋਹਰੀ ਵਜੋਂ ਹਿੱਸਾ ਲਿਆ ਸੀ। 1748 ਦੇ ਵਸਾਖੀ ਵਾਲੇ ਦਿਨ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਸੱਦ ਕੇ ਵੱਖ ਵੱਖ 65 ਜੱਥਿਆਂ ਨੂੰ ‘ਦਲ ਖ਼ਾਲਸਾ` ਦੀ ਇਕ ਕਮਾਨ ਹੇਠ ਸੰਗਠਿਤ ਕੀਤਾ ਤਾਂ ਇਸਦੀ ਅਗਵਾਈ ਕਰਨ ਲਈ ਜੱਸਾ ਸਿੰਘ ਨੂੰ ਚੁਣਿਆ ਗਿਆ ਸੀ। ਨਵੰਬਰ 1753 ਵਿਚ ਮੀਰ ਮੰਨੂੰ ਦੀ ਮੌਤ ਤੋਂ ਪੈਦਾ ਹੋਈ ਅਰਾਜਕਤਾ ਦੀ ਸਥਿਤੀ ਤੋਂ ਲਾਭ ਉਠਾਉਂਦਿਆਂ ਹੋਇਆਂ ਜੱਸਾ ਸਿੰਘ ਨੇ ਪੰਜਾਬ ਵਿਚ ਪਿੰਡਾਂ ਅਤੇ ਨਗਰਾਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਥੇ ਰਾਖੀ ਪ੍ਰਬੰਧ ਦੀ ਸਥਾਪਨਾ ਕੀਤੀ ਸੀ। ਅਪ੍ਰੈਲ 1754 ਵਿਚ ਦਲ ਖ਼ਾਲਸਾ ਨੇ ਇਸਦੀ ਅਗਵਾਈ ਅਧੀਨ ਅੰਮ੍ਰਿਤਸਰ ਦੀ ਘੇਰਾਬੰਦੀ ਕਰਨ ਆਈਆਂ ਅਫ਼ਗਾਨ ਫ਼ੌਜਾਂ ਨੂੰ ਲਾਹੌਰ ਵਿਚੋਂ ਹੀ ਖਦੇੜ ਦਿੱਤਾ ਸੀ। ਮਾਰਚ 1758 ਵਿਚ, ਜੱਸਾ ਸਿੰਘ ਨੇ ਸਰਹਿੰਦ ਉਪਰ ਹਮਲਾ ਕਰਨ ਲਈ ਸਿੱਖਾਂ ਦੀ ਅਗਵਾਈ ਕੀਤੀ ਅਤੇ ਮਰਾਠਿਆਂ ਨਾਲ, ਜਿਹੜੇ ਇਸ ਮੁਹਿੰਮ ਵਿਚ ਇਹਨਾਂ ਦੇ ਸਹਿਯੋਗੀ ਸਨ , ਇਕੱਠੇ ਮਿਲਕੇ ਸਰਹਿੰਦ ਤੇ ਕਬਜ਼ਾ ਕਰ ਲਿਆ। ਇਕ ਮਹੀਨੇ ਬਾਅਦ ਸਿੱਖ ਇਸਦੀ ਅਗਵਾਈ ਅਧੀਨ ਲਾਹੌਰ ਵਿਚ ਦਾਖ਼ਲ ਹੋਏ। ਅਹਮਦ ਸ਼ਾਹ ਦੁੱਰਾਨੀ ਨੇ 1759 ਦੀਆਂ ਸਰਦੀਆਂ ਵਿਚ ਭਾਵੇਂ ਆਪਣਾ ਪ੍ਰਭਾਵ ਮੁੜ ਸਥਾਪਿਤ ਕਰ ਲਿਆ ਸੀ, 1761 ਵਿਚ ਪਾਣੀਪਤ ਵਿਖੇ ਮਰਾਠਿਆਂ ਨੂੰ ਹਰਾ ਦਿੱਤਾ ਸੀ ਅਤੇ ਫ਼ਰਵਰੀ 1762 ਵਿਚ ਸਿੱਖਾਂ ਨੂੰ ਭਾਰੀ ਨੁਕਸਾਨ ਪੁਚਾਇਆ ਸੀ ਪਰ 1764 ਵਿਚ ਜੱਸਾ ਸਿੰਘ ਨੇ ਸਿੱਖਾਂ ਦੀ ਅਗਵਾਈ ਕਰਕੇ ਸਰਹਿੰਦ ਤੇ ਜਿੱਤ ਹਾਸਲ ਕੀਤੀ। 1777 ਵਿਚ, ਇਸਨੇ ਭੱਟੀ ਸਰਦਾਰ , ਰਾਏ ਇਬਰਾਹੀਮ ਨੂੰ ਹਰਾਇਆ ਅਤੇ ਉਸ ਕੋਲੋਂ ਅਜੋਕਾ ਨਗਰ ਕਪੂਰਥਲਾ ਲੈ ਲਿਆ ਅਤੇ ਇਸਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾ ਲਿਆ। ਜਿਥੋਂ ਤਕ ਇਸਦੇ ਕਬਜ਼ੇ ਵਾਲੇ ਇਲਾਕਿਆਂ ਦਾ ਸਵਾਲ ਹੈ ਉਹਨਾਂ ਵਿਚੋਂ ਕੋਟ ਈਸਾ ਖ਼ਾਨ , ਜਗਰਾਉਂ, ਈਸੜੂ ਅਤੇ ਫਤਿਹਗੜ੍ਹ, ਦੱਖਣ ਵਲ ਦਰਿਆ ਸਤਲੁਜ ਤਕ, ਅਤੇ ਅੰਬਾਲਾ ਜ਼ਿਲੇ ਵਿਚ ਭੜੌਗ, ਜਲੰਧਰ ਦੁਆਬ ਵਿਚ ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਆਲੇ-ਦੁਆਲੇ ਦੇ ਪਿੰਡ ਸ਼ਾਮਲ ਸਨ। ਫਗਵਾੜਾ , ਉੜਮੁੜ ਟਾਂਡਾ ਅਤੇ ਯਾਹੀਯਾਪੁਰ ਦੇ ਜਿੰਮੀਦਾਰ ਇਸਨੂੰ ਨਜ਼ਰਾਨਾ ਦਿੰਦੇ ਸਨ। ਬਾਰੀ ਦੁਆਬ ਵਿਚ ਇਸ ਕੋਲ ਜੰਡਿਆਲਾ, ਸਠਿਆਲਾ , ਬੁੰਡਾਲਾ, ਜਲਾਲਾਬਾਦ , ਵੈਰੋਵਾਲ, ਸਰਹਾਲੀ, ਫਤਿਹਾਬਾਦ, ਜਲਾਲਪੁਰ, ਗੋਇੰਦਵਾਲ , ਤਰਨ ਤਾਰਨ ਅਤੇ ਖਡੂਰ; ਅਤੇ ਰਚਨਾ ਦੁਆਬ ਵਿਚ ਜ਼ਫਰਵਾਲ ਸਨ।

        1783 ਵਿਚ ਜੱਸਾ ਸਿੰਘ ਅਕਾਲ ਚਲਾਣਾ ਕਰ ਗਿਆ। ਇਸ ਦਾ ਕੋਈ ਪੁੱਤਰ ਨਹੀਂ ਸੀ ਅਤੇ ਇਸਦਾ ਉਤਰਾਧਿਕਾਰੀ ਇਸਦਾ ਚਚੇਰਾ ਭਰਾ ਭਾਗ ਸਿੰਘ ਬਣਿਆ, ਜਿਸਦਾ 1801 ਵਿਚ ਦੇਹਾਂਤ ਹੋ ਗਿਆ। ਭਾਗ ਸਿੰਘ ਦਾ ਸੁਪੁੱਤਰ ਫਤਿਹ ਸਿੰਘ (ਅ.ਚ.1837) ਰਣਜੀਤ ਸਿੰਘ ਦਾ ਪ੍ਰਭਾਵਸ਼ਾਲੀ ਮਿੱਤਰ ਸੀ ਜਿਸਨੇ ਦੋਵਾਂ ਪਰਵਾਰਾਂ ਦੀ ਮਿੱਤਰਤਾ ਨੂੰ ਪੱਕਿਆਂ ਬਣਾਈ ਰਖਣ ਲਈ ਉਸ ਨਾਲ ਪੱਗ ਵਟਾਈ ਹੋਈ ਸੀ। 1846 ਵਿਚ, ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ, ਕਪੂਰਥਲਾ ਬ੍ਰਿਟਿਸ਼ ਸਰਕਾਰ ਦੀ ਸਰਪ੍ਰਸਤੀ ਅਧੀਨ ਆ ਗਿਆ ਸੀ। ਫਤਿਹ ਸਿੰਘ ਦੇ ਵੰਸ਼ਜਾਂ ਨੇ ਕਪੂਰਥਲਾ ਰਿਆਸਤ ਉਤੇ ਇਕ ਸਦੀ ਤੋਂ ਵੱਧ ਸਮੇਂ ਤਕ ਉਦੋਂ ਤਕ ਹਕੂਮਤ ਕੀਤੀ ਜਦੋਂ ਤਕ ਕਿ ਇਹ 1948 ਵਿਚ ਬ੍ਰਿਟਿਸ਼ ਦੇ ਭਾਰਤ ਵਿਚੋਂ ਚਲੇ ਜਾਣ ਮਗਰੋਂ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਵਿਚ ਸ਼ਾਮਲ ਨਹੀਂ ਹੋ ਗਈ ਸੀ।


ਲੇਖਕ : ਹ.ਰ.ਗ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਹਲੂਵਾਲੀਆ ਮਿਸਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਹਲੂਵਾਲੀਆ ਮਿਸਲ: ਹਿੰਦੂਆਂ ਦੀ ਇਕ ਜਾਤੀ ਦਾ ਨਾਂ ਕਲਾਲ ਹੈ ਜਿਨ੍ਹਾਂ ਦਾ ਪੇਸ਼ਾ ਸ਼ਰਾਬ ਕੱਢਣਾ ਅਤੇ ਵੇਚਣਾ ਸੀ। ਬਦਰ ਸਿੰਘ ਕਲਾਲ ਲਾਹੌਰ ਦੇ ਪੂਰਬ ਵੱਲ 12 ਕਿ. ਮੀ. ਦੀ ਵਿੱਥ ਤੇ ਇਕ ਪਿੰਡ ‘ਆਹਲੂ’ ਵਿਚ ਰਹਿੰਦਾ ਸੀ। ਬਦਰ ਸਿੰਘ ਦੀ ਵਹੁਟੀ ਮਸ਼ਹੂਰ ਸਿੱਖ ਸਰਦਾਰ ਭਾਗ ਸਿੰਘ ਦੀ ਭੈਣ ਸੀ ਜਿਸ ਦੀ ਕੁੱਖੋਂ 1718 ਈ. ਵਿਚ ਜੱਸਾ ਸਿੰਘ ਪੈਦਾ ਹੋਇਆ। ਜਦੋਂ ਇਹ ਪੰਜਾਂ ਸਾਲਾਂ ਦਾ ਹੋਇਆਂ ਤਾਂ ਇਸ ਦਾ ਪਿਉ ਮਰ ਗਿਆ। ਵਿਧਵਾ ਮਾਂ ਇਸ ਬੱਚੇ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ ਮਾਤਾ ਸੁੰਦਰੀ ਦੀ ਸੇਵਾ ਵਿਚ ਦਿੱਲੀ ਪਹੁੰਚੀ ਅਤੇ ਕੁਝ ਦਿਨ ਉਥੇ ਰਹੀ। ਮਾਤਾ ਜੀ ਨੇ ਇਸ ਬੱਚੇ ਨੂੰ ਹੋਣਹਾਰ ਦੇਖ ਕੇ ਆਸ਼ੀਰਵਾਦ ਦਿੱਤੀ। ਫੇਰ ਮਾਂ ਅਤੇ ਪੁੱਤਰ ਜਲੰਧਰ ਆ ਗਏ ਅਤੇ ਸਰਦਾਰ ਭਾਗ ਸਿੰਘ ਦੇ ਪਾਸ ਰਹਿਣ ਲੱਗੇ। ਇਕ ਦਿਨ ਸਿੱਖਾਂ ਦਾ ਮਸ਼ਹੂਰ ਲੀਡਰ ਸਰਦਾਰ ਕਪੂਰ ਸਿੰਘ ਉਥੇ ਆਇਆ। ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ। ਕੁਝ ਦਿਨ ਮਗਰੋਂ ਭਾਗ ਸਿੰਘ ਲੜਾਈ ਵਿਚ ਮਾਰਿਆ ਗਿਆ। ਭਾਗ ਸਿੰਘ ਦਾ ਆਪਣਾ ਕੋਈ ਪੁੱਤਰ ਨਾ ਹੋਣ ਕਰਕੇ ਉਸ ਦੀ ਜਾਇਦਾਦ ਦਾ ਵਾਰਸ ਜੱਸਾ ਸਿੰਘ ਬਣਿਆ।

 

          ਕਪੂਰ ਸਿੰਘ ਦੀ ਨਿਗਰਾਨੀ ਵਿਚ ਨੌਜਵਾਨ ਜੱਸਾ ਸਿੰਘ ਇੱਕ ਕੱਦਾਵਰ ਸੂਰਮਾ ਸਰਦਾਰ ਬਣ ਗਿਆ। ਕਿਹਾ ਜਾਂਦਾ ਹੈ ਕਿ ਉਹ ਸਵੇਰ ਵੇਲੇ ਇਕ ਸੇਰ ਮੱਖਣ ਖਾ ਜਾਂਦਾ ਸੀ ਅਤੇ ਦੁਪਹਿਰ ਅਤੇ ਰਾਤ ਦੇ ਖਾਣੇ ਵਿਚ ਅੱਧਾ ਬੱਕਰਾ ਚੱਟ ਕਰ ਜਾਂਦਾ ਸੀ। ਬਹਾਦਰੀ ਦੇ ਖੇਤਰ ਵਿਚ ਉਸ ਨੇ ਆਪਣਾ ਨਾਂ ਉੱਘਾ ਕਰ ਲਿਆ ਸੀ। ਵੈਸੇ ਵੀ ਉਹ ਬਹੁਤ ਖ਼ੂਬਸੂਰਤ ਜਵਾਨ ਸੀ। ਮੁੱਢਲੀ ਉਮਰ ਵਿਚ ਦਿੱਲੀ ਵਿਚ ਰਹਿਣ ਦੇ ਕਾਰਨ ਸ਼ੁੱਧ ਹਿੰਦੁਸਤਾਨੀ ਬੋਲਦਾ ਸੀ, ਸਾਫ਼ ਸੁਥਰੀ ਅਤੇ ਵਧੀਆਂ ਪੁਸ਼ਾਕ ਪਹਿਨਦਾ ਸੀ, ਬੜੇ ਸਲੀਕੇ ਵਾਲਾ ਬੰਦਾ ਸੀ ਅਤੇ ਸਿੱਖਾਂ ਦੇ ਸਭ ਤੋਂ ਵੱਡੇ ਸਰਦਾਰ ਦੀ ਹਿਮਾਇਤ ਹਾਸਲ ਹੋਣ ਕਾਰਨ 1748 ਈ. ਵਿਚ ਜਦੋਂ ‘ਦਲ ਖ਼ਾਲਸਾ’ ਦੀ ਨੀਂਹ ਰੱਖੀ ਗਈ ਤਾਂ ਜੱਸਾ ਸਿੰਘ ਉਸ ਦਾ ਪਹਿਲਾ ਜਰਨੈਲ ਚੁਣਿਆ ਗਿਆ। ਉਸ ਦੇ ਮਗਰੋਂ ਕੋਈ ਹੀ ਅਜੇਹੀ ਵੱਡੀ ਲੜਾਈ ਹੋਵੇਗੀ ਜਿਸ ਵਿਚ ਜੱਸਾ ਸਿੰਘ ਮੌਜੂਦ ਨਹੀਂ ਹੁੰਦਾ ਸੀ।

          ਅਪ੍ਰੈਲ, 1758 ਈ. ਵਿਚ ਮਰਾਠਿਆਂ ਅਤੇ ਸਿੱਖਾਂ ਨੇ ਅਦੀਨਾ ਬੈਗ਼ ਖ਼ਾਂ ਦੇ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹਹ ਅਤੇ ਜਰਨੈਲ ਜਹਾਂ ਖ਼ਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ। ਮਰਾਠਿਆਂ ਨੇ ਅਦੀਨਾ ਬੇਗ਼ ਨੂੰ ਪੰਜਾਬ ਦਾ ਗਵਰਨਰ ਬਣਾਇਆ ਅਤੇ ਆਪ ਮਹਾਰਾਸ਼ਟਰ ਵਾਪਸ ਚਲੇ ਗਏ। ਉਨ੍ਹਾਂ ਦੀਆਂ ਕੁਝ ਚੌਕੀਆਂ ਸਰਹੱਦ ਉੱਤੇ ਰਹੀਆਂ ਸਨ। ਅਦੀਨਾ ਬੇਗ਼ ਸਤੰਬਰ, 1758 ਈ. ਵਿਚ ਮਰ ਗਿਆ। ਅਕਤੂਬਰ ਦੇ ਅਖ਼ੀਰ ਵਿਚ ਦਲ ਖ਼ਾਲਸਾ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਵਿਚ ਇਕੱਤਰ ਹੋਇਆ ਅਤੇ ਉਥੋਂ ਦੇ ਫ਼ੈਸਲੇ ਅਨੁਸਾਰ ਜੱਸਾ ਸਿੰਘ ਨੇ ਲਾਹੌਰ ਉੱਤੇ ਧਾਵਾ ਬੋਲ ਦਿੱਤਾ ਅਤੇ ਜਿੱਤਾ ਪ੍ਰਾਪਤ ਕਰਕੇ ਆਪਣੇ ਨਾਂ ਦਾ ਸਿੱਕਾ ਚਲਾਇਆ ਜਿਸ ਉੱਤੇ ਇਹ ਸ਼ਿਅਰ ਉੱਕਰਿਆ ਹੋਇਆ ਸੀ –

                   ਸਿੱਕਾ ਜ਼ਦ ਦਰ ਜਹਾਂ ਬਫ਼ਜ਼ਲਿ ਅਕਾਲ

                   ਮੁਲਕਿ ਅਹਿਮਦ ਗਰਿਫ਼ਤ ਜੱਸਾ ਕਲਾਲ

          ਜੱਸਾ ਸਿੰਘ ਉਹ ਪਹਿਲਾ ਆਦਮੀ ਸੀ ਜਿਸ ਨੇ ਬੰਦਾ ਬਹਾਦਰ ਤੋਂ ਮਗਰੋਂ ਸਿੱਖਾਂ ਨੂੰ ਸਮੁੱਚੇ ਤੌਰ ਤੇ ਇਕ ਹਾਕਮ ਕੌਮ ਦਾ ਰੂਪ ਦਿੱਤਾ। ਖ਼ੁਦ-ਮੁਖ਼ਤਾਰ ਹੁਕਮਰਾਨ ਬਣਨ ਉੱਤੇ ਆਮ ਲੋਕਾਂ ਨੇ ਇਸ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਤੋਂ ਅਲੱਗ ਰੱਖਣ ਲਈ ਜੱਸਾ ਸਿੰਘ ਨੂੰ ‘ਕਲਾਲ’ ਕਹਿਣਾ ਪਸੰਦ ਨਾ ਕੀਤਾ ਅਤੇ ਮੁਲਕ ਦੇ ਆਮ ਰਿਵਾਜ ਅਨੁਸਾਰ ਉਸ ਨੂੰ ਉਸਦੇ ਪੈਦਾਇਸ਼ੀ ਪਿੰਡ ਦੇ ਨਾਂ ਉੱਤੇ ‘ਆਹਲੂਵਾਲੀਆ’ ਕਹਿਣ ਲੱਗ ਪਏ। ਉਸ ਦੀ ਮਿਸਲ ਦਾ ਨਾਂ ‘ਆਹਲੂਵਾਲੀਆ ਮਿਸਲ’ ਪੈ ਗਿਆ। ਉਸ ਦੀ ਦੇਖਾ ਦੇਖੀ ਸਾਰੇ ਕਲਾਲ ਹੀ ਆਪਣੇ ਆਪ ਨੂੰ ਆਹਲੂਵਾਲੀਏ ਕਹਿਣ ਲੱਗੇ ਅਤੇ ਅੱਜਕਲ੍ਹ ਤਾਂ ਇਸ ਲੰਬੇ ਨਾਂ ਨੂੰ ਛੱਡ ਕੇ ਕੇਵਲ ‘ਵਾਲੀਆ’ ਕਹਿਣ ਦਾ ਰਿਵਾਜ ਵੱਧਦਾ ਜਾ ਰਿਹਾ ਹੈ।

          ਜਨਵਰੀ, 1764 ਈ. ਵਿਚ ਦਲ ਖ਼ਾਲਸਾ ਨੇ ਜੱਸਾ ਸਿੰਘ ਦੀ ਕਮਾਨ ਹੇਠ ਅਬਦਾਲੀ ਦੇ ਗਵਰਨਰ ਜ਼ੈਨ ਖ਼ਾਂ ਨੂੰ ਸਰਹੰਦ ਵਿਚ ਮਾਰ ਦਿੱਤਾ ਅਤੇ ਸਰਹੰਦ ਦਾ ਸੂਬਾ ਆਪਸ ਵਿਚ ਵੰਡ ਲਿਆ। ਸੰਨ 1765 ਵਿਚ ਦਲ ਖ਼ਾਲਸਾ ਨੇ ਅਹਿਦ ਸ਼ਾਹ ਅਬਦਾਲੀ ਦਾ ਪੰਜਾਬ ਵਿਚੋਂ ਲੰਘਦੇ ਸਮੇਂ ਨੱਕ ਵਿਚ ਦਮ ਕਰ ਦਿੱਤਾ। ਅਬਦਾਲੀ ਦੇ ਇਸ ਹਮਲੇ ਦਾ ਅੱਖੀਂ ਦੇਖਿਆ ਹਾਲ ਲਿਖਦ ਵਾਲਾ ਕਾਜ਼ੀ ਨੂਰ ਮੁਹੰਮਦ ਜੱਸਾ ਸਿੰਘ ਦਾ ਕੱਦ ਬੁੱਤ, ਸ਼ਕਲ ਸੂਰਤ ਅਤ ਰੋਹਬ-ਦਾਬ ਦੇਖ ਕੇ ਲਿਖਦਾ ਹੈ, ਕਿ ਜੱਸਾ ਸਿੰਘ ਕਲਾਲ ਮੈਦਾਨ ਵਿਚ ਪਹਾੜ ਵਾਂਗ ਖੜ੍ਹਾ ਸੀ। ਜੱਸਾ ਸਿੰਘ ਦੋ ਮੌਤ 1783 ਈ. ਵਿਚ ਅੰਮ੍ਰਿਤਸਰ ਵਿਖੇ ਹੋਈ। ਉਸਦੀ ਰਾਜਧਾਨੀ ਕਪੂਰਥਲਾ ਸੀ।

          ਕਪੂਰਥਲੇ ਦਾ ਰਾਜਾ ਫ਼ਤਹਿ ਸਿੰਘ ਆਹਲੂਵਾਲੀਆ ਅਤੇ ਮਹਾਰਾਜਾ ਰਣਜੀਤ ਸਿੰਘ ਪੱਗ-ਵਟ ਭਰਾ ਸਨ। ਮਹਾਰਾਜਾ ਰਣਜੀਤ ਸਿੰਘ ਦੀ ਉੱਨਤੀ ਵਿਚ ਫ਼ਤਹਿ ਸਿੰਘ ਦਾ ਕਾਫ਼ੀ ਹੱਥ ਸੀ। ਡਾਕਟਰ ਗੋਕਲ ਚੰਦ ਨਾਰੰਗ ਲਿਖਦਾ ਹੈ ਕਿ ਫ਼ਤਹਿ ਸਿੰਘ ਬਹੁਤ ਹੀ ਕਾਲਬ ਹੁਕਮਰਾਨ ਸੀ। ਜੇਕਰ ਉਹ ਮਹਾਰਾਜਾ ਰਣਜੀਤ ਸਿੰਘ ਵਾਂਗ ਨਿੱਡਰ ਅਤੇ ਜ਼ਬਰਦਸਤ ਹੁੰਦਾ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਥਾਂ ਫ਼ਤਹਿ ਸਿੰਘ ਪੰਜਾਬ ਦਾ ਮਹਾਰਾਜਾ ਹੁੰਦਾ। ਫ਼ਤਹਿ ਸਿੰਘ ਪੰਜਾਬ ਦਾ ਪਹਿਲਾ ਰਾਜਾ ਸੀ ਜਿਸ ਨੇ 1806 ਈ. ਵਿਚ ਅੰਗਰੇਜ਼ਾਂ ਨਾਲ ਦੋਸਤੀ ਦਾ ਇਕਰਾਰਨਾਮਾ ਲਿਖਿਆ। ਸੰਨ 1848-49 ਦੀ ਸਿੱਖਾਂ ਦੀ ਦੂਜੀ ਲੜਾਈ ਵਿਚ ਕਪੂਰਥਲੇ ਦੇ ਸਰਦਾਰ ਨਿਹਾਲ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਜਿਸ ਦੇ ਬਦਲੇ ਉਸ ਨੂੰ ਰਾਜੇ ਦਾ ਖ਼ਿਤਾਬ ਮਿਲਿਆ। ਸੰਨ 1857 ਦੇ ਗ਼ਦਰ ਵਿਚ ਫ਼ੌਜ, ਅਸਲੇ ਅਤੇ ਰਸਦ ਆਦਿ ਨਾਲ ਮਦਦ ਕਰਨ ਦੇ ਬਦਲੇ ਕਪੂਰਥਲੇ ਦੇ ਰਾਜੇ ਨੂੰ ਯੂ.ਪੀ. ਵਿਚ ਵੀਹ ਲੱਖ ਰੁਪਏ ਸਾਲਾਨਾ ਦੀ ਆਮਦਨੀ ਵਾਲਾ ਇਕ ਬਹੁਤ ਵੱਡਾ ਇਲਾਕਾ ਦਿੱਤਾ ਗਿਆ।

          ਕਪੂਰਥਲੇ ਦੇ ਰਾਜੇ ਆਪਣੇ ਆਪ ਨੂੰ ਇਕ ਅਰਧ-ਇਤਿਹਾਸਕ ਵਿਅਕਤੀ ਰਾਣਾ ਕਪੂਰ ਦੀ ਔਲਾਦ ਵਿਚੋਂ ਦਸਦੇ ਹਨ ਜੋ ਜੈਸਲਮੇਰ ਦੇ ਰਾਜਪੂਤਾਂ ਵਿਚੋਂ ਸੀ। ਰਾਣਾ ਕਪੂਰ ਨੇ ਜੈਸਲਮੇਰ ਤੋਂ ਕੋਈ ਇਕ ਹਜ਼ਾਰ ਈਸਵੀ ਦੇ ਨੇੜੇ ਤੇੜੇ ਉੱਜੜ ਕੇ ਕਪੂਰਥਲਾ ਆਬਾਦ ਕੀਤਾ ਸੀ ਪਰ ਇਸ ਮਿਸਲ ਦਾ ਨਾਂ ‘ਆਹਲੂ’ ਪਿੰਡ ਦੇ ਵਸਨੀਕ ਜੱਸਾ ਸਿੰਘ ਕਲਾਲ ਨਾਲ ਜੁੜਿਆ ਹੋਇਆ ਹੈ। ਕਪੂਰਥਲੇ ਦੇ ਮੁੱਢਲੇ ਨਵਾਬਾਂ ਦਾ ਰਾਜ ਸਤਲੁਜ ਦੇ ਆਰ ਪਾਰ ਦੋਹੀਂ ਪਾਸੀਂ ਸੀ। ਬਾਰੀ ਦੁਆਬ ਦੇ ਇਲਾਕੇ 1780 ਈ. ਵਿਚ ਤਲਵਾਰ ਦੇ ਜ਼ੋਰ ਨਾਲ ਜਿੱਤੇ ਗਏ ਸਨ। ਸਤਲੁਜ ਦੇ ਪਾਰ ਦੇ ਇਲਾਕੇ ਕੁਝ ਜੱਸਾ ਸਿੰਘ ਨੇ ਜਿੱਤੇ ਅਤੇ ਕੁਝ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ 1808 ਈ. ਤੋਂ ਪਹਿਲਾਂ ਕਪੂਰਥਲੇ ਵਾਲਿਆਂ ਨੂੰ ਦੇ ਦਿੱਤੇ। ਸੰਨ 1809 ਦੀ ਸੰਧੀ ਅਨੁਸਾਰ ਮਹਾਰਾਜਾ ਕਪੂਰਥਲਾ ਨੇ ਅੰਗਰੇਜ਼ੀ ਫ਼ੌਜਾਂ ਦੀ ਹਿਮਾਇਤ ਕਰਨ ਅਤੇ ਉਨ੍ਹਾਂ ਨੂੰ ਰਸਦ ਪਹੁੰਚਾਉਣ ਦਾ ਇਕਰਾਰ ਕੀਤਾ ਅਤੇ 1826 ਈ. ਵਿਚ ਸਰਦਾਰ ਫ਼ਤਹਿ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਡਰ ਤੋਂ ਅੰਗਰੇਜ਼ਾਂ ਦੀ ਹਿਮਾਇਤ ਕਰਨ ਲਗ ਪਿਆ ਪਰ ਸਿੱਖਾਂ ਦੀ ਪਹਿਲੀ ਲੜਾਈ ਵਿਚ ਕਪੂਰਥਲੇ ਦੀਆਂ ਫ਼ੌਜਾਂ ਅਲੀਵਾਲ ਦੇ ਸਥਾਨ ਤੇ ਅੰਗਰੇਜ਼ਾਂ ਵਿਰੁੱਧ ਲੜੀਆਂ। ਇਸ ਤੇ ਫ਼ਤਹਿ ਸਿੰਘ ਦੇ ਪੁੱਤਰ ਨਿਹਾਲ ਸਿੰਘ ਦੇ ਸਤਲੁਜ ਦੇ ਦੱਖਣ ਵੱਲ ਦੇ ਸਾਰੇ ਇਲਾਕੇ ਜ਼ਬਤ ਕਰ ਲਏ ਗਏ। ਜਦੋਂ 1846 ਈ. ਵਿਚ ਅੰਗਰੇਜ਼ਾਂ ਦਾ ਕਬਜ਼ਾ ਦੁਆਬਾ ਜਲੰਧਰ ਤੇ ਹੋ ਗਿਆ ਤਾਂ ਕਪੂਰਥਲੇ ਦੀ ਰਿਆਸਤ ਤੇ ਸਤਲੁਜ ਦੇ ਉੱਤਰ ਵੱਲ ਦੇ ਇਲਾਕੇ ਬਰਕਰਾਰ ਰਹਿਣ ਦਿੱਤੇ ਗਏ। ਸੰਨ 1849 ਵਿਚ ਸਰਦਾਰ ਨਿਹਾਲ ਸਿੰਘ ਨੂੰ ਰਾਜੇ ਦਾ ਖ਼ਿਤਾਬ ਦਿੱਤਾ ਗਿਆ ਪਰ 1852 ਈ. ਵਿਚ ਉਹ ਮਰ ਗਿਆ। ਉਸ ਦੀ ਥਾਂ ਤੇ ਉਸ ਦਾ ਪੁੱਤਰ ਰਣਧੀਰ ਸਿੰਘ ਗੱਦੀ ਉੱਤੇ ਬੈਠਿਆ। ਸੰਨ 1858 ਵਿਚ ਕਪੂਰਥਲੇ ਦੀਆਂ ਫ਼ੌਜਾਂ ਨੇ ਅਵਧ ਵਿਚ ਚੰਗੇ ਮਾਹਰਕੇ ਮਾਰੇ ਜਿਸ ਨੇ ਬਦਲੇ ਰਾਜੇ ਨੂੰ ਬੂੰਦੀ ਤੇ ਇਕੌਨਾ (ਜ਼ਿਲ੍ਹਾ ਵੜਾਇਚ) ਅਤੇ ਪੀਧੌਲੀ (ਜ਼ਿਲ੍ਹਾ ਬਾਰਾਬਾਂਕੀ) ਦਾ 700 ਵ. ਮੀਲ ਦਾ ਰਕਬਾ ਬਖ਼ਸ਼ਿਆ ਗਿਆ। ਇਸ ਉੱਤੇ ਭਾਵੇਂ ਰਾਜੇ ਦਾ ਹੁਕਮ ਅਧਿਕਾਰ ਕੋਈ ਨਹੀਂ ਸੀ ਪਰ 13.5 ਲੱਖ ਮਾਲੀਆ ਉਸ ਨੂੰ ਮਿਲਦਾ ਸੀ। ਰਣਧੀਰ ਸਿੰਘ 1870 ਈ. ਵਿਚ ਮਰ ਗਿਆ ਅਤੇ ਉਸ ਦੀ ਥਾਂ ਖੜਕ ਸਿੰਘ ਗੱਦੀ ਤੇ ਬੈਠਿਆ। ਖੜਕ ਸਿੰਘ ਦੀ ਥਾਂ 1877 ਈ. ਵਿਚ ਜਗਤਜੀਤ ਸਿੰਘ ਗੱਦੀ-ਨਸ਼ੀਨ ਹੋਇਆ ਜੋ 1890 ਈ. ਵਿਚ ਬਾਲਗ਼ ਹੋਇਆ। ਭਾਰਤ ਦੇ ਆਜ਼ਾਦ ਹੋਣ ਤੇ 20 ਅਗਸਤ, 1948 ਨੂੰ ਕਪੂਰਥਲੇ ਦਾ ਇਲਾਕਾ ਪੈਪਸੂ ਵਿਚ ਮਿਲਾ ਦਿੱਤਾ ਗਿਆ।

ਆਹਲੂਵਾਲੀਆਂ ਮਿਸਲ ਦਾ ਕੁਰਸੀਨਾਮਾ

          ਹ. ਪੁ.– ਇੰਪ. ਗ. ਇੰਡ. 14:408; ਸਿ. ਮਿ.-ਸ. ਸ. ਸੀਤਲ                             


ਲੇਖਕ : ਹਰੀ ਰਾਮ ਗੁਪਤਾ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਹਲੂਵਾਲੀਆ ਮਿਸਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਆਹਲੂਵਾਲੀਆ ਮਿਸਲ     :  ਸਿੱਖ ਰਾਜ ਤੋਂ ਪਹਿਲਾਂ, ਸਿੱਖ ਵੱਖ ਵੱਖ ਜੱਥੇਬੰਦੀਆਂ ਜਾਂ ਮਿਸਲਾਂ ਵਿਚ ਵੰਡੇ ਹੋਏ ਸਨ। ਇਨ੍ਹਾਂ ਵਿਚੋਂ ਹੀ ਇਕ ਮਿਸਲ ਆਹਲੂਵਾਲੀਆ ਸੀ। ਇਸ ਮਿਸਲ ਦਾ ਨਾ 'ਆਹਲੂ' ਨਾਂ ਦੇ ਪਿੰਡ ਤੋਂ ਪਿਆ ਜੋ ਲਾਹੌਰ ਤੋਂ ਲਗਭਗ 8 ਕਿ. ਮੀ. ਦੀ ਦੂਰੀ ਤੇ ਹੈ। ਇਸ ਪਿੰਡ ਦਾ ਮੁੱਢ ਕਲਾਲ ਜਾਤੀ ਦੇ ਮੁਖੀ ਸੱਦਾ ਸਿੰਘ ਨੇ ਬੰਨ੍ਹਿਆ । ਇਸ ਦਾ ਨਾਂ ਸਾਧੂ ਸਿੰਘ ਵੀ ਦੱਸਿਆ ਜਾਂਦਾ ਹੈ। ਇਸ ਦੇ ਚਾਰ ਲੜਕੇ ਸਨ ਗੋਪਾਲ ਸਿੰਘ, ਰਾਮੂ, ਸਿਕੰਦਰ ਅਤੇ ਚੱਕਾ। ਗੁਪਾਲ ਸਿੰਘ ਜੋ ਸਭ ਤੋਂ ਵੱਡਾ ਸੀ ਦੇ ਤਿੰਨ ਲੜਕੇ ਸਨ : ਗੁਰਬਖਸ਼ ਸਿੰਘ, ਸਦਰ ਸਿੰਘ ਅਤੇ ਬਦਰ ਸਿੰਘ। ਬਦਰ ਸਿੰਘ ਨੇ ਭਾਗ ਸਿੰਘ ਨਾਮੀ ਇਕ ਕਲਾਲ ਦੀ ਭੈਣ ਨਾਲ ਸ਼ਾਦੀ ਕਰ ਲਈ ਅਤੇ ਭਾਗ ਸਿੰਘ ਆਪਣਾ ਕਾਰੋਬਾਰ ਲਾਹੌਰ ਲੈ ਆਇਆ। ਇਥੇ ਕੰਮ ਤਸੱਲੀਬਖਸ਼ ਨਾ ਪਾ ਕੇ ਉਹ ਫੈਜ਼ਲਪੁਰ ਚਲਾ ਗਿਆ। ਇਥੇ ਇਸ ਨੇ ਫ਼ੈਜ਼ਲਪੁਰੀਆ ਮਿਸਲ ਦੇ ਮੁਖੀ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ। ਭਾਗ ਸਿੰਘ ਜਲਦੀ ਹੀ ਚੋਣਵੇਂ ਵਿਅਕਤੀਆਂ ਵਿਚੋਂ ਇਕ ਬਣ ਗਿਆ। ਬਦਰ ਸਿੰਘ ਦੇ ਘਰ ਸੰਨ 1718 ਵਿਚ ਜੱਸਾ ਸਿੰਘ ਦਾ ਜਨਮ ਹੋਇਆ। (ਵਿਸਥਾਰ ਲਈ ਵੇਖੋ ਆਹਲੂਵਾਲੀਆ, ਜੱਸਾ ਸਿੰਘ)

        ਜੱਸਾ ਸਿੰਘ ਜਦੋਂ ਛੋਟਾ ਸੀ ਤਾਂ ਇਸ ਦਾ ਮਾਮਾ ਭਾਗ ਸਿੰਘ ਇਸ ਨੂੰ ਅਤੇ ਇਸ ਦੀ ਮਾਤਾ ਨੂੰ, ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਿਆ। ਮਾਤਾ ਜੀ ਨੇ ਇਸ ਨੂੰ ਅਸ਼ੀਰਵਾਦ ਦਿੱਤਾ ਅਤੇ ਇਕ ਗੁਰਜ ਬਖਸ਼ੀ। ਬਹਾਦਰੀ ਪੱਖੋਂ ਇਸ ਦਾ ਆਪਣਾ ਹੀ ਨਾਂ ਸੀ। ਇਹ 1748 ਈ. ਵਿਚ 'ਦਲ ਖ਼ਾਲਸਾ' ਦਾ ਪਹਿਲਾ ਜਰਨੈਲ ਬਣਿਆ ਅਤੇ ਸਾਰੀਆਂ ਵੱਡੀਆਂ ਲੜਾਈਆਂ ਵਿਚ ਹਿੱਸਾ ਲਿਆ। ਸਿੱਖਾਂ ਨੇ ਅਦੀਨਾ ਬੇਗ਼ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਅਤੇ ਜਰਨੈਲ ਜਹਾਨ ਖ਼ਾਨ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ। ਮਰਾਠੇ ਅਦੀਨਾ ਬੇਗ਼ ਨੂੰ ਪੰਜਾਬ ਦਾ ਗਵਰਨਰ ਬਣਾ ਕੇ ਆਪ ਮਹਾਰਾਸ਼ਟਰ ਵਾਪਸ ਚਲੇ ਗਏ। ਅਦੀਨਾ ਬੇਗ਼ ਸਤੰਬਰ, 1758 ਵਿਚ ਮਰ ਗਿਆ। ਅਕਤੂਬਰ ਵਿਚ ਦਲ ਖ਼ਾਲਸਾ ਅੰਮ੍ਰਿਤਸਰ ਵਿਚ ਦੀਵਾਲੀ ਮਨਾਉਣ ਲਈ ਇਕੱਤਰ ਹੋਇਆ ਅਤੇ ਇਕ ਫ਼ੈਸਲੇ ਅਨੁਸਾਰ ਜੱਸਾ ਸਿੰਘ ਨੇ ਲਾਹੌਰ ਉੱਤੇ ਧਾਵਾ ਬੋਲ ਦਿੱਤਾ। ਇਸ ਲੜਾਈ ਵਿਚ ਜੱਸਾ ਸਿੰਘ ਦੀ ਫ਼ੌਜ ਨੂੰ ਜਿੱਤ ਪ੍ਰਾਪਤ ਹੋਈ ਅਤੇ ਇਸ ਨੇ ਆਪਣੇ ਨਾਂ ਦਾ ਸਿੱਕਾ ਚਲਾਇਆ।

        ਜੱਸਾ ਸਿੰਘ ਉਹ ਪਹਿਲਾ ਸਿੱਖ ਸਰਦਾਰ ਸੀ ਜਿਸ ਨੇ ਬੰਦਾ ਬਹਾਦਰ ਤੋਂ ਬਾਅਦ ਸਿੱਖਾਂ ਨੂੰ ਸਮੁੱਚੇ ਤੌਰ ਤੇ ਇਕ ਹਾਕਮ ਕੌਮ ਦਾ ਰੂਪ ਦਿੱਤਾ। ਇਕ ਖ਼ੁਦਮੁਖ਼ਤਾਰ ਹੁਕਮਰਾਨ ਹੋਣ ਕਾਰਨ ਲੋਕਾਂ ਨੇ ਇਸ ਦਾ ਨਾਂ ਜੱਸਾ ਸਿੰਘ ਆਹਲੂਵਾਲੀਆ ਰਖ ਦਿੱਤਾ ਅਤੇ ਇਸ ਦੀ ਮਿਸਲ ਦਾ ਨਾਂ ' ਆਹਲੂਵਾਲੀਆ ਮਿਸਲ' ਪੈ ਗਿਆ। ਇਸ ਤੋਂ ਬਾਅਦ ਸਾਰੇ ਕਲਾਲ ਹੀ ਆਪਣੇ ਆਪ ਨੂੰ ਆਹਲੂਵਾਲੀਆ ਕਹਿਣ ਲਗੇ। (ਅੱਜਕੱਲ੍ਹ ਆਹਲੂਵਾਲੀਆ ਦੀ ਥਾਂ 'ਵਾਲੀਆ' ਸ਼ਬਦ ਵਧੇਰੇ ਪ੍ਰਚਲਿਤ ਹੈ)

        ਸੰਨ 1764 ਵਿਚ ਜੱਸਾ ਸਿੰਘ ਦੀ ਕਮਾਨ ਹੇਠ ਦਲ ਖ਼ਾਲਸਾ ਨੇ ਅਬਦਾਲੀ ਦੇ ਗਵਰਨਰ ਜ਼ੈਨ ਖ਼ਾਨ ਨੂੰ ਸਰਹਿੰਦ ਵਿਚ ਮਾਰ ਦਿੱਤਾ ਅਤੇ ਸੂਬਾ ਆਪਸ ਵਿਚ ਵੰਡ ਲਿਆ। ਸੰਨ 1765 ਵਿਚ ਦਲ ਖ਼ਾਲਸਾ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਯੁੱਧ ਕੀਤਾ। ਸਰਦਾਰ ਜੱਸਾ ਸਿੰਘ ਦੀ ਅੰਮ੍ਰਿਤਸਰ ਵਿਚ 1783 ਈ. ਵਿਚ ਮੌਤ ਹੋ ਗਈ। ਇਸ ਦੀ ਕੋਈ ਔਲਾਦ ਨਾ ਹੋਣ ਤੇ ਮਿਸਲ ਦੀ ਸਰਦਾਰੀ ਇਸ ਦੇ ਰਿਸ਼ਤੇ ਵਿਚੋਂ ਲਗਦੇ ਭਰਾ ਭਾਗ ਸਿੰਘ ਨੂੰ ਮਿਲੀ। ਇਸ ਨੇ ਵੀ ਕਈ ਲੜਾਈਆਂ ਲੜੀਆਂ ਅਤੇ 1801 ਈ. ਵਿਚ ਇਸ ਦੀ ਮੌਤ ਹੋ ਗਈ। ਇਸ ਦੀ ਮੌਤ ਤੋਂ ਬਾਅਦ ਇਸ ਦਾ ਲੜਕਾ ਫ਼ਤਹਿ ਸਿੰਘ ਆਹਲੂਵਾਲੀਆ ਮਿਸਲ ਦਾ ਮੁਖੀ ਬਣਿਆ। ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਹਿ ਸਿੰਘ ਆਹਲੂਵਾਲੀਆ  ਪੱਗ-ਵਟ ਭਰਾ ਸਨ। ਫ਼ਤਹਿ ਸਿੰਘ  ਇਕ ਕਾਬਲ ਹੁਕਮਰਾਨ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ  ਉੱਨਤੀ ਵਿਚ ਇਸ ਦਾ ਬਹੁਤ ਯੋਗਦਾਨ ਸੀ। ਫ਼ਤਹਿ ਸਿੰਘ ਹੀ ਅਜਿਹਾ ਰਾਜਾ ਸੀ ਜਿਸ ਨੇ 1806 ਈ. ਵਿਚ ਅੰਗਰੇਜ਼ਾਂ ਨਾਲ ਦੋਸਤੀ ਦਾ ਇਕਰਾਰਨਾਮਾ ਲਿਖਿਆ। ਇਸ ਦੀ ਮੌਤ 1837 ਈ. ਵਿਚ ਹੋਈ। ਸਰਦਾਰ ਫ਼ਤਹਿ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਲੜਕਾ ਨਿਹਾਲ ਸਿੰਘ ਮਿਸਲ ਦਾ ਮੁਖੀ ਬਣਿਆ। ਨਿਹਾਲ ਸਿੰਘ ਇਕ ਹੋਣਹਾਰ ਅਤੇ ਸਿਆਣਾ ਪ੍ਰਬੰਧਕ ਸੀ। ਇਸ ਨੂੰ ਭਵਨ ਨਿਰਮਾਣ ਕਲਾ ਦਾ ਬਹੁਤ ਸ਼ੌਂਕ ਸੀ। ਇਸ ਨੇ ਕਪੂਰਥਲੇ ਵਿਖੇ ਸਰਕਾਰੀ ਇਮਾਰਤਾਂ ਅਤੇ ਖ਼ੂਬਸੂਰਤ ਮਹਿਲ ਬਣਵਾਏ ਜੋ ਅਜ ਤਕ ਮੌਜੂਦ ਹਨ ਅਤੇ ਇਸ ਦੀ ਯਾਦ ਨੂੰ ਤਾਜ਼ਾ ਕਰਦੇ ਹਨ। ਨਿਹਾਲ ਸਿੰਘ ਨੇ ਅੰਗਰੇਜ਼ਾਂ ਦੀ ਬਹੁਤ ਮਦਦ ਕੀਤੀ ਅਤੇ ਖ਼ਿਲਅਤਾਂ ਵੀ ਹਾਸਲ ਕੀਤੀਆਂ। ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਵਿਚ ਕਪੂਰਥਲੇ ਦੀਆਂ ਫ਼ੌਜਾਂ ਅਲੀਵਾਲ ਵਿਖੇ ਅੰਗਰੇਜ਼ਾਂ ਵਿਰੁੱਧ ਲੜੀਆਂ। ਇਸ ਲੜਾਈ ਵਿਚ ਇਸ ਨੇ ਇਹ ਕੁਟਿਲ ਨੀਤੀ ਆਪਣਾਈ ਕਿ ਅੰਗਰੇਜ਼ਾਂ ਅਤੇ ਸਿੱਖਾਂ ਵਿਚੋਂ ਜਿਸ ਦਾ ਵੀ ਪਲੜਾ ਭਾਰੀ ਹੋਵੇਗਾ ਉਸ ਨਾਲ ਹੀ ਮਿਲ ਜਾਵੇਗਾ। ਅੰਗਰੇਜ਼ਾਂ ਦਾ ਪਲੜਾ ਭਾਰੀ ਹੋਣ ਤੇ ਇਸ ਨੇ ਉਨ੍ਹਾਂ ਦਾ ਸਾਥ ਦਿੱਤਾ। ਸੰਨ 1849 ਵਿਚ ਨਿਹਾਲ ਸਿੰਘ ਨੂੰ ਰਾਜੇ ਦਾ ਖ਼ਿਤਾਬ ਮਿਲਿਆ। ਸੰਨ 1852 ਵਿਚ ਉਸ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਰਾਜਾ ਰਣਧੀਰ ਸਿੰਘ ਗੱਦੀ ਤੇ ਬੈਠਿਆ। ਸੰਨ 1870 ਵਿਚ ਉਸ ਦੀ ਮੌਤ ਤੋਂ ਬਾਅਦ ਰਾਜਾ ਖੜਕ ਸਿੰਘ ਗੱਦੀ ਤੇ ਬੈਠਿਆ। ਸੰਨ 1877 ਵਿਚ ਰਾਜਾ ਜਗਤਜੀਤ ਸਿੰਘ ਗੱਦੀ ਤੇ ਬੈਠਿਆ। ਭਾਰਤ ਦੇ ਆਜ਼ਾਦ ਹੋਣ ਤੇ ਕਪੂਰਥਲੇ ਦਾ ਇਲਾਕਾ ਪੈਪਸੂ ਵਿਚ ਮਿਲਾ ਦਿੱਤਾ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-44-48, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. : 188; ਹਿ. ਪੰ. –ਲਤੀਫ਼ : 317-21

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.