ਅੰਮ੍ਰਿਤਾ ਪ੍ਰੀਤਮ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੰਮ੍ਰਿਤਾ ਪ੍ਰੀਤਮ (1919–2005) : ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਨਾਮਵਰ ਹਸਤਾਖ਼ਰ ਦਾ ਨਾਂ ਅੰਮ੍ਰਿਤਾ ਪ੍ਰੀਤਮ ਹੈ। ਉਸ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਉਸ ਦੇ ਪਿਤਾ ਸਰਦਾਰ ਕਰਤਾਰ ਸਿੰਘ ਹਿਤਕਾਰੀ ਇੱਕ ਉੱਘੇ ਲੇਖਕ ਤੇ ਹਿੰਦੀ ਸੰਸਕ੍ਰਿਤ ਦੇ ਵਿਦਵਾਨ ਸਨ। ਉਹਨਾਂ ਦੇ ਪ੍ਰਭਾਵ ਅਧੀਨ ਹੀ ਅੰਮ੍ਰਿਤਾ ਨੇ ਕਵਿਤਾ ਲਿਖਣੀ ਅਰੰਭ ਕੀਤੀ। ਬਾਅਦ ਵਿੱਚ ਉਸ ਨੇ ਕਹਾਣੀ, ਨਾਵਲ, ਸ੍ਵੈਜੀਵਨੀ ਅਤੇ ਵਾਰਤਕ ਦੇ ਹੋਰ ਰੂਪਾਂ ਤੇ ਕਲਮ ਅਜ਼ਮਾਈ। ਉਸ ਦਾ ਬਚਪਨ ਤੇ ਜਵਾਨੀ ਲਾਹੌਰ ਵਿੱਚ ਗੁਜ਼ਰੇ। 1947 ਵਿੱਚ ਦੇਸ਼ ਵੰਡ ਤੋਂ ਬਾਅਦ ਉਹ ਪਹਿਲਾਂ ਦੇਹਰਾਦੂਨ ਤੇ ਫਿਰ ਦਿੱਲੀ ਆ ਵਸੀ। 1947 ਤਕ ਲਾਹੌਰ ਰੇਡੀਓ ਲਈ ਗੀਤ, ਸੰਗੀਤ ਰੂਪਕ ਤੇ ਪੰਜਾਬੀ ਪੁਸਤਕ ਲਿਖਣ ਦਾ ਕਾਰਜ ਕਰਦੀ ਰਹੀ। ਵੰਡ ਤੋਂ ਬਾਅਦ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾਉਂਸਰ ਤੇ ਸਕਰਿਪਟ ਰਾਈਟਰ ਲੱਗ ਗਈ। ਕੁਝ ਦੇਰ ਨੌਕਰੀ ਕਰਨ ਤੋਂ ਬਾਅਦ ਉਹ ਬੰਬਈ ਚਲੀ ਗਈ ਤੇ ਫਿਰ ਵਾਪਸ ਦਿੱਲੀ ਵਿੱਚ ਰਹੀ। ਇੱਥੇ ਰਹਿੰਦਿਆਂ ਉਸ ਨੇ ਸਾਹਿਤ ਸਿਰਜਣਾ ਨੂੰ ਇੱਕ ਪੇਸ਼ੇ ਵਜੋਂ ਅਪਣਾਇਆ ਤੇ ਪੰਜਾਬੀ ਸਾਹਿਤ ਨੂੰ ਗਿਣਾਤਮਿਕ ਤੇ ਗੁਣਾਤਮਿਕ ਪੱਖੋਂ ਅਮੀਰ ਬਣਾਇਆ।

     ਅੰਮ੍ਰਿਤਾ ਪ੍ਰੀਤਮ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਬਹੁਤ ਲੰਬੀ ਹੈ। ਕੋਈ 18 ਦੇ ਕਰੀਬ ਉਸ ਦੀਆਂ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਸ਼ੁਰੂ ਵਿੱਚ ਆਪਣੇ ਪਿਤਾ ਦੇ ਪ੍ਰਭਾਵ ਅਧੀਨ ਧਾਰਮਿਕ, ਰਵਾਇਤੀ ਤੇ ਛੰਦ ਬੰਧ ਕਵਿਤਾ ਲਿਖਣੀ ਸ਼ੁਰੂ ਕੀਤੀ। ਫਿਰ ਉਸ ਦੀ ਕਵਿਤਾ ਵਿੱਚ ਨਿੱਜੀ ਪ੍ਰੇਮ ਦਾ ਪ੍ਰਗਟਾਅ ਸ਼ੁਰੂ ਹੋਇਆ ਤੇ ਹੌਲੀ-ਹੌਲੀ ਉਸ ਅੰਦਰ ਸਮਾਜਿਕ ਬੰਧਨਾਂ ਤੋਂ ਬਗ਼ਾਵਤ ਦੀ ਸੁਰ ਉੱਭਰਨੀ ਸ਼ੁਰੂ ਹੋਈ। ਪ੍ਰਗਤੀਵਾਦੀ ਲਹਿਰ ਨਾਲ ਜੁੜ ਕੇ ਉਸ ਨੇ ਨਿਜੀ ਦਰਦ ਨੂੰ ਪਾਰ ਕਰ ਕੇ ਸਮੂਹ ਦੇ ਦੁੱਖਾਂ ਦਰਦਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਵਸਤੂ ਬਣਾਇਆ।

      1935 ਤੋਂ 1939 ਤਕ ਦੇ ਦੌਰ ਵਿੱਚ ਪ੍ਰਕਾਸ਼ਿਤ ਠੰਡੀਆਂ ਕਿਰਨਾਂ, ਅੰਮ੍ਰਿਤ ਲਹਿਰਾਂ ਨਾਮੀ ਕਾਵਿ-ਸੰਗ੍ਰਹਿ ਵਿੱਚ ਉਸ ਨੇ ਸਦਾਚਾਰਿਕ ਤੇ ਧਾਰਮਿਕ ਦਾਇਰੇ ਵਿੱਚ ਰਹਿ ਕੇ ਲਿਖਿਆ। 1939 ਤੋਂ 1946 ਤੱਕ ਉਸ ਦੀ ਕਵਿਤਾ ਨੇ ਪ੍ਰਗਤੀਵਾਦੀ ਚੇਤਨਾ ਅਧੀਨ ਵਿਕਾਸ ਕੀਤਾ। ਇਸ ਸਮੇਂ ਦੌਰਾਨ ਜੀਉਂਦਾ ਜੀਵਨ (1939), ਤ੍ਰੇਲ ਧੋਤੇ ਫੁੱਲ (1941), ਓ ਗੀਤਾਂ ਵਾਲਿਆ (1943), ਸੰਝ ਦੀ ਲਾਲੀ (1939), ਲੋਕ ਪੀੜਾ (1944) ਅਤੇ ਪੱਥਰ ਗੀਟੇ (1946) ਨਾਮੀ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ। ਇਸ ਦੌਰ ਦੀਆਂ ਕਵਿਤਾਵਾਂ ਵਿੱਚ ਉਸ ਨੇ ਸਮਾਜ ਵਿਚਲੀ ਕਾਣੀ ਵੰਡ ਨੂੰ ਵਿਸ਼ਾ-ਵਸਤੂ ਬਣਾਇਆ ਅਤੇ ਮਰਦ ਪ੍ਰਧਾਨ ਸਮਾਜ ਅੰਦਰ ਇਸਤਰੀ ਦੀ ਤ੍ਰਾਸਦਿਕ ਸਥਿਤੀ ਦੇ ਵਿਭਿੰਨ ਪਹਿਲੂਆਂ ਨੂੰ ਕਾਵਿਕ ਜ਼ਬਾਨ ਦਿੱਤੀ। 1947 ਵਿੱਚ ਭਾਰਤ-ਪਾਕਿ ਵੰਡ ਨੇ ਅੰਮ੍ਰਿਤਾ ਪ੍ਰੀਤਮ ਦੀ ਸੰਵੇਦਨਾ ਨੂੰ ਬੁਰੀ ਤਰ੍ਹਾਂ ਟੁੰਬਿਆ। ਅੱਜ ਆਖਾਂ ਵਾਰਿਸ ਸ਼ਾਹ ਨੂੰ... ਨਾਮੀ ਕਵਿਤਾ ਰਾਹੀਂ ਫ਼ਿਰਕੂ ਫ਼ਸਾਦਾਂ ਤੇ ਔਰਤ ਦੇ ਦਰਦ ਨੂੰ ਇਸ ਤਰ੍ਹਾਂ ਕਾਵਿ ਜ਼ਬਾਨ ਦਿੱਤੀ ਕਿ ਉਸ ਦੀ ਸ਼ੁਹਰਤ ਨਵੀਆਂ ਬੁਲੰਦੀਆਂ ਛੂਹਣ ਲੱਗ ਪਈ। 1947 ਤੋਂ 1960 ਦੇ ਸਮੇਂ ਦੌਰਾਨ ਉਸ ਦੇ ਲੰਮੀਆਂ ਵਾਟਾਂ (1949), ਸਰਘੀ ਵੇਲਾ (1952), ਸੁਨੇਹੜੇ (1955), ਅਸ਼ੋਕਾ ਚੇਤੀ (1957) ਪ੍ਰਕਾਸ਼ਿਤ ਹੋਏ। ਉਸ ਦੀ ਕਵਿਤਾ ਦਾ ਚੌਥਾ ਪੜਾਅ 1960 ਤੋਂ ਬਾਅਦ ਦਾ ਹੈ ਜਿਸ ਵਿੱਚ ਉਸ ਦੀ ਕਵਿਤਾ ਦਾ ਝੁਕਾਅ ਅੰਤਰਮੁਖੀ ਹੋ ਜਾਂਦਾ ਹੈ। ਉਸ ਦਾ ਸਮਾਜਵਾਦ ਵਿੱਚ ਵਿਸ਼ਵਾਸ ਡੋਲ ਜਾਂਦਾ ਹੈ ਤੇ ਉਹ ਪ੍ਰਯੋਗਵਾਦੀ ਰੁਚੀ ਅਧੀਨ ਕਾਵਿ ਸਿਰਜਣਾ ਕਰਦੀ ਹੈ।

     ਅੰਮ੍ਰਿਤਾ ਪ੍ਰੀਤਮ ਨੇ ਚੌਵੀ ਦੇ ਕਰੀਬ ਨਾਵਲ ਤੇ ਕਈ ਕਹਾਣੀ-ਸੰਗ੍ਰਹਿ ਲਿਖੇ। ਡਾਕਟਰ ਦੇਵ, ਪਿੰਜਰ, ਆਲ੍ਹਣਾ, ਅਸ਼ੂ, ਇੱਕ ਸਵਾਲ, ਬੁਲਾਵਾ, ਬੰਦ ਦਰਵਾਜ਼ਾ, ਚੱਕ ਨੰਬਰ ਛੱਤੀ, ਰੰਗ ਦਾ ਪੱਤਾ, ਦਿੱਲੀ ਦੀਆਂ ਗਲੀਆਂ, ਜਲਾਵਤਨ, ਯਾਤਰੀ ਤੇ ਜੇਬਕਤਰੇ ਆਦਿ ਉਸ ਦੇ ਕੁਝ ਜ਼ਿਕਰਯੋਗ ਨਾਵਲ ਹਨ। ਉਸ ਦੇ ਨਾਵਲ ਜ਼ਿਆਦਾਤਰ ਔਰਤ ਦੀ ਪੀੜਾ ਦੁਆਲੇ ਕੇਂਦਰਿਤ ਹਨ। ਉਸ ਦੀ ਸ਼ੈਲੀ ਰੁਮਾਂਟਿਕ ਤੇ ਜਜ਼ਬਾਤੀ ਹੈ। ਮੋਮਬੱਤੀਆਂ ਦਾ ਭੇਦ ਅਤੇ ਕੁੰਜੀਆਂ ਉਸ ਦੇ ਵਰਣਨਯੋਗ ਕਹਾਣੀ-ਸੰਗ੍ਰਹਿ ਹਨ। ਕਹਾਣੀਆਂ ਵਿੱਚ ਵੀ ਉਸ ਨੇ ਭਾਰਤੀ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਦਰਦਨਾਕ ਦਸ਼ਾ ਦਾ ਕਾਵਿਮਈ ਸ਼ੈਲੀ ਰਾਹੀਂ ਚਿਤਰਨ ਕੀਤਾ। 1966 ਵਿੱਚ ਉਸ ਨੇ ਸਾਹਿਤਿਕ ਪਰਚਾ ਨਾਗਮਣੀ ਕੱਢਿਆ ਜਿਸਨੇ ਲੰਮਾ ਅਰਸਾ ਪੰਜਾਬੀ ਲੇਖਕਾਂ ਨੂੰ ਇੱਕ ਮੰਚ ਪ੍ਰਦਾਨ ਕੀਤਾ।

     ਅੰਮ੍ਰਿਤਾ ਪ੍ਰੀਤਮ ਦੀਆਂ ਨਿੱਕੀਆਂ ਕਹਾਣੀਆਂ ਤੇ ਨਾਵਲਾਂ ਉਪਰ 10 ਦੇ ਕਰੀਬ ਟੀ.ਵੀ. ਸੀਰੀਅਲ ਬਣ ਚੁੱਕੇ ਹਨ। 2004 ਵਿੱਚ ਉਸ ਦੇ ਨਾਵਲ ਪਿੰਜਰ ਤੇ ਆਧਾਰਿਤ ਹਿੰਦੀ ਫ਼ਿਲਮ ਪਿੰਜਰ ਬਣੀ। ਅੰਮ੍ਰਿਤਾ ਪ੍ਰੀਤਮ ਦੇ ਜੀਵਨ ਤੇ ਲਿਖਤਾਂ ਉਪਰ ਵੀ ਦਸ ਦੇ ਕਰੀਬ ਫ਼ਿਲਮਾਂ ਬਣ ਚੁੱਕੀਆਂ ਹਨ।

     ਅੰਮ੍ਰਿਤਾ ਪ੍ਰੀਤਮ ਨੇ ਆਪਣੀ ਸ੍ਵੈਜੀਵਨੀ ਰਸੀਦੀ ਟਿਕਟ ਸਿਰਲੇਖ ਅਧੀਨ ਲਿਖੀ। ਦੋ ਕਿਤਾਬਾਂ ਉਸ ਨੇ ਆਪਣਿਆਂ ਸੁਫਨਿਆਂ ਬਾਰੇ ਲਿਖੀਆਂ। ਉਸ ਨੇ ਫ਼ੈਜ਼ ਅਤੇ ਆਰਟਿਸਟ ਹਰਕਿਸ਼ਨ ਦੇ ਜੀਵਨ `ਤੇ ਆਧਾਰਿਤ ਨਾਵਲ ਵੀ ਲਿਖੇ। ਉਸ ਨੇ ਸਾਰਾ ਸ਼ਗੁਫ਼ਤਾ ਦੀ ਜੀਵਨੀ ਤੇ ਕਵਿਤਾ ਬਾਰੇ ਲਿਖਿਆ। ਇਸ ਤੋਂ ਇਲਾਵਾ ਉਸ ਨੇ ਓਸ਼ੋ ਅਤੇ ਅਫ਼ਜ਼ਲ ਤੌਸੀਫ਼ ਦੀਆਂ ਲਿਖਤਾਂ ਉਪਰ ਵੀ ਕਿਤਾਬਾਂ ਲਿਖੀਆਂ। ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਤੋਂ ਬਿਨਾਂ ਕੁਝ ਰਚਨਾਵਾਂ ਹਿੰਦੀ ਵਿੱਚ ਵੀ ਲਿਖੀਆਂ। ਉਸ ਦੀਆਂ ਲਿਖਤਾਂ ਸੰਸਾਰ ਦੀਆਂ 34 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਉਸ ਨੇ ਕਈ ਸਮਾਜਵਾਦੀ ਯੂਰਪੀ ਦੇਸ਼ਾਂ ਦੀ ਸੈਰ ਕੀਤੀ ਤੇ ਸਮੇਂ-ਸਮੇਂ ਹੋਈਆਂ ਅਨੇਕਾਂ ਰਾਸ਼ਟਰੀ-ਅੰਤਰਰਾਸ਼ਟਰੀ ਸੰਮੇਲਨਾਂ ਤੇ ਕਾਨਫਰੰਸਾਂ ਵਿੱਚ ਹਿੱਸਾ ਲਿਆ। ਉਸਨੂੰ ਮਿਲੇ ਇਨਾਮਾਂ- ਸਨਮਾਨਾਂ ਦੀ ਇੱਕ ਲੰਮੀ ਲਿਸਟ ਹੈ। ਭਾਰਤ ਸਰਕਾਰ ਨੇ ਉਸਨੂੰ ਪਦਮ ਸ਼੍ਰੀ ਤੇ ਪਦਮ ਵਿਭੂਸ਼ਣ ਦੇ ਖਿਤਾਬਾਂ ਨਾਲ ਨਿਵਾਜਿਆ ਹੈ। ਸਾਹਿਤ ਅਕਾਦਮੀ ਪੁਰਸਕਾਰ, ਗਿਆਨ ਪੀਠ ਪੁਰਸਕਾਰ ਤੋਂ ਇਲਾਵਾ ਉਸਨੂੰ ਅਨੇਕ ਪ੍ਰਾਂਤਕ ਤੇ ਰਾਸ਼ਟਰੀ ਪੁਰਸਕਾਰ ਮਿਲੇ। ਅੰਮ੍ਰਿਤਾ ਪ੍ਰੀਤਮ ਦਾ ਦਿਹਾਂਤ 31 ਅਕਤੂਬਰ 2005 ਨੂੰ ਹੋ ਗਿਆ।


ਲੇਖਕ : ਕੁਲਵੀਰ ਗੋਜਰਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅੰਮ੍ਰਿਤਾ ਪ੍ਰੀਤਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਮ੍ਰਿਤਾ ਪ੍ਰੀਤਮ  :  ਪੰਜਾਬੀ ਦੀ ਇਸ ਸੁਪ੍ਰਸਿੱਧ ਕਵਿੱਤਰੀ ਦਾ ਜਨਮ 21 ਅਗਸਤ, 1919 ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਸ. ਕਰਤਾਰ ਸਿੰਘ ਹਿਤਕਾਰੀ ਦੇ ਘਰ ਹੋਇਆ। ਸ. ਕਰਤਾਰ ਸਿੰਘ ਹਿਤਕਾਰੀ ਸੰਸਕ੍ਰਿਤ ਅਤੇ ਹਿੰਦੀ ਦਾ ਵਿਦਵਾਨ ਸੀ ਅਤੇ 'ਪੀਯੂਖ' ਉਪਨਾਮ ਹੇਠ ਹਿੰਦੀ ਕਵਿਤਾ ਲਿਖਦਾ ਸੀ। ਆਪਣੀ ਸਪੁੱਤਰੀ ਦਾ ਨਾਂ 'ਅੰਮ੍ਰਿਤਾ' ਰੱਖਣ ਉਪਰੰਤ ਉਸ ਆਪਣਾ ਉਪਨਾਮ 'ਪੀਯੂਖ' ਛੱਡਕੇ 'ਹਿਤਕਾਰੀ' ਰੱਖ ਲਿਆ ਕਿਉਕਿ 'ਪੀਯੂਖ' ਦੇ ਅਰਥ ਵੀ 'ਅੰਮ੍ਰਿਤ' ਹੀ ਹਨ।

        ਅੰਮ੍ਰਿਤਾ ਦੀ ਉਮਰ ਲਗਭਗ ਗਿਆਰਾਂ ਵਰ੍ਹਿਆਂ ਦੀ ਸੀ ਜਦੋਂ ਉਸ ਦੇ ਮਾਤਾ ਜੀ ਸਵਰਗਵਾਸ ਹੋ ਗਏ। ਸੁਹਿਰਦ ਪਿਤਾ ਨੇ ਸਪੁੱਤਰੀ ਦੀ ਪਾਲਣਾ ਕੀਤੀ। ਅੰਮ੍ਰਿਤਾ ਨੇ 1932 ਈ. ਵਿਚ ਵਿਦਵਾਨੀ ਅਤੇ 1933 ਵਿਚ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਦਸੰਬਰ, 1939 ਵਿਚ ਲਾਹੌਰ ਵਿਖੇ ਸ. ਪ੍ਰੀਤਮ ਸਿੰਘ ਕਵਾਤੜਾ ਨਾਲ ਵਿਆਹ ਹੋ ਜਾਣ ਉਪਰੰਤ ਇਹ ਅੰਮ੍ਰਿਤ ਕੌਰ ਤੇ 'ਅੰਮ੍ਰਿਤਾ-ਪ੍ਰੀਤਮ' ਬਣ ਗਈ।

        ਅੰਮ੍ਰਿਤਾ ਨੇ ਸਭ ਤੋਂ ਪਹਿਲੀ ਕਵਿਤਾ 1935 ਈ. ਵਿਚ ਲਿਖੀ ਅਤੇ ਇਸ ਤੋਂ ਪਿੱਛੋਂ ਹੋਰ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿਚੋਂ ਕਈ ਧਾਰਮਕ ਕਵਿਤਾਵਾਂ 'ਠੰਢੀਆਂ ਕਿਰਣਾਂ' ਦੇ ਨਾਂ ਹੇਠ ਟ੍ਰੈਕਟ ਰੂਪ ਵਿਚ ਛਪੀਆਂ। ਸੰਨ 1936 ਵਿਚ ਪਹਿਲਾ ਕਾਵਿ-ਸੰਗ੍ਰਹਿ 'ਅੰਮ੍ਰਿਤ-ਲਹਿਰਾਂ' ਪ੍ਰਕਾਸ਼ਿਤ ਹੋਇਆ ਜਿਸ ਵਿਚ ਸੌ ਤੋ ਵੱਧ ਸਮਾਜ ਸੁਧਾਰਕ ਅਤੇ ਧਾਰਮਕ ਕਿਸਮ ਦੀਆਂ ਰਵਾਇਤੀ ਕਵਿਤਾਵਾਂ ਸਨ। ਸੰਨ 1929 ਤੋਂ 1937 ਤਕ ਹਿਤਕਾਰੀ ਜੀ 'ਰਣਜੀਤ ਨਗਾਰਾ' ਮਾਸਕ ਪੱਤਰ ਪ੍ਰਕਾਸ਼ਿਤ ਕਰਦੇ ਰਹੇ ਅਤੇ ਅੰਮ੍ਰਿਤਾ ਦੀ ਹੌਸਲਾ ਅਫ਼ਜਾਈ ਲਈ ਇਸ ਦੀਆਂ ਕਵਿਤਾਵਾਂ ਇਸ ਵਿਚ ਛਾਪਦੇ ਰਹੇ। ਸੰਨ 1938 ਵਿਚ ਅੰਮ੍ਰਿਤਾ ਨੇ ਖ਼ੁਦ ਇਕ ਰਸਾਲਾ 'ਨਵੀ ਦੁਨੀਆ' ਹਿਤਕਾਰੀ ਜੀ ਦੀ ਸਰਪ੍ਰਸਤੀ ਹੇਠ ਕੱਢਿਆ ਪਰ ਛੇਤੀ ਹੀ ਬੰਦ ਹੋ ਗਿਆ। ਇਸ ਤੋਂ ਬਾਅਦ ਅੰਮ੍ਰਿਤਾ ਲਾਹੌਰ ਰੇਡੀਓ ਲਈ ਗੀਤ ਅਤੇ ਰੂਪਕ ਆਦਿ ਲਿਖਦੀ ਰਹੀ ਅਤੇ ਨਾਲ ਨਾਲ ਇਸ ਦੇ ਕਾਵਿ-ਸੰਗ੍ਰਹਿ ਵੀ ਛਪਦੇ ਰਹੇ।

        ਸੰਨ 1947 ਦੀ ਦੇਸ਼ ਦੀ ਵੰਡ ਨੇ ਅੰਮ੍ਰਿਤਾ ਦੇ ਕੋਮਲ ਹਿਰਦੇ ਉੱਪਰ ਡੂੰਘਾ ਅਸਰ ਪਾਇਆ ਅਤੇ ਇਸ ਨੇ 'ਅੱਜ ਆਖਾਂ ਵਾਰਸ ਸ਼ਾਹ ਨੂੰ' ਕਵਿਤਾ ਲਿਖੀ। ਇਸ ਨੂੰ ਪੜ੍ਹ ਕੇ ਪ੍ਰਿੰ. ਤੇਜਾ ਸਿੰਘ ਨੇ ਅੰਮ੍ਰਿਤਾ ਨੂੰ ਪੰਜਾਬ ਦੀ ਅਵਾਜ਼ ਆਖਿਆ।

        ਕਵਿੱਤਰੀ ਤੋਂ ਇਲਾਵਾ ਅੰਮ੍ਰਿਤਾ ਵਿਚ ਕੁਸ਼ਲ ਕਹਾਣੀਕਾਰ ਅਤੇ ਨਾਵਲਕਾਰ ਵੀ ਹੈ। ਇਸ ਦੇ ਕਈ ਕਹਾਣੀ ਸੰਗ੍ਰਹਿ ਅਤੇ ਨਾਵਲ ਛਪ ਚੁੱਕੇ ਹਨ ਜਿਨ੍ਹਾਂ ਵਿਚ ਇਸ ਨੇ ਇਸਤਰੀ ਨੂੰ ਅਬਲਾ, ਭੈਣ, ਮਾਂ ਅਤੇ ਇਕ ਸੁਹਿਰਦ ਪ੍ਰੇਮਿਕਾ ਦੇ ਰੂਪ ਵਿਚ ਨਿਰੂਪਣ ਕੀਤਾ ਹੈ। ਖ਼ੁਦ ਇਸਤਰੀ ਹੋਣ ਕਰ ਕੇ ਇਹ ਇਸਤਰੀ ਦੇ ਕੋਮਲ ਭਾਵੀ ਹਿਰਦੇ ਤੋਂ ਪੂਰਨ ਤੌਰ ਤੇ ਜਾਣੂ ਹੈ ਅਤੇ ਇਸ ਨੇ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਵਿਚ ਇਸਤਰੀ ਦੇ ਹਉਕੇ, ਹਾਵੇ, ਉਸ ਦੀ ਵੇਦਨਾ ਅਤੇ ਉਸ ਟੁਟਦੇ ਦਿਲ ਦੀ ਦਾਸਤਾਨ ਨੂੰ ਸਫ਼ਲਤਾ ਨਾਲ ਵਿਅਕਤ ਕੀਤਾ ਹੈ।

        ਇਸ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ ਸੰਗ੍ਰਹਿ, ਲਗਭਗ 27 ਨਾਵਲ ਅਤੇ ਵਾਰਤਕ ਦੀਆਂ ਹੋਰ ਪੁਸਤਕਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਆਦਿ ਛਪ ਚੁੱਕੇ ਹਨ। ਇਸ ਤੋਂ ਇਲਾਵਾ ਸੰਨ 1966 ਤੋਂ 'ਨਾਗਮਣੀ' ਮਾਸਕ ਪੱਤਰ ਦਾ ਸੰਪਾਦਨ ਕਰ ਰਹੀ ਹੈ। ਹਿੰਦੀ ਵਿਚ ਵੀ ਕਹਾਣੀਆਂ ਅਤੇ ਨਾਵਲਾਂ ਦੇ ਨੌ ਸੰਗ੍ਰਹਿ ਸੰਪਾਦਨ ਕਰ ਕੇ ਛਾਪੇ ਹਨ।

        ਅੰਮ੍ਰਿਤਾ ਦੀਆਂ ਬਹੁਤ ਸਾਰੀਆਂ ਰਚਨਾਵਾਂ ਦੇ ਅੰਗਰੇਜ਼ੀ, ਹਿੰਦੀ, ਉਰਦੂ, ਮਲਿਆਲਮ, ਮਰਾਠੀ, ਸਿੰਧੀ, ਬੰਗਾਲੀ, ਕੰਨੜ, ਰੂਸੀ, ਅਲਬਾਨੀਅਨ, ਪੋਲਿਸ਼, ਗੁਜਰਾਤੀ, ਬਲਗਾਰੀਅਨ ਆਦਿ ਭਾਸ਼ਾਵਾਂ ਵਿਚ ਅਨੁਵਾਦ ਛਪ ਚੁੱਕੇ ਹਨ। ਅੰਮ੍ਰਿਤਾ ਨੂੰ ਬਹੁਤ ਸਾਰੇ ਸਾਹਿਤਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਵੱਲੋਂ ਸਮੇਂ ਸਮੇਂ ਸਿਰ ਸਨਮਾਨਿਆ ਗਿਆ ਹੈ। ਸੰਨ 1956 ਵਿਚ 'ਸੁਨੇਹੜੇ' ਕਾਵਿ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਨਮਾਨ ਦਿੱਤਾ ਗਿਆ। ਸੰਨ 1958 ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਸ਼੍ਰੋਮਣੀ ਸਾਹਿਤਕਾਰ ਦੇ ਤੌਰ ਤੇ ਸਨਮਾਨਿਆ ਅਤੇ 1965 ਵਿਚ ਭਾਰਤੀ ਮਹਿਲਾ ਫੈਡਰੇਸ਼ਨ, ਦਿੱਲੀ ਵੱਲੋਂ ਇਸ ਨੂੰ ਸਨਮਾਨਿਆ ਗਿਆ। ਸੰਨ 1969 ਵਿਚ ਭਾਰਤ ਸਰਕਾਰ ਵੱਲੋਂ 'ਪਦਮ ਸ੍ਰੀ' ਪ੍ਰਦਾਨ ਕੀਤਾ ਗਿਆ ਅਤੇ 1973 ਈ. ਵਿਚ ਦਿੱਲੀ ਯੂਨੀਵਰਸਿਟੀ ਵੱਲੋਂ ਡੀ. ਲਿਟ. ਦੀ ਆਨਰੇਰੀ ਡਿਗ਼ਰੀ ਦਿੱਤੀ ਗਈ। ਸੰਨ 1975 ਵਿਚ ਵਿਸ਼ਵ ਹਿੰਦੀ ਸੰਮੇਲਨ, ਨਾਗਪੁਰ ਵੱਲੋਂ, 1978 ਈ. ਵਿਚ ਆਲ ਇੰਡੀਆ ਰੇਡੀਓ ਦੇ ਪੰਜਾਹ ਸਾਲਾ ਜਸ਼ਨ ਸਮੇਂ, 1978 ਵਿਚ ਹੀ ਕੰਨੜ ਸਾਹਿਤ ਸੰਮੇਲਨ ਅਤੇ 1979 ਈ. ਵਿਚ ਪੰਜਾਬੀ ਇਟਰਨੈਸ਼ਨਲ ਸੁਸਾਇਟੀ ਵੱਲੋਂ ਸਨਮਾਨ ਦਿੱਤੇ ਗਏ। ਸੰਨ 1976 ਵਿਚ ਐਨ. ਆਈ. ਐਫ. ਅਤੇ 1982 ਈ. ਵਿਚ ਪੁਸਤਕ 'ਕਾਗਜ਼ ਅਤੇ ਕੈਨਵਸ' ਨੂੰ ਗਿਆਨ ਪੀਠ ਐਵਾਰਡ ਨਾਲ ਸਨਮਾਨਿਆ ਗਿਆ। ਸੰਨ 1980 ਵਿਚ ਬਲਗਾਰੀਆ ਵੱਲੋਂ 'ਕਿਰੀਅਲ ਤੇ ਮੌਤੇਦੀਅਸ ਐਵਾਵਰਡ' ਨਾਲ ਅਤੇ ਉਸੇ ਸਾਲ ਨਿਕੋਲਾ ਵਾਪਤਸਾਰੋਵ ਐਵਾਰਡ ਸੋਫੀਆ ਦੁਆਰਾ ਸਨਮਾਨਿਤ ਕੀਤਾ ਗਿਆ।

        ਸੰਨ 1983 ਵਿਚ ਜਬਲਪੁਰ ਯੂਨੀਵਰਸਿਟੀ ਨੇ ਇਸ ਨੂੰ ਡਾਕਟਰ ਆਫ਼ ਲਿਟਰੇਚਰ ਅਤੇ ਇਸੇ ਸਾਲ ਵਿਸ਼ਵ ਭਾਰਤੀ ਸ਼ਾਂਤੀ ਨਿਕੇਤਨ ਨੇ ਵੀ ਇਹੀ ਡਿਗ਼ਰੀ ਸਨਮਾਨ ਵੱਜੋਂ ਪ੍ਰਦਾਨ ਕੀਤੀ। ਸੰਨ 1986 ਵਿਚ ਇਸ ਨੂੰ ਰਾਜ ਸਭਾ ਦੀ ਮੈਂਬਰ ਨਾਮਜ਼ਦ ਕੀਤਾ ਗਿਆ। ਸੰਨ 1987 ਵਿਚ ਇਸ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਲਿਟਰੇਚਰ ਦੀ ਡਿਗ਼ਰੀ ਸਨਮਾਨ ਵੱਜੋਂ ਪ੍ਰਦਾਨ ਕੀਤੀ ਗਈ ਅਤੇ ਉਸੇ ਸਾਲ ਫਰਾਂਸ ਸਰਕਾਰ ਨੇ ਇਸ ਨੂੰ ਆਫੀਸਰ ਡੈੱਨਜ/ਆਰਡਸ ਡੈੱਸ ਲੈਟਰਜ਼' ਦੀ ਡਿਗ਼ਰੀ ਪ੍ਰਦਾਨ ਕੀਤੀ।

        ਮਿਸ਼ੀਗਨ ਸਟੇਟ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੋਣ ਵਾਲੇ ਤਿਮਾਹੀ 'ਮਹਿਫ਼ਲ' ਨੇ ਅੰਮ੍ਰਿਤਾ ਦੀਆਂ ਰਚਨਾਵਾਂ ਬਾਰੇ ਇਕ ਵਿਸ਼ੇਸ਼ ਅੰਕ ਕੱਢਿਆ। ਇਸ ਦੇ ਦੋ ਨਾਵਲਾਂ ਧਰਤੀ ਸਾਗਰ ਤੇ ਸਿਪੀਆਂ ਅਤੇ ਉਨ੍ਹਾਂ ਦੀ ਕਹਾਣੀ ਦੇ ਆਧਾਰ ਤੇ ਕ੍ਰਮਵਾਰ 'ਕਾਦੰਬਰੀ' ਅਤੇ 'ਡਾਕੂ' ਫ਼ਿਲਮਾਂ ਬਣੀਆਂ। ਭਾਸ਼ਾ ਵਿਭਾਗ, ਪੰਜਾਬ ਨੇ ਵੀ ਆਪਣੇ ਰਸਾਲੇ ਪੰਜਾਬੀ ਦੁਨੀਆਂ ਦਾ ਅੰਮ੍ਰਿਤਾ ਪ੍ਰੀਤਮ ਵਿਸ਼ੇਸ਼ ਅੰਕ' ਕੱਢਿਆ।

        ਸੰਨ 1960 ਵਿਚ ਇਹ ਭਾਰਤ ਸਰਕਾਰ ਵੱਲੋਂ ਨੇਪਾਲ ਦੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਗਈ। ਇਸ ਨੇ ਤਾਸ਼ਕੰਦ, ਤਾਜ਼ਿਕਸਤਾਨ ਅਤੇ ਮਾਸਕੋ ਦੀ ਯਾਤਰਾ ਉਸ ਸਮੇਂ ਕੀਤੀ ਜਦੋਂ ਇਸ ਨੂੰ ਰਾਈਟਰਜ਼ ਯੂਨੀਅਨ ਉਜ਼ਬੇਕਸਤਾਨ ਵੱਲੋਂ ਸੱਦਾ-ਪੱਤਰ ਮਿਲਿਆ। ਸੰਨ 1966 ਵਿਚ ਇਹ ਬਲਗਾਰੀਅਨ ਕਮੇਟੀ ਫ਼ਾਰ ਫਰੈਂਡਸਿਪ ਐਂਡ ਕਲਚਰਲ ਰੀਲੇਸ਼ਨਜ਼ ਵਿਚ ਬਦੇਸ਼ੀ ਸੱਦੇ ਤੇ ਮਾਸਕੋ ਅਤੇ ਬਲਗ਼ਾਰੀਆ ਗਈ। ਇਸੇ ਪ੍ਰਕਾਰ ਇਹ ਹੋਰ ਮੌਕਿਆਂ ਤੇ ਵੀ ਬਹੁਤ ਸਥਾਨਾਂ ਤੇ ਗਈ। ਸੰਨ 1985 ਵਿਚ ਇਹ ਅੰਤਰਰਾਸ਼ਟਰੀ ਕਵਿਤਾ ਫੈਸਟੀਵਲ ਨਾਰਵੇ ਦੇ ਸੱਦੇ ਤੇ ਓਸਲੋ ਗਈ। ਸੰਨ 1986 ਵਿਚ ਇਸ ਨੇ ਪੈਰਿਸ ਵਿਖੇ ਯੂਨੈਸਕੋ ਕਾਨਫ਼ਰੰਸ ਵਿਚ ਹਿੱਸਾ ਲਿਆ ਅਤੇ 1987 ਈ. ਵਿਚ ਸੰਸਾਰ ਅਮਨ ਕਾਨਫ਼ਰੰਸ ਵਿਚ ਭਾਗ ਲੈਣ ਲਈ ਇਹ ਮਾਸਕੋ ਗਈ।

        ਅੰਮ੍ਰਿਤਾ ਪ੍ਰੀਤਮ ਅੱਜਕੱਲ੍ਹ ਨਵੀਂ ਦਿੱਲੀ ਦੀ ਵਸਨੀਕ ਹੈ ਅਤੇ ਨਿਰੰਤਰ ਸਾਹਿਤ ਸੇਵਾ ਕਰ ਰਹੀ ਹੈ।                                                                                         


ਲੇਖਕ : ਦਲੀਪ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-02-49-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

All is good


Paramjit Kaur, ( 2023/09/24 06:0627)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.