ਅਹਿਮਦ ਸ਼ਾਹ ਦੁਰਾਨੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਹਿਮਦ ਸ਼ਾਹ ਦੁਰਾਨੀ (ਅਬਦਾਲੀ) (1722- 1772 ਈ.): ਸੱਦੋਜ਼ਈ ਕਬੀਲੇ ਦਾ ਇਕ ਪਠਾਣ ਜਿਸ ਦਾ ਅਸਲ ਨਾਂ ਅਹਿਮਦ ਖ਼ਾਨ ਸੀ। ਇਸ ਦਾ ਪਿਤਾ ਮੁਹੰਮਦ ਜ਼ਮਾਨ ਖ਼ਾਨ ਹੈਰਾਤ ਦੇ ਇਲਾਕੇ ਦਾ ਇਕ ਸਾਧਾਰਣ ਸਰਦਾਰ ਸੀ। ਨਾਦਰਸ਼ਾਹ ਨੇ ਸੰਨ 1731 ਈ. ਵਿਚ ਹੈਰਾਤ ਉਤੇ ਹਮਲਾ ਕਰਕੇ ਬਹੁਤ ਤਬਾਹੀ ਕੀਤੀ ਅਤੇ ਅਨੇਕ ਅਬਦਾਲੀਆਂ ਨੂੰ ਬੰਦੀ ਬਣਾ ਲਿਆ ਜਿਨ੍ਹਾਂ ਵਿਚ ਅਹਿਮਦ ਖ਼ਾਨ ਵੀ ਸ਼ਾਮਲ ਸੀ। ਇਸ ਤਰ੍ਹਾਂ ਇਹ ਬਚਪਨ ਤੋਂ ਨਾਦਰਸ਼ਾਹ ਦੀ ਸੇਵਾ ਵਿਚ ਗ਼ੁਲਾਮ ਵਜੋਂ ਰਹਿੰਦਾ ਰਿਹਾ। ਪਰ ਇਸ ਨੇ ਆਪਣੀ ਯੋਗਤਾ ਨਾਲ ਹੌਲੀ ਹੌਲੀ ਤਰੱਕੀ ਕੀਤੀ ਅਤੇ ਨਾਦਰਸ਼ਾਹ ਦੀ ਫ਼ੌਜ ਦਾ ਸੈਨਾਪਤੀ ਬਣਿਆ।
ਸੰਨ 1747 ਈ. ਵਿਚ ਨਾਦਰਸ਼ਾਹ ਦੇ ਕਤਲ ਹੋਣ ’ਤੇ ਇਸ ਨੇ ਸ਼ਕਤੀ ਇਕੱਠੀ ਕਰਕੇ ਬਾਦਸ਼ਾਹੀ ਹਾਸਲ ਕਰ ਲਈ ਅਤੇ ਅਹਿਮਦ ਖ਼ਾਨ ਤੋਂ ਅਹਿਮਦ ਸ਼ਾਹ ਬਣਿਆ। ਇਸ ਨੂੰ ਇਕ ਦਰਵੇਸ਼ ਸਾਬਰ ਸ਼ਾਹ ਨੇ ‘ਦੁੱਰੇ ਦੁੱਰਾਨ’ ਦਾ ਖ਼ਿਤਾਬ (ਪਦਵੀ) ਬਖ਼ਸ਼ਿਆ ਜੋ ਕਾਲਾਂਤਰ ਵਿਚ ‘ਦੁਰਾਨੀ’ ਰੂਪ ਵਿਚ ਪ੍ਰਸਿੱਧ ਹੋ ਗਿਆ। ਸੰਨ 1748 ਈ. ਵਿਚ ਇਸ ਨੇ ਹਿੰਦੁਸਤਾਨ ਉਤੇ ਪਹਿਲਾ ਹਮਲਾ ਕੀਤਾ, ਪਰ ਸਰਹਿੰਦ ਨੇੜੇ ਮੁਗ਼ਲ ਫ਼ੌਜ ਤੋਂ ਹਾਰ ਕੇ ਕਾਬਲ ਪਰਤ ਗਿਆ। ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਦੇ ਦੇਹਾਂਤ ਤੋਂ ਬਾਦ ਇਸ ਨੇ ਸੰਨ 1749 ਈ. ਵਿਚ ਫਿਰ ਹਮਲਾ ਕੀਤਾ ਅਤੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਨੂੰ ਹਰਾ ਕੇ ਮੁਲਤਾਨ , ਸਿੰਧ, ਪੰਜਾਬ ਆਦਿ ਸੂਬੇ ਆਪਣੇ ਅਧਿਕਾਰ ਵਿਚ ਕਰ ਲਏ। ਇਸ ਦੌਰਾਨ ਇਸ ਨੇ ਪੰਜਾਬ ਦੀ ਖ਼ੂਬ ਲੁਟ-ਮਾਰ ਕੀਤੀ। ਇਸ ਦੀ ਪਰਛਾਈ ਪੰਜਾਬੀ ਲੋਕ-ਗੀਤਾਂ ਵਿਚ ਮਿਲ ਜਾਂਦੀ ਹੈ, ਜਿਵੇਂ— ਕੁਝ ਹਾਲੀ ਦੀ ਕੁਝ ਪਾਲੀ ਦੀ। ਬਾਕੀ ਅਹਿਮਦਸ਼ਾਹ ਅਬਦਾਲੀ ਦੀ।
ਸੰਨ 1754 ਈ. ਵਿਚ ਅਹਿਮਦ ਸ਼ਾਹ ਦੀ ਮੌਤ ਤੋਂ ਬਾਦ ਆਲਮਗੀਰ ਦੂਜਾ ਦਿੱਲੀ ਦੀ ਗੱਦੀ ਉਤੇ ਬੈਠਾ। ਉਸ ਦੇ ਪ੍ਰਧਾਨ ਮੰਤਰੀ ਗ਼ਾਜ਼ੀਉੱਦੀਨ ਨੇ ਦੁਰਾਨੀ ਦੇ ਅਧੀਨ ਹੋ ਚੁੱਕੇ ਮੁਲਤਾਨ ਨਗਰ ਉਤੇ ਹਮਲਾ ਕੀਤਾ ਅਤੇ ਉਥੋਂ ਦੇ ਅਫ਼ਗ਼ਾਨ ਸੂਬੇਦਾਰ ਨੂੰ ਕੈਦ ਕਰ ਲਿਆ। ਇਸ ਤੋਂ ਚਿੜ੍ਹ ਕੇ ਦੁਰਾਨੀ ਨੇ ਸੰਨ 1756 ਈ. ਵਿਚ ਹਿੰਦੁਸਤਾਨ ਉਤੇ ਤੀਜਾ ਹਮਲਾ ਕੀਤਾ, ਦਿੱਲੀ ਨੂੰ ਜਿਤ ਕੇ 40 ਦਿਨ ਖ਼ੂਬ ਲੁਟ-ਮਾਰ ਕੀਤੀ ਅਤੇ ਨਜੀਬੁੱਦੌਲਾ ਨੂੰ ਪ੍ਰਧਾਨ ਮੰਤਰੀ ਬਣਾ ਕੇ ਆਪਣੇ ਦੇਸ਼ ਨੂੰ ਪਰਤ ਗਿਆ। ਇਸ ਤੋਂ ਬਾਦ ਵੀ ਇਸ ਨੇ ਕਈ ਹਮਲੇ ਕੀਤੇ, ਜਿਨ੍ਹਾਂ ਵਿਚੋਂ ਸੰਨ 1762 ਈ. ਵਾਲਾ ਹਮਲਾ ਸਿੱਖ-ਇਤਿਹਾਸ ਦਾ ਇਕ ਦੁਖਦਾਇਕ ਕਾਂਡ ਹੋ ਨਿਬੜਿਆ। 5 ਫਰਵਰੀ 1762 ਈ. ਨੂੰ ਇਸ ਨੇ ਕੁੱਪ-ਰਹੀੜਾ ਦੇ ਮੁਕਾਮ’ਤੇ ਸਿੱਖ ਵਹੀਰ ਨੂੰ ਘੇਰ ਕੇ ਲਗਭਗ ਵੀਹ ਹਜ਼ਾਰ ਸਿੰਘ , ਸਿੰਘਣੀਆਂ ਅਤੇ ਬੱਚੇ ਸ਼ਹੀਦ ਕੀਤੇ। ਫਿਰ ਅਪ੍ਰੈਲ ਮਹੀਨੇ ਵਿਚ ਇਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬਾਰੂਦ ਨਾਲ ਉਡਾਇਆ। ਸੰਨ 1769 ਈ. ਦੇ ਸ਼ੁਰੂ ਵਿਚ ਇਸ ਨੇ ਹਿੰਦੁਸਤਾਨ ਉਤੇ ਆਖ਼ਰੀ ਵਾਰ ਹਮਲਾ ਕੀਤਾ। ਪਰ ਉਦੋਂ ਤਕ ਸਿੱਖ ਸੈਨਿਕ ਚੰਗੀ ਤਰ੍ਹਾਂ ਨਾਲ ਸੰਗਠਿਤ ਹੋ ਚੁਕੇ ਸਨ। ਉਨ੍ਹਾਂ ਦੀ ਸ਼ਕਤੀ ਨੂੰ ਵੇਖ ਕੇ ਇਹ ਅਗੇ ਵਧਣ ਦੀ ਹਿੰਮਤ ਨ ਕਰ ਸਕਿਆ ਅਤੇ ਨਿਰਾਸ਼ ਹੋ ਕੇ ਗੁਜਰਾਤ ਪਹੁੰਚਣ ਤੋਂ ਪਹਿਲਾਂ ਹੀ ਦੇਸ਼ ਪਰਤ ਗਿਆ। ਸੰਨ 1772 ਈ. ਵਿਚ ਇਸ ਦੀ ਨਕ ਦੇ ਉਸ ਜ਼ਖ਼ਮ ਕਾਰਣ ਮੌਤ ਹੋ ਗਈ ਜੋ ਇਸ ਦੁਆਰਾ ਹਰਿਮੰਦਿਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਵੇਲੇ ਇਕ ਕੰਕਰ ਨਾਲ ਲਗਾ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First