ਆਰਤੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਆਰਤੀ : ਮੱਧ-ਕਾਲ ਦੇ ਪੰਜਾਬੀ ਸਾਹਿਤ ਦਾ ਇੱਕ ਕਾਵਿ-ਰੂਪ ਆਰਤੀ ਹੈ। ਪਰੰਪਰਿਕ ਤੌਰ `ਤੇ ਆਰਤੀ ਦਾ ਸੰਬੰਧ ਧਾਰਮਿਕ ਉਪਾਸਨਾ ਨਾਲ ਜੁੜਿਆ ਹੋਇਆ ਹੈ। ਮੱਧ-ਕਾਲ ਦੇ ਕਵੀਆਂ ਨੇ ਇਸਨੂੰ ਆਪਣੇ ਕਾਵਿਕ ਪ੍ਰਗਟਾਵੇ ਦਾ ਮਾਧਿਅਮ ਬਣਾਉਣ ਦੀ ਚੇਸ਼ਟਾ ਕੀਤੀ ਹੈ। ਜਿਸ ਦੇ ਸਿੱਟੇ ਵਜੋਂ ਇਹ ਇੱਕ ਅਜਿਹੀ ਗੀਤਾਤਮਿਕ ਰਚਨਾ ਬਣ ਕੇ ਸਾਮ੍ਹਣੇ ਆਉਂਦੀ ਹੈ ਜਿਸ ਦਾ ਸੰਬੰਧ ਕਿਸੇ ਪੂਜਨੀਕ ਹਸਤੀ ਜਾਂ ਦੇਵ ਮੂਰਤੀ ਨਾਲ ਹੁੰਦਾ ਹੈ। ਰਤਨ ਸਿੰਘ ਜੱਗੀ ਨੇ ਆਪਣੀ ਪੁਸਤਕ ਸਾਹਿਤ ਕੋਸ਼ ਵਿੱਚ ਆਰਤੀ ਦੇ ਅਨੁਸ਼ਠਾਨ ਬਾਰੇ ਨਿਮਨ-ਅੰਕਿਤ ਜਾਣਕਾਰੀ ਦਿੱਤੀ ਹੈ :
ਹਿੰਦੂ ਮਤ ਦੀ ਰੀਤ ਅਨੁਸਾਰ ਚਾਰ ਵੇਰੀ ਮੂਰਤੀ ਦੇ ਪੈਰਾਂ ਉੱਤੇ ਚਰਨ-ਬੰਦਨਾ ਕਰਨ ਮਗਰੋਂ ਦੋ ਵੇਰੀ ਨਾਭੀ ਉੱਤੇ, ਇੱਕ ਵੇਰ ਮੂੰਹ ਉੱਤੇ ਤੇ ਸੱਤ ਵੇਰੀ ਸਾਰੀ ਦੇਹ ਉੱਤੇ ਦੀਵੇ ਫੇਰੇ ਜਾਂਦੇ ਹਨ। ਦੀਵੇ ਗਿਣਤੀ ਵਿੱਚ ਇੱਕ ਤੋਂ ਲੈ ਕੇ ਸੌ ਤੱਕ ਹੋ ਸਕਦੇ ਹਨ। ਆਰਤੀ ਦੀ ਇਹ ਸਮਗਰੀ ਅਸਲ ਵਿੱਚ ਕਿਸੇ ਵਿਅਕਤੀ ਦੀ ਸ਼ਰਧਾ ਅਤੇ ਭਗਤੀ ਨੂੰ ਮੂਰਤੀਮਾਨ ਕਰਦੀ ਹੈ। ਇਸ ਬਾਰੇ ਮੁੱਖ ਗੱਲ ਇਹ ਹੈ ਕਿ ਆਰਤੀ ਦਾ ਇਹ ਅਨੁਸ਼ਠਾਨ ਸਰਗੁਣਧਾਰਾ ਨਾਲ ਸੰਬੰਧ ਰੱਖਦਾ ਹੈ। ਨਿਰਗੁਣਧਾਰਾ ਨਾਲ ਸੰਬੰਧਿਤ ਸੰਤਾਂ ਅਤੇ ਗੁਰੂਆਂ ਅਨੁਸਾਰ ਅਕਾਲ ਪੁਰਖ ਜਾਂ ਬ੍ਰਹਮ ਨੂੰ ਕਿਸੇ ਅਜਿਹੇ ਕਰਮਕਾਂਡ ਰਾਹੀਂ ਨਹੀਂ ਰਿਝਾਇਆ ਜਾ ਸਕਦਾ। ਸੱਚ ਤਾਂ ਇਹ ਹੈ ਕਿ ਇਹ ਸਮੁੱਚੀ ਸ੍ਰਿਸ਼ਟੀ ਆਪਣੇ ਵਿਰਾਟ ਰੂਪ ਵਿੱਚ ਉਸ ਪ੍ਰਭੂ ਦੀ ਆਰਤੀ ਵਿੱਚ ਮਗਨ ਹੈ। ਇਸੇ ਭਾਵ ਨੂੰ ਪ੍ਰਗਟਾਉਣ ਵਾਲੀ ਇੱਕ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਇਹ ਰਚਨਾ ਗੁਰੂ ਨਾਨਕ ਦੇਵ ਰਚਿਤ ਆਰਤੀ ਹੈ। ਇਸ ਵਿੱਚ ਗੁਰੂ-ਕਵੀ ਨੇ ਆਪਣੇ ਧਿਆਨ ਵਿੱਚ ਉਸ ਪਰੰਪਰਿਕ ਆਰਤੀ ਨੂੰ ਰੱਖਿਆ ਹੈ ਜੋ ਮੰਦਰ ਵਿੱਚ ਕੀਤੀ ਜਾਂਦੀ ਹੈ। ਪਰ ਗੁਰੂ ਕਵੀ ਨੇ ਆਪਣੀ ਵਿਚਾਰਧਾਰਾ ਅਨੁਸਾਰ ਆਰਤੀ ਦੀ ਸਾਰੀ ਸਮਗਰੀ ਨੂੰ ਨਵੇਂ ਅਰਥ ਦੇ ਦਿੱਤੇ ਹਨ। ਉਹਨਾਂ ਨੇ ਇਸ ਪਰੰਪਰਿਕ ਆਰਤੀ ਨੂੰ ਨਿਰਗੁਣ ਉਪਾਸਨਾ ਨਾਲ ਜੋੜ ਕੇ ਇੱਕ ਵਿਲੱਖਣ ਭਾਂਤ ਦੀ ਆਰਤੀ ਦਾ ਸਿਰਜਣ ਕੀਤਾ ਹੈ। ਇਹ ਆਰਤੀ ਕਿਸੇ ਦੇਵ ਮੂਰਤੀ ਦੇ ਸਨਮੁਖ ਦੁਹਰਾਇਆ ਜਾਣ ਵਾਲਾ ਕਰਮਕਾਂਡੀ ਉਪਾਸਨਾ ਗੀਤ ਨਹੀਂ ਰਹਿੰਦੀ ਸਗੋਂ ਨਿਰਾਕਾਰ ਬ੍ਰਹਮ ਦੇ ਸਨਮੁਖ ਸਮੁੱਚੇ ਬ੍ਰਹਿਮੰਡ ਦੀ ਉਪਾਸਨਾ ਦਾ ਅਨੋਖਾ ਅਹਿਸਾਸ ਜਗਾਉਣ ਵਾਲੀ ਰਚਨਾ ਹੋ ਨਿਬੜਦੀ ਹੈ। ਮਿਸਾਲ ਵਜੋਂ ਇਸ ਦੀਆਂ ਕੁਝ ਪੰਕਤੀਆਂ ਪੇਸ਼ ਹਨ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥1॥
ਕੈਸੀ ਆਰਤੀ ਹੋਇ॥ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥1॥
ਇੱਥੇ ਆਰਤੀ ਦੀ ਸਾਰੀ ਸਮਗਰੀ ਨਵੇਂ ਅਰਥ ਗ੍ਰਹਿਣ ਕਰ ਜਾਂਦੀ ਹੈ। ਧਰਤੀ ਦੇ ਚਾਰ ਚੁਫੇਰੇ ਫੈਲਿਆ ਹੋਇਆ ਗਗਨ (ਅਕਾਸ਼) ਆਰਤੀ ਦੇ ਥਾਲ ਦਾ ਰੂਪ ਧਾਰ ਲੈਂਦਾ ਹੈ ਜਿਸ ਵਿੱਚ ਸੂਰਜ ਅਤੇ ਚੰਦਰਮਾ ਦੋ ਦੀਵਿਆਂ ਵਾਂਗ ਬਲ ਰਹੇ ਹਨ ਅਤੇ ਤਾਰਾ ਮੰਡਲ ਹੀਰੇ ਮੋਤੀ ਨਜ਼ਰ ਆਉਂਦੇ ਹਨ। ਮਲਯਗਿਰੀ ਦਾ ਪਰਬਤ ਇਸ ਵਿਰਾਟ ਆਰਤੀ ਦੀ ਥਾਲੀ ਵਿੱਚ ਪਈ ਹੋਈ ਧੂਫ਼ ਜਾਪਦੀ ਹੈ ਅਤੇ ਵਗਦੀ ਹੋਈ ਹਵਾ ਉਸ ਬ੍ਰਹਮ ਨੂੰ ਚੌਰ ਝੁਲਾਉਂਦੀ ਜਾਪਦੀ ਹੈ। ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਪੂਜਾ ਦੇ ਫੁੱਲ ਬਣ ਗਏ ਹਨ ਅਤੇ ਅਨਹਤ ਸ਼ਬਦ ਪੂਜਾ ਦੇ ਅਨੁਸ਼ਠਾਨ ਵੇਲੇ ਵਜਾਈ ਜਾਣ ਵਾਲੀ ਭੇਰੀ ਬਣ ਜਾਂਦਾ ਹੈ।
ਇਸ ਤਰ੍ਹਾਂ ਆਰਤੀ ਦਾ ਪਰੰਪਰਿਕ ਅਨੁਸ਼ਠਾਨ ਗੁਰਬਾਣੀ ਵਿੱਚ ਪ੍ਰਵੇਸ਼ ਕਰ ਕੇ ਰੂਪਾਂਤ੍ਰਿਤ ਹੋ ਜਾਂਦਾ ਹੈ ਅਤੇ ਨਵੀਨ ਅਰਥਾਂ ਦਾ ਬੋਧ ਕਰਾਉਂਦਾ ਹੈ। ਆਰਤੀ ਦੇ ਇਸ ਭਾਵ ਨੂੰ ਹੋਰ ਡੂੰਘਾ ਕਰਨ ਲਈ ਗੁਰੂ ਕਵੀ ਨੇ ਬ੍ਰਹਮ ਦੇ ਨਿਰਗੁਣ ਸਰੂਪ ਵੱਲ ਵੀ ਸੰਕੇਤ ਕੀਤਾ ਹੈ ਜਿਸਦਾ ਪ੍ਰਗਟਾਵਾ ਨਿਮਨ-ਅੰਕਿਤ ਪੰਕਤੀਆਂ ਵਿੱਚ ਕੀਤਾ ਗਿਆ ਹੈ :
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ
ਸਹਸ ਮੂਰਤਿ ਨਨਾ ਏਕ ਤੋਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ
ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥2॥
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਿਣ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਜੋ ਤਿਸੁ ਭਾਵੈ ਸੁ ਆਰਤੀ ਹੋਇ॥3॥
ਇਹਨਾਂ ਪੰਕਤੀਆਂ ਵਿੱਚ ਗੁਰੂ ਕਵੀ ਨੇ ਨਿਰਗੁਣ ਨਿਰਾਕਾਰ ਬ੍ਰਹਮ ਦੇ ਸੰਕਲਪ ਨੂੰ ਵਿਰੋਧਾਭਾਸ ਦੀ ਜੁਗਤ ਰਾਹੀਂ ਪੇਸ਼ ਕੀਤਾ ਹੈ। ਅਰਥਾਤ ਪ੍ਰਭੂ ਦੀ ਬਾਹਰੋਂ ਨਜ਼ਰ ਆ ਸਕਣ ਵਾਲੀ ਕੋਈ ਵੀ ਅੱਖ ਨਹੀਂ ਪਰ ਉਸ ਦੀਆਂ ਹਜ਼ਾਰਾਂ ਅੱਖਾਂ ਹਨ ਜੋ ਸਾਰੀ ਸ੍ਰਿਸ਼ਟੀ ਨੂੰ ਦੇਖਦੀਆਂ ਹਨ। ਇਸ ਤਰ੍ਹਾਂ ਆਰਤੀ ਕਾਵਿਕ ਪ੍ਰਗਟਾਵੇ ਦੀ ਜੁਗਤ ਬਣ ਜਾਂਦੀ ਹੈ। ਇਹ ਧਾਰਮਿਕ ਪ੍ਰਗਟਾਵੇ ਦਾ ਪ੍ਰਭਾਵਸ਼ਾਲੀ ਮਾਧਿਅਮ ਹੋ ਨਿਬੜਦੀ ਹੈ।
ਲੇਖਕ : ਜਗਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਰਤੀ (ਨਾਂ,ਇ) ਬਲਦੇ ਹੋਏ ਧੂਫ਼ ਦੀਪ ਘੁਮਾ ਕੇ ਕੀਤੀ ਜਾਣ ਵਾਲੀ ਪੂਜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਰਤੀ [ਨਾਂਇ] ਥਾਲ਼ੀ ਵਿਚ ਧੂਪ ਆਦਿ ਸਮਗਰੀ ਰੱਖ ਕੇ ਕਿਸੇ ਮੂਰਤੀ ਦੁਆਲ਼ੇ ਸ਼ਰਧਾ ਨਾਲ਼ ਘੁਮਾਉਣ ਦਾ ਭਾਵ, ਪੂਜਾ ਕਰਨ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਰਤੀ. ਸੰ. ਆਰਾਤ੍ਰਿਕ. ਸੰਗ੍ਯਾ—ਜੋ ਰਾਤ ਬਿਨਾ ਭੀ ਹੋਵੇ. ਅਰਥਾਤ—ਦੇਵਤਾ ਦੀ ਮੂਰਤਿ ਅਥਵਾ ਕਿਸੇ ਪੂਜ੍ਯ ਅੱਗੇ ਦੀਵੇ ਘੁਮਾਕੇ ਪੂਜਨ ਕਰਨਾ. ਆਰਤੀ ਦਿਨ ਨੂੰ ਭੀ ਕੀਤੀ ਜਾਂਦੀ ਹੈ, ਇਸ ਲਈ ਆਰਾਤ੍ਰਿਕ ਸੰਗ੍ਯਾ ਹੈ. ਹਿੰਦੂਮਤ ਅਨੁਸਾਰ ਚਾਰ ਵਾਰ ਚਰਣਾ ਅੱਗੇ, ਦੋ ਵਾਰ ਨਾਭਿ ਤੇ, ਇੱਕ ਵਾਰ ਮੂੰਹ ਉੱਤੇ ਅਤੇ ਸੱਤ ਵਾਰ ਸਾਰੇ ਸਰੀਰ ਉੱਪਰ ਦੀਵੇ ਘੁਮਾਂਉਣੇ ਚਾਹੀਏ, ਅਰ ਦੀਵੇ ਇੱਕ ਤੋਂ ਲੈਕੇ ਸੌ ਤੀਕ ਜਗਾਉਣੇ ਵਿਧਾਨ ਹਨ. ਸਤਿਗੁਰੂ ਨਾਨਕ ਦੇਵ ਨੇ ਇਸ ਆਰਤੀ ਦਾ ਨਿਧ ਕਰਕੇ ਕਰਤਾਰ ਦੀ ਪ੍ਰਾਕ੍ਰਿਤ (ਕੁਦਰਤੀ) ਆਰਤੀ ਦੀ ਮਹਿਮਾ ਦੱਸੀ ਹੈ. ਦੇਖੋ, ਧਨਾਸਰੀ ਦਾ—“ਗਗਨ ਮੈ ਥਾਲ ਰਵਿ ਚੰਦ ਦੀਪਕ ਬਨੇ—” ਸ਼ਬਦ. ਦੇਖੋ, ਦੀਪਦਾਨ ੨। ੨ ਆਰਤੀ ਸੋਹਿਲਾ. ਸੌਣ ਵੇਲੇ ਪੜ੍ਹਨ ਦੀ ਬਾਣੀ. ਦੇਖੋ, ਆਰਤੀ ਸੋਹਿਲਾ. “ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ.” (ਭਾਗੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਆਰਤੀ: ਵਿਦਵਾਨਾਂ ਨੇ ‘ਆਰਤੀ’ ਸ਼ਬਦ ਦੀਆਂ ਦੋ ਵਿਉਤਪੱਤੀਆਂ ਦਸੀਆ ਹਨ। ਇਕ ਮਤ ਅਨੁਸਾਰ ਇਹ ਸੰਸਕ੍ਰਿਤ ਦੇ ‘ਆਰਾਤ੍ਰਿਕ’ ਸ਼ਬਦ ਦਾ ਅਪਭ੍ਰੰਸ਼ ਰੂਪ ਹੈ, ਅਰਥਾਤ ਉਹ ਜੋਤਿ ਜੋ ਰਾਤ ਤੋਂ ਬਿਨਾ ਵੀ ਜਗਾਈ ਜਾਏ। ਕਿਉਂਕਿ ਆਰਤੀ ਕਿਸੇ ਵੇਲੇ ਵੀ ਉਤਾਰੀ ਜਾ ਸਕਦੀ ਹੈ, ਇਸ ਲਹੀ ਉਸ ਵਿਚ ਬਾਲੀਆਂ ਜਾਣ ਵਾਲੀਆਂ ਜੋਤਾਂ ਦਾ ਮਨੋਰਥ ਰਾਤ ਦਾ ਹਨੇਰਾ ਦੂਰ ਕਰਨਾ ਨਹੀਂ , ਸਗੋਂ ਇਸ਼ਟ- ਦੇਵ ਦੀ ਆਰਾਧਨਾ ਹੈ।
ਦੂਜੇ ਮਤ ਅਨੁਸਾਰ ਇਹ ਸੰਸਕ੍ਰਿਤ ਦੇ ‘ਆਰੑਤ’ ਸ਼ਬਦ ਤੋਂ ਬਣਿਆ ਹੈ ਜਿਸ ਤੋਂ ਭਾਵ ਹੈ ਦੁਖ-ਪੂਰਣ ਜਾਂ ਆਜਿਜ਼ੀ ਦੇ ਸੁਰ ਵਿਚ ਇਸ਼ਟ-ਦੇਵ ਤੋਂ ਮੰਗਲ-ਕਾਮਨਾ ਕਰਨਾ। ਦੂਜਾ ਮਤ ਵਾਸਤਵਿਕਤਾ ਦੇ ਅਧਿਕ ਨੇੜੇ ਪ੍ਰਤੀਤ ਹੁੰਦਾ ਹੈ।
ਪੁਰਾਤਨ-ਕਾਲ ਤੋਂ ਹਿੰਦੂ ਧਰਮ ਵਿਚ ਇਸ਼ਟ- ਦੇਵ ਅਗੇ ਥਾਲੀ ਵਿਚ ਦੀਵੇ ਬਾਲ ਕੇ ਅਤੇ ਧੂਪ ਜਗਾ ਕੇ ਉਸ ਨੂੰ ਘੁੰਮਾਉਂਦੇ ਹੋਇਆਂ ਆਰਤੀ ਉਤਾਰਨ ਦੀ ਪ੍ਰਥਾ ਹੈ ਜਿਸ ਵਿਚ ਸਮੇਂ ਸਮੇਂ ਕੁਝ ਕੁ ਅਦਾਲਾ-ਬਦਲੀ ਵੀ ਹੁੰਦੀ ਰਹੀ ਹੈ। ਥਾਲੀ ਦੇ ਘੁੰਮਾਉਣ ਦੇ ਨਾਲ ਨਾਲ ਫੁਲ-ਪੱਤੀਆਂ ਦੀ ਬਰਖਾ ਰਾਹੀਂ ਇਸ਼ਟ-ਦੇਵ ਦੀ ਮੂਰਤੀ ਸਾਹਮਣੇ ਆਰਤੀ ਉਤਾਰੀ ਜਾਂਦੀ ਹੈ। ਥਾਲੀ ਵਿਚ ਰਖੇ ਦੀਵਿਆਂ ਦੀ ਗਿਣਤੀ ਨਿਸ਼ਚਿਤ ਨਹੀਂ। ਇਕ ਤੋਂ ਲੈ ਕੇ ਇਕ ਸੌ ਇਕ ਦੀਵੇ ਜਗਾਉਣ ਦੀ ਪਰੰਪਰਾ ਹੈ। ਥਾਲੀ ਮੂਰਤੀ ਅਗੇ ਸੱਜੇ ਤੋਂ ਖੱਬੇ ਵਲ ਘੁੰਮਾਈ ਜਾਂਦੀ ਹੈ। ਪਹਿਲਾਂ ਚਾਰ ਵਾਰ ਚਰਣਾਂ ਅਗੇ, ਦੋ ਵਾਰ ਨਾਭੀ ਉਤੇ, ਇਕ ਵਾਰ ਮੂੰਹ ਉਤੇ ਅਤੇ ਸੱਤ ਵਾਰ ਸਾਰੇ ਸ਼ਰੀਰ ਉਤੇ ਥਾਲੀ ਨੂੰ ਘੁੰਮਾਉੇਣਾ ਸ਼ਾਸਤ੍ਰੀ ਮਰਯਾਦਾ ਹੈ। ਆਰਤੀ ਉਤਾਰਨ ਵੇਲੇ ਵਾਦ-ਯੰਤ੍ਰਾਂ ਸਹਿਤ ਇਸ਼ਟ- ਦੇਵ ਦੀ ਉਸਤਤ ਦੇ ਗੀਤ ਜਾਂ ਸ਼ਬਦ ਗਾਉਣ ਦੀ ਵੀ ਪਰੰਪਰਾ ਹੈ।
ਮੱਧ-ਯੁਗ ਦੇ ਵੈਸ਼ਣਵ ਭਗਤਾਂ ਵਿਚ ਆਰਤੀ ਉਤਾਰਨ ਦਾ ਬਹੁਤ ਰਿਵਾਜ ਸੀ। ਨਿਰਗੁਣ ਉਪਾਸਕ ਭਗਤਾਂ ਨੇ ਇਸ ਦਿਖਾਵੇ ਦੇ ਆਚਾਰ ਨੂੰ ਵਿਅਰਥ ਸਮਝ ਕੇ ਸੱਚੇ ਅਰਥਾਂ ਵਿਚ ਸਹਿਜ ਸੁਭਾਵਿਕ ਆਰਤੀ ਕਰਨ ਉਤੇ ਬਲ ਦਿੱਤਾ ਹੈ। ਧੰਨੇ ਭਗਤ ਨੇ ‘ਆਰਤੀ’ ਸ਼ਬਦ ਦੀ ਵਰਤੋਂ ਸਾਧਾਰਣ ਇਸ਼ਟ-ਦੇਵ ਤਕ ਸੀਮਿਤ ਕਰਕੇ ਪਰਮਾਤਮਾ ਲਈ ‘ਆਰਤਾ’ ਸ਼ਬਦ ਦੀ ਵਰਤੋਂ ਕੀਤੀ ਹੈ ਜੋ ਧੰਨੇ ਦੇ ਅਸਾਧਾਰਣ ਇਸ਼ਟ-ਦੇਵ ਵਲ ਸੰਕੇਤ ਕਰਦੀ ਹੈ।
ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ (ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ...) ਵਿਚ ਮੰਦਿਰਾਂ ਵਿਚ ਉਤਾਰੀ ਜਾਣ ਵਾਲੀ ‘ਆਰਤੀ’ ਦੇ ਸਮਾਨਾਂਤਰ ਜਿਸ ਆਰਤੀ ਦੀ ਰਚਨਾ ਕੀਤੀ ਸੀ, ਉਸ ਦੇ ਰਚਨਾ-ਸਥਾਨ ਅਤੇ ਰਚਨਾ-ਕਾਲ ਬਾਰੇ ਵਿਦਵਾਨਾਂ ਵਿਚ ਮਤ-ਏਕਤਾ ਨਹੀਂ ਹੈ। ਇਸ ਵਿਚ ਪਰਮਾਤਮਾ ਦੇ ਵਿਰਾਟ ਰੂਪ ਵਾਲੀ ਸਹਿਜ ਆਰਤੀ ਦਾ ਸਰੂਪ ਸਪੱਸ਼ਟ ਕੀਤਾ ਗਿਆ ਹੈ (ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ)। ਇਸ ਆਰਤੀ ਵਿਚ ਬ੍ਰਹਿਮੰਡ ਦੀ ਹਰ ਵਸਤੂ ਆਪਣੀ ਸ਼ਕਤੀ ਅਤੇ ਸਮਰਥਤਾ ਅਨੁਸਾਰ ਜੁਟੀ ਹੋਈ ਹੈ। ਇਸ ਤਰ੍ਹਾਂ ਜਿਗਿਆਸੂਆਂ ਨੂੰ ਬਣਾਵਟੀ ਸਰੂਪ ਵਾਲੀ ਆਰਤੀ ਨੂੰ ਛਡ ਕੇ ਸਦੀਵੀ ਆਰਤੀ ਵਿਚ ਲੀਨ ਹੋਣ ਲਈ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਪਰ ਸਨਾਤਨੀ ਰੁਚੀਆਂ ਵਾਲੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਉਤਾਰਦੇ ਹੋਇਆਂ ਇਸ ਆਰਤੀ-ਪਾਠ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਰ ਆਰਤੀ-ਨੁਮਾ ਸ਼ਬਦਾਂ (ਰਵਿਦਾਸ- 694, ਸੈਣ ਅਤੇ ਧੰਨਾ-695, ਕਬੀਰ-1350) ਦਾ ਗਾਇਨ ਕਰਦੇ ਹਨ, ਜੋ ਮਨਮਤ ਸਮਝੀ ਜਾਂਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਰਤੀ : ਸੰਸਕ੍ਰਿਤ ‘ਆਰਾਤ੍ਰਿਕ` ਤੋਂ ਬਣਿਆ ਸ਼ਬਦ ਜਿਸ ਦਾ ਅਰਥ ਰੌਸ਼ਨੀ ਅਥਵਾ ਉਹ ਪਾਤਰ ਜਿਸ ਵਿਚ ਰੌਸ਼ਨੀ ਰੱਖੀ ਹੋਵੇ ਅਤੇ ਜਿਸ ਨੂੰ ਮੂਰਤੀ ਅੱਗੇ ਪੂਜਾ ਲਈ , ਉਪਰ ਵੱਲ ਲਿਜਾ ਕੇ ਖਬਿਓਂ ਸੱਜੇ ਪਾਸੇ ਵੱਲ ਗੋਲਾਕਾਰ ਰੂਪ ਵਿਚ ਘੁਮਾਂਉਂਦਿਆਂ ਨਾਲੋ ਨਾਲ ਮੰਤਰਾਂ ਦਾ ਉਚਾਰਨ ਕੀਤਾ ਜਾਵੇ। ਆਰਤੀ ਹਿੰਦੂ ਧਰਮ ਵਿਚ ਪ੍ਰਚਲਿਤ ਪੂਜਾ ਵਿਧੀਆਂ ਅਨੁਸਾਰ ਇਕ ਵਿਧੀ ਹੈ ਜਿਸ ਦੁਆਰਾ ਦੇਵਤੇ ਨੂੰ ਪ੍ਰਸੰਨ ਕਰਨ ਲਈ ਪੂਜਾ ਕੀਤੀ ਜਾਂਦੀ ਹੈ।
ਸਿੱਖ ਧਰਮ ਪ੍ਰਣਾਲੀ ਮੂਰਤੀ ਪੂਜਾ ਨੂੰ ਮੂਲੋਂ ਹੀ ਰੱਦਦੀ ਹੈ। ਇਸ ਲਈ ਪੂਜਾ ਦੇ ਇਸ ਢੰਗ ਦਾ ਵੀ ਕੋਈ ਵਿਧਾਨ ਨਹੀਂ ਹੈ। ਜਨਮ ਸਾਖੀਆਂ ਵਿਚ ਉਪਲਬਧ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪਰੰਪਰਿਕ ਹਵਾਲਿਆਂ ਵਿਚੋਂ ਇਕ ਘਟਨਾ ਦਾ ਹਵਾਲਾ ਅਕਸਰ ਦਿੱਤਾ ਜਾਂਦਾ ਹੈ। ਇਸ ਅਨੁਸਾਰ ਗੁਰੂ ਨਾਨਕ ਜਦੋਂ ਆਪਣੇ ਰਬਾਬੀ ਮਰਦਾਨੇ ਨਾਲ ਪੂਰਬੀ ਭਾਰਤ ਦੀ ਯਾਤਰਾ ਨੂੰ ਗਏ ਤਾਂ ਉਹ ਪੁਰੀ (ਵਰਤਮਾਨ ਉੜੀਸਾ) ਵਿਖੇ ਜਗਨ ਨਾਥ ਮੰਦਰ ਕੋਲ ਠਹਿਰੇ ਸਨ। ਹਿੰਦੂਆਂ ਦੀ ਤ੍ਰਿਮੂਰਤੀ ਵਿਚੋਂ ਦੂਸਰੇ ਦੇਵਤਾ ਵਿਸ਼ਨੂੰ ਨੂੰ ਧਰਤੀ ਦਾ ਮਾਲਿਕ ਜਗਨ ਨਾਥ ਵੀ ਕਿਹਾ ਜਾਂਦਾ ਹੈ।ਖਾਮੋਸ਼ੀ ਅਤੇ ਸਥਿਰਤਾ ਦੇ ਸਦੀਆਂ ਦੇ ਇਤਿਹਾਸ ਨੂੰ ਆਪਣੇ ਅੰਦਰ ਸਾਂਭੀ ਰਖਣ ਵਾਲੇ ਉਸ ਧਰਮ ਅਸਥਾਨ ਦੇ ਲਾਗੇ ਗੁਰੂ ਨਾਨਕ ਦੇਵ ਅਤੇ ਮਰਦਾਨਾ ਰੁੱਕ ਗਏ। ਮਰਦਾਨੇ ਦੀ ਰਬਾਬ ਦੀਆਂ ਸੁਰਾਂ ਦੀ ਤਾਜ਼ਗੀ ਨੇ ਸ਼ਰਧਾਲੂਆਂ ਦੇ ਦਿਲਾਂ ਨੂੰ ਧੂ ਪਾਈ। ਉਹਨਾਂ ਵਿਚੋਂ ਬਹੁਤ ਸਾਰੇ ਗੁਰੂ ਜੀ ਦੀ ਬਾਣੀ ਸੁਣਨ ਲਈ ਆ ਪਹੁੰਚੇ। ਮੰਦਰ ਦੇ ਪੁਜਾਰੀ ਕ੍ਰੋਧਿਤ ਹੋ ਉੱਠੇ ਅਤੇ ਉਹਨਾਂ ਨੇ ਗੁਰੂ ਜੀ ਨੂੰ ਪਵਿੱਤਰ ਮੰਦਰ ਦੇ ਅਹਾਤੇ ਅੰਦਰ ਦੇਵਤੇ ਦੀ ਪੂਜਾ ਨਾ ਕਰਨ ਕਾਰਨ ਦੋਸ਼ੀ ਕਰਾਰ ਦਿੱਤਾ। ਸਥਾਨਿਕ ਮੁਖੀ , ਜਿਸ ਦਾ ਨਾਂ ਕ੍ਰਿਸ਼ਨ ਲਾਲ ਲਿਖਿਆ ਮਿਲਦਾ ਹੈ, ਇਕ ਦਿਨ ਗੁਰੂ ਜੀ ਦੇ ਕੋਲ ਆਇਆ ਅਤੇ ਉਹਨਾਂ ਨੂੰ ਮੰਦਰ ਵਿਚ ਆਰਤੀ ਵਿਚ ਸ਼ਾਮਲ ਹੋਣ ਲਈ ਕਿਹਾ। ਗੁਰੂ ਜੀ ਉਸ ਨਾਲ ਜਾਣ ਲਈ ਤੁਰੰਤ ਮੰਨ ਗਏ।
ਜਦੋਂ ਸੂਰਜ ਛਿਪ ਗਿਆ ਤਾਂ ਪੁਜਾਰੀਆਂ ਨੇ ਦੀਵੇ ਬਾਲ ਲਏ ਅਤੇ ਸ਼ਾਨਦਾਰ ਰਸਮ , ਜਿਸ ਲਈ ਸ਼ਰਧਾਲੂ ਉਡੀਕ ਰਹੇ ਸਨ, ਸ਼ੁਰੂ ਹੋ ਗਈ। ਫੁੱਲਾਂ ਅਤੇ ਧੂਪ ਵਾਲੇ ਹੀਰਿਆਂ ਜੜੇ ਥਾਲ ਵਿਚ ਘਿਉ ਦੇ ਦੀਵਿਆਂ ਦੀਆਂ ਟਿਮਟਿਮਾਂਦੀਆਂ ਰੋਸ਼ਨੀਆਂ ਰੱਖ ਦਿੱਤੀਆਂ ਗਈਆਂ। ਉਹ ਥਾਲ ਭਗਤੀ ਭਾਵ ਵਿਚ ਮੰਦਰ ਵਿਚ ਸਥਾਪਿਤ ਮੂਰਤੀ ਅੱਗੇ, ਪੁਜਾਰੀਆਂ ਦੁਆਰਾ ਮੰਤਰਾਂ ਦੇ ਉਚਾਰਨ, ਸੰਖ ਦੀ ਧੁਨੀ ਅਤੇ ਟੱਲੀਆਂ ਦੇ ਵੱਜਣ ਦੇ ਨਾਲ ਨਾਲ ਇਧਰ ਉਧਰ ਫੇਰਿਆ ਜਾ ਰਿਹਾ ਸੀ। ਜਦੋਂ ਸਾਰੀ ਰਸਮ ਦੀ ਸਮਾਪਤੀ ਹੋਈ ਤਾਂ ਪੁਜਾਰੀਆਂ ਨੇ ਰੋਸ ਪ੍ਰਗਟਾਇਆ ਕਿ ਗੁਰੂ ਜੀ ਆਪਣੇ ਥਾਂ ਤੇ ਬੈਠੇ ਰਹੇ ਹਨ ਅਤੇ ਇਸ ਰਸਮ ਵਿਚ ਸ਼ਾਮਲ ਨਹੀਂ ਹੋਏ। ਗੁਰੂ ਜੀ ਉਸ ਸਮੇਂ ਇਕ ਸ਼ਬਦ ਰਾਹੀਂ ਉਮਡ ਪਏ:
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥1॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥1॥......
ਗੁਰੂ ਨਾਨਕ ਦੇਵ ਜੀ ਨੇ ਸਰੋਤਿਆਂ ਨੂੰ ਦੱਸਿਆ ਕਿ ਕਿਵੇਂ ਮੂਰਤੀਆਂ ਅਗੇ ਚੜ੍ਹਾਵੇ ਚੜ੍ਹਾਉਣ ਨਾਲੋਂ ਕੁਦਰਤ ਦੀ ਪਰਮਾਤਮਾ ਨੂੰ ਦਿੱਤੀ ਹੋਈ ਸ਼ਰਧਾਂਜਲੀ ਉੱਤਮ ਹੈ।
ਇਸ ਕਰਮਕਾਂਡ ਦੀ ਆਲੋਚਨਾ ਕਰਨ ਦੇ ਬਾਵਜੂਦ ਬ੍ਰਾਹਮਣੀ ਪ੍ਰਭਾਵ ਦੇ ਅਧੀਨ ਆਰਤੀ, ਕੁਝ ਸਿੱਖ ਗੁਰਦੁਆਰਿਆਂ ਵਿਚ ਭੀ ਕੀਤੀ ਜਾਣ ਲੱਗ ਪਈ ਹੈ। ਪਰੰਤੂ ਸਿੱਖ, ਗੁਰੂ ਗ੍ਰੰਥ ਸਾਹਿਬ ਅੱਗੇ ਹੀ ਆਰਤੀ ਕਰਦੇ ਹਨ। ਜਿਥੇ ਕਿਧਰੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਜਿਸ ਜਿਸ ਸ਼ਬਦ ਵਿਚ ਆਰਤੀ ਪਦ ਆਉਂਦਾ ਹੈ ਤਾਂ ਉਸਨੂੰ ਆਰਤੀ ਵਾਲੇ ਸ਼ਬਦ ਨਾਲ ਹੀ ਜੋੜ ਲਿਆ ਗਿਆ ਹੈ। ਉਦਾਹਰਨ ਦੇ ਤੌਰ ਤੇ ਭਗਤ ਰਵਿਦਾਸ ਜੀ, ਸੈਨ ਜੀ, ਕਬੀਰ ਜੀ ਅਤੇ ਧੰਨਾ ਜੀ ਦੀਆਂ ਬਾਣੀਆਂ ਵਿਚੋਂ ਲਏ ਗਏ ਸ਼ਬਦ ਇਸੇ ਲੜੀ ਵਿਚ ਹਨ। ਰਵਿਦਾਸ ਜੀ ਦਾ ਸ਼ਬਦ ਇਸ ਤੁਕ ਨਾਲ ਆਰੰਭ ਹੁੰਦਾ ਹੈ “ਨਾਮ ਤੇਰੋ ਆਰਤੀ ਮਜਨੁ ਮੁਰਾਰੇ॥ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥"(ਗੁ.ਗ੍ਰੰ. 694)। ਭਗਤ ਸੈਨ ਜੀ ਕਹਿੰਦੇ ਹਨ, ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾਪਤੀ (ਗੁ.ਗ੍ਰੰ. 695)। ਕਬੀਰ ਜੀ ਦਾ ਇਕ ਸ਼ਬਦ ਵੀ ਇਸੇ ਅੰਦਾਜ਼ ਦਾ ਹੈ, “ਤਤੁ ਤੇਲ ਨਾਮ ਕੀਆ ਬਾਤੀ ਦੀਪਕੁ ਦੇਹ ਉਜ੍ਹਾਰਾ॥ ਜੋਤਿ ਲਾਇ ਜਗਦੀਸ ਜਗਾਇਆ ਬੂਝੇ ਬੂਝਨਹਾਰਾ॥"(ਗੁ.ਗ੍ਰੰ. 1350)। ਧੰਨਾ ਜੀ ਦਾ ਸ਼ਬਦ ਜੀਵਨ ਦੀਆਂ ਆਮ ਲੋੜਾਂ ਪੂਰੀਆਂ ਕਰਨ ਲਈ ਇਕ ਬੇਨਤੀ ਹੈ (ਗੁ.ਗ੍ਰੰ: 695)।
ਇਹ ਸਪਸ਼ਟ ਹੈ ਕਿ ਇਹਨਾਂ ਸ਼ਬਦਾਂ ਵਿਚ ਆਰਤੀ ਦੀ ਰਸਮ ਦੀ ਆਲੋਚਨਾ ਕੀਤੀ ਗਈ ਹੈ ਅਤੇ ਰਸਮੀ ਰੀਤੀ ਰਿਵਾਜਾਂ ਤੋਂ ਬਿਨਾਂ ਪ੍ਰੇਮਾ ਭਗਤੀ ਨੂੰ ਹੀ ਪੂਜਾ ਦਾ ਸੱਚਾ ਰਸਤਾ ਦੱਸਿਆ ਗਿਆ ਹੈ। ਸਿੰਘ ਸਭਾ ਲਹਿਰ ਦੇ ਸੁਧਾਰਕਾਂ ਅਤੇ ਵਧੇਰੇ ਕੱਟੜ ਸਖ਼ਤ ਅਕਾਲੀ ਵਿਚਾਰਧਾਰਾ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਥਾਲ ਵਿਚ ਦੀਵੇ ਜਗਾ ਕੇ ਫੇਰਨ ਦੀ ਰਸਮ ਦਾ ਖੰਡਨ ਕੀਤਾ। ਫਿਰ ਵੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਆਰਤੀ ਦੇ ਸ਼ਬਦਾਂ ਨੂੰ ਗਾਇਨ ਕਰਨ ਸੰਬੰਧੀ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਸਿੱਖ ਕੌਮ ਦੀ ਪ੍ਰਤੀਨਿਧ ਵਿਧਾਨਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਿੱਖ ਰਹਿਤ ਮਰਯਾਦਾ ਅਨੁਸਾਰ ਧੂਪ ਦੀਵਾ ਜਗਾ ਕੇ ਤੇ ਟੱਲੀਆਂ ਵਜਾ ਕੇ ਆਰਤੀ ਕਰਨ ਦੀ ਆਗਿਆ ਨਹੀਂ ਹੈ। ਭਾਵੇਂ ਆਰਤੀ ਦੀ ਰਸਮ ਸਿੱਖ ਧਰਮ ਦੇ ਪੂਜਾ ਅਸਥਾਨਾਂ ਤੇ ਬਿਲਕੁਲ ਵਰਜਿਤ ਹੈ ਅਤੇ ਇਸਨੂੰ ਵਿਹਾਰ ਵਿਚ ਕੀਤਾ ਵੀ ਨਹੀਂ ਜਾਂਦਾ, ਫਿਰ ਵੀ ਲਗਾਤਾਰ ਆਰਤੀ ਦੇ ਪੰਜ ਸ਼ਬਦ ਅਤੇ ਉਹਨਾਂ ਨਾਲ ਹੀ ਅਕਸਰ ਦਸਮ ਗ੍ਰੰਥ ਦੀ ਬਾਣੀ ਵਿਚੋਂ ਵੀ ਕੁਝ ਸਵੱਯੇ, ਦੋਹਰੇ ਆਦਿ ਜੋੜ ਕੇ ਰਾਗੀ ਜਥਿਆਂ ਜਾਂ ਸਾਰੀ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਸਮਾਪਤੀ ਜਾਂ ਗੁਰਦੁਆਰੇ ਵਿਚ ਸ਼ਾਮ ਦੇ ਦੀਵਾਨ ਦੀ ਸਮਾਪਤੀ ਤੇ ਕਈ ਥਾਵਾਂ ਤੇ ਗਾਏ ਜਾਂਦੇ ਹਨ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਆਰਤੀ ਦੇਖੋ, ‘ਆਰਤਾ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਆਰਤੀ : ਇਸ ਸ਼ਬਦ ਦਾ ਨਿਕਾਸ ਸੰਸਕ੍ਰਿਤ ਦੇ ਸ਼ਬਦ ‘ਆਰਾਤ੍ਰਿਕ’ ਵਿਚੋਂ ਹੈ। ਇਸ ਦਾ ਭਾਵ ਉਸ ਜੋਤ ਜਾਂ ਦੀਵੇ ਤੋਂ ਹੈ ਜਿਸ ਨੂੰ ਮੰਦਰ ਵਿਚ ਦੇਵ-ਬੁੱਤ ਦੇ ਆਲੇ ਦੁਆਲੇ ਰਾਤ ਦੇ ਵੇਲੇ ਘੁੰਮਾਇਆ ਜਾਂਦਾ ਹੈ। ‘ਆਰਾਤ੍ਰਿਕ’ ਦਾ ਭਾਵ ‘ਰਾਤਰੀ ਤੋਂ ਬਿਨਾਂ’ ਵੀ ਲਿਖਿਆ ਜਾਂਦਾ ਹੈ। ਐਸੀ ਰੀਤੀ ਜੋ ਰਾਤ ਨੂੰ ਛੱਡ ਕੇ ਦਿਨ ਵੇਲੇ ਵੀ ਨਿਬਾਹੀ ਜਾਂਦੀ ਹੈ ‘ਆਰਾਤ੍ਰਿਕ’ ਜਾਂ ‘ਆਰਤੀ’ ਅਖਵਾਉਂਦੀ ਹੈ। ਆਰਤੀ ਇਸ਼ਟ ਦੇਵ ਦੀ ਮੂਰਤੀ ਜਾਂ ਬੁੱਤ ਦੇ ਆਲੇ ਦੁਆਲੇ ਉਤਾਰੀ ਜਾਂਦੀ ਹੈ।
ਆਰਤੀ ਦਾ ਦੂਜਾ ਨਾਂ ਨੀਰਾਂਜਨ ਹੈ। ਇਹ ਪੰਜ ਪ੍ਰਕਾਰ ਦੀ ਹੁੰਦੀ ਹੈ :
(1) ਬਹੁਤ ਬੱਤੀਆਂ ਜਾਂ ਦੀਵੇ ਜਗ੍ਹਾ ਕੇ ਕੀਤੀ ਆਰਤੀ।
(2) ਜਲ-ਪੂਰਤ ਸੰਖ ਨਾਲ ਕੀਤੀ ਆਰਤੀ।
(3) ਧੋਤੇ ਤੇ ਸ਼ੁੱਧ ਬਸਤਰਾਂ ਨੂੰ ਸਿੱਧਾ ਪੁੱਠਾ ਉਛਾਲ ਕੇ ਕੀਤੀ ਆਰਤੀ।
(4) ਅੰਬ ਤੇ ਪਿੱਪਲ ਦੇ ਪੱਤਿਆਂ ਅਤੇ ਚੰਬੇਲ ਆਦਿ ਦੇ ਫੁੱਲਾਂ ਨਾਲ ਕੀਤੀ ਆਰਤੀ।
(5) ਆਮ ਨਮਸਕਾਰ ਜਾਂ ਅਸ਼ਟਾਂਗ ਡੰਡਉਤ ਨਾਲ ਕੀਤੀ ਆਰਤੀ। ਇਸ ਪੰਜ ਪ੍ਰਕਾਰ ਦੀ ਆਰਤੀ ਨੂੰ ਹੀ ‘ਆਰਾਤ੍ਰਿਕ ਕਰਮ’ ਕਿਹਾ ਜਾਂਦਾ ਹੈ, ਕਿਉਂਕਿ ਦਿਨ ਵੇਲੇ ਵੀ ਦੀਵੇ ਜਗਾ ਕੇ ਇਹ ਆਰਤੀ ਉਤਾਰੀ ਜਾਂਦੀ ਹੈ।
ਆਰਤੀ ਦਾ ਮਨੋਰਥ ਕਈ ਵਾਰੀ ਮਾੜੀ ਨਜ਼ਰ ਦੇ ਮਾੜੇ ਅਸਰਾਂ ਤੋਂ ਬਚਣਾ ਹੁੰਦਾ ਹੈ। ਇਸੇ ਮੰਤਵ ਲਈ ਰਾਜਿਆਂ ਅਤੇ ਹੋਰ ਉੱਚੇ ਅਧਿਕਾਰੀਆਂ ਦੀ ਵੀ ਆਰਤੀ ਕੀਤੀ ਜਾਂਦੀ ਹੈ। ਰਾਜ-ਦਰਬਾਰਾਂ ਵਿਚ ਇਸ ਕੰਮ ਨੂੰ ਨਾਚੀਆਂ ਕਰਦੀਆਂ ਰਹੀਆਂ ਹਨ। ਕੇਵਲ ਵਿਆਹੀਆਂ ਇਸਤਰੀਆਂ ਜਾਂ ਰਖੇਲਾਂ ਨੂੰ ਹੀ ਆਰਤੀ ਕਰਨ ਦੀ ਆਗਿਆ ਹੈ, ਵਿਧਵਾਵਾਂ ਨੂੰ ਨਹੀਂ। ਅੱਸੂ ਦੇ ਮਹੀਨੇ ਦੁਸਹਿਰੇ ਦੇ ਦਿਨ ਹਾਥੀਆਂ, ਘੋੜਿਆਂ ਦੀ ਪੂਜਾ ਵੀ ਆਰਤੀ ਵਿਚ ਸ਼ਾਮਲ ਹੈ।
ਆਰਤੀ ਤੇ ਪੂਜਾ ਇਕ ਦੂਜੇ ਤੋਂ ਅਨਿੱਖੜਵੇਂ ਅੰਗ ਹਨ। ਪੂਜਾ ਲਈ ਸਮੱਗਰੀ ਦੀ ਲੋੜ ਹੁੰਦੀ ਹੈ, ਇਸ ਲਈ ਆਰਤੀ ਕਰਨ ਲੱਗਿਆਂ ਪੂਜਾ ਦੀ ਸਮੱਗਰੀ ਇਕੱਠੀ ਕਰਨੀ ਪੈਂਦੀ ਹੈ। ਅਰਘ, ਮਧੁ-ਪਰਕ, ਸਨਾਨ-ਜਲ, ਗੰਧ, ਭੂਸ਼ਣ, ਪੁਸ਼ਪ, ਧੂਪ, ਦੀਪ ਨੈਵੇਦ ਆਦਿ ਸਭ ਵਸਤਾਂ ਦੀ ਵਰਤੋਂ ਆਰਤੀ ਸਮੇਂ ਕੀਤੀ ਜਾਂਦੀ ਹੈ।
ਵੈਸ਼ਨਾਵਾਂ ਵਿਚ ਆਰਤੀ ਬਹੁਤ ਪ੍ਰਚੱਲਤ ਹੈ। ਸ਼ੈਵ ਅਤੇ ਸ਼ਾਕਤ ਵੀ ਆਪੋ ਆਪਣੇ ਇਸ਼ਟ ਦੇਵ ਦੀ ਆਰਤੀ ਕਰਦੇ ਹਨ।
ਗੁਰੂ ਨਾਨਕ ਦੇਵ ਜੀ ਦੀ ਆਰਤੀ ਮੰਦਰਾਂ ਦੇ ਬੁੱਤਾਂ ਦੀ ਆਰਤੀ ਨਹੀਂ ਸਗੋਂ ਇਹ ਨਿਰਗੁਣ ਬ੍ਰਹਮ ਦੀ ਆਰਤੀ ਹੈ, ਜਿਵੇਂ ਮੰਦਰਾਂ ਵਿਚ ਥਾਲ ਵਿਚ ਦੀਵੇ ਰੱਖ ਕੇ ਇਸ਼ਟ ਦੇਵ ਦੀ ਪਰਕਰਮਾ ਕੀਤੀ ਜਾਂਦੀ ਹੈ ਅਤੇ ਫੁੱਲ ਵਰਸਾਏ ਜਾਂਦੇ ਹਨ, ਇਵੇਂ ਹੀ ਗੁਰੂ ਨਾਨਕ ਦੇਵ ਆਕਾਸ਼ ਦਾ ਥਾਲ ਬਣਾ ਕੇ, ਇਹਦੇ ਵਿਚ ਸੂਰਜ ਅਤੇ ਚੰਦਰਮਾ ਦੇ ਦੀਵੇ ਰੱਖ ਕੇ, ਤਾਰਿਆਂ ਦੇ ਮੋਤੀ ਟਿਕਾ ਕੇ, ਮਲਿਆਗਰ ਦਾ ਧੂਪ ਤੇ ਪਵਣ ਦਾ ਚਵਰ ਵਰਤ ਕੇ ਸਗਲ ਬਨਸਪਤੀ ਦੇ ਫੁੱਲਾਂ ਦੀ ਬਰਖਾ ਕਰਦੇ ਹੋਏ ਆਰਤੀ ਉਤਾਰਦੇ ਹਨ। ਭਗਤੀ-ਲਹਿਰ ਦੇ ਭਗਤ ਕਵੀ ਧੰਨਾ ਨੇ ਆਰਤੀ ਸ਼ਬਦ ਦੀ ਥਾਂ ਹੀ ਆਰਤਾ ਸ਼ਬਦ ਵਰਤਿਆ ਹੈ ਜਿਵੇਂ “ਗੋਪਾਲ ਤੇਰਾ ਆਰਤਾ” (ਰਾਗ ਧਨਾਸਰੀ)। ਉਦਾਸ ਸਾਧੂ ਆਰਤੀ ਕਰਦਿਆਂ ਇਹ ਤੁਕਾਂ ਪੜ੍ਹਦੇ ਹਨ : ‘ਆਰਤੀ ਕੀਜੈ ਨਾਨਕ ਸ਼ਾਹ ਪਾਤਸ਼ਾਹ ਦਾ। ਦੀਨ ਦੁਨੀ ਦੇ ਸ਼ਾਹਨਸ਼ਾਹ ਦਾ।’
ਆਰਤੀ ਸਮੇਂ ਸਿੱਖ ਗੁਰਦਵਾਰਿਆਂ ਵਿਚ ਜਿਹੜੇ ਸ਼ਬਦ ਪੜ੍ਹੇ ਜਾਂਦੇ ਹਨ, ਉਨ੍ਹਾਂ ਵਿਚੋਂ ਵੰਨਗੀ ਵਜੋਂ ਇਕ ਸ਼ਬਦ ਹੇਠਾਂ ਦਿੱਤਾ ਜਾਂਦਾ ਹੈ :
ਨਾਮੁ ਤੇਰੇ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ ਰਹਾਉ ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥1॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ
ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਨਾਮ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ ॥2॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ
ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ
ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥3॥
ਦਸ ਅਠਾ ਅਠਸਠੇ ਚਾਰੇ ਖਾਣੀ
ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿਨਾਮੁ ਹੈ ਹਰਿ ਭੋਗ ਤੁਹਾਰੇ ॥
(ਧਨਾਸਰੀ ਭਗਤ ਰਵਿਦਾਸ ਜੀ ਕੀ)
ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-21, ਹਵਾਲੇ/ਟਿੱਪਣੀਆਂ: no
ਆਰਤੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਆਰਤੀ : ਸਾਰੇ ਦੇਸ਼ ਵਿਚ ਹਿੰਦੂ, ਰੀਤੀ ਅਨੁਸਾਰ ਦੀਵੇ ਜਗਾ ਕੇ, ਫੁੱਲ-ਪੱਤੀਆਂ, ਸਮੱਗਰੀ ਆਦਿ ਇਕ ਥਾਲ ਵਿਚ ਰਖਦੇ ਹੋਏ, ਥਾਉਂ ਥਾਈਂ ਸਥਾਪਤ ਇਸ਼ਟ ਦੇਵਾਂ ਦੇ ਸਾਹਮਣੇ ਕੀਰਤੀ ਕਰਦੇ ਅਤੇ ਜੱਸ ਗਾਉਂਦੇ ਹਨ। ਆਰਤੀ ਦਾ ਰਿਵਾਜ ਬਹੁਤ ਪੁਰਤਾਨ ਸਮੇਂ ਤੋਂ ਚਲਿਆ ਆ ਰਿਹਾ ਹੈ। ਇਹ ਦਿਨ ਵਿਚ ਦੋ ਤਿੰਨ ਵਾਰ ਕੀਤੀ ਜਾ ਸਕਦੀ ਹੈ। ਜ਼ਰੂਰੀ ਨਹੀਂ ਕਿ ਇਹ ਕੇਵਲ ਰਾਤ ਨੂੰ ਹੀ ਕੀਤੀ ਜਾਵੇ। ਆਰਤੀ ਸ਼ਬਦ 'ਆਰਤ੍ਰਿਕ' ਤੋਂ ਨਿਕਲਿਆ ਹੈ ਜਿਸ ਤੋਂ ਭਾਵ ਹੈ ' ਜੋ ਰਾਤ ਤੋਂ ਇਲਾਵਾ ਦਿਨ ਵਿਚ ਵੀ ਹੋਵੇ। ਇਸ ਲਈ ਆਰਤੀ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।
ਬ੍ਰਾਹਮਣੀ ਮਤ ਅਨੁਸਾਰ ਹਿੰਦੂਆਂ ਦੇ ਮੰਦਰਾਂ ਵਿਚ ਆਰਤੀ ਕਰਨ ਵੇਲੇ ਇਕ ਸੌ ਦੀਵੇ ਜਗਾਏ ਜਾ ਸਕਦੇ ਹਨ। ਦੀਵਿਆਂ ਅਤੇ ਧੂਪ ਦੀਪ ਨਾਲ ਸਜਾਏ ਥਾਲ ਨੂੰ ਆਰਤੀ ਕਰਨ ਵਾਲਾ, ਇਸ਼ਟ ਦੇਵ ਦੇ ਚਰਨਾਂ ਪਾਸ ਚਾਰ ਵਾਰੀ ਘੁਮਾਉਂਦਾ ਹੈ। ਫਿਰ ਮੂਰਤੀ ਦੇ ਅੱਧ ਵਿਚਾਲੇ ਦੋ ਵਾਰੀ ਘੁਮਾ ਕੇ ਮੂੰਹ ਤਕ ਲੈ ਕੇ ਜਾਂਦਾ ਹੈ। ਅਤੇ ਫਿਰ ਜਲਦੀ ਹੀ ਚਰਨਾਂ ਪਾਸ ਪਹੁੰਚਦਾ ਹੈ ਅਤੇ ਥਾਲ ਨੂੰ ਮੁੜ ਮੁੜ ਘੁਮਾਉਂਦਾ ਹੈ। ਇਸ ਦੇ ਨਾਲ ਨਾਲ ਪੰਡਤ, ਪੁਜਾਰੀ ਅਤੇ ਸਮੂਹ ਸੰਗਤ ਆਰਤੀ ਦੇ ਪਾਠ ਨੂੰ ਬੜੀ ਸ਼ਰਧਾ ਨਾਲ ਪੜ੍ਹਦੇ ਹਨ। ਨਾਲੋ ਨਾਲ ਸੰਖ, ਘੰਟਿਆਂ, ਘੜਿਆਲਾਂ ਦੀਆਂ ਮਧੁਰ ਆਵਾਜ਼ਾਂ ਮਨ ਨੂੰ ਪ੍ਰਭਾਵਿਤ ਕਰਦੀਆਂ ਹਨ। ਇਤਿਹਾਸ, ਮਿਥਿਹਾਸ ਆਦਿ ਤੋਂ ਪਤਾ ਚਲਦਾ ਹੈ ਕਿ ਦੇਵੀ ਅਤੇ ਰਾਖਸ਼ਾਂ ਵਿਚਕਾਰ ਯੁੱਧ ਹੋਣ ਤੇ ਦੇਵੀ ਦੀ ਜਿੱਤ ਹੋਈ ਤਾਂ ਆਰਤੀ ਕਰਨ ਦਾ ਦੇਵਤਿਆਂ ਵੱਲੋਂ ਪ੍ਰਬੰਧ ਕੀਤਾ ਗਿਆ।
ਹਿੰਦੀ ਵਿਚ 'ਆਰਤ' ਤੋਂ ਭਾਵ ਦੁਖੀ ਜਾਂ ਪੀੜਿਤ ਪੁਰਸ਼ ਵੀ ਹੈ। ਧੰਨਾ ਭਗਤ ਨੇ ਆਰਤੀ ਦੀ ਥਾਂ ਸਬਦ 'ਆਰਤਾ' ਵਰਤਿਆ ਹੈ। ਉਨ੍ਹਾਂ ਨੇ 'ਆਰਤਾ' ਤੋਂ ਜਸ ਦੇ ਅਰਥ ਲਏ ਹਨ–
ਗੋਪਾਲ ਤੇਰਾ ਆਰਤਾǁ
ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਰ ਸਵਾਰਤਾ ǁ (ਧੰਨਾ ਭਗਤ)
ਉਦਾਸੀ ਸੰਪ੍ਰਦਾਇ ਵਿਚ ਵੀ 'ਆਰਤੀ' ਨੂੰ 'ਆਰਤਾ' ਕਿਹਾ ਜਾਂਦਾ ਹੈ। ਸਿੱਖ ਧਰਮ ਵਿਚ ਖੜ੍ਹੇ ਹੋ ਕੇ ਦੀਵੇ ਆਦਿ ਜਗਾ ਕੇ ਆਰਤੀ ਕਰਨ ਦੀ ਮਨਾਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰੀ ਵਿਖੇ ਜਗਨ ਨਾਥ ਦੀ ਆਰਤੀ ਕਰਦੇ ਪੰਡਤਾ ਨੂੰ ਫ਼ੁਰਮਾਇਆ ਕਿ ਵਾਹਿਗੁਰੂ ਦੀ ਆਰਤੀ ਸਾਰੀ ਕੁਦਰਤ ਕਰ ਰਹੀ ਹੈ :–
ਗਗਨ ਮੈ ਥਾਲ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ
ਜਨਕ ਮੋਤੀ ǁ
ਧੂਪੁ ਮਲਿਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ
ਜੋਤੀ ǁ
ਲੇਖਕ : ਬੇਦੀ ਹਰਪਾਲ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-05-03-03, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਆਰਤੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਰਤੀ, ਸੰਸਕ੍ਰਿਤ / ਇਸਤਰੀ ਲਿੰਗ : ਪੂਜਾ ਵਾਲਾ ਦੀਵਾ ਜਗਾ ਕੇ ਦੇਵਤੇ ਦੀ ਮੂਰਤੀ ਅੱਗੇ ਫੇਰਨ ਦੀ ਰੀਤ ਇਸ ਸਮੇਂ ਉਸਤਤ ਦੇ ਗੀਤ ਗਾਉਂਦੇ ਤੇ ਘੰਟੇ ਖੜਕਾਉਂਦੇ ਹਨ, ਕਿਸੇ ਦੇਵਤਾ ਜਾਂ ਬੜੇ ਆਦਮੀ ਦੇ ਅੱਗੇ ਉਹਦੀ ਪੂਜਾ ਦੇ ਤੌਰ ਪਰ ਥਾਲ ਵਿਚ ਜਗੇ ਹੋਏ ਦੀਵੇ ਅਰ ਧੂਪ ਰੱਖ ਕੇ ਤੇ ਥਾਲ ਨੂੰ ਹੱਥਾਂ ਵਿਚ ਫੜ ਕੇ ਘੁਮਾਉਣ ਦੀ ਕਿਰਿਆ, ਆਰਤੀ ਦੇ ਭਾਵ ਦਾ ਭਜਨ ਜਾਂ ਗੀਤ, (ਲਾਗੂ ਕਿਰਿਆ : ਹੋਣਾ, ਕਰਨਾ, ਕਰਾਉਣਾ, ਉਤਾਰਨਾ)
–ਆਰਤੀ ਉਤਾਰਨਾ, ਮੁਹਾਵਰਾ : ੧. ਆਰਤੀ ਦੀ ਰੀਤੀ ਦੁਆਰਾ ਕਿਸੇ ਦਾ ਸਨਮਾਨ ਜਾਂ ਜਸ ਕਰਨਾ; ੨. ਖੁਸ਼ਾਮਦ ਦੇ ਭਾਵ ਨਾਲ ਉਸਤਤ ਕਰਨਾ
–ਆਰਤੀ ਸੋਹਲਾ, ਪੁਲਿੰਗ : ਜਸਪੂਰਤ ਛੰਦ ਜੋ ਕਿਸੇ ਦੀ ਵਡਿਆਈ ਵਿਚ ਗਾਇਆ ਜਾਵੇ,
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-29-44, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First