ਅਹਿਮਦਯਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਹਿਮਦਯਾਰ (1768–1848) : ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿੱਚ ਅਹਿਮਦਯਾਰ ਅਜਿਹਾ ਕਿੱਸਾਕਾਰ ਸੀ ਜਿਸ ਨੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਧ ਕਿੱਸੇ ਰਚੇ। ਅਹਿਮਦਯਾਰ ਦਾ ਜਨਮ 1768 ਵਿੱਚ ਜਲਾਲਪੁਰ, ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਦੇ ਨੇੜਲੇ ਪਿੰਡ ਇਸਲਾਮਗੜ੍ਹ ਵਿੱਚ ਹੋਇਆ। ਕੁਝ ਵਿਦਵਾਨਾਂ ਅਨੁਸਾਰ ਉਸ ਦਾ ਜਨਮ ਗੁਜਰਾਤ ਜ਼ਿਲ੍ਹੇ ਦੇ ਪਿੰਡ ਮੁਗਲਾ ਵਿੱਚ ਹੋਇਆ ਅਤੇ ਬਾਅਦ ਵਿੱਚ ਉਹ ਇਸਲਾਮਗੜ੍ਹ ਆ ਗਿਆ ਸੀ ਪਰੰਤੂ ਇਸ ਗੱਲ ਦੀ ਪ੍ਰਮਾਣਿਕਤਾ ਦਾ ਕੋਈ ਹਵਾਲਾ ਨਹੀਂ ਮਿਲਦਾ। ਇਸਲਾਮਗੜ੍ਹ ਦਾ ਵਸਨੀਕ ਹੋਣ ਬਾਰੇ ਕਵੀ ਦੀਆਂ ਨਿਮਨ-ਲਿਖਤ ਸਤਰਾਂ ਵਿੱਚ ਜ਼ਰੂਰ ਸੰਕੇਤ ਮਿਲਦੇ ਹਨ :

      ਸ਼ਹਿਰ ਜਲਾਲਪੁਰੇ ਦੇ ਦੱਖਣ, ਕਿਲ੍ਹੇ ਵਿੱਚ ਟਿਕਾਣਾ

      ਕਿਲ੍ਹਾ ਸਲਾਮਗੜ੍ਹ ਵਿੱਚ ਜਾ ਕੇ, ਓਥੇ ਸੁਰਤ ਸੰਭਾਲੀ ਦਾ

     ਅਹਿਮਦਯਾਰ ਨੇ ਕਾਫ਼ੀ ਮਾਤਰਾ ਵਿੱਚ ਕਿੱਸਿਆਂ ਦੀ ਰਚਨਾ ਕੀਤੀ, ਉਹਨਾਂ ਦੀ ਪੂਰੀ ਗਿਣਤੀ ਕਵੀ ਨੂੰ ਆਪ ਵੀ ਯਾਦ ਨਹੀਂ :

      ਜਿਤਨੇ ਕਿੱਸੇ ਅਤੇ ਕਿਤਾਬਾਂ, ਉਮਰ ਸਾਰੀ ਮੈਂ ਜੋੜੇ

      ਗਿਣਨ ਲੱਗਾਂ ਤਾਂ ਯਾਦ ਨਾ ਆਵਣ ਜੋ ਦੱਸਾਂ ਸੋ ਥੋੜੇ

     ਉਪਰੋਕਤ ਤੁਕਾਂ ਤੋਂ ਸਪਸ਼ਟ ਹੈ ਕਿ ਉਸ ਨੇ ਵੱਡੀ ਗਿਣਤੀ ਵਿੱਚ ਕਿੱਸੇ ਅਤੇ ਕਿਤਾਬਾਂ ਦੀ ਰਚਨਾ ਕੀਤੀ। ਇਥੇ ਇੱਕ ਗੱਲ ਗ਼ੌਰ ਕਰਨ ਵਾਲੀ ਹੈ ਕਿ ਕਵੀ ਨੇ ਪ੍ਰੀਤ-ਕਿੱਸਿਆਂ ਤੋਂ ਇਲਾਵਾ ਹੋਰ ਕਿਤਾਬਾਂ ਵੀ ਲਿਖੀਆਂ। ਕਿੱਸਿਆਂ ਤੋਂ ਇਲਾਵਾ ਜੋ ਧਾਰਮਿਕ ਕਿਸਮ ਦੀਆਂ ਰਚਨਾਵਾਂ ਤੇ ਹੋਰ ਫੁਟਕਲ ਰਚਨਾਵਾਂ ਕੀਤੀਆਂ, ਕਵੀ ਉਹਨਾਂ ਲਈ ‘ਕਿਤਾਬਾਂ` ਸ਼ਬਦ ਦਾ ਪ੍ਰਯੋਗ ਕਰਦਾ ਹੈ। ਅਹਿਮਦਯਾਰ ਦੀ ਸਮੁੱਚੀ ਕਾਵਿ-ਰਚਨਾ ਨੂੰ ਤਿੰਨ ਵੰਨਗੀਆਂ ਵਿੱਚ ਰੱਖਿਆ ਜਾ ਸਕਦਾ ਹੈ :

      1. ਕਿੱਸਾ-ਕਾਵਿ : ਉਸ ਨੇ 35 ਦੇ ਕਰੀਬ ਕਿੱਸਿਆਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿੱਚੋਂ ਹੀਰ ਰਾਂਝਾ, ਸੱਸੀ ਪੁੰਨੂੰ, ਲੈਲਾ ਮਜਨੂੰ, ਸੋਹਣੀ ਮਹੀਵਾਲ, ਕਾਮਰੂਪ, ਯੂਸਫ਼ ਜ਼ੁਲੈਖ਼ਾਂ (ਅਹਿਸਨੁਲਕਸਸ), ਚੰਦਰ ਬਦਨ ਅਤੇ ਰਾਜਬੀਬੀ ਵਧੇਰੇ ਚਰਚਿਤ ਹਨ।

      2. ਧਾਰਮਿਕ ਕਿਸਮ ਦੀਆਂ ਰਚਨਾਵਾਂ : ਹਜ਼ਰਤ ਮੁਹੰਮਦ ਸਾਹਿਬ ਦਾ ਤਵੱਲਦਨਾਮਾ (ਜਨਮ ਸੰਬੰਧੀ ਰਚਨਾ) ਅਤੇ ਵਫ਼ਾਤਨਾਮਾ, ਜੰਗਿ ਬਦਰ, ਜੰਗਿ ਉਹਦ, ਜੰਗਿ ਖ਼ੰਦਕ (ਇਹ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਲੜੇ ਗਏ ਧਰਮ ਯੁੱਧ ਸਨ) ਹਾਤਮਤਾਈ ਅਤੇ ਤਿਥਿ ਅਹਿਮਦਯਾਰ ਨੂੰ ਇਸਲਾਮੀ ਧਾਰਮਿਕ ਲਹਿਜੇ ਦੀਆਂ ਰਚਨਾਵਾਂ ਕਿਹਾ ਜਾ ਸਕਦਾ ਹੈ।

      3. ਫੁਟਕਲ ਰਚਨਾਵਾਂ : ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ਼ ਕ੍ਰਿਤ ਅਹਿਮਦ ਹੁਸੈਨ ਅਹਿਮਦ ਕੁਰੈਸ਼ੀ (ਲਾਹੌਰ 1964) ਅਨੁਸਾਰ ਅਹਿਮਦਯਾਰ ਨੇ ਕੁਝ ਕਸਬਨਾਮੇ (ਵੱਖ-ਵੱਖ ਪੇਸ਼ਿਆਂ ਸੰਬੰਧੀ ਰਚਨਾਵਾਂ) ਵੀ ਲਿਖੇ ਹਨ ਜਿਨ੍ਹਾਂ ਦੇ ਕਲਮੀ ਨੁਸਖ਼ੇ (ਹੱਥ-ਲਿਖਤ ਖਰੜੇ) ਉਹਨਾਂ ਪਾਸ ਮੌਜੂਦ ਹਨ। ਕਸਬਨਾਮਿਆਂ ਤੋਂ ਇਲਾਵਾ ਉਸ ਨੇ ਮਹਾਰਾਜਾ ਗੁਲਾਬ ਸਿੰਘ ਦੇ ਆਖਣ `ਤੇ 1846 ਵਿੱਚ ਸਿੱਖਾਂ ਦੀ ਤਾਰੀਖ਼ ਵੀ ਕਵਿਤਾ ਵਿੱਚ ਲਿਖੀ। ਇਸ ਨੂੰ ਉਸ ਨੇ ਫ਼ਾਰਸੀ ਦੀ ਵਿਸ਼ਵ-ਪ੍ਰਸਿੱਧ ਰਚਨਾ ਸ਼ਾਹਨਾਮਾ ਫ਼ਿਰਦੌਸੀ ਦੀ ਤਰਜ਼ `ਤੇ ਲਿਖਿਆ ਅਤੇ ਉਸ ਦਾ ਨਾਂ ਸ਼ਹਿਨਸ਼ਾਹ ਨਾਮਾ ਰੱਖਿਆ।

     ਪੰਜਾਬੀ ਸਾਹਿਤ ਵਿੱਚ ਉਸ ਦੀ ਸਾਖ ਅਤੇ ਪ੍ਰਸਿੱਧੀ ਦਾ ਕਾਰਨ ਉਸ ਦੁਆਰਾ ਰਚੇ ਗਏ ਕਿੱਸੇ ਹਨ। ਹੀਰ ਰਾਂਝਾ ਉਸ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ। ਅਹਿਮਦਯਾਰ ਵਾਰਿਸ ਸ਼ਾਹ ਦੀ ਹੀਰ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਆਪਣਾ ਹੀਰ ਰਾਂਝੇ ਦਾ ਕਿੱਸਾ ਵਾਰਿਸ ਵਾਂਗ ਲਿਖਣ ਦਾ ਯਤਨ ਕੀਤਾ। ਪਰੰਤੂ ਅਹਿਮਦਯਾਰ ਕਲਾਤਮਿਕ ਤੌਰ `ਤੇ ਉਸ ਪੱਧਰ ਦਾ ਕਿੱਸਾ ਨਹੀਂ ਲਿਖ ਸਕਿਆ ਜਿਹੋ ਜਿਹਾ ਵਾਰਿਸ ਨੇ ਲਿਖਿਆ ਹੈ :

     ਵਾਰਿਸ ਸ਼ਾਹ ਜੰਡਿਆਲੇ ਵਾਲੇ, ਵਾਹ ਵਾਹ ਹੀਰ ਬਣਾਈ

     ਮੈਂ ਭੀ ਰੀਸ ਓਸੇ ਦੀ ਕਰ ਕੇ ਲੱਗੀ ਤੋੜ ਨਿਭਾਈ

     ਜੋ ਅਟਕਲ ਮਜ਼ਮੂਲ ਬੰਨ੍ਹਣ ਦੀ ਉਸ ਸੋ ਮੈਂ ਨਹੀਂ ਆਈ

      ਵੱਡਾ ਤਅੱਜੁਬ ਆਵੇ ਯਾਰੋ, ਵੇਖ ਉਸ ਦੀ ਵਡਿਆਈ

     ਅਹਿਮਦਯਾਰ ਦੇ ਹੀਰ ਰਾਂਝੇ ਦੀ ਕਹਾਣੀ ਵਾਰਿਸ ਵਾਲੀ ਹੀ ਹੈ ਤੇ ਅੰਤ ਵੀ ਦੁਖਾਂਤਿਕ ਹੀ ਹੈ। ਹੀਰ ਦੀ ਮੌਤ ਹੋ ਜਾਣ `ਤੇ ਉਸਨੂੰ ਦਫ਼ਨ ਕਰਨ ਤੋਂ ਬਾਅਦ ਸਿਆਲਾਂ ਨੇ ਰਾਂਝੇ ਨੂੰ ਖ਼ਤ ਲਿਖਿਆ। ਰਾਂਝਾ ਹੀਰ ਦੀ ਮੌਤ ਦੀ ਖ਼ਬਰ ਸੁਣਦਿਆਂ ਸਾਰ ਸਦਮੇ ਨਾਲ ਹੀ ਮਰ ਗਿਆ, ਉਸਨੂੰ ਵੀ ਹੀਰ ਦੀ ਕਬਰ ਦੇ ਕੋਲ ਹੀ ਦੂਜੀ ਕਬਰ ਵਿੱਚ ਦਫ਼ਨਾ ਦਿੱਤਾ ਗਿਆ।

     ਹੀਰ ਦੀ ਸੁੰਦਰਤਾ ਦਾ ਬਿਆਨ ਬਹੁਤ ਬੇਬਾਕੀ ਨਾਲ ਕੀਤਾ ਹੈ। ਉਸ ਦੇ ਹੁਸਨ ਤੇ ਖ਼ੂਬਸੂਰਤੀ ਦਾ ਵਰਣਨ ਅੰਗ-ਚਿਤਰਨ ਦੁਆਰਾ ਕੀਤਾ ਗਿਆ ਹੈ :

     ਹੀਰ ਸਿਆਲ ਚੂਚਕ ਦੀ ਬੇਟੀ, ਜੋਬਨ ਹੁਸਨ ਜਵਾਨੀ

     ਆਪ ਲਿਖੀ ਤਸਵੀਰ ਮੁਸੱਵਰ, ਕੁਦਰਤ ਦੀ ਫੜ ਕਾਨੀ

     ਸੂਹਾ ਕੁੜਤਾ ਲਹਿਰਾਂ ਮਾਰੇ ਬਿਜਲੀ ਜਿਵੇਂ ਸ਼ਫ਼ਕ ਵਿੱਚ

     ਦੋ ਮੁਰਗਾਈਆਂ ਬਹਿਰ ਹੁਸਨ ਵਿੱਚ,

      ਤਰੀਆਂ ਗਰਕ ਅਰਕ ਵਿੱਚ

     ਕਿੱਸਾ ਹੀਰ ਰਾਂਝਾ ਮਸਨਵੀ ਕਾਵਿ ਰੂਪ ਵਿੱਚ ਹੈ। ਅਹਿਮਦਯਾਰ ਦੇ ਅਧਿਕਤਰ ਕਿੱਸੇ ਮਸਨਵੀ ਰੂਪ ਵਿੱਚ ਹੀ ਹਨ ਕੇਵਲ ਸੱਸੀ-ਪੁੰਨੂੰ ਦਾ ਕਿੱਸਾ ਬੈਂਤਾਂ ਵਿੱਚ ਲਿਖਿਆ ਹੈ। ਹੀਰ ਰਾਂਝਾ ਕਿੱਸੇ ਦਾ ਛੰਦ ਦਵੱਯਾ ਹੈ।

     ਅਹਿਮਦਯਾਰ ਦਾ ਯੂਸਫ਼ ਜ਼ੁਲੈਖ਼ਾਂ ਦਾ ਕਿੱਸਾ ਅਹਿਸਨੁਲਕਸਸ (‘ਅਹਿਸਨੁਲਕਸਸ` ਯੂਸਫ਼ ਜ਼ੁਲੈਖ਼ਾਂ ਦੇ ਕਿੱਸੇ ਦਾ ਵਿਸ਼ੇਸ਼ਣ ਹੈ। ਅਹਿਸਨ ਦਾ ਅਰਥ ਹੈ ਸਭ ਤੋਂ ਅੱਛਾ ਅਤੇ ਕਸਸ ‘ਕਿੱਸਾ` ਦਾ ਬਹੁਵਚਨ ਹੈ ‘ਅਲ` ਅਰਬੀ ਭਾਸ਼ਾ ਵਿੱਚ ਸੰਬੰਧਕ ਵਜੋਂ ਵਰਤਿਆ ਜਾਂਦਾ ਹੈ ਸੋ ‘ਅਹਿਸਨੁਲਕਸਸ` ਦਾ ਅਰਥ ‘ਕਿੱਸਿਆਂ ਵਿੱਚ ਸਭ ਤੋਂ ਉੱਤਮ (ਕਿੱਸਾ)` ਬਣਦਾ ਹੈ। ਇਸ ਕਿੱਸੇ ਦਾ ਜ਼ਿਕਰ ਕੁਰਾਨ ਸ਼ਰੀਫ਼ ਵਿੱਚ ਵੀ ਹੈ ਪਰੰਤੂ ਪੰਜਾਬੀ ਕਿੱਸਿਆਂ ਨਾਲੋਂ ਕਹਾਣੀ ਵਿੱਚ ਕੁਝ ਅੰਤਰ ਹੈ।) ਪਾਕ-ਪਵਿੱਤਰ ਪਿਆਰ ਦੀ ਕਹਾਣੀ ਹੈ ਜਿਸ ਵਿੱਚ ਸੂਫ਼ੀ ਭਾਵਾਂ ਦਾ ਮਿਸ਼ਰਨ ਹੈ। ਇਹ ਕਿੱਸਾ ਇਸ਼ਕ ਤੇ ਰਹੱਸਵਾਦ ਦਾ ਸੁੰਦਰ ਸੁਮੇਲ ਹੈ।

     ਸੱਸੀ ਪੁੰਨੂੰ ਦੇ ਕਿੱਸੇ ਵਿੱਚ ਬਿਰਹੋਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਤੀਬਰ ਰੂਪ ਵਿੱਚ ਕੀਤਾ ਗਿਆ ਹੈ। ਪੁੰਨੂੰ ਦੇ ਚਲੇ ਜਾਣ ਪਿੱਛੋਂ ਸੱਸੀ ਦੀ ਜੋ ਹਾਲਤ ਹੁੰਦੀ ਹੈ ਉਸਨੂੰ ਕਵੀ ਨੇ ਬਹੁਤ ਵਿਰਾਗਮਈ ਅਤੇ ਪ੍ਰਗੀਤਕ ਅੰਦਾਜ਼ ਵਿੱਚ ਪੇਸ਼ ਕੀਤਾ ਹੈ :

     ਕਦੀ ਰੰਗ ਮਹਿਲ ਤੇ ਜਾ ਢੂੰਡੇ,

     ਪੁੰਨੂੰ ਏਥੇ ਵੀ ਬੈਠਦਾ ਹੋਂਵਦਾ ਸੀ

     ਉਹਨਾਂ ਕੰਧਾਂ ਨੂੰ ਚੁੰਮ ਚੁੰਮ ਲਾਏ ਸੀਨੇ,

     ਜਿਨ੍ਹਾਂ ਬੂਹਿਆਂ ਵਿੱਚ ਖਲੋਂਵਦਾ ਸੀ

     ਅਹਿਮਦਯਾਰ ਲੇਟੇ ਉਸ ਜ਼ਿਮੀਂ ਉੱਤੇ,

      ਜਿਸ ਜਗ੍ਹਾ ਉਹ ਨ੍ਹਾਂਵਦਾ ਸੋਂਵਦਾ ਸੀ...

     ਅਹਿਮਦਯਾਰ ਦੇ ਹੀਰ ਰਾਂਝਾ ਅਤੇ ਸੱਸੀ ਪੁੰਨੂੰ ਦੇ ਕਿੱਸਿਆਂ ਵਿੱਚ ਵਧੇਰੇ ਕਰ ਕੇ ਠੇਠ ਪੰਜਾਬੀ ਦਾ ਪ੍ਰਯੋਗ ਹੈ ਅਤੇ ਇਹਨਾਂ ਵਿੱਚ ਉਸ ਦੀ ਕਾਵਿ ਕਲਾ ਕੁਝ ਉਘੜੀ ਹੈ। ਲਹਿੰਦੀ ਦੀ ਸ਼ਬਦਾਵਲੀ ਦਾ ਪ੍ਰਯੋਗ ਵੀ ਕੀਤਾ ਹੈ। ਅਰਬੀ ਫ਼ਾਰਸੀ ਸ਼ਬਦਾਵਲੀ ਤੋਂ ਇਲਾਵਾ ਕਈ ਥਾਵਾਂ `ਤੇ ਫ਼ਾਰਸੀ ਲਹਿਜੇ ਵਾਲੀ ਅਤਿਕਥਨੀ, ਤਸ਼ਬੀਹਾਂ ਅਤੇ ਇਸਤਿਆਰੇ ਵੀ ਵਰਤੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕਵੀ ਅਰਬੀ ਫ਼ਾਰਸੀ ਦਾ ਡੂੰਘਾ ਅਧਿਐਨ ਰੱਖਦਾ ਸੀ। ਅਹਿਮਦਯਾਰ ਨੇ ਬੜੇ ਉਚੇਚ ਨਾਲ ਆਪਣੇ ਕਿੱਸੇ ਲਿਖੇ ਹਨ, ਮਿਹਨਤ ਵੀ ਕਾਫ਼ੀ ਕੀਤੀ ਪਰੰਤੂ ਇਸ ਉਚੇਚ ਕਾਰਨ ਉਸ ਦੀ ਕਾਵਿ-ਰਚਨਾ ਵਿੱਚ ਕਿਧਰੇ ਕਿਧਰੇ ਬਨਾਵਟੀ ਅੰਸ਼ ਵੇਖਣ ਵਿੱਚ ਆਉਂਦੇ ਹਨ।

     ਮੱਧ-ਕਾਲੀਨ ਪੰਜਾਬੀ ਕਿੱਸਾ-ਕਾਵਿ ਪਰੰਪਰਾ ਵਿੱਚ ਸਭ ਤੋਂ ਵੱਧ ਕਿੱਸੇ ਲਿਖਣ ਵਾਲਾ ਇਹ ਕਵੀ 80 ਵਰ੍ਹੇ ਦੀ ਉਮਰ ਭੋਗ ਕੇ 1848 ਵਿੱਚ ਇਸ ਸੰਸਾਰ ਤੋਂ ਵਿਦਾ ਹੋ ਗਿਆ। ਭਾਵੇਂ ਕਲਾਤਮਿਕ ਤੌਰ `ਤੇ ਉਸ ਦੀ ਕਾਵਿ- ਰਚਨਾ ਵਿੱਚ ਕੁਝ ਕਮੀਆਂ ਰੜਕਦੀਆਂ ਹਨ ਪਰ ਫਿਰ ਵੀ ਏਨੀ ਵੱਡੀ ਮਾਤਰਾ ਵਿੱਚ ਕਿੱਸੇ-ਕਿਤਾਬਾਂ ਲਿਖਣਾ ਉਸ ਦੀ ਵੱਡੀ ਪ੍ਰਾਪਤੀ ਹੈ ਅਤੇ ਪੰਜਾਬੀ ਸਾਹਿਤ ਵਿੱਚ ਨਿੱਗਰ ਯੋਗਦਾਨ।

     ਇੱਕ ਹੋਰ ਖੇਤਰ ਜਿਸ ਵਿੱਚ ਉਸ ਨੇ ਯੋਗਦਾਨ ਪਾਇਆ ਉਹ ਸੀ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪਹਿਲ ਕਦਮੀ। ਅਹਿਮਦਯਾਰ ਪਹਿਲਾ ਕਵੀ ਹੈ ਜਿਸਨੇ ਆਪਣੇ ਤੋਂ ਪਹਿਲੇ ਕਿੱਸਾ ਕਵੀਆਂ ਦੀ ਰਚਨਾ ਬਾਰੇ ਆਲੋਚਨਾਤਮਿਕ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਪੰਜਾਬੀ ਆਲੋਚਨਾ ਦੇ ਮੁਢਲੇ ਯਤਨ ਕਿਹਾ ਜਾ ਸਕਦਾ ਹੈ। ਉਸ ਨੇ ਪੂਰਵਲੇ ਕਵੀਆਂ ਦੀ ਕਾਵਿਕ ਆਲੋਚਨਾ ਦਾ ਮੁੱਢ ਬੰਨ੍ਹਿਆ। ਕੁਝ ਨਮੂਨੇ ਵੇਖੋ :

ਪੀਲੂ ਬਾਰੇ :

     ਪੀਲੂ ਨਾਲ ਨਾ ਰੀਸ ਕਿਸੇ ਦੀ ਉਸ ਵਿੱਚ ਸੋਜ਼ ਅਲਹਿਦੀ।

      ਮਸਤ ਨਿਗਾਹ ਕੀਤੀ ਉਸ ਪਾਸੇ, ਕਿਸੇ ਫ਼ਕੀਰ ਵਲੀ ਦੀ।

ਵਾਰਿਸ ਸ਼ਾਹ ਬਾਰੇ :

      ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ,

      ਕਿਤੇ ਨਾ ਅਟਕਿਆ ਵਲਿਆ।

      ਪਰ ਮਨਰਾਹੀ ਚੱਕੀ ਵਾਂਗੂ, ਉਸ ਨਿੱਕਾ ਮੋਟਾ ਦਲਿਆ

      ਦਰਦ ਸੋਜ਼ ਵਾਲਾ ਉਹ ਬੰਦਾ ਬੋਲਿਆ ਸਭ ਸੁਬਹਾਨਾ

      ਪਰ ਜੋ ਫਿਕਰ ਉਸ ਨੇ ਕੀਤਾ, ਕਾਬੂ ਨਹੀਂ ਸੁਜਾਨਾ

      ਹਾਸ਼ਮ ਬਾਰੇ :

      ਹਾਸ਼ਮ ਸੱਸੀ ਸੋਹਣੀ ਜੋੜੀ ਸੱਦ ਰਹਿਮਤ ਉਸਤਾਦੋਂ

      ਪਰ ਦਿਲ ਵਿੱਚ ਵੱਡਾ ਤਅੱਜੁਬ ਆਵੇ ਸ਼ੀਰੀ ਤੇ ਫ਼ਰਹਾਦੋਂ


ਲੇਖਕ : ਰਾਸ਼ਿਦ ਰਸ਼ੀਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.