ਅਲਫ਼ ਲੈਲਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਲਫ਼ ਲੈਲਾ : ‘ਅਲਫ਼` (ਜਿਸ ਨੂੰ ‘ਅਲਿਫ਼` ਵੀ ਕਿਹਾ ਜਾਂਦਾ ਹੈ) ਅਤੇ ‘ਲੈਲਾ` ਦੋ ਸ਼ਬਦਾਂ ਦਾ ਸੁਮੇਲ ‘ਅਲਫ਼ ਲੈਲਾ` ਹੈ। ‘ਅਲਫ਼` ਅਰਬੀ ਅਤੇ ਫ਼ਾਰਸੀ ਵਰਨਮਾਲਾ ਦਾ ਪਹਿਲਾ ਅੱਖਰ ਹੈ। ਇਸ ਦਾ ਅਰਥ ਹੈ ‘ਹਜ਼ਾਰ` ਅਤੇ ‘ਲੈਲਾ` ਦਾ ਅਰਥ ਹੈ ‘ਰਾਤ`। ਇਸ ਤਰ੍ਹਾਂ ਇਸ ਦਾ ਭਾਵ ਹੋਇਆ ‘ਹਜ਼ਾਰ ਰਾਤਾਂ`। ਅਲਫ਼ ਲੈਲਾ ਅਰਬੀ ਵਿੱਚ ਰਚਿਆ ਗਿਆ ਇੱਕ ਕਥਾ-ਸੰਗ੍ਰਹਿ ਹੈ। ਜੇ ਅਸੀਂ ਇਹਨਾਂ ਦੋਵਾਂ ਸ਼ਬਦਾਂ ਦੀ ਹੋਰ ਤਹਿ ਵਿੱਚ ਜਾਈਏ ਤਾਂ ਇਸ ਸੰਗ੍ਰਹਿ ਦੀ ਰਚਨਾ ਦੇ ਇਤਿਹਾਸ ਨਾਲ ਸੰਬੰਧਿਤ ਇੱਕ ਕਥਾ ਇਉਂ ਮਿਲਦੀ ਹੈ:

     ਅਰਬ ਦੇ ਪ੍ਰਸਿੱਧ ਬਾਦਸ਼ਾਹ ਸ਼ਹਰਯਾਰ ਨੇ ਆਪਣੀ ਮਲਕਾ ਨੂੰ ਜਦੋਂ ਆਪਣੇ ਹੀ ਇੱਕ ਗ਼ੁਲਾਮ ਨਾਲ ਪਿਆਰ- ਮੁਹੱਬਤ ਦੀਆਂ ਗੱਲਾਂ ਕਰਦਿਆਂ ਤੱਕਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਦੋਵਾਂ ਦਾ ਕਤਲ ਕਰਵਾ ਦਿੱਤਾ। ਆਪਣੀ ਪਤਨੀ ਵੱਲੋਂ ਕੀਤੀ ਗਈ ਬੇਵਫ਼ਾਈ ਕਾਰਨ ਸਮੁੱਚੀ ਔਰਤ ਜਾਤੀ ਉਹਦੀ ਅੱਖ ਦਾ ਰੋੜ ਬਣ ਗਈ। ਔਰਤਾਂ ਤੋਂ ਬਦਲਾ ਲੈਣ ਦੀ ਨੀਤ ਨਾਲ ਉਹ ਹਰ ਰੋਜ਼ ਇੱਕ ਵਿਆਹ ਰਚਾਉਂਦਾ। ਉਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਉਸ ਇਸਤਰੀ ਨੂੰ ਆਪਣੀ ਮਲਕਾ ਬਣਾ ਲਵੇਗਾ ਜਿਹੜੀ ਉਸ ਨੂੰ ਹਰ ਰਾਤ ਨੂੰ ਇੱਕ ਨਵੀਂ ਕਹਾਣੀ ਸੁਣਾਇਆ ਕਰੇਗੀ ਪਰ ਜਦੋਂ ਉਸ ਦੀਆਂ ਕਹਾਣੀਆਂ ਖ਼ਤਮ ਹੋ ਗਈਆਂ, ਉਹ ਉਸ ਨੂੰ ਕਤਲ ਕਰ ਦੇਵੇਗਾ। ਇਉਂ ਜਿਹੜੀ ਵੀ ਔਰਤ ਅਜਿਹਾ ਕਰਨ ਲਈ ਅੱਗੇ ਆਉਂਦੀ, ਕੁਝ ਇੱਕ ਕਹਾਣੀਆਂ ਸੁਣਾ ਕੇ ਹਾਰ ਜਾਂਦੀ। ਅਗਲੇ ਦਿਨ ਬਾਦਸ਼ਾਹ ਉਸ ਔਰਤ ਨੂੰ ਕਤਲ ਕਰ ਦਿੰਦਾ।

     ਇਸ ਸਥਿਤੀ ਵਿੱਚ ਸ਼ਹਰਯਾਰ ਦੇ ਇੱਕ ਵਜ਼ੀਰ ਦੀ ਲੜਕੀ ਸ਼ਹਰਜ਼ਾਦ ਨੇ ਵੀ ਇਸ ਵੰਗਾਰ ਨੂੰ ਸਵੀਕਾਰ ਕੀਤਾ। ਰਾਤ ਸਮੇਂ ਉਸ ਨੇ ਸ਼ਹਰਯਾਰ ਨੂੰ ਇੱਕ ਅਜਿਹੀ ਦਿਲਚਸਪ ਕਹਾਣੀ ਸੁਣਾਉਣੀ ਅਰੰਭ ਕੀਤੀ ਜਿਸ ਦਾ ਸਵੇਰ ਤਕ ਕੋਈ ਅੰਤ ਨਾ ਹੋਇਆ। ਇਹ ਸ਼ਹਰਜ਼ਾਦ ਵੱਲੋਂ ਸੁਣਾਈ ਗਈ ਕਹਾਣੀ ਵਿਚਲੀ ਉਤਸੁਕਤਾ ਅਤੇ ਜਿਗਿਆਸਾ ਦਾ ਹੀ ਕਮਾਲ ਸੀ ਕਿ ਸ਼ਹਰਯਾਰ ਨੇ ਉਸ ਨੂੰ ਦੂਜੇ ਦਿਨ ਨਾ ਮਾਰਿਆ। ਉਸ ਨੂੰ ਅਗਲੀ ਰਾਤ ਨੂੰ ਵਿੱਚ-ਵਿਚਾਲੇ ਛੱਡੀ ਗਈ ਕਹਾਣੀ ਅੱਗੇ ਤੋਂ ਸ਼ੁਰੂ ਕਰਨ ਬਾਰੇ ਆਖਿਆ ਗਿਆ। ਆਪਣੀ ਅਕਲ ਅਤੇ ਚੇਤੰਨ ਬੁੱਧੀ ਸਦਕਾ ਸ਼ਹਰਜ਼ਾਦ ਅਜਿਹੇ ਢੰਗ ਨਾਲ ਫਿਰ ਕਹਾਣੀ ਸੁਣਾਉਣੀ ਅਰੰਭ ਕਰਦੀ ਕਿ ਉਹ ਮੁੱਕਣ ਵਿੱਚ ਹੀ ਨਾ ਆਉਂਦੀ। ਉਹਨਾਂ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਸਾਰੀਆਂ ਕਹਾਣੀਆਂ ਆਪਸ ਵਿੱਚ ਕ੍ਰਮਿਕ ਰੂਪ ਵਿੱਚ ਵੀ ਜੁੜੀਆਂ ਹੋਈਆਂ ਸਨ। ਇਉਂ ਇੱਕ ਹਜ਼ਾਰ ਇੱਕ ਰਾਤ ਤਕ ਉਹ ਬਾਦਸ਼ਾਹ ਨੂੰ ਕਹਾਣੀ ਸੁਣਾਉਂਦੀ ਰਹੀ। ਆਖ਼ਰ ਸ਼ਹਰਯਾਰ ਨੇ ਆਪਣੀ ਹਾਰ ਸਵੀਕਾਰ ਕਰ ਲਈ ਅਤੇ ਉਸ ਨੇ ਵਜ਼ੀਰ ਦੀ ਲੜਕੀ ਸ਼ਹਰਜ਼ਾਦ ਨਾਲ ਸ਼ਾਦੀ ਰਚਾ ਲਈ। ਉਸ ਦੀ ਕੁੱਖੋਂ ਤਿੰਨ ਲੜਕਿਆਂ ਨੇ ਜਨਮ ਲਿਆ। ਇਹਨਾਂ ਲੜਕਿਆਂ ਨੂੰ ਉਸ ਨੇ ਰਾਜੇ ਦੀ ਇੱਕ ਦਾਸੀ ਦੀਨਾਜ਼ਾਦ ਜਿਸ ਨੂੰ ਦੁਨਯਾਜ਼ਾਦ ਵੀ ਆਖਿਆ ਜਾਂਦਾ ਹੈ, ਦੀ ਮਦਦ ਨਾਲ ਛੁਪਾ ਕੇ ਰੱਖਿਆ।

     ਬਾਦਸ਼ਾਹ ਸ਼ਹਰਯਾਰ ਨੂੰ ਸ਼ਹਰਜ਼ਾਦ ਵੱਲੋਂ ਕਹਾਣੀਆਂ ਸੁਣਾਉਣ ਦੇ ਰੋਚਕ ਸਿਲਸਿਲੇ ਨੇ ਏਨਾ ਪ੍ਰਭਾਵਿਤ ਕੀਤਾ ਕਿ ਉਸ ਨੇ ਸ਼ਹਰਜ਼ਾਦ ਵੱਲੋਂ ਸੁਣਾਈਆਂ ਗਈਆਂ ਕਹਾਣੀਆਂ ਨੂੰ ਆਪਣੇ ਸ਼ਾਹੀ ਲਿਖਾਰੀ ਅਬੂ ਅਬਦੁੱਲਾ ਮੁਹੰਮਦ ਪਾਸੋਂ ਤੀਹ ਜਿਲਦਾਂ ਵਿੱਚ ਤਿਆਰ ਕਰਵਾਇਆ। ਇਸ ਦਾ ਸਮਾਂ 942 ਤੋਂ 943 ਦੇ ਦਰਮਿਆਨ ਮੰਨਿਆ ਜਾਂਦਾ ਹੈ। ਇਸ ਗ੍ਰੰਥ ਵਿੱਚ ਨਾ ਕੇਵਲ ਭਾਰਤੀ ਸਗੋਂ ਈਰਾਨੀ, ਯੂਨਾਨੀ ਅਤੇ ਮਿਸਰੀ ਆਦਿ ਸ੍ਰੋਤਾਂ ਤੋਂ ਵੀ ਕਹਾਣੀਆਂ ਇਕੱਤਰਿਤ ਕਰ ਕੇ ਛਾਪੀਆਂ ਗਈਆਂ ਹਨ।

     ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਅਲਫ਼ ਲੈਲਾ ਕਹਾਣੀ-ਸੰਗ੍ਰਹਿ ਦਾ ਆਧਾਰ ਫ਼ਾਰਸੀ ਜ਼ਬਾਨ ਵਿੱਚ ਲਿਖਿਆ ਗਿਆ ਸੰਗ੍ਰਹਿ ਹਜ਼ਾਰ ਅਫ਼ਸਾਨਾ ਹੈ। ਇਸ ਦੀ ਪੁਸ਼ਟੀ ਦਸਵੀਂ ਸਦੀ ਵਿੱਚ ਲਿਖੀ ਗਈ ਇੱਕ ਫ਼ਾਰਸੀ ਲਿਖਤ ਫਹਿਰਿਸਤ ਵਿੱਚ ਵੀ ਹੋਈ ਮਿਲਦੀ ਹੈ। ਇਸ ਗ੍ਰੰਥ ਵਿੱਚ ਮਿਲਦੀ ਘਟਨਾ ਵੀ ਲਗਪਗ ਇਹੋ ਜਿਹੀ ਹੈ ਜੋ ਸ਼ਹਰਜ਼ਾਦ ਅਤੇ ਸ਼ਹਰਯਾਰ ਨਾਲ ਵਾਪਰਦੀ ਹੈ। ਇਹਨਾਂ ਕਹਾਣੀਆਂ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਇਸ ਸੰਗ੍ਰਹਿ ਵਿੱਚ ਦਰਜ ਕਹਾਣੀਆਂ ਦੀ ਗਿਣਤੀ 1001 ਨਹੀਂ ਸਗੋਂ ਘੱਟ ਹੈ ਪਰ ਕਹਾਣੀਆਂ ਏਨੀਆਂ ਲੰਮੀਆਂ ਜ਼ਰੂਰ ਹਨ ਜਿਨ੍ਹਾਂ ਨੂੰ ਸੁਣਨ ਵਿੱਚ ਘੱਟੋ-ਘੱਟ 1001 ਰਾਤਾਂ ਦਾ ਸਮਾਂ ਲੱਗ ਜਾਂਦਾ ਹੈ। ਇਸ ਸੰਬੰਧੀ ਇੱਕ ਮੱਤ ਇਹ ਵੀ ਪ੍ਰਚਲਿਤ ਹੈ ਕਿ ਅਬੂ ਅਬਦੁੱਲਾ ਮੁਹੰਮਦ ਦੀ ਇਸ ਗ੍ਰੰਥ ਵਿੱਚ 1001 ਕਹਾਣੀਆਂ ਸ਼ਾਮਲ ਕਰਨ ਦੀ ਵਿਉਂਤ ਸੀ ਪਰ ਉਹ ਸਿਰਫ਼ 480 ਕਹਾਣੀਆਂ ਹੀ ਲਿਖ ਪਾਇਆ ਸੀ ਕਿ ਉਸ ਦੀ ਮੌਤ ਹੋ ਗਈ। ਇਸ ਪਿੱਛੋਂ ਇਸ ਦਿਲਚਸਪ ਕਥਾ ਪਰੰਪਰਾ ਦੇ ਦੋ ਅਲੱਗ ਅਲੱਗ ਧੜੇ ਬਣ ਗਏ। ਇੱਕ ਧੜਾ ਇਰਾਕ ਨਾਲ ਸੰਬੰਧਿਤ ਸੀ ਅਤੇ ਦੂਜਾ ਮਿਸਰ ਨਾਲ। ਦੋਵਾਂ ਧੜਿਆਂ ਵੱਲੋਂ ਸੰਗ੍ਰਹਿਤ ਕਹਾਣੀਆਂ ਦੀ ਗਿਣਤੀ ਘਟਦੀ ਵਧਦੀ ਰਹੀ। ਬਾਅਦ ਵਿੱਚ ਅਲਫ਼ ਲੈਲਾ ਕਥਾ ਸੰਗ੍ਰਹਿ ਦੇ ਲਗਪਗ ਹਰ ਹਿੰਦੁਸਤਾਨੀ ਜ਼ਬਾਨ ਵਿੱਚ ਅਨੁਵਾਦ ਵੀ ਹੋਏ ਹਨ। ਅਠਾਰ੍ਹਵੀਂ ਸਦੀ ਵਿੱਚ ਇਹਨਾਂ ਦਾ ਪਹਿਲਾਂ ਫ਼੍ਰਾਂਸੀਸੀ ਵਿੱਚ ਅਤੇ ਫਿਰ ਯੂਰਪੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ।

     ਇਹਨਾਂ ਕਥਾਵਾਂ ਦੇ ਵਿਸ਼ਾ-ਵਸਤੂ ਵਿੱਚ ਮੱਧਕਾਲੀ ਯੁੱਗ ਦੇ ਸੱਭਿਆਚਾਰ ਦਾ ਚਿਤਰਨ ਮਿਲਦਾ ਹੈ। ਰੋਮਾਂਸ, ਬਹਾਦਰੀ, ਨੀਤੀ ਅਤੇ ਅਪ੍ਰਕਿਰਤਿਕ ਘਟਨਾਵਾਂ ਨਾਲ ਸੰਬੰਧਿਤ ਇਹਨਾਂ ਬਹੁਤ ਸਾਰੀਆਂ ਕਥਾਵਾਂ ਵਿੱਚ ਜਿੱਥੇ ਜਨੌਰ ਅਤੇ ਮਨੁੱਖ ਕਾਰਜ ਕਰਦੇ ਹਨ ਉੱਥੇ ਬਹੁਤ ਸਾਰੇ ਪਰਾਭੌਤਿਕ ਪਾਤਰ ਵੀ ਅਦਭੁਤ ਵਾਯੂਮੰਡਲ ਵਿੱਚ ਵਿਚਰਦੇ ਨਜ਼ਰ ਆਉਂਦੇ ਹਨ। ਇਹ ਪਾਤਰ ਗੁੱਝੇ ਭੇਦ (ਰਹੱਸ) ਖੋਲ੍ਹਦੇ ਹਨ। ਇਹਨਾਂ ਕਹਾਣੀਆਂ ਦਾ ਬਿਰਤਾਂਤ ਪਾਠਕ ਨੂੰ ਆਦਿ ਤੋਂ ਅੰਤ ਤੱਕ ਆਪਣੇ ਨਾਲ ਜੋੜ ਕੇ ਰੱਖਦਾ ਹੈ। ਕਈ ਥਾਵਾਂ ਵਿੱਚ ਅਜਿਹੇ ਪ੍ਰਸ਼ਨ ਵੀ ਆਉਂਦੇ ਹਨ ਜਿਨ੍ਹਾਂ ਦਾ ਉੱਤਰ ਤਲਾਸ਼ ਕਰਨਾ ਹੁੰਦਾ ਹੈ। ਪੰਜਾਬੀ ਲੋਕ-ਸਾਹਿਤ ਅਤੇ ਸੱਭਿਆਚਾਰ ਦੇ ਵਿਦਵਾਨ ਜਸਵਿੰਦਰ ਸਿੰਘ ਨੇ ਆਪਣੀ ਪੁਸਤਕ ਪੰਜਾਬੀ ਲੋਕ ਸਾਹਿਤ ਸ਼ਾਸਤਰ ਵਿੱਚ ਮਿਥਕ ਕਥਾ ਦੇ ਪ੍ਰਸੰਗ ਵਿੱਚ ਲਿਖਿਆ ਹੈ ਕਿ ਮਿਥ ਆਦਿਮ, ਸਦੀਵੀ, ਸਰਬ ਵਿਆਪਕ ਮਨੁੱਖੀ ਸਮੱਸਿਆਵਾਂ ਰਾਹੀਂ ਵਿਉਂਤਿਆ ਅਜਿਹਾ ਕਥਾ ਰੂਪ ਹੈ, ਜਿਸ ਵਿੱਚ ਧਾਰਮਿਕ ਭਾਵਨਾ, ਪਰਾਸਰੀਰਕਤਾ, ਦੈਵਿਕਤਾ ਅਤੇ ਅਲੌਕਿਕਤਾ ਦੇ ਅੰਸ਼ਾਂ ਨਾਲ ਓਤਪੋਤ ਮਨੁੱਖੀ ਸਰੋਕਾਰਾਂ ਨੂੰ ਬਿਰਤਾਂਤਿਕ ਵਿਧੀ ਰਾਹੀਂ ਸੰਚਾਰਿਤ ਕੀਤਾ ਜਾਂਦਾ ਹੈ। ਇਸ ਦੇ ਪਾਤਰਾਂ ਦੀ ਦੈਵਿਕਤਾ, ਅਲੌਕਿਕ ਕਥਾਨਕ ਬਣਤਰ ਅਤੇ ਗ਼ੈਰ-ਇਤਿਹਾਸਿਕਤਾ ਮੁੱਖ ਪਛਾਣ-ਚਿੰਨ੍ਹ ਹਨ। ਬਿਲਕੁਲ ਇਹ ਧਾਰਨਾ ਅਲਫ਼ ਲੈਲਾ ਦੀਆਂ ਕਹਾਣੀਆਂ ਉਪਰ ਵੀ ਢੁੱਕਦੀ ਹੈ। ਇਹ ਕਹਾਣੀਆਂ ਵੀ ਪਰਾਸਰੀਰਕ, ਦੈਵਿਕ ਅਤੇ ਅਲੌਕਿਕ ਕਥਾਨਕ ਦੇ ਅੰਸ਼ਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਉਸ ਸਮੇਂ ਦੇ ਮਨੁੱਖ ਦੀ ਬਹੁ-ਭਾਂਤੀ ਅਵਸਥਾ ਨੂੰ ਪ੍ਰਗਟ ਕਰਦੀਆਂ ਹਨ। ਪੰਜਾਬੀ ਵਿੱਚ ਇਹਨਾਂ ਕਥਾਵਾਂ ਨੂੰ ਪਹਿਲੀ ਵਾਰੀ ਬੁੱਧ ਸਿੰਘ ਨੇ 1906 ਵਿੱਚ ਅਨੁਵਾਦ ਕੀਤਾ। ਉਸ ਤੋਂ ਬਾਅਦ ਕੁਝ ਹੋਰ ਅਨੁਵਾਦਕਾਂ ਨੇ ਵੀ ਇਸ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਲਫ਼ ਲੈਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲਫ਼ ਲੈਲਾ [ਨਾਂਇ] ਅਰਬੀ ਭਾਸ਼ਾ ਦੀ ਕਹਾਣੀਆਂ ਦੀ ਇਕ ਪ੍ਰਸਿੱਧ ਪੁਸਤਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਲਫ਼ ਲੈਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਲਫ਼ ਲੈਲਾ : ‘ਅਲਫ਼ ਲੈਲਾ’ ਅਰਬੀ ਭਾਸ਼ਾ ਦੇ ਅਲਫ਼ ਲੈਲਾਤ ਵਾ ਲੈਲਾਤਾ ਦਾ ਸੰਖੇਪ ਹੈ ਜਿਸਦਾ ਅਰਥ ਹੈ ਇਕ ਹਜ਼ਾਰ ਇਕ ਰਾਤਾਂ। ਕਿਉਂਕਿ ਇਸ ਪੁਸਤਕ ਵਿਚ ਦਰਜ ਕਹਾਣੀਆਂ ਦਾ ਇਕ ਹਜ਼ਾਰ ਇਕ ਰਾਤਾਂ ਵਿਚ ਮੁੱਕਣਾ ਦੱਸਿਆ ਜਾਂਦਾ ਹੈ ਜਿਸ ਲਈ ਇਸ ਪੁਸਤਕ ਦਾ ਇਹ ਨਾਂ ਪੈ ਗਿਆ।

          ਅਸਲ ਵਿਚ ਇਸ ਸੰਗ੍ਰਹਿ ਵਿਚ ਇੰਨੀਆਂ ਕਹਾਣੀਆਂ ਨਹੀਂ ਸਨ ਅਤੇ ਇਕ ਹਜ਼ਾਰ ਇਕ ਕਹਾਣੀਆਂ ਵਾਲਾ ਸਿਰਲੇਖ ਕੇਵਲ ਕਹਾਣੀਆਂ ਦੀ ਬਹੁਲਤਾ ਦਰਸਾਉਣ ਲਈ ਹੀ ਰੱਖਿਆ ਗਿਆ ਸੀ। ਲਿਟਮੈਨ ਦਾ ਵਿਚਾਰ ਹੈ ਕਿ 1001 ਵਾਲਾ ਸਿਰਲੇਖ ਤੁਰਕੀ ਅਸਰ ਅਧੀਨ ਆਇਆ ਜਾਪਦਾ ਹੈ ਕਿਉਂਜੋ ਤੁਰਕੀ ਮੁਹਾਵਰੇ ਵਿਚ ਬਿਨ ਬਿਰ 1001 ਨੂੰ ਕਹਿੰਦੇ ਹਨ ਜੋ ਬਹੁਲਤਾ ਦਾ ਲਖਾਇਕ ਹੈ। ਅਲਫ਼ ਲੈਲਾ ਵਿਚ ਪਿੱਛੋਂ ਹੋਰ ਕਹਾਣੀਆਂ ਵਧਾ ਵਧਾ ਕੇ ਇਸ ਸਿਰਲੇਖ ਨੂੰ ਢੁਕਵਾਂ ਸਾਬਤ ਕਰਨ ਦਾ ਜਤਨ ਕੀਤਾ ਜਾਂਦਾ ਰਿਹਾ ਹੈ।

          ਕੁਰਾਨ ਸ਼ਰੀਫ ਤੋਂ ਛੁੱਟ, ਅਰਬੀ ਸਾਹਿਤ ਦੀ ਕੋਈ ਹੋਰ ਕਿਤਾਬ ਯੂਰਪ ਵਿਚ ਅਲਫ਼-ਲੈਲਾ ਜਿੰਨੀ ਪ੍ਰਸਿੱਧ ਨਹੀਂ ਹੋ ਸਕੀ। ਅਲਫ਼ ਲੈਲਾ ਦੀਆਂ ਕਹਾਣੀਆਂ ਇਕ ਲੜੀ ਵਿਚ ਇਸ ਤਰ੍ਹਾਂ ਪਰੋਈਆਂ ਹੋਈਆਂ ਹਨ ਕਿ ਇਕ ਦੇ ਨਾਲ-ਦੂਜੀ ਜਾ ਜੁੜਦੀ ਹੈ। ਕਹਾਣੀਆਂ ਦਾ ਘਟਨਾ-ਸਥਾਨ ਅਕਸਰ ਮਧ ਏਸ਼ੀਆ ਜਾਂ ਹਿੰਦੁਸਤਾਨ ਅਤੇ ਚੀਨ ਹੈ। ਇਨ੍ਹਾਂ ਵਿਚ ਹਿੰਦੁਸਤਾਨੀ, ਈਰਾਨੀ, ਇਰਾਕੀ, ਮਿਸਰੀ, ਤੁਰਕੀ ਤੇ ਯੂਨਾਨੀ ਅੰਸ਼ ਵੀ ਮਿਲਦੇ ਹਨ। ਹਿੰਦੁਸਤਾਨੀ, ਇਰਾਨੀ, ਤੁਰਕੀ ਅਤੇ ਯੂਰਪੀ ਦੇਸ਼ਾ ਦੇ ਵਿਅਕਤੀਆਂ ਦੇ ਨਾਂ ਆਉਂਦੇ ਹਨ ਪਰ ਬਹੁਤੇ ਨਾਂ ਤੇ ਥਾਂ ਅਰਬੀ ਹੀ ਹਨ।

          ਕਹਾਣੀਆਂ ਨੂੰ ਕਈ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ:- (1) ਪਰੀਆਂ ਜਿੰਨਾ ਦੀਆਂ ਕਹਾਣੀਆਂ, ਜਿਵੇਂ ‘ਸੌਦਾਗਰ ਤੇ ਜਿੰਨ’ ਦੀ ਕਹਾਣੀ, ‘ਅਲੀ ਬਾਬਾ ਚਾਲੀ ਚੋਰ’ ਕਹਾਣੀ ਅਤੇ ‘ਅਲ੍ਹਾ ਦੀਨ ਦੇ ਚਰਾਗ਼’ ਦੀ ਕਹਾਣੀ ਆਦਿ। (2) ਪਿਆਰ ਕਹਾਣੀ। (3) ਬਹਾਦਰੀ ਦੀਆਂ ਕਹਾਣੀਆਂ, ਜਿਵੇਂ ‘ਸਿੰਦਬਾਦ ਜਹਾਜ਼ੀ’ ਦੀ ਕਹਾਣੀ। (4) ਮਖ਼ੌਲੀਆ ਕਹਾਣੀਆਂ, ਜਿਵੇਂ ‘ਸੁੱਤੇ ਜਾਗਦੇ’ ਦੀ ਕਹਾਣੀ। (5) ਜਾਨਵਰਾਂ ਦੀਆਂ ਕਹਾਣੀਆਂ। (6) ਅਰਬੀ ਰਵਾਇਤਾਂ।

          ਅਰਬੀ ਪਿਛੋਕੜ ਹਾਰੂੰ-ਰਸ਼ੀਦ (786-809ਈ.) ਦੇ ਸਮੇਂ ਦੇ ਬਗ਼ਦਾਦ ਦਾ ਅਤੇ ਫ਼ਾਤਮੀ (909-1171 ਈ.) ਤੇ ਮਮਲੂਕ ਬਾਦਸ਼ਾਹਾਂ (1250-1571ਈ.) ਦੇ ਸਮੇਂ ਦੇ ਕਾਹਿਰਾ ਦਾ ਹੈ।

          ਕਹਾਣੀ ਇਉਂ ਚਲਦੀ ਹੈ ਕਿ ਸ਼ਹਿਰਯਾਰ ਬਾਦਸ਼ਾਹ ਨੂੰ ਆਪਣੀ ਬੇਗਮ ਦੀ ਬਦਚਲਣੀ ਦਾ ਪਤਾ ਲਗ ਗਿਆ। ਬੇਗਮ ਨੂੰ ਕਤਲ ਕਰਨ ਪਿਛੋਂ ਬਾਦਸ਼ਾਹ ਨੂੰ ਇਸਤਰੀ ਜਾਤੀ ਨਾਲ ਨਫ਼ਰਤ ਹੋ ਗਈ ਅਤੇ ਉਹ ਖ਼ਿਆਲ ਕਰਨ ਲੱਗਾ ਕਿ ਸਾਰੀਆਂ ਹੀ ਇਸਤਰੀਆਂ ਬਦਚਲਣ ਹੁੰਦੀਆਂ ਹਨ। ਇਸ ਪਿੱਛੋਂ ਉਹ ਹਰ ਰੋਜ਼ ਨਵੀਂ ਔਰਤ ਨਾਲ ਵਿਆਹ ਕਰਵਾਉਂਦਾ ਅਤੇ ਉਸ ਨਾਲ ਇਕ ਰਾਤ ਗੁਜ਼ਾਰਨ ਪਿੱਛੋਂ ਉਸ ਨੂੰ ਕਤਲ ਕਰ ਦਿੰਦਾ। ਇਹ ਗੱਲ ਜਦ ਆਮ ਧੁੰਮ ਗਈ ਤਾਂ ਕੋਈ ਵੀ ਔਰਤ ਬਾਦਸ਼ਾਹ ਨਾਲ ਵਿਆਹ ਕਰਾਉਣ ਲਈ ਰਜ਼ਾਮੰਦ ਨਹੀਂ ਸੀ ਹੁੰਦੀ। ਵਜ਼ੀਰ ਦੀਆਂ ਦੋ ਧੀਆਂ ਸਨ। ਵੱਡੀ ਦਾ ਨਾਂ ਸ਼ਹਿਰਜ਼ਾਦ ਤੇ ਛੋਟੀ ਦਾ ਨਾ ਦੁਨੀਆਂਜਾਦ ਸੀ। ਸ਼ਹਿਰਜ਼ਾਦ ਆਪਣੇ ਪਿਤਾ ਨੂੰ ਕਹਿੰਦੀ ਕਿ ਉਹ ਉਸਦਾ ਵਿਆਹ ਬਾਦਸ਼ਾਹ ਨਾਲ ਕਰ ਦੇਵੇ ਕਿਉਂ ਕਿ ਉਸ ਨੇ ਇਕ ਵਿਉਂਤ ਬਣਾਈ ਹੈ ਜਿਸ ਨਾਲ ਉਹ ਆਪ ਵੀ ਜੀਉਂਦੀ ਰਹੇਗੀ ਅਤੇ ਸਾਰੀ ਇਸਤਰੀ ਜਾਤੀ ਉੱਤੇ ਉਸਦਾ ਅਹਿਸਾਨ ਵੀ ਹੋਵੇਗਾ। ਹਰੇਕ ਰਾਤ ਉਹ ਆਪਣੀ ਭੈਣ ਤੇ ਬਾਦਸ਼ਾਹ ਨੂੰ ਇਕ ਕਹਾਣੀ ਸੁਣਾਉਂਦੀ ਹੈ ਅਤੇ ਬਾਕੀ ਕਹਾਣੀ ਨੂੰ ਜੀਉਂਦੀ ਰਹਿਣ ਦੀ ਸ਼ਰਤ ਤੇ ਉਹ ਅਗਲੀ ਰਾਤ ਸੁਣਾਉਣ ਦਾ ਇਕਰਾਰ ਕਰਦੀ ਹੈ। ਕਹਾਣੀਆਂ ਇੰਨੀਆਂ ਸੁਆਦਲੀਆਂ ਹਨ ਤੇ ਬਾਦਸ਼ਾਹ ਉਨ੍ਹਾਂ ਦੇ ਸੁਣਨ ਲਈ ਇੰਨਾਂ ਉਤਸੁਕ ਹੁੰਦਾ ਹੈ ਕਿ ਉਹ ਸ਼ਹਿਰਜ਼ਾਦ ਦੇ ਕਤਲ ਨੂੰ ਰੋਜ਼ ਮੁਲਤਵੀ ਕਰਦਾ ਜਾਂਦਾ ਹੈ। ਅੰਤ ਨੂੰ ਬਾਦਸ਼ਾਹ ਹਰ ਰੋਜ਼ ਨਵੀਂ ਵਿਆਹੀ ਵਹੁਟੀ ਨੂੰ ਕਤਲ ਕਰਨ ਦੀ ਤਜਵੀਜ਼ ਉੱਕਾ ਹੀ ਛੱਡ ਦਿੰਦਾ ਹੈ।

          ਅਲਫ਼ ਲੈਲਾ ਵਿਚ ਕੁੱਲ ਇਕ ਸੌ ਪਚਾਸੀ ਕਹਾਣੀਆਂ ਹਨ, ਜੋ ਲੰਬੀਆਂ ਹੋਣ ਦੇ ਕਾਰਨ ਇਕ ਹਜ਼ਾਰ ਇਕ ਰਾਤਾਂ ਚਲਦੀਆਂ ਰਹੀਆਂ ਹੋਣਗੀਆਂ। ਸਿਆਣੀ ਸ਼ਹਿਜ਼ਦੀ ਨੇ ਕਹਾਣੀਆਂ ਦੀ ਲੜੀ ਨੂੰ ਇਸ ਤਰ੍ਹਾਂ ਜੋੜਿਆ ਹੈ ਕਿ ਸਾਰੀਆਂ ਇਕ ਦੂਜੀ ਨਾਲ ਸਬੰਧਤ ਹੋ ਗਈਆਂ ਹਨ ਤੇ ਸਾਰੀਆਂ ਕਹਾਣੀਆਂ ਦਾ ਤਾਣਾ ਬਾਣਾ ਇਕ ਸਾਂਝੀ ਲੜੀ ਵਿਚ ਇਸ ਤਰ੍ਹਾਂ ਪਰੋਇਆ ਗਿਆ ਹੈ ਕਿ ਆਖ਼ਰ ਸਾਰੀਆਂ ਕਹਾਣੀਆਂ ਦੇ ਜੋੜਨ ਨਾਲ ਇਹ ਸਾਰੀ ਪੁਸਤਕ ਇਕ ਨਾਵਲ ਦਾ ਰੂਪ ਧਾਰ ਲੈਂਦੀ ਹੈ।

          ਨੇਬੀਆ ਐਬਟ ਨੇ ਅਲਫ਼ ਲੈਲਾ ਦੀ ਹੋਂਦ ਬਾਰੇ ਸਭ ਤੋਂ ਪਹਿਲੀ ਸ਼ਾਹਦੀ ਦਾ ਹਵਾਲਾ ‘ਏ ਨਾਈਨਥ ਸੈਂਚਰੀ ਫਰੈਗਮੈਂਟ ਆਫ਼ ਦੀ ਥਾਊਜ਼ੈਂਡ ਨਾਈਟਸ’ ਵਿਚੋਂ ਲੱਭਿਆ ਹੈ, ਜਿਸਦਾ ਜ਼ਿਕਰ ਉਸਨੇ ‘ਜਨਰਲ ਆਫ਼ ਨੀਅਰ ਈਸਟਰਨ ਸਟੱਡੀਜ਼’ (1949) ਵਿਚ ਛਪੇ ਆਪਣੇ ਲੇਖ ‘ਨਿਊ ਲਾਈਟ ਆਨ ਦੀ ਅਰਲੀ ਹਿਸਟਰੀ ਆਫ਼ ਦੀ ਅਰੇਬੀਅਨ ਨਾਈਟਸ’ ਵਿਚ ਕੀਤਾ ਹੈ।

          ਇਸ ਪਿੱਛੋਂ ਸਾਨੂੰ ਮਸਊਦੀ (956ਈ.) ਦੀ ‘ਮਰੂਜੁੱਜ਼ਹਬ ਵੱਲ ਮਅਦਿਨਿਲ ਜਵਾਹਿਰ’ ਨਾਂ ਦੀ ਪੁਸਤਕ ਵਿਚ ਅਲਫ਼ ਲੈਲਾ ਦਾ ਵੇਰਵਾ ਮਿਲਦਾ ਹੈ ਜਿਸ ਵਿਚ ਲਿਖਿਆ ਹੈ ਕਿ ਮੂਲ ਕਹਾਣੀ ਦਾ ਢਾਂਚਾ ‘ਹਜ਼ਾਰ ਅਫ਼ਸਾਨਾਂ’ ਨਾਂ ਦੀ ਇਕ ਫ਼ਾਰਸੀ ਕਿਤਾਬ ਤੋਂ ਤਰਜਮਾ ਕੀਤਾ ਗਿਆ ਹੈ। ਇਸ ‘ਹਜ਼ਾਰ ਅਫ਼ਸਾਨੇ’ ਦੀ ਪ੍ਰਧਾਨ ਕਹਾਣੀ ਦਾ ਢਾਂਚਾ ਹਿੰਦੁਸਤਾਨ ਦੀਆਂ ਲੋਕ ਕਹਾਣੀਆਂ ਤੋਂ ਲਿਆ ਪ੍ਰਤੀਤ ਹੁੰਦਾ ਹੈ।

          ਮਸਊਦੀ ਪਿਛੋਂ ਇਬਨ ਨਦੀਮ, ਜਿਸ ਦੀ ਪ੍ਰਸਿੱਧ ਫ਼ਹਿਰਿਸਤ 988-1010 ਈ. ਵਿਚਕਾਰ ਤਿਆਰ ਹੋਈ ਸੀ, ਲਿਖਦਾ ਹੈ ਕਿ ਅਰਬੀ ਵਿਚ ਇਕ ਕਿਤਾਬ ‘ਹਜ਼ਾਰ ਅਫ਼ਸਾਨੇ’ ਤੋ ਉਲਥਾਈ ਗਈ ਸੀ। ਉਸਦਾ ਨਾਂ ਉਹ ‘ਅਲਫ਼ ਲੈਲਾ’ ਆਦਿ ਕੁਝ ਨਹੀਂ ਦਸਦਾ। ਮਲੂਮ ਹੁੰਦਾ ਹੈ ਕਿ ਪਹਿਲੀ ਅਲਫ਼ ਲੈਲਾ ਸਿੱਧੀ ‘ਹਜ਼ਾਰ ਅਫ਼ਸਾਨੇ’ ਦਾ ਤਰਜਮਾ ਸੀ, ਜੋ ਛੋਟੀ ਸੀ ਅਤੇ ਜਿਸ ਦੀ ਹਰੇਕ ਕਹਾਣੀ ਪੰਜਾਂ ਰਾਤਾਂ ਵਿਚ ਮੁਕਦੀ ਸੀ। ਇਸ ਵਿਚ ਦੋ ਸੋ ਤੋਂ ਘੱਟ ਕਹਾਣੀਆਂ ਸਨ ਪਰ ਇਬਨ ਨਦੀਮ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਕਿਹੜੀ ਕਹਾਣੀ ਇਸ ਵਿਚ ਮੌਜੂਦ ਸੀ। ਉਹ ਇਸ ਕਿਤਾਬ ਨੂੰ ਬੇਹੂਦਾ ਤੇ ਫ਼ਜੂਲ ਆਖਦਾ ਹੈ।

          ਇਸ ਪਿੱਛੋਂ ਅਲਕੁਰਤੀ ‘ਤਾਰੀਖ਼ਿ ਮਿਸਰ’ ਵਿਚ, ਜੋ ਆਖ਼ਰੀ ਖ਼ਲੀਫ਼ਾ ਅਲ-ਆਜ਼ਿਦ (555-567 ਹਿ. ਮੁਤਾਬਕ 1160-1172 ਈ.) ਦੇ ਸਮੇਂ ਵਿਚ ਲਿਖੀ ਗਈ ਸੀ, ਅਲਫ਼ ਲੈਲਾ ਦਾ ਜ਼ਿਕਰ ਕਰਦਾ ਹੋਇਆ ਦਸਦਾ ਹੈ ਕਿ ਇਸ ਵਿਚ ਉਹ ਕਹਾਣੀਆਂ ਦਰਜ ਹਨ ਜੋ, ਉਸ ਸਮੇਂ ਆਮ ਪ੍ਰਚੱਲਤ ਸਨ।

          ਖ਼ੁਦ ਅਲਫ਼ ਲੈਲਾ ਦੀ ਅੰਦਰਲੀ ਸਾਖੀ ਤੋਂ ਇਹ ਗੱਲਾਂ ਸਪੱਸ਼ਟ ਹੁੰਦੀਆਂ ਹਨ ਕਿ (1) ਸ਼ਾਤਬੀਆ ਦਾ ਜ਼ਿਕਰ ਦੂਜੇ ਕਲੰਦਰ ਦੀ ਕਹਾਣੀ ਦੇ ਸ਼ੁਰੂ ਵਿਚ ਹੈ, ਜੋ 590 ਹਿ. (1195ਈ.) ਵਿਚ ਮਰਿਆ, (2) ਨੂਰੁੱਦੀਨ ਅਲੀ ਤੇ ਸ਼ਮਸੁੱਦੀਨ ਮੁਹੰਮਦ ਦਾ ਸਮਾਂ 1260-77 ਈ. ਹੈ; (3) ਨਾਈ ਦੀ ਕਹਾਣੀ 1258 ਈ. ਅਥਵਾ ਬਗ਼ਦਾਦ ਦੀ ਜਿੱਤ ਦੇ ਪਿੱਛੋਂ ਦੀ ਹੈ; (4) ਅਲਜਾਵਲੀ ਦੀ ਮੌਤ 1344-45 ਵਿਚ ਹੋਈ, ਆਦਿ।

          ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਕ ਅਲਫ਼ ਲੈਲਾ, ਜਿਸਦੀ ਰਚਨਾ 1195ਈ. ਤੋਂ ਪਹਿਲਾਂ ਹੋਈ ਨਹੀਂ ਮੰਨੀ ਜਾ ਸਕਦੀ, ‘ਅਲਕੁਰਤੀ’ ਵਾਲੀ ‘ਅਲਫ਼ ਲੈਲਾ’ ਤੋਂ ਵੱਖਰੀ ਹੈ।

          ਅਲਫ਼ ਲੈਲਾ ਦੇ ਕਹਾਣੀ ਸੰਗ੍ਰਹਿ ਦੀ ਸ਼ੁਹਰਤ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਵਿਚ ਹੋਈ ਜਦ ਕਿ ਫ਼ਰਾਂਸ ਦੇ ਇਕ ਮਸ਼ਹੂਰ ਵਿਦਵਾਨ ਤੇ ਸੈਲਾਨੀ ਐਨਟੋਇਨੀ ਗੈਲਾਂ (1646-1715) ਨੇ ਅਰਬੀ ਦੀ ਅਲਫ਼ ਲੈਲਾ ਨੂੰ ਸ਼ਾਮ ਦੇਸ਼ ਤੋਂ ਲਿਆਂਦਾ ਅਤੇ ਫ਼ਰਾਂਸੀਸੀ ਵਿਚ ਇਸ ਦਾ ਅਨੁਵਾਦ ਕੀਤਾ। ਫ਼ਰਾਂਸ ਦੀ ਸਰਕਾਰ ਨੇ ਗੈਲਾਂ ਨੂੰ ਨਿਕਟ ਪੂਰਬੀ ਮੁਲਕਾਂ ਦਾ ਦੂਤ ਬਣਾ ਕੇ ਭੇਜਿਆ ਸੀ। ਉਸ ਨੇ ਫ਼ਰਾਂਸ ਦੇ ਅਜਾਇਬ-ਘਰ ਲਈ ਇਥੋਂ ਦੇ ਅਜੂਬੇ ਲਿਆ ਕੇ ਫ਼ਰਾਂਸ ਵਿਚ ਰੱਖਣੇ ਸਨ। ਗੈਲਾਂ ਕਹਾਣੀਆਂ ਵਿਚ ਬੜੀ ਦਿਲਚਸਪੀ ਰੱਖਦਾ ਸੀ। ਉਸਨੇ ਅਲਫ਼ ਲੈਲਾ ਦੀਆਂ ਕਹਾਣੀਆਂ ਬੜੇ ਸ਼ੌਕ ਨਾਲ ਸੁਣੀਆਂ। ਸਫ਼ਰ ਤੋਂ ਵਾਪਸ ਆ ਕੇ ਉਸ ਨੇ ਅਲਫ਼ ਲੈਲਾ ਦਾ ਅਨੁਵਾਦ ਸ਼ੁਰੂ ਕੀਤਾ ਜੋ ਸੰਨ 1704 ਤੋਂ 1712 ਈ. ਦੇ ਵਿਚਕਾਰ 10 ਜਿਲਦਾਂ ਵਿਚ ਛਪਿਆ ਸੀ ਤੇ 11 ਵੀਂ ਤੇ 12 ਵੀਂ ਜਿਲਦ 1717 ਵਿਚ ਗੈਲਾਂ ਦੀ ਮੌਤ ਪਿਛੋਂ ਛਪੀ।

          ਗੈਲਾਂ ਇਕ ਚੰਗਾ ਕਹਾਣੀਕਾਰ ਤੇ ਹਾਸ-ਰਸ ਦੀ ਵਰਤੋਂ ਦਾ ਬੜਾ ਹੀ ਉਸਤਾਦ ਸੀ। ਮੁੰਡੇ, ਕੁੜੀਆਂ, ਜਵਾਨ ਤੇ ਬੱਚੇ ਉਚੇਚੇ ਤੌਰ ਤੇ ਉਸ ਪਾਸੋਂ ਕਹਾਣੀਆਂ ਸੁਣਨ ਆਉਂਦੇ ਸਨ। ਉਹ ਕਹਾਣੀਆਂ ਸੁਣਾਉਂਦਾ ਸੁਣਾਉਂਦਾ ਥੱਕ ਜਾਂਦਾ ਤੇ ਜਦ ਆਰਾਮ ਕਰਨ ਵਾਸਤੇ ਆਪਣੇ ਘਰ ਦੇ ਬੂਚੇ ਬਾਰੀਆਂ ਬੰਦ ਕਰਕੇ ਬੈਠਦਾ ਤਾਂ ਕਹਾਣੀਆਂ ਦੇ ਸ਼ੌਕੀਨ ਲੋਕ ਘਰ ਦੇ ਬੂਹੇ ਭੰਨ ਦੇਂਦੇ। ਉਹ ਗੁੱਸੇ ਵਿਚ ਕ੍ਰਿਝਦਾ ਘਰੋਂ ਬਾਹਰ ਨਿਕਲਦਾ ਤਾਂ ਬੱਚੇ ਤਰਲੇ ਪਾ ਕੇ ਆਖਦੇ “ਇਕ ਕਹਾਣੀ ਹੋਰ ਸੁਣਾ ਦਿਉ। ਬਸ ਇਕੋ ਕਹਾਣੀ।”

      ਉੱਨ੍ਹੀਂਵੀਂ ਸਦੀ ਵਿਚ ਅਲਫ਼ ਲੈਲਾ ਦੇ ਬਹੁਤ ਸਾਰੀਆਂ ਯੂਰਪੀ ਬੋਲੀਆਂ ਵਿਚ ਅਨੁਵਾਦ ਹੋਏ। ਇਨ੍ਹਾਂ ਵਿਚੋਂ ਕਾਂਟ-ਛਾਂਟ ਦਾ ਸਵਾਲ ਅਕਸਰ ਉਲਥਾਕਾਰਾਂ ਨੂੰ ਔਕੜਾਂ ਪੇਸ਼ ਕਰਦਾ ਰਿਹਾ, ਕਿਉਂ ਜੋ ਅਲਫ਼ ਲੈਲਾ ਦੀਆਂ ਕਈ ਕਹਾਣੀਆਂ ਨੌਜਵਾਨਾਂ ਦੇ ਪੜ੍ਹਨਯੋਗ ਨਹੀਂ ਸਨ। ਈ.ਡਬਲਿਊ.ਲੇਨ ਦਾ ਅਨੁਵਾਦ ਜੋ 1838-40 ਵਿਚ ਹੋਇਆ, ਅਧੂਰਾ ਹੈ ਪਰ ਇਸ ਵਿਚਲੇ ਨੋਟ ਬੜੇ ਲਾਭਦਾਇਕ ਹਨ। ਸੰਨ 1882-84 ਵਿਚ ਜਾਨ ਪੇਨ ਦਾ ਉਲਥਾ 9 ਜਿਲਦਾਂ ਵਿਚ ਛਪਿਆ। ਇਸ ਦੀਆਂ ਤਿੰਨ ਸਪਲੀਮੈਂਟਰੀ ਜਿਲਦਾਂ 1884 ਵਿਚ ਨਿਕਲੀਆਂ ਤੇ ਤੇਰ੍ਹਵੀਂ ਜਿਲਦ 1889 ਵਿਚ ਛਪੀ। ਸਭ ਤੋਂ ਪ੍ਰਸਿੱਧ ਅੰਗਰੇਜ਼ੀ ਉਲਥਾ ਸਰ ਰਿਚਰਡ ਬਰਟਨ ਦਾ ਹੈ ਜਿਸਦਾ ਆਧਾਰ ਪੇਨ ਦਾ ਉਲਥਾ ਹੈ। ਇਹ ਸੰਨ 1885 ਵਿਚ ਦਸ ਜਿਲਦਾਂ ਵਿਚ ਛਪਿਆ ਸੀ ਅਤੇ ਇਸ ਦੀਆਂ ਛੇ ਸਪਲੀਮੈਂਟਰੀ ਜਿਲਦਾਂ 1886-88 ਵਿਚ ਨਿਕਲਦੀਆਂ ਸਨ। ਉਸ ਸਮੇਂ ਤੋਂ ਇਹ ਕਈ ਵਾਰੀ ਪੂਰਾ ਤੇ ਕਈ ਵਾਰ ਵਾਧ ਘਾਟ ਨਾਲ ਛਪਿਆ ਹੈ। ਲੇਡੀ ਬਰਟਨ ਵਾਲਾ ਐਡੀਸ਼ਨ 1886-88 ਵਿਚ ਛਪਿਆ। ਇਸ ਵਿਚ ਕਾਂਟ-ਛਾਂਟ ਬਹੁਤ ਕੀਤੀ ਗਈ ਸੀ। ਸਮਿਥਰ ਦਾ 12 ਜਿਲਦਾਂ ਵਾਲਾ ਐਡੀਸ਼ਨ ਸੰਨ 1894 ਵਿਚ ਛਪਿਆ ਜਿਸ ਵਿਚ ਇਹ ਵਾਧੇ ਘਾਟੇ ਕੁਝ ਹੱਦ ਤੀਕ ਪੂਰੇ ਕਰ ਦਿੱਤੇ ਗਏ। ਜੇ. ਸੀ. ਮਾਰਡਸ ਦਾ ਫ਼ਰਾਂਸੀਸੀ ਉਲਥਾ 1899ਈ. ਵਿਚ ਸ਼ੁਰੂ ਹੋਇਆ ਪਰ ਇਸ ਵਿਚਲੀਆਂ ਕਈ ਕਹਾਣੀਆਂ ਅਸਲ ਅਲਫ਼ ਲੈਲਾ ਵਾਲੀਆਂ ਨਹੀਂ। ਇਸ ਲਈ ਵਿਦਵਾਨਾਂ ਨੇ ਇਸ ਦੀ ਬਹੁਤੀ ਸ਼ਲਾਘਾ ਨਹੀਂ ਕੀਤੀ। ਇਸ ਪਿੱਛੋਂ ਯੂਰਪ ਦੀਆਂ ਬਹੁਤ ਸਾਰੀਆਂ ਬੋਲੀਆਂ ਵਿਚ ਅਲਫ਼ ਲੈਲਾ ਦਾ ਉਲਥਾ ਹੋਇਆ ਪਰ ਈ. ਲਿਟਮੈਨ ਦਾ ਜਰਮਨ ਤਰਜਮਾ ਖ਼ਾਸ ਤੌਰ ਤੇ ਮਸ਼ਹੂਰ ਹੈ, ਜੋ 1921-28 ਵਿਚਕਾਰ ਲਾਈਪਸਿਕ ਤੋਂ ਛੇ ਜਿਲਦਾਂ ਵਿਚ ਛਪਿਆ। ਇਸ ਦਾ ਦੂਜਾ ਐਡੀਸ਼ਨ 1953 ਅਤੇ ਤੀਜਾ 1954 ਵਿਚ ਨਿਕਲਿਆ। ਭਾਰਤੀ ਬੋਲੀਆਂ ਵਿਚ ਵੀ ਅਲਫ਼ ਲੈਲਾ ਦੇ ਉਲਕੇ ਮਿਲ ਜਾਂਦੇ ਹਨ ਪਰ ਇਹ ਘਟੀਆ ਦਰੇ ਦੇ ਉਲਥੇ ਤੇ ਸਸਤੇ ਬਾਜ਼ਾਰੀ ਐਡੀਸ਼ਨ ਹੀ ਹਨ।

                    ਸਮੇਂ ਸਮੇਂ ਛਪੇ ਅਲਫ਼ ਲੈਲਾ ਦੇ ਐਡੀਸ਼ਨਾਂ ਦਾ ਵੇਰਵਾ, ਇਸ ਪ੍ਰਕਾਰ ਹੈ :-

          ਪਹਿਲਾ ਕਲਕੱਤਾ – ਐਡੀਸ਼ਨ ਅਸਲ ਅਰਬੀ ਵਿਚ, ਫੋਰਟ ਵਿਲਿਅਮ ਕਾਲਜ, ਕਲਕੱਤਾ ਦੇ ਅਧਿਆਪਕ ਸ਼ੇਖ ਅਹਿਮਦ ਨੇ ਦੋ ਜਿਲਦਾਂ ਵਿਚ ਛਾਪਿਆ। ਇਸ ਦੀ ਪਹਿਲੀ ਜਿਲਦ 1814 ਵਿਚ ਤੇ ਦੂਜੀ 1818 ਵਿਚ ਛਪੀ। ਇਸ ਵਿਚ ਕੇਵਲ ਦੋ ਸੌ ਮੁਢਲੀਆਂ ਕਹਾਣੀਆਂ ਤੇ ਸਿੰਧਬਾਦ ਦੀ ਕਹਾਣੀ ਸ਼ਾਮਲ ਸਨ।

          ਪਹਿਲਾ ਬੂਲਾਕ ਐਡੀਸ਼ਨ – ਇਹ ਐਡੀਸ਼ਨ ਸੰਨ 1835 ਵਿਚ ਬੂਲਾਕ ਦੇ ਸਰਕਾਰੀ ਛਾਪੇਖ਼ਾਨੇ ਵਿਚ ਅਰਬੀ ਵਿਚ ਛਪਿਆ ਸੀ। ਇਹ ਐਡੀਸ਼ਨ ਇਕ ਹੱਥ ਲਿਖਤ ਖਰੜੇ ਤੋਂ ਤਿਆਰ ਕੀਤਾ ਗਿਆ ਸੀ ਜੋ ਮਿਸਰ ਤੋਂ ਹੱਥ ਲੱਗਿਆ ਸੀ।

          ਦੂਜਾ ਕਲਕੱਤਾ ਐਡੀਸ਼ਨ – ਅਰਬੀ ਦਾ ਸੰਪੂਰਨ ਐਡੀਸ਼ਨ ਹੈ ਜੋ 1839-42ਈ. ਦੌਰਾਨ ਮਿਸਰ ਤੋਂ ਮੇਜਰ ਟਰਨਰ ਨੇ ਹਿੰਦੁਸਤਾਨ ਵਿਚ ਲਿਆਂਦਾ ਸੀ ਅਤੇ ਇਸ ਨੂੰ ਮੈਕਨਾਟਨ ਨੇ ਸੰਪਾਦਿਤ ਕੀਤਾ ਸੀ। ਇਹ ਸੈਂਟਰਲ ਲਾਇਬਰੇਰੀ, ਪਟਿਆਲਾ ਵਿਖੇ ਵੀ ਮੌਜੂਦ ਹੈ।

          ਬੈਸਲੋ ਐਡੀਸ਼ਨ – ਇਹ ਡਾਕਟਰ ਮੈਕਸੀਮੀਲੀਅਨ ਹੈਬਿਸ਼ਟ (Maximilian Habicht) ਨੇ 1825-43 ਦੌਰਾਨ ਛਪਵਾਇਆ ਸੀ ਪਰ ਇਹ ਐਡੀਸ਼ਨ ਬੜੇ ਘਟੀਆ ਦਰਜੇ ਦਾ ਗਿਣਿਆ ਗਿਆ ਹੈ।

          ਪਿਛਲੇਰੇ ਬੂਲਾਕ ਤੇ ਕਾਹਿਰਾ ਐਡੀਸ਼ਨ – ਇਹ ਉੱਨ੍ਹੀਂਵੀ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਛਪੇ ਜੋ ਕਲਕੱਤੇ ਵਾਲੇ ਦੂਜੇ ਐਡੀਸ਼ਨ ਵਾਂਗ ਹੀ ਸਨ।

          ਹ. ਪੁ.– ਐਨ. ਬ੍ਰਿ. ; ਐਨ. ਇਸ.      


ਲੇਖਕ : ਬਖਸ਼ੀਸ਼ ਸਿੰਘ ਨਿੱਜਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.