ਅਸ਼ਟਾਧਿਆਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਟਾਧਿਆਈ : ਲੌਕਿਕ ਅਤੇ ਵੈਦਿਕ ਸੰਸਕ੍ਰਿਤ ਦਾ ਸੰਸਕ੍ਰਿਤ ਭਾਸ਼ਾ ਵਿੱਚ ਅਚਾਰੀਆ ਪਾਣਿਨੀ ਦੁਆਰਾ ਰਚਿਆ ਵਿਸ਼ਵ ਵਿਖਿਆਤ ਵਿਆਕਰਨ ਅਸ਼ਟਾਧਿਆਈ ਹੈ ਜਿਸਦੇ ਅਸਲ ਵਿੱਚ ਚਾਰ ਨਾਂ ਮਿਲਦੇ ਹਨ-ਅਸ਼ਟਕ, ਅਸ਼ਟਾਧਿਆਈ, ਸ਼ਬਦਾਨੁਸ਼ਾਸਨ ਅਤੇ ਵਰਿੱਤੀਸੂਤਰ। ਇਸ ਸ਼ਬਦਾਨੁਸ਼ਾਸਨ ਦੇ ਛੇ ਅੰਗ ਹਨ-ਪ੍ਰਤਯਾਹਾਰ ਸੂਤਰ (ਸੰਸਕ੍ਰਿਤ ਦੇ 43 ਵਰਨਾਂ ਦੀ 14 ਗਣਾਂ ਵਿੱਚ ਵਿਵਸਥਾ), ਧਾਤੂ ਪਾਠ (ਸੰਸਕ੍ਰਿਤ ਦੇ 2200 ਧਾਤੂਆਂ ਦੀ ਦਸ ਗਣਾਂ ਵਿੱਚ 1943 ਨਿਰਦੇਸ਼ਾਂ ਦੁਆਰਾ ਵਿਵਸਥਾ), ਗਣਪਾਠ (ਪ੍ਰਾਤਿਪਾਦਿਕ ਸ਼ਬਦਾਂ ਦਾ ਕ੍ਰਮ ਵਿਸ਼ੇਸ਼ ਨਾਲ ਵਿਵਸਥਿਤ ਗਣ ਜਿਨ੍ਹਾਂ ਦੇ ਪਹਿਲੇ ਸ਼ਬਦ ਨੂੰ ਸੂਤਰ ਵਿੱਚ ਜੋੜ ਕੇ ਉਸ ਗਣ ਦੇ ਸ਼ਬਦ-ਸਮੂਹ ਦਾ ਨਿਰਦੇਸ਼ ਕੀਤਾ ਹੈ), ਲਿੰਗਾਨੁਸ਼ਾਸਨ (ਸ਼ਬਦਾਂ ਦਾ ਇਸਤਰਿੱਤਵ, ਪੁਰਸ਼ਤਵ ਆਦਿ ਨਿਯਮਿਤ ਕਰਨ ਲਈ ਪੰਜ ਪ੍ਰਕਰਨਾਂ ਵਿੱਚ 189 ਸੂਤਰਾਂ ਦੀ ਵਿਵਸਥਾ), ਉਣਾਦਿ-ਸੂਤਰ/ਕੋਸ਼ (ਪੰਜ ਪਦਾਂ ਵਿੱਚ 850 ਨਿਰਦੇਸ਼ ਉਹਨਾਂ ਰੂੜ੍ਹ ਸ਼ਬਦਾਂ ਦੀ ਨਿਸ਼ਪਤੀ ਲਈ ਜਿਨ੍ਹਾਂ ਦੀ ਨਿਸ਼ਪਤੀ ਸ਼ਬਦਾਨੁਸ਼ਾਸਨ ਵਿੱਚ ਕਿਰਦੰਤ ਸੂਤਰ ਪ੍ਰਕਿਰਿਆ ਨਾਲ ਨਹੀਂ ਹੁੰਦੀ) ਅਤੇ ਅੰਤਿਮ ਸੂਤਰਪਾਠ ਜਾਂ ਅਸ਼ਟਾਧਿਆਈ, ਜਿਸ ਵਿੱਚ ਅੱਠ ਅਧਿਆਇ ਅਤੇ ਹਰ ਅਧਿਆਇ ਵਿੱਚ ਚਾਰ ਪਦ ਹਨ ਜਿਨ੍ਹਾਂ ਵਿੱਚ 3996 ਸੂਤਰ ਵਿਵਸਥਿਤ ਹਨ। ਸੂਤਰਪਾਠ ਸ਼ਬਦਾਨੁਸ਼ਾਸਨ ਦਾ ਮੁੱਖ ਅੰਗ ਹੈ ਅਤੇ ਹੋਰ ਪੰਜ ਅੰਗ ਇਸ ਦੇ ਪਰਿਸ਼ਿਸ਼ਟ ਹਨ। ਸੂਤਰਪਾਠ ਦਾ ਮੰਤਵ ਪਦ- ਸਿੱਧੀ ਦੁਆਰਾ ਸਾਧੂ-ਸ਼ਬਦਾਂ ਦਾ ਨੇਮਕਰਨ ਕਰਨਾ ਹੈ। ਅਸ਼ਟਾਧਿਆਈ ਦੇ ਪ੍ਰਕਿਰਿਆ ਅਨੁਸਾਰ ਚਾਰ ਭਾਗ ਹਨ-1. ਪਦਾਂ ਦਾ ਸੰਕਲਨ (ਸੰਗਿਆ ਪ੍ਰਕਰਨ), ਅਧਿਆਇ 1-2, 2. ਵਧੇਤਰਾਂ (ਪ੍ਰੱਤਯਾਂ) ਦਾ ਨਿਰਦੇਸ਼ ਅਤੇ ਪਦ ਨਿਰਮਾਣ (ਅਧਿਆਇ 3-5), 3. ਸੰਧੀ ਪ੍ਰਕਰਨ (ਅਧਿਆਇ 6 ਤੋਂ ਅਧਿਆਇ 8, ਪਹਿਲੇ ਪਾਦ ਤੱਕ) ਅਤੇ 4. ਵਿਸ਼ੇਸ਼ ਸੰਧੀ ਪ੍ਰਕਰਨ (ਅਧਿਆਇ 8, ਪਾਦ 2 ਤੋਂ 4 ਤੱਕ), ਤ੍ਰਿਪਦੀ, ਜਿਸ ਵਿੱਚ ਧੁਨੀ ਪਰਿਵਰਤਨ ਦੇ ਸੁਤੰਤਰ ਨਿਯਮ ਦਰਸਾਏ ਹਨ। ਅਸ਼ਟਾਧਿਆਈ ਵਿੱਚ ਭਾਸ਼ਾ ਸੰਰਚਨਾ ਦਾ ਪੂਰਨ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਨਿਯਮ ਨੂੰ ਇੱਕ ਵਿਸ਼ੇਸ਼ ਨਿਰੂਪਕ ਸ਼ੈਲੀ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਪੂਰਨ ਵਿਆਕਰਨ ਇੱਕ ਸੂਤਰ ਸਮੁੱਚ ਹੈ ਜਿਸ ਵਿੱਚ ਪਾਠ ਉਪ-ਸਮੁੱਚ ਹੈ ਅਤੇ ਹਰ ਇੱਕ ਉਪ-ਸਮੁੱਚ ਵਿੱਚ ਚਾਰ ਉਪ-ਉਪ ਸਮੁੱਚ ਹਨ। ਹਰ ਉਪ-ਸਮੁੱਚ ਦਾ ਇੱਕ ਲੱਛਣ ਹੈ ਜੋ ਉਹਨਾਂ ਸੂਤਰਾਂ ਦੇ ਪ੍ਰਕਾਰਜ ਤੇ ਆਧਾਰਿਤ ਹੈ। ਸੂਤਰਾਂ ਦੇ ਪ੍ਰਕਾਰਜ ਦੇ ਆਧਾਰ ਤੇ ਛੇ ਭੇਦ ਹਨ-1. ਸੰਗਿਆ ਸੂਤਰ, ਜਿਵੇਂ 1-1-1, 2. ਪਰਿਭਾਸ਼ਾ ਸੂਤਰ, ਜਿਵੇਂ 1-1-49, 3. ਵਿਧੀ ਸੂਤਰ, ਜਿਵੇਂ 6-1-77, 4. ਨਿਯਮ ਸੂਤਰ, ਜਿਵੇਂ (1-3-12, 5. ਅਤਿਦੇਸ ਸੂਤਰ, ਜਿਵੇਂ 1-1-56; ਅਤੇ 6. ਅਧਿਕਾਰ ਸੂਤਰ, ਜਿਵੇਂ 3-1-1; ਇਹਨਾਂ ਸੂਤਰਾਂ ਨਾਲ ਦੋ ਪ੍ਰਕਾਰ ਦੇ ਕਾਰਜ ਹੁੰਦੇ ਹਨ-ਪਦ-ਰਚਨਾ ਅਤੇ ਧੁਨੀ-ਪਰਿਵਰਤਨ ਪ੍ਰਕਿਰਿਆ। ਇਹ ਚਾਰ ਤਰ੍ਹਾਂ ਦੀ ਹੈ-ਲੋਪ, ਆਗਮ, ਆਦੇਸ਼ ਅਤੇ ਪ੍ਰਕਿਰਿਤੀ ਭਾਵ। ਸੂਤਰਾਂ ਦਾ ਪ੍ਰਯੋਗ ਜਾਂ ਪਰਿਚਾਲਨ ਇੱਕ ਵਿਸ਼ੇਸ਼ ਕ੍ਰਮ ਨਾਲ ਹੁੰਦਾ ਹੈ ਅਤੇ ਕ੍ਰਮ ਕਈ ਗੱਲਾਂ ਤੇ ਨਿਰਭਰ ਹੈ-ਨਿਰਦੇਸ਼ ਕ੍ਰਮ, ਸੰਦਰਭ ਕ੍ਰਮ, ਅਪਵਾਦ-ਉਤਸਰਗ ਕ੍ਰਮ, ਨਿਯਮਵਿਧੀ ਕ੍ਰਮ ਅਤੇ ਪਰਿਭਾਸ਼ਾ-ਨਿਯੰਤਰਿਤ ਕ੍ਰਮ। ਸੂਤਰਾਂ ਦੇ ਪਰਿਚਾਲਨ ਨਾਲ ਛੇ ਪਦ ਵ੍ਰਿੱਤੀਆਂ ਸਿੱਧ ਹੁੰਦੀਆਂ ਹਨ-ਕ੍ਰਿਦ ਵ੍ਰਿਤੀ, ਤਧਿਤਵ੍ਰਿਤੀ, ਸਮਾਸਵ੍ਰਿਤੀ, ਇੱਕ ਸ਼ੇਸ ਵ੍ਰਿਤੀ, ਸਨਾਧੰਤ- ਵ੍ਰਿਤੀ ਅਤੇ ਧਾਤੂ-ਵ੍ਰਿਤੀ। ਇਹ ਵਿਆਕਰਨ ਦਾ ਪਦ ਸੰਸਕਾਰ ਪੱਖ ਹੈ। ਦੂਜਾ ਪੱਖ ਹੈ ਵਾਕ ਸੰਸਕਾਰ ਪੱਖ ਜਿਸ ਦੀ ਸਿੱਧੀ ਕਾਰਕ ਸਿਧਾਂਤ ਦੁਆਰਾ ਹੁੰਦੀ ਹੈ-ਵਾਕ ਦੇ ਵੱਖ-ਵੱਖ ਖੰਡਾਂ ਦਾ ਧਾਤੂ ਨਾਲ ਸੰਬੰਧ ਵਿਸ਼ੇਸ਼ ਹੀ ਕਾਰਕ ਹੈ ਅਤੇ ਇਸ ਦਾ ਸੰਬੰਧ ਭਾਸ਼ਾ ਵਿੱਚ ਨਿਹਿਤ ਅਰਥ-ਸੰਰਚਨਾ ਨਾਲ ਹੈ।

     ਅਸ਼ਟਾਧਿਆਈ ਪੱਧਤੀ ਭਾਸ਼ਾ ਸੰਬੰਧੀ ਕੁਝ ਮਾਨਤਾਵਾਂ ਤੇ ਨਿਰਭਰ ਹੈ-1. ਵਾਕ ਰਚਨਾ ਦਾ ਮੁੱਖ ਆਧਾਰ ਪਦ ਹੈ ਅਤੇ ਪਦ ਦਾ ਅਰਥ ਹੈ ਸੁਬੰਤ ਜਾਂ ਤਿੰਗਾਤ ਸ਼ਬਦ, 2. ਭਾਸ਼ਾ ਦੇ ਚਾਰ ਅੰਗ ਹਨ-ਨਾਮ, ਆਖਿਆਤ, ਉਪਸਰਗ, ਨਿਪਾਤ, 3. ਸ਼ਬਦ ਅਤੇ ਅਰਥ ਦਾ ਸੰਬੰਧ ਲੋਕਾਂ ਵਿੱਚ ਨਿਸ਼ਚਿਤ ਰਹਿੰਦਾ ਹੈ ਅਤੇ ਸਦੀਵੀ ਹੈ, 4. ਵਾਕ, ਸਮਸਤ ਪਦ, ਪਦ ਅਤੇ ਪਦਾਂਸ਼-ਇਹ ਚਾਰ ਭਾਸ਼ਾ ਦੇ ਪੱਧਰ ਹਨ, 5. ਭਾਸ਼ਾ ਸੰਰਚਨਾ ਲਈ ਸੰਪੂਰਨ ਸ਼ਬਦ-ਪ੍ਰਕਿਰਤੀ ਅਤੇ ਪ੍ਰੱਤਯ ਵਿੱਚ ਵੰਡੇ ਹੁੰਦੇ ਹਨ, 6. ਭਾਸ਼ਕ ਅੰਸ਼ਾਂ ਵਿਚਕਾਰ ‘ਸੰਹਿਤਾ` ਹੁੰਦੀ ਹੈ ਅਤੇ 7. ਵਿਆਕਰਨ ਲੋਕ ਦਾ ਅਨੁਸਰਨ ਕਰਦਾ ਹੈ।

     ਵਿਆਪਕ, ਸੁਵਿਅਕਤ, ਸਮਗਰ ਅਤੇ ਸੰਖੇਪ ਹੋਣ ਕਾਰਨ ਅਸ਼ਟਾਧਿਆਈ ਵਿਆਕਰਨ ਦੇ ਮੂਲ-ਸ਼ਾਸਤਰ ਦੇ ਰੂਪ ਵਿੱਚ ਪ੍ਰਤਿਸ਼ਠਿਤ ਹੋਈ। ਇਸ ਤੇ ਆਧਾਰਿਤ ਇੱਕ ਲੰਮੀ ਟੀਕਾ ਪਰੰਪਰਾ ਵਿਕਸਿਤ ਹੋਈ ਜਿਸ ਵਿੱਚ ਕਾਤਿਆਇਨ ਦੇ ਵਾਰਤਿੱਕ, ਪਤੰਜਲੀ ਮੁਨੀ ਦਾ ਮਹਾਂਭਾਸ਼, ਵਾਮਨ-ਜਯਦਿਨਿਆਂ ਦੀ ਕਾਸ਼ਿਕ, ਕੈਯਟਕਾ ਪ੍ਰਦੀਪ ਅਤੇ ਨਾਗੇਸ਼ ਦਾ ਉਧੋਤ ਪ੍ਰਸਿੱਧ ਅਤੇ ਪ੍ਰਵਾਨਿਤ ਹਨ। ਇਸ ਤੋਂ ਇਲਾਵਾ, ਵਿਆਕਰਨ-ਦਰਸ਼ਨ ਦਾ ਵੀ ਵਿਕਾਸ ਹੋਇਆ ਜਿਸ ਦੇ ਮੁੱਖ ਗ੍ਰੰਥ, ਭਰਤਰੀਹਰੀ ਦੀ ਵਾਕਿਆਪਦੀ, ਭਟਟੋਜੀ ਦਿਕਸ਼ਿਤ ਦਾ ਸ਼ਬਦ ਕੌਸਤੁਭ ਅਤੇ ਨਾਗੇਸ਼ ਭੱਟ ਦਾ ਵਿਆਕਰਨ ਸਿਧਾਂਤ ਮੰਜੁਸ਼ਾ ਹਨ। ਇਸ ਤੋਂ ਇਲਾਵਾ ਅਸ਼ਟਾਧਿਆਈ ਦੇ ਭਾਸ਼ਾ ਵਿਸ਼ਲੇਸ਼ਣ ਨੇ ਭਾਸ਼ਾ-ਦਰਸ਼ਨ, ਕਾਵਿ-ਸ਼ਾਸਤਰ ਅਤੇ ਦਰਸ਼ਨਾਂ ਦੇ ਅਧਿਐਨ ਨੂੰ ਵੀ ਪ੍ਰਭਾਵਿਤ ਕੀਤਾ। ਵਿਆਕਰਨ ਦੇ ਇਤਿਹਾਸ ਵਿੱਚ ਅਸ਼ਟਾਧਿਆਈ ਦਾ ਅਨੁਕਰਨ ਫ਼ਾਰਸੀ, ਤਾਮਿਲ, ਪ੍ਰਾਕ੍ਰਿਤ ਜਿਹੀਆਂ ਦੂਜੀਆਂ ਭਾਸ਼ਾਵਾਂ ਦੇ ਵਿਵਰਨ ਲਈ ਕੀਤਾ ਗਿਆ। ਅਸ਼ਟਾਧਿਆਈ ਦੇ ਪੁਨਰਲੇਖਨ ਕਾਲ ਵਿੱਚ ਵਿਸ਼ਵ ਭਾਸ਼ਾਵਾਂ ਦਾ ਇਕਮਾਤਰ ਸੰਪੂਰਨ ਵਿਆਕਰਨ ਹੋਣ ਦੇ ਕਾਰਨ ਅਤੇ ਆਪਣੀ ਵਿਗਿਆਨਿਕ ਪੱਧਤੀ ਦੇ ਕਾਰਨ, ਅਸ਼ਟਾਧਿਆਈ ਦਾ ਅਧਿਐਨ ਵਿਸ਼ਵ ਦੇ ਸਾਰੇ ਮਹੱਤਵਪੂਰਨ ਵਿਸ਼ਵਵਿਦਿਆਲਿਆਂ ਵਿੱਚ ਹੋ ਰਿਹਾ ਹੈ। ਵਿਸ਼ੇਸ਼ ਕਰ ਕੇ ਕੰਪਿਊਟਰ ਤਕਨਾਲੋਜੀ ਦੇ ਸੰਦਰਭ ਵਿੱਚ ਅਸ਼ਟਾਧਿਆਈ ਦਾ ਸੂਤਰ ਕ੍ਰਮ ਅਤੇ ਪਰਿਭਾਸ਼ਾ, ਵਿਧੀ-ਭਾਸ਼ਾ, ਸ਼ਬਦਾਵਲੀ ਅਤੇ ਸੂਤਰਾਂ ਵਿੱਚ ਵੰਡ ਅਧਿਐਨ ਦਾ ਵਿਸ਼ੇਸ਼ ਵਿਸ਼ਾ ਹੈ। ਅਸ਼ਟਾਧਿਆਈ ਦੇ ਆਧੁਨਿਕ ਅਧਿਐਨਾਂ ਦੀ ਸ਼ੁਰੂਆਤ ਅਠਾਰ੍ਹਵੀਂ, ਉਨ੍ਹੀਵੀਂ ਸ਼ਤਾਬਦੀ ਵਿੱਚ ਡੈਨਮਾਰਕ ਜਾਂ ਜਰਮਨੀ ਦੀਆਂ ਯੂਨੀਵਰਸਿਟੀਆਂ ਵਿੱਚ ਹੋਈ ਅਤੇ ਵੀਹਵੀਂ ਸ਼ਤਾਬਦੀ ਵਿੱਚ ਬਲੂਮਫ਼ੀਲਡ ਤੋਂ ਚੌਮਸਕੀ ਤੱਕ ਭਾਸ਼ਾ ਵਿਗਿਆਨੀਆਂ ਨੇ ਅਸ਼ਟਾਧਿਆਈ ਦੇ ਭਾਸ਼ਾ ਵਿਗਿਆਨਿਕ ਪੱਧਰ ਅਤੇ ਮਹੱਤਵ ਨੂੰ ਸਵੀਕਾਰ ਕੀਤਾ। ਪੈਨਸਿਲਵੇਨਿਆ (ਅਮਰੀਕਾ) ਦੇ ਪ੍ਰੋ. ਜਾਰਜ ਕਾਰਡੋਨਾ ਇਸ ਸਮੇਂ ਅਸ਼ਟਾਧਿਆਈ ਅਤੇ ਪਾਣਿਨੀ ਤੇ ਇੱਕ ਵੱਡਾ ਅਧਿਐਨ ਛਾਪ ਰਹੇ ਹਨ।

     ਅਸ਼ਟਾਧਿਆਈ ਭਾਰਤੀ ਬੌਧਿਕ ਅਤੇ ਤਰਕ ਸੰਗਤ ਚਿੰਤਨ ਦਾ ਸ੍ਰੋਤ ਅਤੇ ਮਨੁੱਖੀ ਦਿਮਾਗ਼ ਦੀ ਸਭ ਤੋਂ ਮਹੱਤਵਪੂਰਨ ਕਾਢ ਮੰਨੀ ਜਾਂਦੀ ਹੈ।


ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਸ਼ਟਾਧਿਆਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਟਾਧਿਆਈ : ਵੇਖੋ, ਪਾਣਿਨੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.