ਆਸ਼੍ਰਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਸ਼੍ਰਮ : ਵੇਖੋ ‘ਵਰਣਾਸ਼੍ਰਮ’

ਵਰਣ–ਆਸ਼੍ਰਮ : ਪੁਰਾਤਨ ਕਾਲ ਵਿਖੇ ਹਿੰਦੂ ਸਮਾਜ ਵਿਚ ਚਾਰ ਵਰਣਾਂ ਤੇ ਚਾਰ ਹੀ ਆਸ਼੍ਰਮਾਂ ਦੀ ਵਿਵਸਥਾ ਸੀ। ਪੇਸ਼ਿਆਂ ਜਾਂ ਕੰਮਾਂ ਧੰਦਿਆਂ ਦੇ ਆਧਾਰ ’ਤੇ ਸਮੁੱਚਾ ਸਮਾਜ ਚਾਰ ਵਰਣਾਂ, ਭਾਗਾਂ ਜਾਂ ਵਰਗਾਂ ਵਿਚ ਵੰਡਿਆ ਹੋਇਆ ਸੀ–(1) ਬ੍ਰਾਹਮਣ, (2) ਖੱਤਰੀ, (3) ਵੈਸੑਯ ਤੇ (4) ਸ਼ੂਦਰ। ‘ਮਨੁਸਮ੍ਰਿਤੀ’ ਨੇ ਇਸ ਵਰਣ ਵਿਵਸਥਾ ਨੂੰ ਦੈਵੀ ਪ੍ਰਵਾਨਗੀ (Divine sanction) ਦੇ ਕੇ ਦ੍ਰਿੜ੍ਹਾਇਆ ਅਤੇ ‘ਰਾਮਾਇਣ’ ਤੇ ‘ਗੀਤਾ’ ਜਿਹੇ ਧਾਰਮਿਕ ਗ੍ਰੰਥਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ। ‘ਮਨੁਸਮ੍ਰਿਤੀ’ (1/31) ਵਿਚ ਦਰਜ ਹੈ ਕਿ “ਲੋਕ–ਵ੍ਰਿਧੀ ਲਈ ਬ੍ਰਹਮਾ ਨੇ ਬ੍ਰਾਹਮਣ, ਖੱਤਰੀ, ਵੈਸੑਯ ਅਤੇ ਸ਼ੂਦਰ ਨੂੰ ਕ੍ਰਮਵਾਰ ਆਪਣੇ ਮੁੱਖ, ਬਾਜ਼ੂ, ਪੱਟ ਅਤੇ ਪੈਰ ਤੋਂ ਪੈਦਾ ਕੀਤਾ ਸੀ।” ਬ੍ਰਾਹਮਣ ਬੁੱਧੀ ਜੀਵੀਆਂ ਦਾ ਵਰਗ ਸੀ। ਖੱਤਰੀਆਂ ਦਾ ਕੰਮ ਯੁੱਧ ਅਤੇ ਰਾਜ ਕਰਨਾ ਸੀ। ਵੈਸੑਯ ਲੋਕਾਂ ਦੇ ਹਿੱਸੇ ਵਣਜ–ਵਪਾਰ ਤੇ ਹੋਰ ਕੰਮ ਧੰਦੇ ਸਨ ਅਤੇ ਸ਼ੂਦਰ ਦਾ ਫ਼ਰਜ ਉਸ ਸਮੇਂ ਤੁੱਛ ਸਮਝੇ ਗਏ ਸਾਰੇ ਕੰਮ ਕਰਨ ਤੋਂ ਇਲਾਵਾ ਇਨ੍ਹਾਂ ਤਿੰਨਾਂ ਵਰਗਾਂ ਦੀ ਅਧੀਨਗੀ ਅਤੇ ਸੇਵਾ ਕਰਨੀ ਸੀ। ਹੌਲੀ ਹੌਲੀ ਇਹ ਵਿਵਸਥਾ ਜੱਦੀ ਜਾਂ ਪੁਸ਼ਤੀ ਹੋ ਗਈ। ਇਸ ਅਸਾਵੀਂ ਵੰਡ ਕਾਰਣ ਸਮਾਜ ਵਿਚ ਅਣਗਿਣਤ ਅਨਿਆਂ ਤੇ ਅਤਿਆਚਾਰ ਹੋਣ ਲੱਗ ਗਏ। ਮਹਾਤਮਾ ਬੁੱਧ ਨੇ ਇਸ ਵਿਵਸਥਾ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਅਤੇ ਸਿੱਖ ਮੱਤ ਨੇ ਵੀ ਇਸ ਦਾ ਡੱਟ ਕੇ ਵਿਰੋਧ ਕੀਤਾ। ਹਿੰਦੂਆਂ ਦੇ ਆਰਯ ਸਮਾਜੀ ਫ਼ਿਰਕੇ ਨੇ ਵੀ ਇਸ ਨੂੰ ਨਾ ਕਬੂਲਿਆ। ਆਜ਼ਾਦ ਭਾਰਤ ਦਾ ਸੰਵਿਧਾਨ ਇਸ ਵਰਣ ਵਿਵਸਥਾ ਨੂੰ ਸਵੀਕਰ ਨਹੀਂ ਕਰਦਾ ਹੈ।

          ਇਸੇ ਤਰ੍ਹਾਂ ਪੁਰਾਤਨ ਕਾਲ ਵਿਖੇ ਹਿੰਦੂ–ਸਮਾਜ ਦੇ ਸਦੱਸਾਂ ਦਾ ਜੀਵਨ–ਕਾਲ ਵੀ ਚਾਰ ਆਸ਼ਰਮਾਂ (ਪੜਾਵਾਂ) ਵਿਚ ਵਿਭਾਜਿਤ ਸੀ––(1) ਬ੍ਰਹਮਚਰਯ, (2) ਗ੍ਰਿਹਸਥ, (3) ਵਾਨ–ਪ੍ਰਸਥ ਅਤੇ (4) ਸੰਨਿਆਸ। ਪਹਿਲੇ ਆਸ਼ਰਮ ਦੀ ਅਵਧੀ ਜਨਮ ਤੋਂ 25 ਵਰਿHਆਂ ਤਕ, ਦੂਜੇ ਦੀ 25 ਤੋਂ 50 ਤਕ, ਤੀਜੀ ਦੀ 50 ਤੋਂ 75 ਸਾਲਾਂ ਤਕ ਅਤੇ ਚੌਥੇ ਆਸ਼ਰਮ ਦਾ ਸਮਾਂ 75 ਬਰਸਾਂ ਦੀ ਆਯੂ ਤੋਂ ਮ੍ਰਿਤੂ ਤਕ ਥਾਪਿਆ ਗਿਆ ਸੀ। ਪਰੰਤੂ ਵਧੇਰੀਆਂ ਧਾਰਮਿਕ ਰੁਚੀਆਂ ਰੱਖਣ ਵਾਲਾ ਵਿਅਕਤੀ ਗ੍ਰਿਹਸਥ ਅਤੇ ਵਾਨ–ਪ੍ਰਸਥ ਆਸ਼ਰਮ ਦੇ ਪੜਾਵਾਂ ਵਿਚ ਪ੍ਰਵੇਸ਼ ਕਰਨ ਤੋਂ ਬਿਨਾ ਹੀ ਬ੍ਰਹਮਚਾਰੀ ਹੁੰਦਾ ਹੋਇਆ ਹੀ ਸੰਨਿਆਸੀ ਬਣ ਸਕਦਾ ਸੀ। ਬ੍ਰਹਮਚਰਯ ਦੀ ਅਵਸਥਾ ਵਿਚ ਨਵਯੁਵਕ ਕਾਮ ਆਦਿ ਵਿਸ਼ੇ ਵਿਕਾਰਾਂ ਤੋਂ ਬਚ ਕੇ ਪ੍ਰਚੱਲਿਤ ਵਿਦਿਆਵਾਂ ਦੀ ਪ੍ਰਾਪਤੀ ਦਾ ਗੰਭੀਰ ਅਭਿਆਸ ਕਰਦਾ ਸੀ। ਗ੍ਰਿਹਸਥ ਆਸ਼ਰਮ ਵਿਚ ਉਹ ਵਿਵਾਹਿਤ ਹੋ ਕੇ ਪਰਿਵਾਰਕ ਜੀਵਨ ਦੇ ਸੁੱਖ ਭੋਗਦਾ ਤੇ ਫ਼ਰਜ਼ ਨਿਭਾਉਂਦਾ ਸੀ। ਵਾਨ–ਪ੍ਰਸਥ ਆਸ਼ਰਮ ਦੇ ਪੜਾ ਵਿਚ ਮਨੁੱਖ ਬਨਾਂ ਵੱਲ (ਪਤਨੀ ਸਹਿਤ ਜਾਂ ਉਸ ਤੋਂ ਬਿਨਾ) ਪ੍ਰਸਥਾਨ ਕਰਦਾ ਸੀ ਤੇ ਇਕਾਂਤ–ਵਾਸੀ ਹੋ ਕੇ ਸੰਸਾਰਿਕ ਤੇ ਆਧਿਆਤਮਕ ਵਿਸ਼ਿਆਂ ਦਾ ਡੂੰਘਾ ਅਧਿਐਨ, ਮਨਨ ਤੇ ਚਿੰਤਨ ਕਰਦਾ ਸੀ। ਪਰੰਤੂ ਸੰਨਿਆਸ ਆਸ਼ਰਮ ਵਿਚ ਉਹ ਘਰ–ਬਾਰ ਅਤੇ ਪਤਨੀ ਪਰਿਵਾਰ ਆਦਿ ਦੇ ਸਾਰੇ ਸੰਬੰਧਾਂ ਤੋਂ ਵਿਰੱਕਤ ਹੋ ਕੇ ਜੰਗਲਾਂ ਜਾਂ ਤਪੋਵਨਾਂ ਵਿਚ ਰਹਿ ਕੇ ਮੁਕਤੀ ਪ੍ਰਾਪਤੀ ਲਈ ਤਪ, ਜਾਪ ਤੇ ਹੋਰ ਧਾਰਮਿਕ ਕ੍ਰਿਆਵਾਂ ਕਰਦਾ ਸੀ। ਆਰਯ ਸਮਾਜ ਨੇ ਭਾਵੇ ਵਰਣ ਵਿਵਸਥਾ ਦਾ ਵਿਰੋਧ ਕੀਤਾ ਸੀ ਪਰੰਤੂ ਉਸ ਨੇ ਉਪਰੋਕਤ ਚਾਰ ਆਸ਼ਰਮਾਂ ਨੂੰ ਅਪਣਾਉਣ ਦਾ ਪ੍ਰਚਾਰ ਕੀਤਾ ਹੈ। ਭਾਰਤੀ ਸੰਵਿਧਾਨ ਵੀ ਇਸ ਆਸ਼ਰਮ ਵਿਵਸਥਾ ’ਤੇ ਕੋਈ ਰੋਕ ਨਹੀਂ ਲਗਾਉਂਦਾ ਕਿਉਂਜੋ ਇਹ ਹਿੰਦੂ ਸਮਾਜ ਦੇ ਸੱਦਸਾਂ ਦਾ ਨਿੱਜੀ ਮੁਆਮਲਾ ਹੈ। ਪਰੰਤੂ ਆਜ਼ਾਦ ਭਾਰਤ ਦੇ ਨਵੇਂ ਸਮਾਜਕ ਜੀਵਨ ਦੀਆਂ ਲੋੜਾਂ ਨੇ ਚਾਰ ਵਰਣਾਂ ਵਾਂਗ ਚਾਰ ਆਸ਼ਰਮਾਂ ਨੂੰ ਵੀ ਢਾਹ ਲਗਾ ਦਿੱਤੀ।

          [ਸਹਾ. ਗ੍ਰੰਥ––ਮ. ਕੋ. : ‘ਮਨੁਸਮ੍ਰਿਤੀ’; ਸਵਾਮੀ ਦਯਾਨੰਦ ਸਰਸਵਤੀ : ‘ਸਤੑਯਾਰਥ ਪ੍ਰਕਾਸ਼’ (ਹਿੰ.); V.      Vable : The Arya Samaj; Bahadur Mal : ‘Dayanand–A Study in Hinduism’]                                                          


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.