ਅੱਖਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਖਰ [ਨਾਂਪੁ] ਭਾਸ਼ਾ ਦੀ ਕਿਸੇ ਵਿਸ਼ੇਸ ਧੁਨੀ ਨੂੰ ਲਿਖ ਕੇ ਪ੍ਰਗਟ ਕਰਨ ਵਾਲ਼ਾ ਚਿੰਨ੍ਹ , ਲਿਪਾਂਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੱਖਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਖਰ. ਦੇਖੋ, ਅਖਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅੱਖਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੱਖਰ: ਇਹ ਸੰਸਕ੍ਰਿਤ ਦੇ ‘ਅਕੑਸ਼ਰ’ ਸ਼ਬਦ ਦਾ ਤਦਭਵ ਰੂਪ ਹੈ। ਇਸ ਦਾ ਵਿਉਤਪੱਤੀ ਮੂਲਕ ਅਰਥ ਹੈ ਜੋਖੁਰੇ , ਉਹ ਅਕੑਸ਼ਰ ਹੈ — ਕੑਸ਼ਰਿਤ ਇਤਿ ਅਕੑਸ਼ਰ : ਇਸ ਤਰ੍ਹਾਂ ਅੱਖਰ ਉਹ ਤੱਤ੍ਵ ਹੈ ਜੋ ਖੁਰਦਾ ਨਹੀਂ , ਨਸ਼ਟ ਨਹੀਂ ਹੁੰਦਾ , ਜਿਸ ਵਿਚ ਕਿਸੇ ਪ੍ਰਕਾਰ ਦਾ ਕੋਈ ਪਰਿਵਰਤਨ ਜਾਂ ਵਿਕਾਸ ਨਹੀਂ ਹੁੰਦਾ। ਇਸ ਦ੍ਰਿਸ਼ਟੀ ਤੋਂ ਇਹ ਅਵਿਨਾਸ਼ੀ, ਪਾਰਬ੍ਰਹਮ ਦਾ ਵਾਚਕ ਸਿੱਧ ਹੁੰਦਾ ਹੈ। ਸੰਤ ਕਬੀਰ ਨੇ ਦੁਨੀਆਵੀ ਅੱਖਰਾਂ ਨੂੰ ਖੁਰਨ ਵਾਲਾ ਮੰਨ ਕੇ ਪਰਮਸੱਤਾ ਨੂੰ ਅਖੁਰ ਦਸਆ ਹੈ — ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਗੁ.ਗ੍ਰੰ.340)।

            ਸੰਸਾਰ ਦੀਆਂ ਭਾਸ਼ਾਵਾਂ ਦੀਆਂ ਧ੍ਵਨੀਆਂ ਨੂੰ ਪ੍ਰਗਟ ਕਰਨ ਵਾਲੇ ਚਿੰਨ੍ਹ ਵੀ ਅੱਖਰ ਕਹੇ ਜਾਂਦੇ ਹਨ। ਸੰਸਕ੍ਰਿਤ ਸਾਹਿਤ ਵਿਚ ਇਸ ਦੀ ਵਰਤੋਂ ਧ੍ਵਨਿਆਤਮਕ (ਉਚਰਿਤ) ਅਤੇ ਸੰਕੇਤਾਤਮਕ (ਲਿਖਿਤ) ਦੋਹਾਂ ਅਰਥਾਂ ਵਿਚ ਕੀਤੀ ਮਿਲਦੀ ਹੈ। ਸੰਕੇਤਾਤਮਕ ਅੱਖਰ ਨੂੰ ‘ਵਰਣ ’ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ‘ਅਖਰ’ ਨੂੰ ਇਸ ਅਰਥ ਵਿਚ ਵਰਤਦਿਆਂ ਕਿਹਾ ਹੈ — ਇਕਨਾ ਸੁਧਿ ਬੁਧਿ ਅਕਲਿ ਸਰ ਅਖਰ ਕਾ ਭੇਉ ਲਹੰਤਿ ਨਾਨਕ ਸੇ ਨਰ ਅਸਲਿ ਖਰਜਿ ਬਿਨੁ ਗੁਣ ਗਰਬੁ ਕਰੰਤਿ (ਗੁ.ਗ੍ਰੰ. 1246)।

            ਉਪਰੋਕਤ ਅਰਥਾਂ ਤੋਂ ਇਲਾਵਾ ਗੁਰਬਾਣੀ ਵਿਚ ‘ਅਖਰ’ ਦੀ ਵਰਤੋਂ ਉਪਦੇਸ਼ (ਅਖਰ ਨਾਨਕ ਆਖਿਓ ਆਪਿ), ਮੰਤ੍ਰ (ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ), ਪਦਾਰਥ (ਦ੍ਰਿਸਟਮਾਨ ਅਖਰ ਹੈ ਜੇਤਾ), ਆਦਿ ਅਰਥਾਂ ਵਿਚ ਵੀ ਹੋਈ ਮਿਲਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅੱਖਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਅੱਖਰ : ਇਸ ਸ਼ਬਦ ਦਾ ਸੰਸਕ੍ਰਿਤ ਰੂਪ ਅਕਸ਼ਰ ਹੈ ਜੋ ‘क्षर’ ਧਾਤੂ ਤੋਂ ਬਣਿਆ ਹੈ। ਇਸ ਵਿਚ ‘ਅ’ ਨਿਖੇਧਵਾਚੀ ਹੈ ਤੇ ‘ਕਸ਼ਰ’ ਧਾਤੂ ਦਾ ਅਰਥ ਹੈ ‘ਖੁਰਨਾ’। ਸੋ ‘ਅਕਸ਼ਰ’ ਦਾ ਭਾਵ ਹੈ ‘ਕਸ਼ਯ ਨਾ ਹੋਣ ਵਾਲਾ’ ਭਾਵ ‘ਨਾ ਖੁਰਨ ਵਾਲਾ’ ਜਾਂ ਧੁਨੀ ਦਾ ਸੁਤੰਤਰ ਭਾਗ ਜਿਸ ਨੂੰ ਹੋਰ ਨਹੀਂ ਖੋਰਿਆ ਜਾ ਸਕਦਾ। ਪਰ ਹੁਣ ਇਸ ਸ਼ਬਦ ਨੂੰ ਪੰਜਾਬੀ ਵਿਚ ਧੁਨੀਆਂ ਲਈ ਘੜੇ ਚਿੰਨ੍ਹਾਂ ਜਾਂ ਸੰਕੇਤਾਂ ਲਈ ਹੀ ਵਰਤਿਆ ਜਾਂਦਾ ਹੈ। ਸਪਸ਼ਟ ਹੈ ਕਿ ਇਨ੍ਹਾਂ ਅੱਖਰਾਂ ਦੀ ਗਿਣਤੀ, ਧੁਨੀਆਂ ਦੀ ਗਿਣਤੀ ਜਿੰਨੀ ਨਹੀਂ ਹੋ ਸਕਦੀ। ਧੁਨੀਆਂ ਕਈ ਹਨ ਪਰ ਉਨ੍ਹਾਂ ਦੇ ਸੰਕੇਤ ਗਿਣਤੀ ਦੇ ਹੀ ਹਨ।

          ਲਿਖਣ-ਕਲਾ ਦਾ ਅੱਖਰ ਦੇ ਵਿਕਾਸ ਤੱਕ ਦਾ ਇਤਿਹਾਸ ਬੜਾ ਲੰਬਾ ਹੈ। ਇਹ ਇਤਿਹਾਸ ਗਿਆਨ ਦੀ ਪੱਕੀ ਸੰਭਾਲ ਦੀ ਲੋੜ ਤੋਂ ਸ਼ੁਰੂ ਹੁੰਦਾ ਹੈ। ਪਹਿਲਾ ਪੜਾ ਸੰਕੇਤ-ਆਤਮਿਕ ਸੀ, ਜਿਵੇਂ ਕਿਹਾ ਜਾਂਦਾ ਹੈ ਕਿ ਸਿਥੀਅਨ ਜਾਤੀ ਨੇ ਆਪਣੇ ਦੁਸ਼ਮਨ ਦਾਰਾ ਨੂੰ ਸੁਨੇਹੇ ਵਿਚ ਇਕ ਪੰਛੀ, ਇਕ ਚੂਹਹਾ, ਇਕ ਡੱਡੂ ਅਤੇ ਪੰਜ ਤੀਰ ਭੇਜੇ ਸਨ। ਇਸ ਦਾ ਅਰਥ ਇਹ ਹੈ ਕਿ ‘ਜੇ ਉਹ ਪੰਛੀ ਦੀ ਤਰ੍ਹਾਂ ਉੱਡ ਨਹੀਂ ਸਕਦੇ, ਚੂਹੇ ਦੀ ਤਰ੍ਹਾਂ ਲੁਕ ਨਹੀਂ ਸਕਦੇ ਅਤੇ ਡੱਡੂ ਦੀ ਤਰ੍ਹਾਂ ਦਲਦਲ ਵਿਚ ਉੱਛਲ ਨਹੀਂ ਸਕਦੇ ਤਾਂ ਉਨ੍ਹਾਂ ਨੂੰ ਲੜਾਈ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਹ ਤੀਰਾਂ ਨਾਲ ਉਡਾਏ ਜਾਣਗੇ। ਰੱਸੀ ਜਾਂ ਧਾਗੇ ਨੂੰ ਗੰਢ ਅਤੇ ਸੋਟੀ ਵਿਚ ਟੱਕ ਲਾ ਕੇ ਕਈ ਗੱਲਾਂ ਨੂੰ ਯਾਦ ਰੱਖਿਆ ਜਾਂਦਾ ਸੀ। ਪੁਰਾਣੀਆਂ ਜਾਤੀਆਂ ਹੁਣ ਤਕ ਇਸ ਢੰਗ ਦੀ ਵਰਤੋਂ ਕਰਦੀਆਂ ਹਨ। ਪੰਜਾਬ ਵਿਚ ਇਹ ਰਸਮ ਹੁਣ ਤਕ ਚਲੀ ਆਉਂਦੀ ਹੈ ਕਿ ਜਦੋਂ ਕਿਸੇ ਨੂੰ ਚੇਤੇ ਰੱਖਣ ਵਾਸਤੇ ਕਿਹਾ ਜਾਵੇ ਤਾਂ ਪੱਗ ਦੇ ਲੜ ਨੂੰ ਗੰਢ ਪਾ ਲੈਣ ਲਈ ਆਖਿਆ ਜਾਂਦਾ ਹੈ।

          ਅਸਲ ਲਿਖਣ-ਕਲਾ ਦਾ ਆਰੰਭ ਮੂਰਤੀ-ਲਿਪੀ ਤੋਂ ਹੁੰਦਾ ਹੈ। ਇਸ ਵਿਚ ਚੀਜ਼ਾਂ ਦੀ ਅੱਧੀ ਕੁ ਮੂਰਤੀ ਦਾ ਚਿੰਨ੍ਹ ਬਣਾ ਲਿਆ ਜਾਂਦਾ ਸੀ ਜਿਸ ਨਾਲ ਚੇਤੇ ਉੱਤੇ ਸਥਾਈ ਅਸਰ ਪੈਂਦਾ ਸੀ। ਵਿਕਾਸ ਦਾ ਦੂਜਾ ਪੜਾ ਚਿੱਤਰ-ਲਿਪੀ ਸੀ ਜਿਸ ਵਿਚ ਚੀਜ਼ ਦਾ ਸਿਰਫ਼ ਖ਼ਾਕਾ ਹੀ ਖਿੱਚਿਆ ਜਾਂਦਾ ਸੀ। ਪੱਥਰ-ਯੁੱਗ ਦੀਆਂ ਗੁਫਾਵਾਂ ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਮਿਲਦੀਆਂ ਹਨ।

          ਲਿਪੀ ਦੇ ਵਿਕਾਸ ਦਾ ਤੀਜਾ ਪੜਾ ਵਿਚਾਰ-ਲਿਪੀ ਸੀ। ਇਹ ਇਕ ਕਿਸਮ ਦਾ ਚਿਤਰਣ ਸੀ, ਜਿਸ ਰਾਹੀਂ ਕਿਸੇ ਵਿਚਾਰ ਨੂੰ ਪ੍ਰਗਟ ਕੀਤਾ ਜਾਂਦਾ ਸੀ। ਇਸ ਤਰ੍ਹਾਂ ਅੱਖ ਅਤੇ ਉਸ ਦੇ ਵਿਚੋਂ ਵਹਿੰਦੇ ਹੰਝੂਆਂ ਦਾ ਚਿਤਰ ਸ਼ੋਕ ਦੀ ਹਾਲਤ ਨੂੰ ਦਸਦਾ ਸੀ। ਦੂਜੇ ਸ਼ਬਦਾਂ ਵਿਚ ਇਹ ਇੱਕ ਚਿਤਰ-ਕਹਾਣੀ ਸੀ। ਇਸ ਤਰ੍ਹਾਂ ਦੇ ਸਾਰੇ ਜਤਨਾਂ ਵਿਚ ਧੁਨੀ ਜਾਂ ਸ਼ਬਦ ਅਤੇ ਉਸ ਦੇ ਸੂਚਕ ਚਿਤਰਾਂ ਵਿਚ ਕੋਈ ਸਿੱਧਾ ਸਬੰਧ ਨਹੀਂ ਸੀ। ਵਿਕਾਸ ਦੇ ਚੌਥੇ ਪੜਾ ਵਿਚ ਚਿੱਤਰ ਨੂੰ ਅੱਖਰ ਵਿਚ ਬਦਲਣ ਦਾ ਸਮਾਂ ਆਉਂਦਾ ਹੈ ਜਿਸ ਵਿਚ ਉਸ ਭਾਗ ਨੂੰ ਕਿਸੇ ਚੀਜ਼ ਦੇ ਨਾਂ ਜਾਂ ਉਸ ਦੇ ਪਹਿਲੇ ਅੱਖਰ ਦੀ ਆਵਾਜ਼ ਨਾਲ ਜੋੜਿਆ ਜਾਣ ਲੱਗਾ। ਮਿਸਰ, ਸੁਮੇਰ, ਚੀਨ, ਕ੍ਰੀਟ (Crete) ਆਦਿ ਦੇ ਲੇਖਾਂ ਦਾ ਵਿਕਾਸ ਸਭ ਤੋਂ ਪਿੱਛੋਂ ਹੋਇਆ। ਇਨ੍ਹਾਂ ਵਿਚ ਧੁਨੀ ਸਮੂਹ ਅਰਥਾਤ ਇਕ ਧੁਨੀ ਲਈ ਇਕ ਚਿੰਨ੍ਹ ਨਿਸਚਿਤ ਰੂਪ ਵਿਚ ਸਥਿਰ ਹੋ ਗਿਆ।

          ਸੰਸਾਰ ਵਿਚ ਪ੍ਰਚਲਤ ਲਿਖਣ ਕਲਾ ਦੇ ਕਈ ਪਰਿਵਾਰ ਹਨ। ਉਨ੍ਹਾਂ ਵਿਚੋਂ ਖ਼ਾਸ ਖ਼ਾਸ ਪਰਿਵਾਰਾਂ ਦੀ ਜਾਣ ਪਛਾਣ ਹੇਠ ਦਿੱਤੀ ਜਾਂਦੀ ਹੈ।

          ਕਿੱਲਾਖਰ (Cuneiform––3500 ਈ. ਪੂ. 100 ਈ. ਪੂ.)––ਪੁਰਾਣੇ ਤੋਂ ਪੁਰਾਣੇ ਲੇਖ ਦਜਲਾ ਤੇ ਫ਼ਰਾਤ ਦਰਿਆਵਾਂ ਦੇ ਵਿਚਕਾਰ ਮੈਸੋਪੋਟਾਮੀਆ ਵਿਚ ਮਿਲਦੇ ਹਨ। ਕੀਸ਼ ਤੋਂ ਮਿਲੇ ਸ਼ਿਲਾ ਲੇਖ ਵਿਚ ਜੋ ਇਸ ਸਮੇਂ ਐਸ਼ਮੋਲੀਅਨ ਅਜਾਇਬ ਘਰ (Ashmolean museum) ਆੱਸਫ਼ੋਰਡ ਵਿਚ ਸੁਰਖਿਅਤ ਹੈ, ਆਦਮੀ ਦੇ ਸਿਰ, ਹੱਥ, ਪੈਰ, ਇੰਦਰੀ ਆਦਿਕ ਚਿੰਨ੍ਹਾਂ ਨਾਲ ਭਾਵ ਪ੍ਰਗਟ ਕੀਤੇ ਗਏ ਹਨ। ਇਹ ਇਕ ਤਰ੍ਹਾਂ ਦੀ ਚਿਤਰ-ਕਾਪੀ ਸੀ। ਅੱਖਰ ਕੱਚੀ ਮਿੱਟੀ ਦੀਆਂ ਤਖ਼ਤੀਆਂ ਉੱਤੇ ਲਿਖੇ ਜਾਂਦੇ ਸਨ ਤੇ ਲਿਖਣ ਦੀ ਕਠਨਾਈ ਨੇ ਚਿਤਰ-ਲਿਪੀ ਨੂੰ ਕਿੱਲਾਖਰਾਂ ਵਿਚ ਬਦਲ ਦਿਤਾ। ਇਹ ਅੱਖਰ ਆਕਾਰ ਵਿਚ ਕਿੱਲ (ਫ਼ਾਨੇ) ਵਰਗੇ ਸਨ, ਇਸ ਲਈ ਇਨ੍ਹਾਂ ਨੂੰ ਕਿੱਲਾਖਰ ਕਹਿੰਦੇ ਹਨ। ਸਭ ਤੋਂ ਪਹਿਲਾਂ ਸੁਮੇਰ ਨਿਵਾਸੀਆਂ ਨੇ ਇਸ ਲਿਪੀ ਦੀ ਵਰਤੋਂ ਕੀਤੀ। ਕਿਹਾ ਜਾਂਦਾ ਹੈ ਕਿ ਇਹ ਲੋਕ ਸਾਮੀ ਜਾਤੀ ਤੋਂ ਵਖਰੇ ਸਨ ਅਤੇ ਆਪਣੀ ਲਿਖਣ ਕਲਾ ਕਿਤੋਂ ਬਾਹਰੋਂ ਸਮੁੰਦਰ ਦੇ ਰਸਤੇ ਲਿਆਏ ਸਨ। ਇਨ੍ਹਾਂ ਤੋਂ ਬਾਬਿਲੀ, ਅਸੁਰ, ਈਲਾਮੀ, ਕੱਸੀ, ਖਤੀ, ਮਿਟਾਨੀ, ਇਰਾਨੀ ਆਦਿ ਲੋਕਾਂ ਨੇ ਕਿੱਲਾਖਰਾਂ ਨੂੰ ਅਪਣਾਇਆ। ਵੱਖਰੇ ਵੱਖਰੇ ਇਲਾਕਿਆਂ ਵਿਚ ਇਸ ਦੇ ਵੱਖ ਵੱਖ ਰੂਪ ਸਨ।

          2. ਮਿਸਰੀ ਅੱਖਰ (3000 ਈ. ਪੂ.––500 ਈ. ਪੂ.)––ਇਸ ਦਾ ਵਿਕਾਸ ਚਿਤਰ-ਲਿਪੀ ਤੋਂ ਹੋਇਆ। ਇਸ ਦੇ ਤਿੰਨ ਹਿੱਸੇ ਕੀਤੇ ਜਾ ਸਕਦੇ ਹਨ :––

          (1) ਚਿੱਤਰ-ਅੱਖਰ ਜਾਂ ਹਾਇਰੋਗਲਿਫ਼ੀ (Hieroglyphy)––ਚੀਜ਼ਾਂ ਦੇ ਚਿਤਰਾਂ ਰਾਹੀਂ ਸ਼ਬਦ ਜਾਂ ਸ਼ਬਦ ਦੇ ਹਿੱਸੇ ਦਾ ਗਿਆਨ ਹੁੰਦਾ ਸੀ। ਯਾਦਗਾਰਾਂ ਉੱਤੇ ਅਕਸਰ ਇਸ ਦੀ ਵਰਤੋਂ ਕੀਤਾ ਜਾਂਦੀ ਸੀ।

          (2) ਹਾਇਰੈਟਿਕ (ਪੁਰੋਹਿਤੀ–Hieratic)–ਇਸ ਦੀ ਵਰਤੋਂ ਧਾਰਮਿਕ ਪੁਸਤਕਾਂ ਦੇ ਲਿਖਣ ਲਈ ਕੀਤੀ ਜਾਂਦੀ ਸੀ।

          (3) ਡਿਮਾਟਿਕ (Demotic)––ਇਸ ਦੀ ਵਰਤੋਂ ਲੇਖਕ ਆਮ ਕਾਰ ਵਿਹਾਰ ਵਿਚ ਕਰਦੇ ਸਨ।

          ਅੰਤਲੇ ਦੋ ਰੂਪ ਪਹਿਲਾਂ ਦੇ ਹੀ ਘੜੀਸਵੇਂ (Cursive) ਰੂਪ ਸਨ। ਧੁਨੀ-ਆਤਮਕ ਪੱਖ ਤੋਂ ਇਨ੍ਹਾਂ ਦੇ ਤਿੰਨ ਹਿੱਸੇ ਕੀਤੇ ਜਾ ਸਕਦੇ ਹਨ। (1) ਸ਼ਬਦ-ਚਿੰਨ੍ਹ (ਇਕ ਪੂਰੇ ਸ਼ਬਦ ਲਈ ਇਕ ਚਿੰਨ੍ਹ), (2) ਧੁਨੀ-ਪੂਰਕ ਚਿੰਨ੍ਹ ਅਤੇ (3) ਨਿਰਧਾਰਕ ਚਿੰਨ੍ਹ (ਚੀਜ਼ਾਂ ਦੇ ਫ਼ਰਕ ਨੂੰ ਦੱਸਣ ਵਾਲਾ ਚਿੰਨ੍ਹ)।

          ਪਿਛੋਂ ਦੇ ਸਾਮੀ ਅੱਖਰਾਂ ਵਾਂਗ ਹੀ ਮਿਸਰੀ ਅੱਖਰਾਂ ਵਿਚ ਵੀ ਸਿਰਫ਼ ਵਿਅੰਜਨ ਹੀ ਹੁੰਦੇ ਸਨ। ਇਨ੍ਹਾਂ ਵਿਚ ਇਕ ਵਿਅੰਜਨ ਅਤੇ ਦੋ ਵਿਅੰਜਨਾਂ ਨੂੰ ਪ੍ਰਗਟ ਕਰਨ ਵਾਲੇ ਦੋ ਤਰ੍ਹਾਂ ਦੇ ਚਿੰਨ੍ਹ ਸਨ। ਦੋ ਵਿਅੰਜਨਾਂ ਨੂੰ ਪ੍ਰਗਟ ਕਰਨ ਵਾਲੇ ਚਿੰਨ੍ਹਾਂ ਦੀ ਗਿਣਤੀ ਪੰਝੱਤਰ ਹੁੰਦੀ ਸੀ, ਜਿਨ੍ਹਾਂ ਵਿਚੋਂ ਪੰਜਾਹਾਂ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਸੀ।

          3. ਸਿੰਧ ਘਾਟੀ ਦੀ ਲਿਪੀ (3500 ਈ. ਪੂ. –– 2000 ਈ. ਪੂ.)––ਹੜੱਪਾ ਅਤੇ ਮਹਿੰਦਜੋਦੜੋ ਦੀ ਖੁਦਾਈ ਤੋਂ ਲੱਗਭੱਗ ਅੱਠ ਸੌ ਮੋਹਰਾਂ ਅਤੇ ਪੱਥਰ ਤੇ ਤਾਂਬੇ ਦੀਆਂ ਤਖ਼ਤੀਆਂ ਮਿਲੀਆਂ ਹਨ, ਜਿਨ੍ਹਾਂ ਉਤੇ ਇਹ ਅੱਖਰ-ਚਿੰਨ੍ਹ ਉਕਰੇ ਹੋਏ ਹਨ। ਮਾਲੂਮ ਹੁੰਦਾ ਹੈ ਕਿ ਇਨ੍ਹਾਂ ਵਿਚ ਵੱਖ ਵੱਖ ਸਮਿਆਂ ਦੇ ਲਿਪੀ-ਚਿੰਨ੍ਹ ਸ਼ਾਮਲ ਹਨ। ਇਹ ਲਿਪੀ ਸੁਮੇਰ ਦੀ ਲਿਪੀ ਨਾਲ ਮਿਲਦੀ ਜੁਲਦੀ ਹੈ। ਇਨ੍ਹਾਂ ਦੋਹਾਂ ਲਿਪੀਆਂ ਦੇ ਆਪਸ ਵਿਚ ਸਬੰਧ ਬਾਰੇ ਯਕੀਨ ਨਾਲ ਕੁਝ ਕਹਿਣਾ ਔਖਾ ਹੈ ਪਰ ਜੇ ਸੁਮੇਰ ਵਿਚ ਲਿਪੀ ਬਾਹਰੋਂ ਹੀ ਗਈ ਹੈ ਤਾਂ ਇਹਦਾ ਸੋਮਾਂ ਸਿੰਧ ਘਾਟੀ ਵੀ ਹੋ ਸਕਦਾ ਹੈ। ਮੂਲ ਭਾਰਤੀ ਲਿਪੀ ਬ੍ਰਹਮੀ ਨਾਲ ਸਿੰਧ ਘਾਟੀ ਦੀ ਲਿਪੀ ਦਾ ਸਬੰਧ ਜੋੜਣ ਵਿਚ ਪਹਿਲੇ ਪੁਰਾਤੱਤਵ-ਵਿਗਿਆਨੀ ਕੁਝ ਝਿਜਕਦੇ ਸਨ। ਤੁਲਨਾ ਕਰਨ ਨਾਲ ਬ੍ਰਹਮੀ ਦੇ ਅੱਠ ਅੱਖਰ ਸਿੰਧ ਘਾਟੀ ਵਿਚ ਆਪਣੇ ਸੁਤੰਤਰ ਰੂਪ ਵਿਚ ਮੌਜੂਦ ਹਨ। ਸੰਯੁਕਤ ਅੱਖਰਾਂ ਵਿਚ ਕਈ ਹੋਰ ਅੱਖਰਾਂ ਦੇ ਰੂਪਾਂ ਦਾ ਵੀ ਝਾਉਲਾ ਪੈਂਦਾ ਹੈ। ਇਸ ਤਰ੍ਹਾਂ ਦੋਹਾਂ ਦਾ ਸਬੰਧ ਸਪੱਸ਼ਟ ਹੁੰਦਾ ਜਾ ਰਿਹਾ ਹੈ। ਬ੍ਰਹਮੀ ਤੇ ਸਿੰਧੂ ਲਿਪੀ ਦੀ ਸਮਾਨਤਾ ਦਾ ਕਾਰਨ ਇਹ ਹੈ ਕਿ ਦੋਵੇਂ ਇਕੋ ਸੋਮੇ ਤੋਂ ਨਿਕਲੀਆਂ ਹਨ। ਬ੍ਰਹਮੀ ਆਰਾਮੀ ਤੋਂ ਲਿਕਲੀ ਹੈ ਤੇ ਸਿੰਧੂ ਲਿਪੀ ਵੀ ਮਿਸਰੀ ਲਿਪੀ ਤੋਂ ਵੀ ਵਿਕਸੀ ਜਾਪਦੀ ਹੈ।

          4. ਮਿਨੋਆਨ ਲਿਪੀ (2000 ਈ. ਪੂ. –– 1000 ਈ. ਪੂ.) ਯੂਨਾਨ ਵਿਚ ਯਵਨ ਸਭਿਅਤਾ ਦਾ ਵਿਕਾਸ ਹੋ ਚੁਕਿਆ ਸੀ ਜਿਸ ਨੂੰ ਈਜੀਆਨ (Aegean) ਜਾਂ ਮਿਨੋਆਨ (Minoan) ਸਭਿਅਤਾ ਕਹਿੰਦੇ ਹਨ।

          5. ਖ਼ੱਤੀ ਚਿਤਰ ਲਿਪੀ (1500 ਈ. ਪੂ.–– 700 ਈ. ਪੂ.) ਖ਼ੱਤੀ ਨਸਲ ਦੇ ਲੋਕ ਏਸ਼ੀਆ-ਕੋਚਕ ਅਤੇ ਉੱਤਰੀ ਸੀਰੀਆ ਵਿਚ ਰਹਿੰਦੇ ਸਨ। ਇਨ੍ਹਾਂ ਦੀ ਬੋਲੀ ਇੰਡੋ-ਯੂਰਪੀ ਪਰਿਵਾਰ ਵਿਚੋਂ ਸੀ। ਸੁਮੇਰ ਦੇ ਨਾਲ ਮਿਲਦੀ ਜੁਲਦੀ ਲਿਪੀ ਤੋਂ ਇਲਾਵਾ ਇਹ ਚਿਤਰ-ਲਿਪੀ ਦੀ ਵੀ ਵਰਤੋਂ ਕਰਦੇ ਸਨ। ਇਹ ਲਿਪੀ ਮਿਨੋਆਨ ਲਿਪੀ ਨਾਲ ਵੀ ਮਿਲਦੀ ਹੈ।

          6. ਚੀਨੀ ਵਿਚਾਰ ਲਿਪੀ (200 ਈ. ਪੂ.)––ਇਹ ਇਕ ਤਰ੍ਹਾਂ ਦੀ ਵਿਸ਼ਲੇਸ਼ਣਾਤਮਕ ਵਿਚਾਰ-ਧੁਨੀ-ਲਿਪੀ ਹੈ। ਭਾਵੇਂ ਸੰਸਾਰ ਦੀ ਕੁਲ ਆਬਾਦੀ ਦਾ ਪੰਜਵਾਂ ਹਿੱਸਾ ਇਸ ਦੀ ਹੁਣ ਵੀ ਵਰਤੋਂ ਕਰ ਰਿਹਾ ਹੈ ਪਰ ਫਿਰ ਵੀ ਪਿਛਲੇ ਚਾਰ ਹਜ਼ਾਰ ਸਾਲਾਂ ਤੋਂ ਇਸ ਵਿਚ ਕੋਈ ਖ਼ਾਸ ਵਿਕਾਸ ਨਹੀਂ ਹੋਇਆ। ਇਸ ਲਿਪੀ ਵਿਚ ਕਈ ਹਜ਼ਾਰ ਚਿੰਨ੍ਹ ਵਰਤੇ ਜਾਦੇ ਸਨ। ਸਿਰਫ਼ ਇਨ੍ਹਾਂ ਦੇ ਬਾਹਰਲੇ ਰੂਪ ਤੇ ਸ਼੍ਰੇਣੀ-ਵੰਡ ਵਿਚ ਥੋੜ੍ਹਾ ਬਹੁਤ ਫ਼ਰਕ ਪਿਆ ਹੈ।

          ਇਹ ਲਿਪੀ ਉਪਰ ਤੋਂ ਹੇਠ ਨੂੰ ਲਿਪੀ ਜਾਂਦੀ ਹੈ। ਇਸ ਦੇ ਕਾਲਮ ਪੰਨੇ ਦੇ ਸੱਜੇ ਪਾਸਿਉਂ ਸ਼ੁਰੂ ਹੁੰਦੇ ਹਨ।

          7. ਕੋਲੰਬਸ ਤੋਂ ਪਹਿਲਾਂ ਦੀ ਮੁੱਢਲੀ ਅਮਰੀਕੀ ਲਿਪੀ––(100-1250 ਈ.)––ਮੱਧ ਅਮਰੀਕਾ ਅਤੇ ਮੈਕਸੀਕੋ ਵਿਚ ਪਹਿਲੇ ਹਜ਼ਾਰ ਵਰਿQਆਂ ਦੇ ਪਹਿਲੇ ਅੱਧ ਵਿਚ ਮਾਇਆ ਅਤੇ ਦੂਜੇ ਹਜ਼ਾਰ ਵਰਿQਆਂ ਦੇ ਪਹਿਲੇ ਅੱਧ ਵਿਚ ਐਜ਼ਟਿਕ (Aztec) ਕੌਮਾਂ ਨੇ ਆਪਣਾ ਕਬਜ਼ਾ ਜਮਾਇਆ ਹੋਇਆ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸਭਿਅਤਾ ਦਾ ਵਿਕਾਸ ਕੀਤਾ। ਮਾਇਆ ਜਾਤੀ ਇਕ ਸੁੰਦਰ ਲਿਪੀ ਦੀ ਵਰਤੋਂ ਕਰਦੀ ਸੀ, ਜਿਹੜੀ ਸਜਾਵਟੀ ਥੰਮ੍ਹਾਂ, ਬਰਤਨਾਂ, ਧਾਤ ਤੇ ਪੱਥਰ ਦੇ ਟੁਕੜਿਆਂ ਅਤੇ ਹੱਥ-ਲਿਖਤ ਪੁਸਤਕਾਂ ਵਿਚ ਮਿਲਦੀ ਹੈ। ਇਹ ਲਿਪੀ ਵੀ ਠੀਕ ਤੌਰ ਤੇ ਪੜ੍ਹੀ ਨਹੀਂ ਗਈ। ਐਜ਼ਟਿਕ ਕੌਮ ਮਾਇਆ ਲਿਪੀ ਦੇ ਵਿਗੜੇ ਹੋਏ ਰੂਪ ਨੂੰ ਵਰਤਦੀ ਸੀ ਕਿਉਂਕਿ ਇਸ ਵਿਚ ਵਿਚਾਰ ਲਿਪੀ ਅਤੇ ਧੁਨੀ-ਆਤਮਕ ਸ਼ਬਦ ਖੰਡਾਂ ਦਾ ਰਲਾ ਹੈ ਜਿਹੜਾ ਵਰਣ ਦੇ ਅਬੂਰੀ ਦੌਰ ਦਾ ਲਖਾਇਕ ਹੈ।

          8. ਈਸਟਰਨ ਦੀਪ ਲਿਪੀ (1500 ਈ.) ਸ਼ਾਂਤ ਮਹਾਂਸਾਗਰ ਵਿਚ ਚਿੱਲੀ ਦੇ ਸਮੁੰਦਰੀ ਕਿਨਾਰੇ ਤੋਂ ਪੱਛਮ ਵਿਚ 3200 ਕਿ. ਮੀ. ਦੂਰ ਈਸਟਰ ਟਾਪੂ ਹੈ। ਇਸ ਦਾ ਖੇਤਰਫਲ 128 ਵਰਗ ਕਿ. ਮੀ. ਹੈ। ਇਥੇ ਪੁਰਾਣੀ ਸਭਿਅਤਾ ਦੇ ਕੁਝ ਨਿਸ਼ਾਨ ਮਿਲਦੇ ਹਨ। ਇਨ੍ਹਾਂ ਵਿਚ ਲੱਕੜੀ ਦੀਆਂ ਕੁਝ ਤਖ਼ਤੀਆਂ ਵੀ ਹਨ ਜਿਨ੍ਹਾਂ ਉੱਤੇ ਚਿੱਤਰ-ਲਿਪੀ ਵਿਚ ਲਿਖੀਆਂ ਲਿਖਤਾਂ ਮਿਲਦੀਆਂ ਹਨ। ਇਸ ਲਿਪੀ ਵਿਚ ਕੁਝ ਚਿੰਨ੍ਹਾਂ ਦੀਆਂ ਮੂਰਤਾਂ ਸ਼ੈਲੀਬੱਧ ਕੀਤੀਆਂ ਲਗਦੀਆਂ ਹਨ। ਇਹ ਲੇਖ ਬਲਦ-ਮੂਤਣੇ ਵਾਂਗ ਸਜਿਉਂ ਖੱਬੇ ਤੇ ਖਬਿਉਂ ਸੱਜੇ ਵੱਲ ਲਿਖੇ ਗਏ ਹਨ।

          ਧੁਨੀ ਸੂਚਕ ਅੱਖਰ––ਸ਼ਬਦ-ਖੰਡੀ ਅੱਖਰ ਅਤੇ ਵਰਣਾਂ ਵਾਲੇ ਅੱਖਰਾਂ ਦੀਆਂ ਉਦਾਹਰਣਾਂ ਕਿਤੇ ਕਿਤੇ ਲਿਖਣ ਕਲਾ ਦੇ ਇਤਿਹਾਸ ਵਿਚ ਮਿਲਦੀਆਂ ਹਨ। ਲਿਖਣ ਦੇ ਇਸ ਢੰਗ ਵਿਚ ਇਕ ਚਿੰਨ੍ਹ ਧੁਨੀਆਂ ਦੇ ਇਕ ਸਮੂਹ ਲਈ ਨਿਸਚਿਤ ਕੀਤਾ ਹੁੰਦਾ ਹੈ ਅਤੇ ਕਈ ਧੁਨੀਆਂ ਦੇ ਸਮੂਹ ਮਿਲ ਕੇ ਇਕ ਸ਼ਬਦ ਨੂੰ ਪ੍ਰਗਟ ਕਰਦੇ ਹਨ। ਜੇ ਕੋਈ ਸ਼ਬਦ ਖੰਡਾਤਮਕ ਹੈ ਉਸ ਦਾ ਗਿਆਨ ਇਕ ਚਿੰਨ੍ਹ ਰਾਹੀਂ ਵੀ ਕੀਤਾ ਜਾ ਸਕਦਾ ਹੈ। ਜਿਸ ਬੋਲੀ ਦੇ ਇਕ ਸ਼ਬਦ-ਖੰਡ ਵਿਚ ਕਈ ਵਿਅੰਜਨ ਹੋਣ, ਉਸ ਵਿਚ ਸ਼ਬਦ ਖੰਡ ਲਿਖਣ-ਕਲਾ ਬਹੁਤ ਮੁਸ਼ਕਲ ਹੋ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਇੰਦਰ ਸ਼ਬਦ ਨੂੰ ਲਿਖਣ ਲਈ ਇ-ਨ-ਦ-ਰ ਲਿਖਣਾ ਪਵੇਗਾ। ਅੰਗਰੇਜ਼ੀ ਸ਼ਬਦ ਸਟ੍ਰੈਂਗਥ (Strength) ਨੂੰ ‘ਸ-ਟ-ਰੈ-ਨ-ਗ-ਥ’ ਲਿਖਣਾ ਪਵੇਗਾ।

          ਸ਼ਬਦ-ਖੰਡੀ ਅੱਖਰ ਦੀ ਵਤਰੋਂ ਦੀ ਮੋਟੀ ਉਦਾਹਰਣ ਜਾਪਾਨੀ ਬੋਲੀ ਵਿਚ ਮਿਲਦੀ ਹੈ ਭਾਵੇਂ ਇਸ ਵਿਚ ਵਿਅੰਜਨ-ਸਮੂਹ ਅਤੇ ਬੰਦ-ਸ਼ਬਦ-ਖੰਡ ਬਿਲਕੁਲ ਨਹੀਂ ਹਨ। ਇਸ ਦਾ ਵਿਕਾਸ ਚੀਨੀ ਲਿਪੀ ਤੋਂ ਹੋਇਆ ਹੈ। ਸ਼ਬਦ-ਖੰਡੀ ਅੱਖਰਾਂ ਦੀਆਂ ਹੋਰ ਵੱਡੀਆਂ ਉਦਾਹਰਣਾਂ ਹੇਠ ਦਿੱਤੀਆਂ ਜਾਂਦੀਆਂ ਹਨ :–

          (1) ਅਸੀਰੀਆ ਦੇ ਕਿੱਲਾਖਰ (2) ਉੱਤਰੀ ਸੀਰੀਆ ਦੀ ਅਰਧ-ਚਿੱਤਰ ਲਿਪੀ (3) ਸਾਈਪ੍ਰਸ ਦੀ ਪੁਰਾਣੀ ਲਿਪੀ ਅਤੇ (4) ਪੱਛਮੀ ਅਫ਼ਰੀਕਾ, ਉੱਤਰੀ ਅਫ਼ਰੀਕਾ, ਚੀਨ ਆਦਿ ਦੇਸ਼ਾਂ ਦੀਆ ਵਰਤਮਾਨ ਲਿਪੀਆਂ। ਵਰਣਾਂ ਵਾਲੇ ਅੱਖਰਾਂ ਦੇ ਨਮੂਨੇ ਪੁਰਾਣੇ ਈਰਾਨੀ ਕਿੱਲਾਖਰਾਂ ਅਤੇ ਹਬਸ਼ਿਸਤਾਨ (ਇਥੋਪੀਆ) ਦੀ ਮੀਰੋਈ (Moroe) ਲਿਪੀ ਵਿਚ ਮਿਲਦੇ ਹਨ।

          ਵਰਣਾਂ ਦੀ ਕਾਢ ਲਿਖਣ-ਕਲਾ ਦੇ ਵਿਕਾਸ ਵਿਚ ਸਭ ਤੋਂ ਮਹੱਤਵ ਵਾਲੀ ਗੱਲ ਹੈ। ਇਸ ਵਿਚ ਇਕ ਇਕ ਚਿੰਨ੍ਹ ਸਿਰਫ਼ ਇਕੋ ਧੁਨੀ ਨੂੰ ਦਰਸਾਉਂਦਾ ਹੈ। ਇਸ ਪੱਖੋਂ ਅਰਬੀ ਤੇ ਰੋਮਨ ਅੱਖਰ ਅਜੇ ਤੱਕ ਅਪੂਰਨ ਹਨ। ਸਭ ਤੋਂ ਸੰਪੂਰਨ ਉਦਾਹਰਣ ਗੁਰਮੁਖੀ, ਦੇਵਨਾਗਰੀ ਆਦਿ ਭਾਰਤੀ ਅੱਖਰਾਂ ਦੀ ਹੈ ਜਿਨ੍ਹਾਂ ਵਿਚ ਇਕ ਅੱਖਰ ਸਿਰਫ਼ ਇਕੋ ਧੁਨੀ ਨੂੰ ਹੀ ਪ੍ਰਗਟ ਕਰਦਾ ਹੈ। ਇਸ ਪੜਾਉ ਉਤੇ ਧੁਨੀ ਦਾ ਵਰਣ ਦੀ ਸ਼ਕਲ ਨਾਲ ਕੋਈ ਸਬੰਧ ਨਹੀਂ ਹੁੰਦਾ। ਚਿੰਨ੍ਹ ਤੋਂ ਕੇਵਲ ਰਵਾਇਤ ਅਨੁਸਾਰ ਨਿਸਚਿਤ ਧੁਨੀ ਦਾ ਬੋਧ ਹੁੰਦਾ ਹੈ। ਦੋ ਹਜ਼ਾਰ ਸਾਲ ਈ. ਪੂ. ਤੋਂ ਵਰਣਾ ਦੀਆਂ ਮਿਸਾਲਾਂ ਮਿਲਦੀਆਂ ਹਨ ਅਤੇ ਹੁਣ ਚੀਨ ਨੂੰ ਛਡਕੇ ਲਗਭਗ ਸਾਰੇ ਦੇਸ਼ਾਂ ਵਿਚ ਇਨ੍ਹਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

          ਸਾਮੀ ਸ਼ਾਖ਼––ਵਰਣਾਂ ਦੀ ਉਤਪਤੀ ਦੇ ਸਬੰਧ ਵਿਚ ਅਜੇ ਤੱਕ ਬਹੁਤ ਮਤਭੇਦ ਹੈ। ਯੂਨਾਨੀ ਤੇ ਰੋਮਨ ‘ਐਲਫ਼ਾਬੈਟ’ (ਵਰਣਮਾਲਾ) ਦਾ ਮੂਲ ਮਿਸਰ, ਸੁਮੇਰ, ਕ੍ਰੀਟ ਆਦਿ ਦੇਸ਼ਾਂ ਵਿਚ ਲੱਭਣ ਦਾ ਜਤਨ ਹੁੰਦਾ ਰਿਹਾ ਹੈ। ਆਮ ਪ੍ਰਚਲਤ ਰਾਏ ਅਨੁਸਾਰ ਉੱਤਰੀ ਸਾਮੀ ਅੱਖਰਾਂ ਤੋਂ ਹੀ ਸਾਰੇ ਵਰਣਾਂ ਦਾ ਵਿਕਾਸ ਹੋਣਾ ਮੰਨਿਆ ਜਾਂਦਾ ਹੈ। ਈਸਾ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਇਸ ਦੀਆਂ ਚਾਰ ਸ਼ਾਖ਼ਾਵਾਂ ਦਾ ਵਿਕਾਸ ਹੋਇਆ :––

          (1) ਕਨਆਨੀ (ੳ) ਇਬਰਾਨੀ (ਅ) ਫ਼ਿਨੀਕੀ

          (2) ਆਰਾਮੀ (ਉੱਤਰੀ ਸਾਮੀ)

          (3) ਦੱਖਣੀ ਸਾਮੀ (ਅਰਬੀ) ਅਤੇ

          (4) ਯੂਨਾਨੀ

          ਇਨ੍ਹਾਂ ਵਿਚੋਂ ਅਰਬੀ ਅਤੇ ਯੂਨਾਨੀ ਸ਼ਾਖ਼ਾਵਾਂ ਸਭ ਤੋਂ ਵੱਧ ਫੈਲੀਆਂ ਅਰਬੀ ਵਰਣਾਂ ਦਾ ਵਿਕਾਸ ਬਹੁਤ ਛੇਤੀ ਹੋਇਆ। ਚੌਥੀ ਸਦੀ ਵਿਚ ਇਸ ਦਾ ਜਨਮ ਹੋਇਆ ਅਤੇ ਦੋ ਸਦੀਆਂ ਦੇ ਵਿਚਕਾਰ ਹੀ ਲਗਭਗ ਇਸ ਦੇ ਸਾਰੇ ਵਰਣਾਂ ਦੇ ਰੂਪ ਬਦਲ ਗਏ। ਸੱਤਵੀਂ ਸਦੀ ਵਿਚ ਇਸ ਦੇ ਦੋ ਰੂਪ ਹੋ ਗਏ ਸਨ––(1) ਕੂਫੀ ਅਤੇ (2) ਨਸਖ। ਪਹਿਲਾ ਭਾਰੀ, ਮੋਟਾ ਤੇ ਸੁੰਦਰ ਸੀ, ਦੂਜਾ ਗੋਲ ਅਤੇ ਘੜੀਸਵਾਂ ਸੀ। ਅੱਗੇ ਚੱਲ ਕੇ ਪਹਿਲੇ ਰੂਪ ਦਾ ਪ੍ਰਚਾਰ ਸੀਮਤ ਹੋ ਗਿਆ ਅਤੇ ਦੂਜੇ ਰੂਪ ਨੂੰ ਬਹੁਤ ਅਪਣਾਇਆ ਗਿਆ। ਇਸਲਾਮ ਦੇ ਪ੍ਰਚਾਰ ਨਾਲ ਅਰਬੀ ਅੱਖਰ ਸੀਰੀਆ, ਮਿਸਰ, ਈਰਾਨ ਤੁਰਕੀ, ਬਲਕਾਨ, ਦੱਖਣੀ ਰੂਸ, ਮੱਧ-ਏਸ਼ੀਆ, ਉੱਤਰੀ ਅਫ਼ਰੀਕਾ ਆਦਿ ਵਿਚ ਪਹੁੰਚੇ। ਪਹਿਲਾਂ ਬਹੁਤ ਕਰਕੇ ਸਾਮੀ ਬੋਲੀਆਂ ਹੀ ਇਨ੍ਹਾਂ ਅੱਖਰਾਂ ਵਿਚ ਲਿਖੀਆਂ ਜਾਂਦੀਆਂ ਸਨ। ਹੌਲੀ ਹੌਲੀ ਸਲਾਵ, ਈਰਾਨੀ, ਸਪੇਨਿਸ਼, ਹਿੰਦੁਸਤਾਨੀ (ਉਰਦੂ, ਕਸ਼ਮੀਰੀ, ਸਿੰਧੀ ਅਤੇ ਪੰਜਾਬੀ ਆਦਿ) ਅਤੇ ਤਾਤਾਰੀ, ਤੁਰਕੀ ਆਦਿ ਲਈ ਵੀ ਇਨ੍ਹਾਂ ਦੀ ਵਰਤੋਂ ਹੋਣ ਲੱਗੀ। ਮਲਾਈ ਪਾਲੀਨੇਸ਼ਿਆਈ (Malay Polynesian) ਅਤੇ ਬਰਬਰ, ਸਵਾਹਿਲੀ (Swahili), ਸੁਡਾਨੀ ਆਦਿ ਅਫ਼ਰੀਕੀ ਬੋਲੀਆਂ ਨੇ ਵੀ ਅਰਬੀ ਅੱਖਰਾਂ ਨੂੰ ਅਪਣਾਇਆ। ਅਰਬੀ ਅੱਖਰ ਸੱਜੇ ਤੋਂ ਖੱਬੇ ਨੂੰ ਲਿਖੇ ਜਾਂਦੇ ਹਨ। ਧੁਨੀ ਦੇ ਪੱਖੋਂ ਅਰਬੀ ਅੱਖਰ ਔਖੇ ਤੇ ਅਧੂਰੇ ਸਨ। ਈਰਾਨੀਆਂ ਤੇ ਭਾਰਤੀਆਂ ਨੇ ਨਵੀਆਂ ਧੁਨੀਆਂ ਲਈ ਨਵੇਂ ਵਰਣ ਵਧਾਏ। ਛਾਪੇ ਦੇ ਪੱਖੋਂ ਵੀ ਇਨ੍ਹਾਂ ਵਿਚ ਬਹੁਤ ਊਣਤਾਈ ਹੈ ਪਰ ਕਲਮੀਂ ਖ਼ੁਸ਼ਖ਼ੱਤੀ ਦੀਆਂ ਜਿੰਨੀਆਂ ਵੰਨਗੀਆਂ ਇਨ੍ਹਾਂ ਵਰਣਾਂ ਦੀ ਲਿਖਤ ਵਿਚ ਪੈਦਾ ਹੋ ਸਕੀਆਂ ਹਨ, ਉਹ ਹੋਰ ਕਿਸੇ ਲਿਪੀ ਵਿਚ ਨਹੀਂ ਹੋ ਸਕੀਆਂ। ਕੁਰਾਨ ਸ਼ਰੀਫ਼ ਦੇ ਕਈ ਨਮੂਨੇ ਇਕ ਕਥਨ ਦੇ ਗਵਾਹ ਹਨ।

          ਭਾਰਤੀ ਸ਼ਾਖ਼ਾ––ਭਾਰਤੀ ਵਰਣ-ਪਰਿਵਾਰ ਬਹੁਤ ਪੁਰਾਣਾ ਹੈ। ਅੱਖਰਾਂ ਦੇ ਵਿਕਾਸ ਦੀ ਕਹਾਣੀ ਵਿਚ ਇਸ ਦਾ ਖ਼ਾਸ ਸਥਾਨ ਹੈ। ਇਸ ਦੀਆਂ ਮੂਲ ਲਿਪੀਆਂ ਦੋ ਹਨ : (1) ਬ੍ਰਹਮੀ ਅਤੇ (2) ਖ਼ਰੋਸ਼ਟੀ।

          ਪਹਿਲੀ ਖੱਬੇ ਤੋਂ ਸੱਜੇ ਨੂੰ ਅਤੇ ਦੂਜੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਹੈ। ਇਨ੍ਹਾਂ ਦੋਹਾਂ ਦੇ ਨਿਕਾਸ ਤੇ ਵਿਕਾਸ ਦੇ ਸਬੰਧ ਵਿਚ ਯੂਰਪੀ ਵਿਦਵਾਨਾਂ ਨੇ ਕਈ ਵਿਚਾਰ ਪੇਸ਼ ਕੀਤੇ ਹਨ। ਬਿਊਲਰ (Buhler) ਆਦਿ ਲਿਪੀ-ਵਿਗਿਆਨੀਆਂ ਨੇ ਦੋਹਾਂ ਦੀ ਉਤਪਤੀ ਅਰਾਮੀ ਅੱਖਰਾਂ ਤੋਂ ਮੰਨੀ ਹੈ ਅਤੇ ਇਨ੍ਹਾਂ ਦੇ ਪੈਦਾ ਹੋਣ ਦਾ ਸਮਾਂ ਅੱਠਵੀ ਸਦੀ ਈ. ਪੂ. ਨਿਸ਼ਚਿਤ ਕੀਤਾ ਹੈ ਪਰ ਪੁਰਾਣੇ ਵੈਦਿਕ-ਸਾਹਿਤ ਦੇ ਅਧਿਐਨ ਅਤੇ ਸਿੰਧ-ਘਾਟੀ ਦੀ ਲਿਪੀ ਦਾ ਪਤਾ ਲੱਗ ਜਾਦ ਮਗਰੋਂ ਉਤਲੇ ਵਿਚਾਰ ਨਿਰਮੂਲ ਸਾਬਤ ਹੋ ਜਾਂਦੇ ਹਨ। ਬ੍ਰਹਮੀ ਲਿਪੀ ਸ਼ੁੱਧ ਭਾਰਤੀ ਹੈ, ਜਿਸ ਦੀ ਕਾਢ ‘ਬ੍ਰਹਮਾ’ ਅਰਥਾਤ ਵੇਦ ਆਦਿ ਪਵਿੱਤਰ ਗ੍ਰੰਥਾਂ ਨੂੰ ਲਿਖਣ ਲਈ ਬ੍ਰਾਹਮਣਾਂ ਨੇ ਕੱਢੀ ਸੀ। ਇਸ ਦੀ ਉਤਪਤੀ ਸਿੰਧ-ਘਾਟੀ ਦੇ ਚਿੱਤਰ-ਚਿੰਨ੍ਹਾਂ ਤੋਂ ਹੋਈ, ਇਹ ਮਤ ਅਜੇ ਮੰਨਿਆ ਨਹੀਂ ਜਾਂਦਾ। ਸੰਸਕ੍ਰਿਤ ਦੀਆਂ ਬਹੁਤ ਸਾਰੀਆਂ ਧੁਨੀਆਂ ਨੂੰ ਪ੍ਰਗਟ ਕਰਨ ਦੀ ਸ਼ਕਤੀ ਇਸ ਵਿਚ ਹੈ ਜਿਹੜੀ ਕਿਸੇ ਵੀ ਸਾਮੀ ਅਰਥਾਤ, ਪੱਛਮੀ ਅੱਖਰ-ਪਰਿਵਾਰ ਵਿਚ ਨਹੀਂ ਮਿਲਦੀ। ਖ਼ਰੋਸ਼ਟੀ ਅੱਖਰਾਂ ਦੀ ਕਾਢ ਵੀ ਭਾਰਤੀ ਆਵਾਜ਼ਾਂ ਨੂੰ ਲਿਖਣ ਲਈ ਈਰਾਨੀ ਕਾਤਬਾਂ ਨੇ ਕੱਢੀ ਸੀ। ਖਰੋਸ਼ਟੀ ਦੀਆਂ ਮਿਸਾਲਾਂ ਭਾਰਤ ਅਤੇ ਭਾਰਤ ਦੇ ਅਸਰ ਹੇਠ ਆਏ ਪੱਛਮੀ-ਉੱਤਰੀ ਗੁਆਂਢੀ ਦੇਸ਼ਾਂ ਵਿਚ ਮਿਲਦੀਆਂ ਹਨ। ਖ਼ਰੋਸ਼ਟੀ ਅੱਖਰ ਸਾਮੀ ਤੋਂ ਉਪਜੇ ਹੋਣ ਕਾਰਨ ਸੱਜੇ ਤੋਂ ਖੱਬੇ ਨੂੰ ਲਿਖੇ ਜਾਂਦੇ ਸਨ।

          ਬ੍ਰਹਮੀ ਅੱਖਰਾਂ ਦੇ ਵਿਕਾਸ ਅਤੇ ਭਾਰਤ ਵਿਚ ਉਨ੍ਹਾਂ ਦੇ ਪਾਸਾਰ ਅਤੇ ਵਰਤੋਂ ਵਿਚ ਉਨ੍ਹਾਂ ਦੀਆਂ ਚਾਰ ਵੱਡੀਆਂ ਸ਼ਾਖ਼ਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ :––

          (1) ਮੁੱਢਲੀ ਬ੍ਰਹਮੀ––ਇਸ ਦੀ ਵਰਤੋਂ ਛੇਵੀਂ ਸਦੀ ਈ. ਪੂ. ਤੱਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤੀ ਜਾਂਦੀ ਸੀ। ਉਸ ਦੇ ਵੱਡੇ ਅੱਠ ਸਥਾਨਕ ਰੂਪ ਸਨ : ਮੌਰੀਆ ਤੋਂ ਪਹਿਲਾਂ, ਮੁੱਢਲਾ ਮੌਰੀਆ, ਆਖ਼ਰੀ ਮੌਰੀਆ, ਸ਼ੁੰਗ, ਕਲਿੰਗ (ਦ੍ਰਾਵੜ), ਸਾਤਵਾਹਨ (ਆਂਧਰਾ), ਉੱਤਰ-ਭਾਰਤੀ ਅੱਖਰਾਂ ਦੇ ਪਹਿਲੇ ਰੂਪ ਅਤੇ ਦੱਖਣ-ਭਾਰਤੀ ਅਖਰਾਂ ਦੇ ਪਹਿਲੇ ਰੂਪ।

          (2) ਉੱਤਰ-ਭਾਰਤੀ ਅੱਖਰ-ਪਰਿਵਾਰ––ਇਸ ਦਾ ਵਿਕਾਸ ਚੌਥੀ ਸਦੀ ਈ. ਪੂ. ਤੋਂ ਚੌਧਵੀਂ ਸਦੀ ਈਸਵੀ ਤੱਕ ਹੋਇਆ। ਇਸ ਦੀਆਂ ਸੱਤ ਵੱਡੀਆਂ ਸ਼ਾਖ਼ਾਵਾਂ ਸਨ : ਗੁਪਤ-ਲਿਪੀ, ਮੱਧ-ਏਸ਼ੀਆਈ, ਤਿੱਬਤੀ, ਸਿੰਧ-ਮਾਤ੍ਰਿਕਾ, ਸ਼ਾਰਦਾ ਤੇ ਦੇਵਨਾਗਰੀ ਆਦਿ।

          (3) ਉੱਤਰੀ ਭਾਰਤ ਦਾ ਅਜੋਕਾ ਅੱਖਰ-ਪਰਿਵਾਰ––ਇਸ ਦਾ ਵਿਕਾਸ ਚੌਧਵੀਂ ਸਦੀ ਤੋਂ ਮਗਰੋਂ ਹੋਇਆ। ਇਸ ਵਿਚ ਬੰਗਾਲੀ, ਹਿੰਦੀ ਜਾਂ ਦੇਵਨਾਗਰੀ, ਮੈਥਿਲੀ, ਕੈਂਥੀ, ਮਹਾਜਨੀ, ਮੋੜੀ, ਟਾਕਰੇ, ਲੰਡੇ, ਗੁਰਮੁਖੀ, ਗੁਜਰਾਤੀ ਅਤੇ ਮਰਾਠੀ ਸ਼ਾਮਲ ਹੈ।

          (4) ਦੱਖਣ-ਭਾਰਤੀ ਅੱਖਰ-ਪਰਿਵਾਰ––ਚੌਥੀ ਸਦੀ ਤੋਂ ਮਗਰੋਂ ਇਸ ਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ। ਇਸ ਵਿਚ ਤੇਲਗੂ, ਕੰਨੜ, ਮਲਿਆਲਮ, ਤਾਮਿਲ, ਤੱਲੂ ਆਦਿ ਦਾ ਮਿਲਗੋਭਾ ਹੈ। ਇਸ ਪਰਿਵਾਰ ਦੀਆਂ ਕਈ ਲਿਪੀਆਂ ਹੁਣ ਵਰਤੋਂ ਵਿਚ ਨਹੀਂ ਆਉਂਦੀਆਂ। ਸਿਆਲੀ (ਲੰਕਾ ਦੇ) ਅੱਖਰਾਂ ਦੀ ਗਿਣਤੀ ਵੀ ਇਸੇ ਪਰਿਵਾਰ ਵਿਚ ਕੀਤੀ ਜਾ ਸਕਦੀ ਹੈ।

          ਸਭ ਤੋਂ ਪੁਰਾਣੇ ਉਕਰੇ ਹੋਏ ਲੇਖ ਚੰਪਾ (Champa) ਵਿਚ ਮਿਲੇ ਹਨ, ਜਿਹੜੇ ਤੀਜੀ ਸਦੀ ਦੇ ਹਨ। ਇਨ੍ਹਾਂ ਦੀ ਬੋਲੀ ਸੰਸਕ੍ਰਿਤ ਅਤੇ ਅੱਖਰ ਗ੍ਰੰਥ-ਲਿਪੀ ਦੇ ਹਨ। ਬਰਮਾ ਦੇ ਮੋਨ (Mons) ਜਾਂ ਪਯੂ (Pyus) ਰੀਕਾਰਡ 12ਵੀਂ ਸਦੀ ਦੇ ਹਨ। ਇਨ੍ਹਾਂ ਦੇ ਅੱਖਰ ਦੱਖਣੀ ਬ੍ਰਹਮੀ ਤੋਂ ਲਏ ਗਏ ਹਨ। ਇਨ੍ਹਾਂ ਦੋਹਾਂ ਕੌਮਾਂ ਉਤੇ ਬਰ੍ਹਮੀਆਂ ਦਾ ਅਧਿਕਾਰ 12ਵੀਂ ਸਦੀ ਵਿਚ ਕਾਇਮ ਹੋਇਆ। ਇਨ੍ਹਾਂ ਨੇ ਲੰਕਾਂ ਦਾ ਬੁੱਧ ਧਰਮ ਅਪਣਾਇਆ ਅਤੇ ਇਸ ਤਰ੍ਹਾਂ ਲੰਕਾਂ ਵਿਚਲੀ ਬ੍ਰਹਮੀ ਲਿਪੀ ਤੋਂ ਪੈਦਾ ਹੋਈ ਲਿਪੀ ਨੂੰ ਵੀ ਅਪਣਾਇਆ। ਸਿਆਮ (ਥਾਈਲੈਂਡ) ਵਿਚ ਸਭ ਤੋਂ ਪੁਰਾਣਾ ਲੇਖ ਸੁਖੋਦਾਇਆ (Sukhodaya) ਵਿਚ ਮਿਲਿਆ ਸੀ। ਇਸ ਉੱਤੇ ਸ਼ੱਕ ਸੰਮਤ 1214 ਲਿਖਿਆ ਹੋਇਆ ਹੈ। ਜਾਵਾ ਦੀ ਮੂਲ ਬੋਲੀ ਨੂੰ ਭਾਸ਼ਾ ਤੇ ਲਿਪੀ ਨੂੰ ਕਵੀ ਕਿਹਾ ਜਾਂਦਾ ਸੀ। ਇਥੇ ਪੁਰਾਣੇ ਤੋਂ ਪੁਰਾਣਾ ਉਕਰਿਆ ਹੋਇਆ ਲੇਖ ਜਿਹੜਾ ਦਿਨਯ ਵਿਚੋਂ ਮਿਲਿਆ 682 ਸ਼ੱਕ ਸੰਮਤ ਦਾ ਹੈ। ਸੁਮਾਟਰਾ ਮਲਾਇਆ, ਸਿਲੇਬੀਜ਼, ਬਾਲੀ, ਫ਼ਿਲਿਪਾਈਨ ਆਦਿ ਵਿਚ ਕਵੀ-ਅੱਖਰਾਂ ਦੇ ਵੰਨ-ਸੁਵੰਨੇ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਾਵਾ, ਮਲਾਇਆ ਆਦਿ ਵਿਚ ਅੱਜ-ਕੱਲ੍ਹ ਅਰਬੀ ਅਤੇ ਰੋਮਨ ਅੱਖਰਾਂ ਦੀ ਵੀ ਵਰਤੋਂ ਹੋਣ ਲਗ ਪਈ ਹੈ। ਦੂਰ ਪੂਰਬ-ਉੱਤਰ ਵਿਚ ਕੋਰੀਆ ਦੇ ਅੱਖਰ ਦੀ ਭਾਰਤੀ ਲਿਪੀ ਤੋਂ ਹੀ ਲਏ ਗਏ ਹਨ।

          ਯੂਨਾਨੀ (ਯੂਰਪੀ) ਸ਼ਾਖ਼ (ਇਕ ਹਜ਼ਾਰ ਸਾਲ ਈ. ਪੂ.)––ਅੱਖਰਾਂ ਦੇ ਵਿਕਾਸ ਵਿਚ ਯੂਨਾਨੀ ਸ਼ਾਖ਼ ਦਾ ਬਹੁਤ ਮਹੱਤਵ ਹੈ। ਯੂਰਪ ਤੇ ਯੂਰਪੀ ਪ੍ਰਬੰਧ ਦੇ ਅਧੀਨ ਸਾਰੀਆਂ ਨੌ-ਆਬਾਦੀਆਂ ਵਿਚਲੇ ਅੱਖਰ ਸਿੱਧੇ ਜਾਂ ਅਸਿੱਧੇ ਰੂਪ ਵਿਚ ਯੂਨਾਨੀ ਅੱਖਰਾਂ ਤੋਂ ਪੈਦਾ ਤੇ ਪ੍ਰਭਾਵਤ ਹੋਏ ਹਨ। ਭਾਵੇਂ ਯੂਨਾਨੀ ਅੱਖਰ ਯੂਨਾਨ ਦੀ ਮੂਲ ਕ੍ਰਿਤ ਨਹੀਂ ਹਨ ਪਰ ਫਿਰ ਵੀ ਯੂਨਾਨੀਆਂ ਨੇ ਇਨ੍ਹਾਂ ਨੂੰ ਸੋਧਿਆ ਤੇ ਵਿਕਸਤ ਕਰਕੇ ਗਿਆਨ ਪ੍ਰਸਾਰ ਦਾ ਪੱਕਾ ਤੇ ਸਫ਼ਲ ਮਾਧਿਅਮ ਬਣਾਇਆ ਜੋ ਪਿਛਲੇ ਤਿੰਨ ਹਜ਼ਾਰ ਸਾਲਾਂ ਤੋਂ ਸੰਸਾਰ ਦੀ ਸੇਵਾ ਕਰ ਰਿਹਾ ਹੈ। ਬਹੁਤੇ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਯੂਨਾਨੀ ਲੋਕਾਂ ਨੇ ਲਗਭਗ ਨੌਵੀਂ ਸਦੀ ਈ. ਪੂ. ਵਿਚ ਫ਼ਿਨੀਕੀ ਲੋਕਾਂ ਨੇ ਇਹ ਅੱਖਰ ਲਏ। ਇਸ ਸਬੰਧ ਵਿਚ ਇਕ ਸਵਾਲ ਵਿਚਾਰ ਵਾਲਾ ਹੈ। ਫ਼ਿਨੀਕੀ ਅੱਖਰ ਸੱਜਿਉਂ ਖੱਬੇ ਵੀ ਲਿਖੇ ਜਾਂਦੇ ਹਨ ਪਰ ਯੂਨਾਨੀ ਅੱਖਰ ਖੱਬਿਉਂ ਸੱਜੇ ਨੂੰ ਲਿਖੇ ਜਾਣ ਲੱਗ ਪਏ। ਸ਼ਿਲਾਲੇਖ ਆਮ ਤੌਰ ਤੇ ਸੱਜਿਉਂ ਖੱਬੇ ਵੱਲ ਤੇ ਖੱਬਿਉਂ ਸੱਜੇ ਵੱਲ ਲਿਖੇ ਜਾਂਦੇ ਸਨ। ਇਕ ਸਤਰ ਪਹਿਲਾਂ ਸੱਜਿਉਂ ਖੱਬੇ ਵੱਲ ਲਿਖ ਕੇ ਹੇਠਾਂ ਫਿਰ ਇਹੀ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਸੀ। ਇਸ ਕਾਰਨ ਲਿਖਤ ਦੀ ਪੁਸ਼ਟੀ ਕਰਨਾ ਹੁੰਦਾ ਸੀ ਤਾਂ ਜੋ ਪੜ੍ਹਣ ਵਾਲਾ ਉਕਾਈ ਨਾ ਖਾ ਜਾਵੇ। ਯੂਨਾਨੀ ਅੱਖਰਾਂ ਦੇ ਨਾਂ ਸਾਮੀ ਭਾਸ਼ਾ ਦੇ ਹਨ ਅਤੇ ਸਾਮੀ ਭਾਸ਼ਾਵਾਂ ਵਿਚ ਇਹ ਨਾਂ ਉਸ ਚੀਜ਼ ਦਾ ਚਿੰਨ੍ਹ ਹਨ, ਜਿਸ ਦਾ ਮੂਲ ਇਸੇ ਚੀਜ਼ ਦੀ ਤਸਵੀਰ ਸੀ ਪਰੰਤੂ ਯੂਨਾਨੀ ਵਿਚ ਇਨ੍ਹਾਂ ਨਾਵਾਂ ਦੇ ਕੋਈ ਅਰਥ ਨਹੀਂ। ਇਸ ਲਈ ਨਿਰਸੰਦੇਹ ਇਹ ਸਾਮੀ ਲਿਪੀ ਤੋਂ ਉਧਾਰੇ ਲਏ ਗਏ ਹਨ। ਸਮੇਂ ਸਮੇਂ ਯੂਨਾਨੀ ਅੱਖਰਾਂ ਵਿਚ ਤਬਦੀਲੀਆਂ ਹੁੰਦੀਆਂ ਗਈਆਂ। ਯਾਦਗਾਰੀ ਲੇਖਾਂ ਉਤੇ ਸੋਹਣੇ ਸੋਹਣੇ ਅੱਖਰਾਂ ਦੀ ਵਰਤੋਂ ਹੁੰਦੀ ਸੀ ਪਰ ਹੌਲੀ ਹੌਲੀ ਕਾਹਲ ਦੇ ਕਾਰਨ ਘਸੀਟਵੇਂ ਅੱਖਰਾਂ ਦੀ ਵਰਤੋਂ ਵੱਧਣ ਲੱਗੀ, ਜਿਸ ਸਦਕਾ ਅੱਠਵੀਂ ਸਦੀ ਵਿਚ ਪੁਸਤਕਾਂ ਲਿਖਣ ਲਈ ਲੋੜੀਂਦੇ ਅੱਖਰ ਬਣੇ। ਯੂਨਾਨੀ ਅੱਖਰਾਂ ਵਿਚੋਂ ਇਕ ਪਾਸੇ ਤਾਂ ਇਤਰਸਕੀ ਅਤੇ ਲਾਤੀਨੀ (ਇਟਲੀ) ਵਿਚ ਅਤੇ ਦੂਜੇ ਪਾਸੇ ਸਾਈਰਿਲੀ (ਪੂਰਬੀ ਯੂਰਪ ਵਿਚ) ਅੱਖਰਾਂ ਦਾ ਜਨਮ ਹੋਇਆ, ਜਿਸ ਤੋਂ ਆਧੁਨਿਕ ਯੂਰਪ ਦੀਆਂ ਸਾਰੀਆਂ ਲਿਪੀਆਂ ਅਤੇ ਅੱਖਰਾਂ ਦਾ ਵਿਕਾਸ ਹੋਇਆ। ਯੂਨਾਨੀ ਅੱਖਰਾਂ ਤੋਂ ਹੀ ਕਬਤੀ (ਅਰਬ ਪੂਰਬ ਮਿਸਰ), ਮੇਸੇਪਿਆਈ (ਇਟਲੀ ਦਾ ਐਡ੍ਰੀਆਟਿਕ ਸਮੁੰਦਰੀ ਕੰਢਾ) ਅਤੇ ਗਾਥੀ (Gothic) (ਬਲਗ਼ਾਰੀਅਨ) ਦੀ ਉਤਪਤੀ ਹੋਈ। ਈਸਵੀ ਸੰਨ ਦੇ ਪਹਿਲੇ ਹਜ਼ਾਰ ਸਾਲਾਂ ਵਿਚ ਇਤਰਸਕੀ ਦਾ ਪਸਾਰ ਸ਼ੁਰੂ ਹੋਇਆ। ਇਸੇ ਤੋਂ ਰੂਨੀ (ਉੱਤਰੀ ਜਰਮਨੀ 700 ਈ. ਪੂ. ਤੋਂ ਪਹਿਲੀ ਸਦੀ), ਆਗਹੈਮ (Ogham) (ਬਰਤਾਨਵੀ ਟਾਪੂ ਸਮੂਹ ਈ. ਪੂ. 10 ਸਦੀਆਂ) ਆਦਿ ਅੱਖਰ ਉਤਪੰਨ ਹੋਏ। ਅਸਲ ਵਿਚ ਇਤਰਸਕੀ ਤੋਂ ਹੀ ਲਾਤੀਨੀ ਦਾ ਵੀ ਵਿਕਾਸ ਹੋਇਆ। ਪਹਿਲੀ ਸਦੀ ਈ. ਪੂ. ਤੋਂ ਰੋਮਨ ਸਾਮਰਾਜ ਦੇ ਨਾਲ ਨਾਲ ਲਾਤੀਨੀ ਲਿਪੀ ਦਾ ਵੀ ਪ੍ਰਚਾਰ ਹੋਇਆ। ਪਹਿਲੀ ਸਦੀ ਈ. ਪੂ. ਵਿਚ ਇਹਦੀ ਵਰਣਮਾਲਾ ਸਥਿਰ ਹੋਈ। ਇਸ ਤੋਂ ਪਿੱਛੋਂ ਕਿਸੇ ਕਿਸੇ ਲਾਤੀਨੀ ਅੱਖਰ ਦੇ ਬਾਹਰਲੇ ਰੂਪ ਵਿਚ ਹੀ ਲੋੜ ਅਨੁਸਾਰ ਤਬਦੀਲੀਆਂ ਹੁੰਦੀਆਂ ਰਹੀਆਂ, ਜਿਸ ਦੇ ਕਾਰਨ ਕਾਹਲੀ ਲਿਖਣ ਦੀ ਲੋੜ, ਲਿਖਣ ਦਾ ਸਾਜ਼-ਸਾਮਾਨ ਅਤੇ ਉਪਯੋਗਤਾ ਸਨ। ਯੂਰਪੀ ਸਾਮਰਾਜ ਅਤੇ ਈਸਾਈ ਧਰਮ ਦੇ ਪ੍ਰਚਾਰ ਰਾਹੀਂ ਲਾਤੀਨੀ ਅਤੇ ਰੋਮਨ ਅੱਖਰਾਂ ਦੇ ਪ੍ਰਚਾਰ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚ ਹੋਇਆ। ਯੂਰਪੀਅਨ ਵਪਾਰ ਅਤੇ ਵਿਗਿਆਨ ਇਸ ਵਿਚ ਸਹਾਇਕ ਹੋਏ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅੱਖਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਖਰ, (ਸੰਸਕ੍ਰਿਤ : ਅਕਸ਼ਰ) / ਪੁਲਿੰਗ : ਵਰਣ, ਹਰਫ

–ਅੱਖਰ ਨਾਲ ਅੱਖਰ ਜੋੜ ਕੇ ਪੜ੍ਹਨਾ, ਮੁਹਾਵਰਾ : ਹਿੱਸੇ ਕਰ ਕਰ ਕੇ ਪੜ੍ਹਨਾ ਜਿਵੇਂ ਥੋੜਾ ਪੜ੍ਹਿਆ ਹੋਇਆ ਕਰਦਾ ਹੈ

–ਅਖਰਾਉਣਾ, ਕਿਰਿਆ ਸਕਰਮਕ : ਕਿਸੇ ਸ਼ਬਦ ਨੂੰ ਅੱਖਰਾਂ ਵਿਚ ਲਿਖਣਾ

–ਅਖਰੀਣਾ, ਕਿਰਿਆ  ਸਕਰਮਕ : ਕਿਸੇ ਸ਼ਬਦ ਨੂੰ ਅੱਖਰਾਂ ਵਿਚ ਲਿਖਿਆ ਜਾਣਾ

–ਅਖਰੌਟ, ਇਸਤਰੀ ਲਿੰਗ : ਕਿਸੇ ਸ਼ਬਦ ਨੂੰ ਲਿਖਣ ਲਈ ਲੱਗਣ ਵਾਲੇ ਅੱਖਰਾਂ ਦੀ ਸੰਖਿਆ ਜਾਂ ਕ੍ਰਮ, ਜੋੜ, ਸ਼ਬਦ ਜੋੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-36-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.