ਆਤੰਕਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਤੰਕਵਾਦ [ਨਾਂਪੁ] ਅੱਤਵਾਦ, ਦਹਿਸ਼ਤਵਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਤੰਕਵਾਦ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Terrorism ਆਤੰਕਵਾਦ: ਆਤੰਕਵਾਦ ਵਿਸ਼ੇਸ਼ ਕਰਕੇ ਜਬਰ ਦੇ ਇੱਕ ਸਾਧਨ ਵਜੋਂ ਆਤੰਕ ਦਾ ਸਿਲਸਲੇਵਾਰ ਪ੍ਰਯੋਗ ਹੈ। ਇਹਸ ਸਮੇਂ ਅੰਤਰ-ਰਾਸ਼ਟਰੀ ਭਾਈਚਾਰਾ ਕੋਈ ਸਰਬ-ਵਿਆਪੀ ਸਹਿਮਤ ਕਾਨੂੰਨੀ ਤੌਰ ਤੇ ਪ੍ਰਤਿਬੰਧਤ ਆਤੰਕਵਾਦ ਦੀ ਕੋਈ ਫ਼ੌਜਦਾਰੀ ਕਾਨੂੰਨੀ ਪਰਿਭਾਸ਼ਾ ਨਿਰਮਿਤ ਕਰਨ ਵਿਚ ਅਸਮੱਰਥ ਰਿਹਾ ਹੈ। ਆਤੰਕਵਾਦ ਦੀਆਂ ਆਮ ਪਰਿਭਾਸ਼ਾਵਾਂ ਕੇਵਲ ਉਹਨਾਂ ਹਿੰਸਕ ਕਾਰਜਾਂ ਬਾਰੇ ਦੱਸਦੀਆਂ ਹਨ ਜੋ ਡਰ ਆਤੰਕ ਪੈਦਾ ਕਰਨ ਦੇ ਇਸਦੇ ਨਾਲ ਕੀਤੇ ਜਾਂਦੇ ਹਨ, ਕਿਸੇ ਵਿਚਾਰਧਾਰਾਤਕਮਕ ਟੀਚੇ ਦਾ ਪ੍ਰਾਪਤੀ ਲਈ ਕੀਤੇ ਜਾਂਦੇ ਹਨ ਅਤੇ ਜਾਣ-ਬੁਝ ਕੇ ਸ਼ਰੀਫ਼ (ਨਾਗਰਿਕਾਂ) ਦੀ ਸੁਰੱਖਿਅਤਾ ਨੂੰ ਅੱਖੋਂ ਓਹਲੇ ਕਰਦੇ ਹਨ।

ਕੁਝ ਪਰਿਭਾਸ਼ਾਵਾਂ ਵਿਚ ਗੈਰ-ਕਾਨੂੰਨੀ ਹਿੰਸਾ ਅਤੇ ਜੰਗ ਦੇ ਕਾਰਜ ਵੀ ਸ਼ਾਮਲ ਹਨ। ਆਤੰਕਵਾਦੀ ਸੰਗਠਨਾਂ ਦਾ ਇਤਿਹਾਸ ਦੱਸਦਾ ਹੈ ਕਿ ਉਹ ਆਪਦੀ ਰਾਜਨੀਤਿਕ ਪ੍ਰਭਾਵਿਕਤਾ ਲਈ ਆਤੰਕਵਾਦ ਦੀ ਚੋਣ ਨਹੀਂ ਕਰਦੇ। ਵਿਅਕਤੀਗਤ ਆਤੰਕਵਾਦੀ ਅਜਿਹੇ ਰਾਜਨੀਤਿਕ ਮੰਚਾਂ ਜਾਂ ਜੁਗਤੀ ਉਦੇਸ਼ਾਂ ਦੀ ਥਾ ਜੋ ਆਮ ਕਰਕੇ ਅੰਧਕਾਰਮਈ ਅਤੇ ਅਪਰਿਭਾਸ਼ਤ ਹੁੰਦੇ ਹਨ, ਆਪਣੇ ਸੰਗਠਨ ਦੇ ਹੋਰ ਮੈਂਬਰਾਂ ਨਾਲ ਸਮਾਜਿਕ ਏਕਤਾ ਦੀ ਇੱਛਾ ਦੁਆਰਾ ਅਧਿਕ ਪ੍ਰੇਰਿਤ ਹੁੰਦੇ ਹਨ।

ਸ਼ਬਦ ਆਤੰਕਵਾਦ ਰਾਜਨੀਤਿਕ ਅਤੇ ਭਾਵਾਤਮਕ ਰੂਪ ਵਿਚ ਵਿਸਫੋਟਕ ਹੈ ਅਤੇ ਵਿਤ ਗੱਲ ਇਸ ਦੀ ਸਪੱਸ਼ਟ ਪਰਿਭਾਸ਼ਾ ਪ੍ਰਦਾਨ ਕਰਨ ਦੀ ਮੁਸ਼ਕਿਲ ਵਿਚ ਬਹੁਤ ਅਧਿਕ ਵਾਧਾ ਕਰਦੀ ਹੈ। ਆਤੰਕਵਾਦ ਦੀ ਧਾਰਨਾ ਆਪਣੇ ਆਪ ਵਿਚ ਵਿਵਾਦ ਪੂਰਣ ਹੋ ਸਕਦੀ ਹੈ ਕਿਉਂਕਿ ਇਸ ਨੂੰ ਆਮ ਕਰਕੇ ਰਾਜ ਅਧਿਕਾਰੀਆਂ ਦੁਆਰਾ ਰਾਜਨੀਤਿਕ ਜਾਂ ਹੋਰ ਵਿਰੋਧੀਆਂ ਨੂੰ ਗੈਰ-ਕਾਨੂੰਨੀ ਦੇਣ ਲਈ ਵਰਤਿਆ ਜਾਂਦਾ ਹੈ ਅਤੇ ਰਾਜ ਵਿਰੋਧੀਆਂ ਦੇ ਵਿਰੁੱਧ ਹਥਿਆਰਬੰਦ ਸ਼ਕਤੀ ਦੀ ਆਪਣੀ ਵਰਤੋਂ ਨੂੰ ਸੰਭਾਵੀ ਤੌਰ ਤੇ ਜਾਇਜ਼ ਦਿੰਦਾ ਹੈ (ਅਜਿਹੀ ਸ਼ਕਤੀ ਦੀ ਵਰਤੋਂ ਨੂੰ ਰਾਜ ਦੇ ਵਿਰੋਧੀਆਂ ਦੁਆਰਾ ਆਤੰਕ ਕਿਹਾ ਜਾ ਸਕਦਾ ਹੈ) ਇਕ ਘੱਟ ਰਾਜਨੀਤਿਕ ਅਤੇ ਭਾਵਾਤਮਕ ਰੂਪ ਵਿਚ ਵਿਸਫੋਟਕ ਅਤੇ ਅਧਿਕ ਆਸਾਨੀ ਨਾਲ ਪਰਿਭਾਸ਼ਤ ਕਰਨ ਯੋਗ ਵਾਕੰਸ਼ ਹਿੰਸਕ ਗੈਰ-ਰਾਜੀ ਐਕਟ ਹੈ (ਭਾਵੇਂ ਇਕ ਵਾਕਾਂਸ ਦੇ ਸ਼ਬਦਾਰਥ-ਸ਼ਾਸਤਰ ਦੇ ਖੇਤਰ ਵਿਚ ਕੇਵਲ ਆਤੰਕਵਾਦੀ ਸ਼ਾਮਲ ਨਹੀਂ ਹੈ ਜਦੋਂ ਕਿ ਕੁਝ ਅਜਿਹੇ ਵਿਅਕਤੀਆਂ ਜਾਂ ਗਰੁੱਪਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਪਹਿਲਾਂ ਆਤੰਕਵਾਦ ਕਿਹਾ ਗਿਆ ਹੈ।)

ਆਤੰਕਵਾਦ ਦੀ ਰਾਜਨੀਤਿਕ ਸੰਗਠਨਾਂ ਦੀ ਇਕ ਵਿਸਤ੍ਰਿਤ ਵਿਵਸਥਾ ਦੁਆਰਾ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਵਰਤੋਂ ਕੀਤੀ ਗਈ ਹੈ। ਇਸਦੀ ਸੱਜੇ-ਪੱਖੀ ਦੋਹਾਂ ਪ੍ਰਕਾਰ ਦੀਆਂ ਰਾਜਨੀਤਿਕ ਪਾਰਟੀਆ , ਰਾਸ਼ਟਰਵਾਦੀ ਗਰੁੱਪਾਂ, ਧਾਰਮਿਕ ਗਰੁੱਪਾਂ, ਕ੍ਰਾਂਤੀਕਾਰੀਆਂ ਅਤੇ ਸਾਧਕ ਸਰਕਾਰਾਂ ਦੁਆਰਾ ਵਰਤੋਂ ਕੀਤੀ ਗਈ ਹੈ। ਇਸਦਾ ਇਕ ਰੂਪ ਕਿਸੇ ਗਰੁੱਪ, ਮੰਤਵ ਜਾਂ ਵਿਅਕਤੀ ਦੇ ਪ੍ਰਕਾਰ ਦੇ ਮੰਤਵ ਲਈ ਸ਼ਰੀਫ਼ ਵਿਅਕਤੀਆ ਵਿਰੁੱਧ ਹਿੰਸਾ ਦਾ ਪ੍ਰਯੋਗ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਆਤੰਕਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਆਤੰਕਵਾਦ : ਆਤੰਕਵਾਦ (Terrorism) ਆਧੁਨਿਕ ਯੁੱਗ ਦੀ ਇੱਕ ਬਹੁਤ ਹੀ ਗੰਭੀਰ ਚੁਨੌਤੀ ਹੈ।ਇਸ ਨੂੰ ਲੋਕਤੰਤਰ ਅਤੇ ਮਨੁੱਖਤਾ ਦੇ ਵਿਰੁੱਧ ਸਭ ਤੋਂ ਵੱਡਾ ਅਪਰਾਧ ਮੰਨਿਆ ਗਿਆ ਹੈ। ਅੱਜ ਸਾਰਾ ਵਿਸ਼ਵ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਹ ਰਾਸ਼ਟਰੀ ਏਕਤਾ, ਪ੍ਰਭੂਸੱਤਾ, ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਬਣਿਆ ਹੋਇਆ ਹੈ। ਆਤੰਕਵਾਦ ਦੀਆਂ ਜੜ੍ਹਾਂ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਫੈਲ ਗਈਆਂ ਹਨ।

ਆਤੰਕਵਾਦ ਮਨੁੱਖ ਜਾਤੀ ਦੇ ਵਿਰੁੱਧ ਕੁਝ ਮਨੁੱਖਾਂ, ਸਰਕਾਰਾਂ ਜਾਂ ਸੰਗਠਨਾਂ ਦੁਆਰਾ ਕੁਝ ਵਿਸ਼ੇਸ਼ ਉਦੇਸ਼ਾਂ ਦੀ ਪੂਰਤੀ ਦੇ ਲਈ ਹਿੰਸਾ ਦੀ ਵਿਵਸਥਿਤ ਤੇ ਕ੍ਰਮਬੱਧ ਢੰਗ ਨਾਲ ਵਰਤੋਂ ਹੈ। ਆਤੰਕਵਾਦ ਦਾ ਇੱਕੋ-ਇੱਕ ਉਦੇਸ਼ ਹਿੰਸਾ ਦੁਆਰਾ ਲੋਕਾਂ ਨੂੰ ਡਰਾਉਣਾ, ਉਹਨਾਂ ਨੂੰ ਦੁੱਖ ਤੇ ਕਸ਼ਟ ਪਹੁੰਚਾਉਣਾ ਅਤੇ ਉਹਨਾਂ ਦੀ ਸੰਪਤੀ ਨੂੰ ਤਬਾਹ ਕਰਨਾ ਹੁੰਦਾ ਹੈ। ਆਤੰਕਵਾਦੀ, ਨੇਤਾਵਾਂ ਨੂੰ ਮਾਰਦੇ ਹਨ, ਸੰਸਥਾਵਾਂ ਨੂੰ ਬੰਬਾਂ ਨਾਲ ਉਡਾਉਂਦੇ ਹਨ, ਹਥਿਆਰਬੰਦ ਸੈਨਿਕਾਂ ਉੱਤੇ ਹਮਲਾ ਕਰਦੇ ਹਨ, ਉਹ ਨਿਰਦੋਸ਼ ਲੋਕਾਂ ਨੂੰ ਅਗਵਾ ਕਰਕੇ, ਉਹਨਾਂ ਦੀ ਹੱਤਿਆ ਕਰਕੇ, ਹਵਾਈ ਜਹਾਜ਼ਾਂ ਨੂੰ ਅਗਵਾ ਕਰਕੇ, ਬੰਬ ਵਿਸਫੋਟ ਕਰਕੇ ਜਾਂ ਤੋੜਫੋੜ ਦੀਆਂ ਕਾਰਵਾਈਆਂ ਕਰਕੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ। ਅਜਿਹੀਆਂ ਹਿੰਸਕ ਕਾਰਵਾਈਆਂ ਕਰਕੇ ਉਹ ਰਾਜ-ਵਿਵਸਥਾ ਦੇ ਟੁੱਟਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਯਤਨ ਕਰਦੇ ਹਨ।

ਆਤੰਕਵਾਦ ਹਰੇਕ ਸਮਾਜ ਵਿੱਚ ਸੰਭਵ ਹੋ ਸਕਦਾ ਹੈ, ਪਰ ਅਸਥਿਰ ਅਤੇ ਲੋਕਤੰਤਰ ਵਿਰੋਧੀ ਸ਼ਾਸਨ-ਵਿਵਸਥਾਵਾਂ ਵਿੱਚ ਇਹ ਆਮ ਜਿਹੀ ਗੱਲ ਹੈ। ਸਾਮਵਾਦੀ ਦੇਸਾਂ ਵਿੱਚ ਸੱਤਾਧਾਰੀ ਦਲ ਆਪਣੇ ਵਿਰੋਧੀਆਂ ਦਾ ਨਾਸ਼ ਕਰਨ ਲਈ ਆਤੰਕਵਾਦ ਦਾ ਆਸਰਾ ਲੈਂਦਾ ਹੈ। ਇਤਿਹਾਸ ਗਵਾਹ ਹੈ ਕਿ ਆਤੰਕਵਾਦ ਦੀ ਵਰਤੋਂ ਵੱਖ-ਵੱਖ ਸਮੇਂ ਵੱਖ-ਵੱਖ ਮੰਤਵਾਂ ਲਈ ਕੀਤੀ ਜਾਂਦੀ ਰਹੀ ਹੈ। ਸੰਨ 1793-94 ਵਿੱਚ ਫ਼੍ਰਾਂਸੀਸੀ ਕ੍ਰਾਂਤੀ ਦੇ ਦੌਰਾਨ, ਕ੍ਰਾਂਤੀ ਦੇ ਵਿਰੋਧੀਆਂ ਨੂੰ ਮਾਮੂਲੀ ਜਿਹੇ ਸ਼ੱਕ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 1917 ਦੀ ਰੂਸੀ ਕ੍ਰਾਂਤੀ ਤੋਂ ਤੁਰੰਤ ਬਾਅਦ ਰੂਸੀ ਰਾਜ ਪਰਵਾਰ ਦੇ ਲੋਕਾਂ, ਸੰਪਤੀਸ਼ਾਲੀ ਵਰਗਾਂ ਅਤੇ ਧਾਰਮਿਕ ਨੇਤਾਵਾਂ ਨੂੰ ਖ਼ਤਮ ਕਰਨ ਦੇ ਲਈ ਆਤੰਕਵਾਦ ਦੀ ਵਰਤੋਂ ਕੀਤੀ ਗਈ ਸੀ। ਸਟਾਲਿਨ ਦੇ ਸ਼ਾਸਨ ਕਾਲ ਵਿੱਚ ਆਤੰਕਵਾਦ ਦੀ ਵਰਤੋਂ ਵੱਡੇ ਪੈਮਾਨੇ ਤੇ ਹੋਈ ਜਿਸ ਕਰਕੇ ਲੱਖਾਂ ਲੋਕਾਂ ਨੂੰ ਫਾਂਸੀ, ਭੁੱਖ-ਮਰੀ ਅਤੇ ਦੇਸ ਨਿਕਾਲੇ ਦੇ ਕਾਰਨ ਆਪਣੀ ਜਾਨ ਗੁਆਉਣੀ ਪਈ ਸੀ। ਸਾਮਵਾਦੀ ਚੀਨ ਅਤੇ ਵੀਅਤਨਾਮ ਵਿੱਚ ਵੀ ਸਾਮਵਾਦੀ ਵਿਵਸਥਾ ਦੀ ਰੱਖਿਆ ਕਰਨ ਲਈ ਆਤੰਕਵਾਦ ਦਾ ਬੋਲਬਾਲਾ ਰਿਹਾ ਹੈ। ਜਰਮਨੀ ਵਿੱਚ ਨਾਜੀ ਸ਼ਾਸਨ ਦੇ ਸਮੇਂ ਹਿਟਲਰ ਆਤੰਕਵਾਦ ਦਾ ਪੱਕਾ ਹਾਮੀ ਸੀ ਅਤੇ ਉਸ ਨੇ ਯਹੂਦੀਆਂ ਅਤੇ ਪੋਲਾਂ ਵਿਰੁੱਧ ਅਤਿਆਚਾਰ ਕਰਕੇ ਆਤੰਕਵਾਦ ਫੈਲਾਇਆ।

ਭਾਰਤ ਵਿੱਚ ਬਰਤਾਨਵੀ ਸ਼ਾਸਨ ਦੌਰਾਨ ਭਾਰਤੀਆਂ ਨਾਲ ਕੀਤੇ ਗਏ ਦੁਰ-ਵਿਹਾਰ, ਸਰਕਾਰ ਦੀ ਭਾਰਤੀ ਵਿਰੋਧੀ ਆਰਥਿਕ ਨੀਤੀ, ਪੜ੍ਹੇ ਲਿਖੇ ਭਾਰਤੀਆਂ ਵਿੱਚ ਅਸੰਤੋਖ, ਕੁਸ਼ਾਸਨ, ਮਹਾਂਮਾਰੀ ਤੇ ਅਕਾਲ ਜਿਹੀਆਂ ਕੁਦਰਤੀ ਆਫ਼ਤਾਂ, ਬੰਗਾਲ ਦੀ ਵੰਡ ਆਦਿ ਕਾਰਨ ਜਿਹੜੀ ਉਗਰਵਾਦ ਦੀ ਧਾਰਨਾ ਪੈਦਾ ਹੋਈ, ਉਸਦਾ ਇੱਕ ਸਰੂਪ ਆਤੰਕਵਾਦ ਸੀ। ਭਾਰਤ ਵਿੱਚ ਆਤੰਕਵਾਦ ਸਭ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਆਇਆ ਜਦੋਂ 1899 ਵਿੱਚ ਇੱਕ ਅੰਗਰੇਜ਼ ਰੈਂਡ ਆਇਰਸਟ ਦੀ ਹੱਤਿਆ ਕੀਤੀ ਗਈ। ਇਹਨਾਂ ਲੋਕਾਂ ਨੇ ਆਪਣੇ ਦੇਸਵਾਸੀਆਂ ਨੂੰ ਅੰਗਰੇਜ਼ਾਂ ਦੀਆਂ ਹੱਤਿਆਵਾਂ ਕਰਨ ਲਈ ਉਤੇਜਿਤ ਕੀਤਾ ਅਤੇ ਮਾਰ ਕੇ ਮਰਨ ਦੀ ਪ੍ਰੇਰਨਾ ਦਿੱਤੀ। ਸ਼ਹੀਦ ਊਧਮ ਸਿੰਘ ਦਾ ਜਨਰਲ ਡਾਇਰ ਨੂੰ ਮਾਰਨਾ ਆਤੰਕਵਾਦ ਫੈਲਾਉਣ ਦੀ ਹੀ ਇੱਕ ਉਦਾਹਰਨ ਹੈ।

ਅੱਜ ਆਤੰਕਵਾਦ ਸਾਰੇ ਵਿਸ਼ਵ ਵਿੱਚ ਫੈਲ ਚੁੱਕਾ ਹੈ। ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਰੂਸ, ਕਿਰਗਿਸਤਾਨ, ਤਜਾਕਿਸਤਾਨ, ਉਜਬੇਕਿਸਤਾਨ, ਚੀਨ, ਮਿਸਰ, ਅਲਜੀਰੀਆ, ਭਾਰਤ, ਮੱਧ ਏਸ਼ੀਆ, ਅਫ਼ਗਾਨਿਸਤਾਨ, ਪਾਕਿਸਤਾਨ, ਸੂਡਾਨ, ਅਤੇ ਯੂਰਪ ਦੇ ਕਈ ਭਾਗਾਂ ਵਿੱਚ ਫੈਲਿਆ ਆਤੰਕਵਾਦ ਸੰਸਾਰ ਵਿੱਚ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਆਤੰਕਵਾਦ ਨੇ ਕਈ ਰੂਪ ਧਾਰਨ ਕਰ ਲਏ ਹਨ ਜਿਵੇਂ ਅੰਤਰਰਾਸ਼ਟਰੀ ਆਤੰਕਵਾਦ, ਸੀਮਾਪਾਰ ਆਤੰਕਵਾਦ, ਜਾਤੀ ਆਤੰਕਵਾਦ, ਧਾਰਮਿਕ ਆਤੰਕਵਾਦ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜਿਆ ਆਤੰਕਵਾਦ। ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਇਸ ਦੇ ਮੁੱਖ ਕੇਂਦਰ ਬਣ ਗਏ ਹਨ। ਆਤੰਕਵਾਦ ਨੇ ਆਪਣੀਆਂ ਕਾਰਵਾਈਆਂ ਦੁਆਰਾ ਵੱਖ-ਵੱਖ ਦੇਸਾਂ ਦੀ ਸੁਰੱਖਿਆ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਮੌਸਾਦ, ਐੱਲ.ਟੀ.ਟੀ. ਅਲਕਾਇਦਾ, ਲਸ਼ਕਰੇ-ਤੋਇਬਾ, ਜੈਸ਼-ਏ-ਮੁਹੰਮਦ, ਹਿਜਬੁਲ ਮੁਜਾਹਦੀਨ, ਹਰਕਤ, ਤਾਲਿਬਾਨ, ਅਲਬਦਰ ਆਦਿ ਆਤੰਕਵਾਦੀ ਸੰਗਠਨ ਸਮੁੱਚੇ ਸੰਸਾਰ ਵਿੱਚ ਆਤੰਕਵਾਦੀ ਕਾਰਵਾਈਆਂ ਵਿੱਚ ਲੱਗੇ ਹੋਏ ਹਨ। ਓਸਾਮਾ ਬਿਨ ਲਾਦੇਨ ਦੀ ਅਗਵਾਈ ਹੇਠ ਕੰਮ ਕਰ ਰਹੇ ਆਤੰਕਵਾਦੀ ਸੰਗਠਨ ਨੇ 11 ਸਤੰਬਰ, 2001 ਨੂੰ ਨਿਊਯਾਰਕ (ਅਮਰੀਕਾ) ਵਿੱਚ ਸਥਿਤ ਵਿਸ਼ਵ ਵਪਾਰ ਕੇਂਦਰ ਨੂੰ ਦੋ ਹਵਾਈ ਜਹਾਜ਼ਾਂ ਨਾਲ ਟਕਰਾਕੇ ਨਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਆਤੰਕਵਾਦੀਆਂ ਨੇ ਅਗਵਾ ਕੀਤੇ ਇੱਕ ਜਹਾਜ਼ ਨੂੰ ਅਮਰੀਕੀ ਰੱਖਿਆ ਸੰਸਥਾਨ ਪੈਂਟਾਗਨ ਨਾਲ ਟਕਰਾ ਕੇ ਤਬਾਹੀ ਮਚਾਈ। 13 ਦਸੰਬਰ, 2001 ਨੂੰ ਭਾਰਤੀ ਸੰਸਦ ਉੱਤੇ ਹਮਲਾ ਹੋਇਆ, ਸਤੰਬਰ 2002 ਨੂੰ ਇੰਡੋਨੇਸ਼ੀਆ ਦੇ ਬਾਲੀ ਦੀਪ ਅਤੇ 7 ਅਤੇ 21 ਜੁਲਾਈ, 2005 ਨੂੰ ਲੰਡਨ ਵਿੱਚ ਬੰਬ-ਧਮਾਕੇ ਆਤੰਕਵਾਦ ਦੀਆਂ ਕੁਝ ਉਦਾਹਰਨਾਂ ਹਨ।

ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਆਤੰਕਵਾਦੀ ਗਤੀਵਿਧੀਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਹੈ। ਕੁਝ ਵਿਰੋਧੀ ਦੇਸ ਭਾਰਤ ਵਿੱਚ ਕੱਟੜ ਪੰਥੀ ਸ਼ਕਤੀਆਂ ਆਤੰਕਵਾਦ ਨੂੰ ਉਤਸ਼ਾਹ ਦੇ ਰਹੀਆਂ ਹਨ। ਉੱਤਰ-ਪੂਰਬ ਭਾਰਤ ਵਿੱਚ ਸੀਮਾ ਵਿਵਾਦ ਅਤੇ ਨਸਲੀ ਵਿਵਾਦ ਸਦਕਾ ਵਿਦਰੋਹੀਆਂ ਨੇ ਵਿਸਫੋਟ, ਹੱਤਿਆਵਾਂ, ਅਗਵਾ ਕਰਨ ਅਤੇ ਅਨੇਕਾਂ ਹਿੰਸਕ ਗਤੀਵਿਧੀਆਂ ਨੂੰ ਅਪਣਾਕੇ ਆਤੰਕਵਾਦ ਫੈਲਾਇਆ ਹੈ। ਨਾਗਾ ਲੋਕ ਵਿਸ਼ਾਲ ਨਾਗਾਲੈਂਡ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਆਸਾਮ, ਅਰੁਣਾਚਲ ਪ੍ਰਦੇਸ਼ ਤੇ ਮਨੀਪੁਰ ਦੇ ਨਾਗਾ ਅਬਾਦੀ ਵਾਲੇ ਖੇਤਰ ਸ਼ਾਮਲ ਹੋਣ। ਇਸ ਉਦੇਸ਼ ਦੀ ਪੂਰਤੀ ਲਈ ਉਹ ਹਿੰਸਕ ਕਾਰਵਾਈਆਂ ਕਰ ਰਹੇ ਹਨ। ਤ੍ਰਿਪੁਰਾ ਵਿੱਚ ਸਥਾਨਿਕ ਕਬੀਲਿਆਂ ਤੇ ਗ਼ੈਰਕਬੀਲਿਆਈ ਵਾਸੀਆਂ ਵਿਚਕਾਰ ਵਿਦਰੋਹ ਹਿੰਸਕ ਝੜਪਾਂ ਦਾ ਰੂਪ ਅਖਤਿਆਰ ਕਰ ਚੁੱਕਾ ਹੈ। ਨਕਸਲੀ ਅੰਦੋਲਨ ਜੋਕਿ ਪੱਛਮੀ ਬੰਗਾਲ ਵਿੱਚ ਸ਼ੁਰੂ ਹੋਇਆ ਸੀ ਹੁਣ ਬਿਹਾਰ, ਆਂਧਰਾ ਪ੍ਰਦੇਸ਼, ਕੇਰਲਾ, ਉੜੀਸਾ, ਤ੍ਰਿਪੁਰਾ, ਝਾਰਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਆਦਿ ਵਿੱਚ ਫੈਲ ਗਿਆ ਹੈ। ਇਹਨਾਂ ਇਲਾਕਿਆਂ ਵਿੱਚ ਅਨੇਕਾਂ ਨਕਸਲੀ ਸੰਗਠਨ ਸਰਗਰਮ ਹਨ।

ਪਿਛਲੇ ਕੁਝ ਵਰ੍ਹਿਆਂ ਤੋਂ ਜੰਮੂ-ਕਸ਼ਮੀਰ ਵਿੱਚ ਸੀਮਾ ਪਾਰ ਆਤੰਕਵਾਦ ਵਿੱਚ ਵਾਧਾ ਹੋਇਆ ਹੈ। ਇਸ ਤਰ੍ਹਾਂ ਅੱਜ ਆਤੰਕਵਾਦ ਭਾਰਤ ਦੀ ਰਾਸ਼ਟਰੀ ਏਕਤਾ, ਪ੍ਰਭੁਸੱਤਾ ਅਤੇ ਲੋਕਤੰਤਰੀ ਵਿਵਸਥਾ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ।

ਵਰਤਮਾਨ ਸਮੇਂ ਆਤੰਕਵਾਦ ਇੱਕ ਰਾਸ਼ਟਰੀ ਮੁੱਦਾ ਨਹੀਂ ਸਗੋਂ ਅੰਤਰਰਾਸ਼ਟਰੀ ਮੁੱਦਾ ਬਣ ਚੁੱਕਾ ਹੈ। ਇਸ ਲਈ ਅੰਤਰਰਾਸ਼ਟਰੀ ਪੱਧਰ ’ਤੇ ਆਤੰਕਵਾਦ ਦਾ ਸਾਮ੍ਹਣਾ ਕਰਨ ਲਈ ਸੰਯੁਕਤ ਰਾਸ਼ਟਰ, ਅਮਰੀਕਾ, ਭਾਰਤ, ਯੂ.ਕੇ. ਤੇ ਹੋਰ ਦੇਸ ਇਸ ਸੰਘਰਸ਼ ਵਿੱਚ ਜੁੱਟੇ ਹੋਏ ਹਨ ਅਤੇ ਇਸ ਉਦੇਸ਼ ਦੀ ਪੂਰਤੀ ਦੇ ਲਈ ਇੱਕ ਦੂਜੇ ਨੂੰ ਮਿਲਵਰਤਨ ਦੇ ਰਹੇ ਹਨ। ਪਰ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੇ ਲਈ ਹਾਲਾਂ ਕਾਫ਼ੀ ਸਮਾਂ ਲੱਗੇਗਾ।


ਲੇਖਕ : ਇੰਦਰਜੀਤ ਸਿੰਘ ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-25-03-31-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.