ਅਸ਼ਲੀਲਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ਼ਲੀਲਤਾ [ਨਾਂਇ] ਭੱਦਾਪਣ, ਅਸ਼ਿਸ਼ਟਤਾ , ਲਚਰਤਾ, ਲਚਰਪੁਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸ਼ਲੀਲਤਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਲੀਲਤਾ : ਇਹ ਸ਼ਬਦ ਦਾ ਕੋਸ਼ਗਤ ਅਰਥ ਹੈ–ਸ਼ੋਭਾਹੀਨਤਾ, ਅਸ਼ਿਸ਼ਟਤਾ, ਉਹ ਗੱਲ/ਕਥਨ ਜੋ ਸਭੑਯ ਸਮਾਜ ਵਿਚ ਪੜ੍ਹਿਆ ਜਾਂ ਬੋਲਿਆ ਨਾ ਜਾ ਸਕੇ। ਸਾਹਿੱਤ ਅਤੇ ਕਲਾ ਵਿਚ ਅਸ਼ਲੀਲਤਾ ਦਾ ਵਿਸ਼ਾ ਪ੍ਰਾਚੀਨ ਕਾਲ ਤੋਂ ਹੀ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ। ਵਾਸਤਵਵਿਚ ਅਸ਼ਲੀਲ ਸ਼ਬਦ ‘ਅਸ਼ਰੀਰ’ ਦਾ ਰੂਪਾਂਤਰ ਹੈ ਜਿਸ ਦਾ ਪ੍ਰਯੋਗ ਪਾਣਿਨੀ ਦੀ ਅਸਟਾਧਿਆਈ (6: 2: 42) ਅਤੇ ਅਮਰ ਸਿੰਘ ਦੇ ਅਮਰ ਕੋਸ਼ (1: 6: 19) ਵਿਚ ਅਸਭਯ ਦੇ ਅਰਥਾਂ ਵਿਚ ਕੀਤਾ ਹੋਇਆ ਮਿਲਦਾ ਹੈ। ਭਾਰਤੀ ਕਾਵਿ ਸ਼ਾਸਤ੍ਰੀਆਂ ਅਨੁਸਾਰ ਅਸ਼ਲੀਲਤਾ ਇਕ ਕਾਵਿ ਦੋਸ਼ ਮੰਨਿਆ ਗਿਆ ਹੈ। ਵਾਮਨ ਅਨੁਸਾਰ ਅਸਭਯ ਅਰਥ ਦੀ ਸੰਭਾਵਨਾ ਰੱਖਣ ਵਾਲਾ, ਅਸਭਯ ਵਸਤੂ ਦੀ ਯਾਦ ਦਿਵਾਉਣ ਵਾਲਾ ਕਾਵਿ ਅਸ਼ਲੀਲ ਹੁੰਦਾ ਹੈ (ਕਾਵਿ ਅਲੰਕਾਰ–ਸੂਤ੍ਰ (2: 1: 14) ਪਰ ਅਪ੍ਰਸਿੱਧ ਅਸਭਯ ਅਰਥ ਦਾ ਪ੍ਰਯੋਗ ਅਸ਼ਲੀਲ ਨਹੀਂ ਹੁੰਦਾ ਜਿਵੇਂ ‘ਸੰਬਾਧ’ ਸ਼ਬਦ ਦਾ ਅਰਥ ਸੰਕਟ ਭੀੜ, ਰੁਕਾਵਟ; ਤੰਗ ਆਦਿ ਹੁੰਦਾ ਹੈ, ਪਰੰਤੂ ਇਸ ਦਾ ਅਰਥ ਯੋਨੀ (ਭਗ) ਵੀ ਹੁੰਦਾ ਹੈ ਜਿਹੜਾ ਅਪ੍ਰਸਿੱਧ ਅਰਥ ਹੈ ਇਸ ਲਈ ਅਸ਼ਲੀਲ ਨਹੀਂ ਆਖਿਆ ਜਾ ਸਕਦਾ। ਇਸੇ ਤਰ੍ਹਾਂ ‘ਜਨਮ–ਭੂਮੀ’ ਸ਼ਬਦ ਉਸ ਦੇਸ਼ ਦਾ ਵਾਚਕ ਹੈ ਜਿੱਥੇ ਕਿਸੇ ਦਾ ਜਨਮ ਹੋਇਆ ਹੋਵੇ,ਪਰ ਲੱਛਣ ਤੋਂ ਇਸ ਦਾ ਅਰਥ ਵੀ ਯੋਨੀ ਹੀ ਹੈ ਜਿਹੜਾ ਅਪ੍ਰਸਿੱਧ ਹੈ ਇਸ ਲਈ ਅਸ਼ਲੀਲ ਨਹੀਂ। ਮੰਮਟ ਨੇ ‘ਕਾਵੑਯ ਪ੍ਰਕਾਸ਼’ (ਸੱਤਵਾਂ ਅਧਿਆਇ, ਕਾਰਿਕਾ 50 ਤੋਂ ਅੱਗੇ) ਵਿਚ ਸ਼ਬਦਾਂ, ਵਾਕਾਂ, ਵਾਕ–ਖੰਡਾਂ ਅਤੇ ਉਨ੍ਹਾਂ ਦੇ ਅਰਥਾਂ ਵਿਚ ਤਿੰਨ ਪ੍ਰਕਾਰ ਦੀ ਅਸ਼ਲੀਲਤਾ ਮੰਨੀ ਹੈ ਜਿਹੜੀ ਵੀਰਤਾ ਜਾਂ ਲੱਜਾ, ਜੁਗਪਸਾ ਜਾਂ ਘ੍ਰਿਣਾ ਅਤੇ ਅਮੰਗਲ ਜਾਂ ਵਿਨਾਸ਼ਕਾਰੀ ਅਰਥਾਂ ਦੀ ਸੂਚਕ ਹੁੰਦੀ ਹੈ। ਰਤਿਕ੍ਰੜਿਾ (ਸੰਭੋਗ) ਵਾਰਤਾਲਾਪ ਨੂੰ ਇਸ ਨੇ ਸਭ ਤੋਂ ਅਸ਼ਲੀਲ ਮੰਨਿਆ ਹੈ। ਪਰ ਮੰਮਟ ਅਨੁਸਾਰ ਸ਼ਬਦ ਕੋਸ਼, ਵਿਸ਼ਵ ਕੋਸ਼ ਅਤੇ ਚਿਕਿਤਸਾ ਸ਼ਾਸਤ੍ਰ ਵਿਚ ਪ੍ਰਯੋਗ ਕੀਤੇ ਹੋਏ ਅਸ਼ਲੀਲ ਸ਼ਬਦ ਵੀ ਅਸ਼ਲੀਲ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦਾ ਭਾਵ ਕਿਸੇ ਵਿਸ਼ੇਸ਼ ਗਿਆਨ ਦੀ ਵਿਧ੍ਰੀ ਕਰਨਾ ਹੈ, ਅਸ਼ਲੀਲ ਭਾਵ ਉਜਾਗਰ ਕਰਨਾ ਨਹੀਂ ।

          ਅਸ਼ਲੀਲਤਾ ਦਾ ਅੰਗ੍ਰੇਜ਼ੀ ਪਰਿਆਇ ਓਬਸੀਨ (obscene) ਹੈ ਜਿਸ ਦਾ ਮੂਲ ਸੀਸਮ (caecum) ਹੈ ਜਿਸ ਦਾ ਅਰਥ ਹੈ ਗੰਦਾ ਅਥਵਾ ਕੁਰੂਪ। ਕਈਆਂ ਦਾ ਵਿਚਾਰ ਹੈ ਕਿ ਓਬਸੀਨ ਸ਼ਬਦ ਦਾ ਮੂਲ ਓਬਸਕਿਓਰਮ (obscurum) ਅਰਥਾਤ ‘ਗੁਪਤ’ ਹੈ। ਪੱਛਮੀ ਸਾਹਿੱਤ ਵਿਚ ਇਸ ਲਈ ਪੋਰਨੋਗ੍ਰਾਫ਼ੀ (pornography) ਵੀ ਵਰਤਿਆ ਜਾਂਦਾ ਹੈ ਜਿਹੜਾ ਵੇਸਵਾਵਾਂ ਦੇ ਚਰਿਤ੍ਰ–ਚਿਤ੍ਰਣ ਲਈ ਪ੍ਰਯੁਕਤ ਹੁੰਦਾ ਹੈ।

          ਪ੍ਰਾਚੀਨ ਭਾਰਤੀ ਸਾਹਿੱਤ ਵਿਚ ਸਾਨੂੰ ਅਸ਼ਲੀਲਤਾ ਦਾ ਕੁਝ ਅੰਸ਼ ਮਿਲਦਾ ਹੈ ਪਰ ਆਧੁਨਿਕ ਸਾਹਿੱਤ ਵਿਚ ਇਸ ਦਾ ਖੁੱਲਾ ਪ੍ਰਯੋਗ ਉਨ੍ਹੀਵੀਂ ਸਦੀ ਈ. ਦੇ ਮੱਧ ਵਿਚ ਫ਼੍ਰਾਂਸ ਵਿਚ ਆਰੰਭ ਹੋਇਆ। ਜ਼ੋਲਾ, ਫਲਾਬੇਅਰ, ਗੌਨਕੌਰਟ ਤੋਂ ਪ੍ਰਭਾਵਿਤ ਹੋ ਕੇ ਡੀ.ਐਚ.ਲਾਰੰਸ (D.H. Lawrence) ਨੇ ਅੰਗ੍ਰੇਜ਼ੀ ਵਿਚ ਅਜਿਹੀਆਂ ਰਚਨਾਵਾਂ ਕੀਤੀਆਂ। ਵੀਹਵੀਂ ਸਦੀ ਈ. ਵਿਚ ਜੇਮਜ਼ ਜੋਆਇਸ, ਵਰਜੀਨੀਆ ਵੁਲਫ਼, ਹੈਨਰੀ ਮਿਲਰ, ਨਬਕੋਫ (Nabkov) ਨੇ ਨਾ ਕੇਵਲ ਅਸ਼ਲੀਲ ਸ਼ਬਦ ਦਾ ਹੀ ਪ੍ਰਯੋਗ ਕੀਤਾ ਹੈ ਸਗੋਂ ਕਾਮੁਕਤਾ ਨੂੰ ਉਜਾਗਰ ਕਰਨ ਵਾਲੇ ਦ੍ਰਿਸ਼ਾਂ ਨੂੰ ਬੜੇ ਖੁੱਲ੍ਹੇ ਢੰਗ ਨਾਲ ਪੇਸ਼ ਕੀਤਾ ਹੈ। ਮੂਰਤੀ ਕਲਾ ਦੇ ਖੇਤਰ ਵਿਚ ਅਤਿਯਥਾਰਥਵਾਦੀ ਕਲਾਕਾਰਾਂ ਸਾਲੇਵਦਰ ਡਾਲੀ, ਮਾਕਸ ਅਰਨਸਟ, ਹੈਨਰੀ ਮੋਅਰ ਅਤੇ ਪਿਕਾਸੋ ਨੇ ਇਸਤ੍ਰੀਆਂ ਮਰਦਾਂ ਦੇ ਨਗਨ ਚਿਤ੍ਰ ਬਣਾਏ।

          ਕੀ ਸਾਹਿੱਤ ਤੇ ਕਲਾ ਵਿਚ ਅਸ਼ਲੀਲ ਵਾਜਬ ਹੈ? ਇਸ ਸਮੱਸਿਆ ਦਾ ਸਮਾਧਾਨ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਅਸ਼ਲੀਲਤਾ ਦੇ ਅਨੁਯਾਈਆਂ ਦਾ ਇਹ ਕਥਨ ਹੈ ਕਿ ਮਨੁੱਖ ਦਾ ਇਹ ਅਖਾਉਤੀ ਅਸ਼ਲੀਲ ਰੂਪ ਹੀ ਵਾਸਤਵਿਕ ਰੂਪ ਹੈ। ਇਸ ਨੂੰ ਗੁਪਤ ਰੱਖਣਾ ਕਲਾ ਤੇ ਸਾਹਿੱਤ ਨਾਲ ਧ੍ਰੋਹ ਹੈ। ਪ੍ਰਗਟਾਵੇ ਦੀ ਇਸ ਰੁਚੀ ਨੂੰ ਦਬਾਉਣਾ ਕਲਾ ਅਤੇ ਕਲਾਕਾਰ ਨਾਲ ਅਨਿਆਇ ਹੈ। ਲੇਕਿਨ ਇਸ ਵਿਸ਼ੇ ਦਾ ਵਿਚਾਰ ਕੇਵਲ ਕਾਵਿ ਦੀ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ਸਮਾਜ ਦੇ ਹਿਤ ਦੀ ਦ੍ਰਿਸ਼ਟੀ ਤੋਂ ਵੀ ਕਰਨਾ ਆਵੱਸ਼ਕ ਹੈ। ਜਿੱਥੇ ਸਰੀਰਿਕ ਅੰਗਾਂ ਦਾ ਬਿਆਨ ਜਾਂ ਅਸ਼ਲੀਲ ਸ਼ਬਦਾਂ ਦਾ ਪ੍ਰਯੋਗ ਜੀਵਨ ਦੀ ਵਾਸਤਵਿਕਤਾ ਜਾਂ ਕੀਮਤਾਂ ਦੇ ਉਦਘਾਟਨ ਵਿਚ ਕੀਤਾ ਜਾਂਦਾ ਹੈ, ਉੱਥੇ ਕੁਝ ਹਦ ਤਕ ਅਸ਼ਲੀਲਤਾ ਸਹੀ ਜਾ ਸਕਦੀ ਹੈ, ਸਗੋਂ ਉਹ ਅਸ਼ਲੀਲ ਪ੍ਰਤੀਤ ਹੀ ਨਹੀਂ ਹੁੰਦੀ। ਲੇਕੀਨ ਜਿੱਥੇ ਸ਼ਰੀਰਿਕ ਅੰਗਾਂ ਦੇ ਖੁੱਲ੍ਹੇ ਦਿਖਾਵੇ ਦਾ ਇਕ ਮਾਤਰ ਪ੍ਰਯੋਜਨ ਕਾਮੁਕਤਾ ਨੂੰ ਉਜਾਗਰ ਕਰ ਕੇ ਵਾਸਨਾਵਾਂ ਵਲ ਪ੍ਰੇਰਿਤ ਕਰਨਾ ਹੋਵੇ, ਮਾਰਗ੍ਰੇਟ ਮੀਡ ਦੇ ਕਥਨ ਅਨੁਸਾਰ ਅਜਿਹਾ ਸਾਹਿੱਤ ਨਿੰਦਣ–ਯੋਗ ਹੈ। ਡਾ.ਕਿਨਜ਼ੇ ਅਨੁਸਾਰ, ਜਿਸ ਸਾਹਿੱਤ ਦਾ ਨਿਸ਼ਚਿਤ ਤੇ ਪ੍ਰਧਾਨ ਉਦੇਸ਼ ਕਾਮ ਬਿਰਤੀ ਨੂੰ ਉੱਦੀਪਿਤ ਕਰਨਾ ਹੋਵੇ, ਮਨੋਵਿਗਿਆਨਿਕਾਂ ਦੇ ਮੱਤ ਅਨੁਸਾਰ, ਅਜਿਹਾ ਸਾਹਿੱਤ ਯੁਵਕਾਂ ਲਈ ਹਾਨੀਕਾਰਕ ਹੈ ਅਤੇ ਉਨ੍ਹਾਂ ਨੂੰ ਵਿਕ੍ਰਿਤ ਅਤੇ ਭਿਆਨਕ ਯੌਨ–ਅਪਰਾਧ ਕਰਨ ਲਈ ਪ੍ਰੇਰਦਾ ਹੈ ਅਤੇ ਯੌਨ–ਪ੍ਰਵਿਤੀਆਂ ਨੂੰ ਜਨਮ ਦੇਣ ਦੀ ਸੰਭਾਵਨਾ ਰੱਖਦਾ ਹੈ।

          ਪ੍ਰਸ਼ਨ ਉਠਦਾ ਹੈ ਕਿ ਕੀ ਸਾਹਿੱਤ ਕੇਵਲ ਯੁਵਕਾਂ ਲਈ ਹੀ ਹੈ? ਕੀ ਅਜਿਹਾ ਸਾਰਾ ਸਾਹਿੱਤ ਅਤੇ ਸਾਰੀ ਮੂਰਤੀ–ਕਲਾ ਉੱਤੇ ਪ੍ਰਤੀਬਿੰਬ ਲਗਾਇਆ ਜਾਵੇ ਜਿਹੜੀ ਕਾਮ ਅਪੀਲ ਰਖਦੀ ਹੋਵੇ? ਕੀ ਅਸੀਂ ਕਾਲੀਦਾਸ, ਹਰਸ਼, ਦੰਡੀ, ਮਾਘ, ਵਿਦਿਆਪਤੀ, ਜਾਇਸੀ, ਹੋਮਰ, ਸ਼ੈਕਸਪੀਅਰ, ਹਾਫਿਜ਼ ਦੀਆਂ ਮਹਾਨ ਕਿਰਤਾਂ, ਖੁਜਾਰਾਹੋ, ਅਜੰਤਾ, ਏਲੋਰਾ, ਮਾਈਕਲੈਂਜਲੋ ਰੂਬਨ, ਰਫ਼ੇਲ ਅਤੇ ਪਿਕਾਸੋ ਦੀਆਂ ਸੁਪ੍ਰਸਿੱਧ ਅਤੇ ਮਹਾਨ ਮੂਰਤੀਆਂ ਨੂੰ ਸਮੁੱਦਰ ਵਿਚ ਸੁੱਟ ਦੇਈਏ ਅਤੇ ਉਨ੍ਹਾਂ ਦੀਆਂ ਉਤਕ੍ਰਿਸ਼ਟ ਰਚਨਾਵਾਂ ਤੋਂ ਵੰਚਿਤ ਹੋ ਜਾਈਏ? ਇਸ ਤਰ੍ਹਾਂ ਕਰਨਾ ਜਾਂ ਹੋਣਾ ਅਸੰਭਵ ਹੈ। ਲੇਕਿਨ ਜਿੱਥੇ ਇਹ ਅਸੰਭਵ ਹੈ ਉੱਥੇ ਆਧੁਨਿਕ ਵਿਘਟਨਕਾਰੀ ਕਾਮ ਉਤੇਜਕ ਸਾਹਿੱਤ ਉਤੇ ਜੇ ਪ੍ਰਤਿਬੰਧ ਵਾਜਬ ਨਹੀਂ ਤਾਂ ਯੁਵਕਾਂ ਲਈ ਉਨ੍ਹਾਂ ਨੂੰ ਪੜ੍ਹਨ ਲਈ ਦਿਸ਼ਾ ਦੀ ਅਤਿ ਆਵੱਸ਼ਕਤਾ ਹੈ। ਸਾਹਿੱਤ ਦਾ ਮੁੱਖ ਉਦੇਸ਼ ਯੁਵਕਾਂ ਨੂੰ ਯੋਗ ਸੇਧ ਦੇਣਾ ਹੈ ਨਾ ਕਿ ਸਮਾਜ ਦੀ ਮਰਿਆਦਾ ਨੂੰ ਭੰਗ ਕਰਨਾ।

  •           , ਜ਼ੋਲਾ, ਲਾਰੰਸ, ਅਤੇ ਹੋਰ ਪ੍ਰਾਕ੍ਰਿਤਕਵਾਦੀ ਲੇਖਕਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿਚ ਅਸ਼ਲੀਲਤਾ ਦਾ ਪ੍ਰਯੋਗ ਕੀਤਾ ਹੈ। ਕਵਿਤਾ ਵਿਚ ਮੋਹਨ ਸਿੰਘ ਦੀਆਂ ਕੁਝ ਕਵਿਤਾਵਾਂ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ‘ਕਾਗਜ਼ ਤੇ ਕੈਨਵਸ’ ਵਿਚਲੀਆਂ ਕਵਿਤਾਵਾਂ; ਨਾਟਕ ਵਿਚ ਸੇਖੋਂ , ਗਾਰਗੀ; ਨਾਵਲ ਵਿਚ ਦੁੱਗਲ ਅਤੇ ਮੋਹਨ ਕਾਹਲੋ; ਕਹਾਣੀ ਵਿਚ ਸੇਖੋਂ, ਦੁੱਗਲ ਤੇ ਗਾਰਗੀ ਨੇ ਅਸ਼ਲੀਲਤਾ ਦਾ ਕੁਝ ਪ੍ਰਯੋਗ ਕੀਤਾ ਹੈ ਅਤੇ ਪ੍ਰਗਟਾ ਵਿਚ ਖੁੱਲ੍ਹ ਤੋਂ ਕੰਮ ਲਿਆ ਹੈ। ਪਰ ਅਸ਼ਲੀਲਤਾ ਹੀ ਇਨ੍ਹਾਂ ਦੀਆਂ ਰਚਨਾਵਾਂ ਵਿਚ ਪ੍ਰਧਾਨ ਨਹੀਂ, ਕੇਵਲ ਇਕ ਸਾਧਾਕਰਣ ਜਿਹਾ ਅੰਗ ਹੀ ਹੈ।    

[ਸਹਾ. ਗ੍ਰੰਥ–(D.H.Lawrence : Sex Literature and Censorship; Maurice Ernest and William Stegal : To be Pure–A study of Obscenity and the Censor] 


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.