ਅਲਾਹੁਣੀਆਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਲਾਹੁਣੀਆਂ : ਇਨਸਾਨ ਦੇ ਮਰਨ ਸਮੇਂ ਜਿਹੜੇ ਸੋਗ ਭਰੇ ਅਤੇ ਕਰੁਣਾਮਈ ਸ਼ੋਕ-ਗੀਤ ਗਾਏ ਜਾਂਦੇ ਹਨ, ਉਹਨਾਂ ਨੂੰ ਅਲਾਹੁਣੀਆਂ ਆਖਿਆ ਜਾਂਦਾ ਹੈ। ਵੈਣ ਵੀ ਇਹਨਾਂ ਦਾ ਹੀ ਇੱਕ ਰੂਪ ਹੈ। ਅਲਾਹੁਣੀਆਂ ਦੁੱਖੀ ਅਤੇ ਪੀੜਿਤ ਮਨ ਦੀਆਂ ਕਰੁਣਾਮਈ ਭਾਵਨਾਵਾਂ ਦਾ ਪ੍ਰਤੱਖ ਰੂਪ ਹਨ। ਇਹਨਾਂ ਵਿੱਚ ਮਰ ਗਏ ਆਦਮੀ ਦੇ ਗੁਣਾਂ ਦਾ ਗਾਣ ਕੀਤਾ ਗਿਆ ਹੁੰਦਾ ਹੈ। ਉਸ ਨੂੰ ਵਡਿਆਇਆ ਗਿਆ ਹੁੰਦਾ ਹੈ ਅਤੇ ਉਸ ਪ੍ਰਤਿ ਆਪਣੀਆਂ ਭਾਵਨਾਵਾਂ ਦਰਸਾਈਆਂ ਗਈਆਂ ਹੁੰਦੀਆਂ ਹਨ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ, ਅਲਾਹੁਣੀ ਉਸਤਤਿ ਦੀ ਕਵਿਤਾ ਹੈ, ਜਿਸ ਵਿੱਚ ਕਿਸੇ ਦੇ ਗੁਣ ਗਾਏ ਹੋਣ, ਖ਼ਾਸ ਕਰ ਕੇ ਮੋਏ ਪ੍ਰਾਣੀ ਦੇ ਗੁਣ, ਕਰਮ ਕਹਿ ਕੇ, ਜੋ ਗੀਤ ਗਾਇਆ ਜਾਂਦਾ ਹੈ, ਉਸ ਦਾ ਨਾਂ ਅਲਾਹੁਣੀ ਹੈ। ਦੇਖੋ ਰਾਗ ਵਡਹੰਸ ਵਿੱਚ ਸਤਿਗੁਰ ਨਾਨਕ ਦੇਵ ਦੀ ਸਿੱਖਿਆ ਭਰੀ ਬਾਣੀ ਜਿਸਦੀ ਪਹਿਲੀ ਤੁਕ ਹੈ : ਧੰਨ ਸਿਰੰਦਾ ਸਚਾ ਪਾਤਿਸਾਹ। (ਮਹਾਨ ਕੋਸ਼, ਪੰਨਾ 85)
ਔਰਤਾਂ ਅਤੇ ਮਰਦਾਂ ਬਾਰੇ ਅਲਾਹੁਣੀਆਂ ਵੱਖ-ਵੱਖ ਕਿਸਮ ਦੀਆਂ ਹੁੰਦੀਆਂ ਹਨ। ਆਦਮੀਆਂ ਵਾਲੀਆਂ ਅਲਾਹੁਣੀਆਂ ਵਿੱਚ ਮਰਦਾਵੇਂ ਗੁਣਾਂ ਦੀ ਤਾਰੀਫ਼ ਕੀਤੀ ਗਈ ਹੁੰਦੀ ਹੈ। ਜਿਵੇਂ “ਮੁੱਛ ਅਜੇ ਨਾ ਫੁਟੀ, ਹਾਇਹਾ, ਸ਼ੇਰ ਸਰੂ ਜਿਹਾ” ਪਰੰਤੂ ਔਰਤਾਂ ਨਾਲ ਸੰਬੰਧਿਤ ਅਲਾਹੁਣੀਆਂ ਵਿੱਚ ਜ਼ਨਾਨਾ ਗੁਣਾਂ ਦੀ ਤਾਰੀਫ਼ ਕੀਤੀ ਗਈ ਹੁੰਦੀ ਹੈ ਜਿਵੇਂ ਤੰਦ ਅਜੇ ਨਾ ਕੱਤੀ ਧੀਏ ਮੋਰਨੀਏ।
ਕਿਸੇ ਵੱਡੀ ਉਮਰ ਦੇ ਬੁੱਢੇ ਦੀ ਮੌਤ ਉੱਤੇ ਕਈ ਦਫ਼ਾ ਸ਼ਰੀਕਣੀਆਂ ਮਖ਼ੌਲ ਤੇ ਹਾਸਾ ਵੀ ਕਰਦੀਆਂ ਹਨ। ਕਈ ਵਾਰੀ ਉਸ ਦੀ ਅਰਥੀ ਨੂੰ ਚੁੱਕਣ ਹੀ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਦੇ ਮੌਕੇ ਉੱਤੇ ਅਲਾਹੁਣੀਆਂ ਦੀ ਥਾਂ ਮਸ਼ਕਰੀਆਂ ਲੈ ਲੈਂਦੀਆਂ ਹਨ : ਤੇਰੀ ਰੰਗੀ ਹੋਈ ਮੁੱਛ ਕਾਲੀ, ਹਾਇਹਾ ਸ਼ੇਰ ਨਢਿਆ। ਉਸ ਦੀ ਰਹਿਣੀ-ਬਹਿਣੀ ਉੱਤੇ ਵਿਅੰਗ ਕਸੇ ਜਾਂਦੇ ਹਨ। ਪਿੰਡਾਂ ਵਿੱਚ ਅਲਾਹੁਣੀਆਂ ਪਾਉਣ ਲਈ ਖ਼ਾਸ ਤੌਰ ਤੇ ਮਰਾਸਣਾਂ ਜਾਂ ਨੈਣਾਂ ਨੂੰ ਸੱਦਿਆ ਜਾਂਦਾ ਹੈ। ਨੈਣਾਂ ਨੂੰ ਬਹੁਤ ਦਰਦਮਈ ਅਲਾਹੁਣੀਆਂ ਆਉਂਦੀਆਂ ਹੁੰਦੀਆਂ ਹਨ ਅਤੇ ਉਹ ਮੌਕੇ ਮੁਤਾਬਕ ਨਵੀਆਂ ਵੀ ਘੜ ਲੈਂਦੀਆਂ ਹਨ। ਨੈਣਾਂ ਸੁਰ-ਤਾਲ ਵਿੱਚ ਅਲਾਹੁਣੀਆਂ ਨੂੰ ਇਸ ਪ੍ਰਕਾਰ ਗਾਉਂਦੀਆਂ ਹਨ ਜਿਵੇਂ ਕਰੁਣਾ ਨੇ ਸਾਕਾਰ ਰੂਪ ਲੈ ਲਿਆ ਹੋਵੇ। ਅਲਾਹੁਣੀਆਂ ਨੂੰ ਗਾਉਣ ਦੀ ਸ਼ੈਲੀ ਅਲੱਗ ਹੈ। ਬਿਰਾਦਰੀ ਦੀਆਂ ਸਾਰੀਆਂ ਔਰਤਾਂ ਇੱਕ ਘੇਰੇ ਵਿੱਚ ਖੜੀਆਂ ਹੋ ਜਾਂਦੀਆਂ ਹਨ ਤੇ ਵਿਚਕਾਰ ਨੈਣ ਖਲੋ ਜਾਂਦੀ ਹੈ। ਉਹ ਮੱਥੇ, ਛਾਤੀ ਅਤੇ ਪੱਟਾਂ ਉੱਤੇ ਬਰਾਬਰ ਹੱਥ ਮਾਰ ਕੇ ਸਿਆਪਾ ਕਰਦੀਆਂ ਹਨ। ਪਹਿਲਾਂ ਹੌਲੀ-ਹੌਲੀ ਹੱਥ ਮਾਰੇ ਜਾਂਦੇ ਹਨ ਅਤੇ ਫੇਰ ਤੇਜ਼-ਤੇਜ਼ ਪਰ ਸਾਰਿਆਂ ਦੇ ਹੱਥ ਇੱਕ ਤਾਲ ਵਿੱਚ ਹੀ ਮੱਥੇ, ਛਾਤੀ ਅਤੇ ਪੱਟਾਂ ਤੇ ਵਜਦੇ ਹਨ। ਜਦੋਂ ਨੈਣ ਕੋਈ ਅਲਾਹੁਣੀ ਅਰੰਭ ਕਰਦੀ ਹੈ ਤੇ ਦਾਇਰੇ ਵਿੱਚ ਖਲੋਤੀਆਂ ਤੀਂਵੀਆਂ ਅੰਤਰੇ ਦੀਆ ਤੁਕਾਂ, ਜੇ ਮਰਦ ਹੋਵੇ ਤਾਂ ਹਾਇਹਾ ਸ਼ੇਰ ਸਰੂ ਜਿਹਾ ਅਤੇ ਜੇ ਕੁੜੀ ਹੋਵੇ ਤਾਂ ਹਾਇਹਾ ਧੀਏ ਮੋਰਨੀਏ ਗਾਉਂਦੀਆਂ ਹਨ। ਇਹ ਸੀਨ ਬੜਾ ਦਰਦ- ਭਰਪੂਰ ਹੁੰਦਾ ਹੈ ਤੇ ਪੱਥਰ-ਦਿਲ ਇਨਸਾਨ ਵੀ ਪਿਘਲ ਜਾਂਦੇ ਹਨ।
ਮਰਾਸਣਾਂ ਅਤੇ ਨੈਣਾਂ ਨੂੰ ਹਰ ਉਮਰ ਦੀ ਮ੍ਰਿਤੂ ਲਈ ਅਲਾਹੁਣੀਆਂ ਆਉਂਦੀਆਂ ਹਨ ਜਿਹੜੀਆਂ ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀਆਂ ਜਾਂਦੀਆਂ ਹਨ।ਅਲਾਹੁਣੀਆਂ ਮੌਤ ਤੋਂ ਬਿਨਾਂ ਹੋਰ ਕਿਸੇ ਮੌਕੇ ਤੇ ਨਹੀਂ ਅਲਾਪੀਆਂ ਜਾ ਸਕਦੀਆਂ। ਅੱਜ-ਕਲ੍ਹ ਤਾਂ ਕਿਸੇ ਦੀ ਮੌਤ ਉੱਤੇ ਅਲਾਹੁਣੀਆਂ ਪਾਉਣ ਲਈ ਨੈਣ ਨੂੰ ਬੁਲਾਉਣ ਦਾ ਰਿਵਾਜ ਵੀ ਖ਼ਤਮ ਹੋ ਰਿਹਾ ਹੈ। ਇਸ ਲਈ ਅਲਾਹੁਣੀਆਂ ਨੂੰ ਸੰਭਾਲਣ ਦੀ ਖ਼ਾਸ ਲੋੜ ਹੈ। ਇਹ ਸਾਡਾ ਅਮੀਰ ਵਿਰਸਾ ਜਾਂ ਖ਼ਜ਼ਾਨਾ ਹੈ। ਇੰਞ ਲੱਗਦਾ ਹੈ ਕਿ ਇਹ ਹੁਣ ਇਤਿਹਾਸ ਦੀ ਚੀਜ਼ ਬਣ ਕੇ ਰਹਿ ਜਾਣਗੀਆਂ। ਅਲਾਹੁਣੀਆਂ ਨੂੰ ਇਕੱਠਾ ਕਰਨਾ ਜਾਂ ਬੇਮੌਕੇ ਗਾਉਣਾ ਵੀ ਆਪਣੇ-ਆਪ ਵਿੱਚ ਬਦਸ਼ਗਨੀ ਸਮਝੀ ਜਾਂਦੀ ਹੈ। ਇਸੇ ਲਈ ਇਹਨਾਂ ਨੂੰ ਇਕੱਠਿਆਂ ਕਰਨਾ ਵੀ ਚੰਗਾ ਨਹੀਂ ਸਮਝਿਆ ਜਾਂਦਾ।
ਇਹ ਦਿਲ ਚੀਰ ਕੇ ਬਾਹਰ ਨਿਕਲਿਆ ਦਰਦ ਹੋਣ ਕਰ ਕੇ, ਕਰੁਣਾਮਈ ਸਾਹਿਤ ਦਾ ਵਿਸ਼ੇਸ਼ ਹਿੱਸਾ ਹਨ। ਗੁਰੂ ਨਾਨਕ ਦੇਵ ਨੇ ਇਸੇ ਕਾਵਿ-ਰੂਪ ਦੀ ਖ਼ਾਸੀਅਤ ਨੂੰ ਅਨੁਭਵ ਕਰ ਕੇ, ਇਸੇ ਵਿੱਚ ਬਾਣੀ ਵੀ ਰਚੀ ਜੋ ਅਲਾਹੁਣੀਆਂ ਦੇ ਸਿਰਲੇਖ ਹੇਠ ਰਾਗ-ਵਡਹੰਸ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅਲਾਹੁਣੀਆਂ ਦੀ ਭਾਵਨਾ ਨੂੰ ਪ੍ਰਗਟਾਉਣ ਵਾਲੇ ਨੌਂ ਸ਼ਬਦ ਮਿਲਦੇ ਹਨ, ਜੋ ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਦੀ ਰਚਨਾ ਹਨ। ਇਹ ਸ਼ਬਦ ਅਲਾਹੁਣੀਆਂ ਦੇ ਰੂਪ ਵਿੱਚ ਹਨ ਪਰੰਤੂ ਇਹਨਾਂ ਵਿੱਚ ਮ੍ਰਿਤਕ ਨਾਲ ਸੰਬੰਧਿਤ ਸੰਸਕਾਰਾਂ ਤੇ ਰਿਵਾਜਾਂ ਦੀ ਨਿਖੇਧੀ ਕਰ ਕੇ ਪ੍ਰਭੂ ਦੇ ਗੁਣਾਂ ਦਾ ਗਾਣ ਹੈ। ਪੰਜਾਬੀ ਲੋਕ-ਸਾਹਿਤ ਵਿੱਚੋਂ ਅਲਾਹੁਣੀਆਂ ਦੀਆਂ ਕੁਝ ਮਿਸਾਲਾਂ ਵੇਖੀਆਂ ਜਾ ਸਕਦੀਆਂ ਹਨ :
1. ਮੌਤ ਪੁਛੇਂਦੀ ਆਈ ਹਾਇਹਾ ਸ਼ੇਰ ਜਵਾਨਾ।
ਬੈਠੀ ਪਾਵਾ ਮਲ
ਘਿੰਨਣ ਨਾ ਦੇਂਦੀ ਸਾਹ,
ਕਰਨ ਨਾ ਦੇਂਦੀ ਗੱਲ।
2. ਹਾਇਹਾ ਧੀ ਨਾ ਮਰੇ
ਹਾਇਹਾ ਜੰਮਦੀ ਨਾ ਮਰੇ
ਹਾਇਹਾ ਵਸਦੀ ਨਾ ਮਰੇ
ਹਾਇਹਾ ਹੱਸਦੀ ਨਾ ਮਰੇ....
3. ਜੀਣਾ ਹੋਇਆ ਕੂੜ ਨੀ
ਵਹੁਟੀ ਚੂੜੇ ਵਾਲੀਏ
ਮਰਨਾ ਹੋਇਆ ਸੱਚ
ਨੀ ਵਹੁਟੀ ਚੂੜੇ ਵਾਲੀਏ।
ਅਲਾਹੁਣੀਆਂ ਦੀ ਤਰ੍ਹਾਂ ਵੈਣ ਅਤੇ ਕੀਰਨੇ ਵੀ ਸੋਗਮਈ ਅਤੇ ਦਰਦਮਈ ਗੀਤ ਹਨ ਜਿਨ੍ਹਾਂ ਅੰਦਰ ਮਰ ਚੁੱਕੇ ਪ੍ਰਾਣੀ ਪ੍ਰਤਿ ਆਪਣੀਆਂ ਨਿੱਜੀ ਭਾਵਨਾਵਾਂ ਦਰਸਾਈਆਂ ਜਾਂਦੀਆਂ ਹਨ। ਇਹਨਾਂ ਨੂੰ ਅਲਾਪਣ ਦੀ ਸ਼ੈਲੀ ਨਵੇਕਲੀ ਹੁੰਦੀ ਹੈ। ਅਲਾਹੁਣੀਆਂ ਇਕੱਠੇ ਰੂਪ ਵਿੱਚ ਗਾਈਆਂ ਜਾਂਦੀਆਂ ਹਨ ਜਦੋਂ ਕਿ ਵੈਣ ਦੋ ਔਰਤਾਂ ਸਿਰ ਜੋੜ ਕੇ ਜਾਂ ਇਕੱਲਿਆਂ ਹੀ ਮੂੰਹ ਕੱਜ ਕੇ ਪਾਉਂਦੀਆਂ ਹਨ। ਕਈ ਜਗ੍ਹਾ ਵੈਣਾਂ ਨੂੰ ਕੀਰਨੇ ਵੀ ਕਿਹਾ ਜਾਂਦਾ ਹੈ।
ਪੰਜਾਬੀ ਦੇ ਜਿੰਨੇ ਵੀ ਕਾਵਿ-ਰੂਪ ਹਨ, ਉਹਨਾਂ ਦੇ ਮੌਲਿਕ ਨਾਮ ਹਨ, ਜੋ ਇਹਨਾਂ ਕਾਵਿ-ਰੂਪਾਂ ਦੀ ਮੌਲਿਕਤਾ ਦੀ ਜ਼ਾਮਨੀ ਵੀ ਬਣਦੇ ਹਨ। ਇਹ ਕਾਵਿ-ਰੂਪ ਸਦੀਆਂ ਤੋਂ ਪੰਜਾਬੀ ਜੀਵਨ ਵਿੱਚ ਕੋਈ ਨਾ ਕੋਈ ਸੱਭਿਆਚਾਰਿਕ ਕਾਰਜ ਨਿਭਾਉਂਦੇ ਆ ਰਹੇ ਹਨ। ਗੁਰੂ ਨਾਨਕ ਦੇਵ ਵੱਲੋਂ ਵਡਹੰਸ ਰਾਗ ਵਿੱਚ ਪੰਜ ਅਲਾਹੁਣੀਆਂ ਦੀ ਰਚਨਾ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਅਲਾਹੁਣੀ ਦਾ ਜ਼ਿਕਰ ਇਹ ਗੱਲ ਤਾਂ ਸਪਸ਼ਟ ਕਰ ਹੀ ਦਿੰਦਾ ਹੈ ਕਿ ਇਹ ਸ਼ੋਕ ਗੀਤ ਦਾ ਰੂਪ ਸਦੀਆਂ ਪੁਰਾਣਾ ਹੈ। ਬਾਬੇ ਨਾਨਕ ਨੇ ਅਲਾਹੁਣੀ ਦੇ ਵਿਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਦੁਨੀਆ ਦੀ ਨਾਸ਼ਮਾਨਤਾ ਅਤੇ ਸੰਸਾਰ ਛੱਡ ਗਏ ਬੰਦੇ ਪ੍ਰਤਿ ਝੂਠੇ ਰੁਦਨ ਨੂੰ ਨਕਾਰ ਕੇ ਪ੍ਰਭੂ ਪ੍ਰੇਮ ਵੱਲ ਧਿਆਨ ਕਰਨ ਉਪਰ ਬਲ ਦਿੱਤਾ ਹੈ। ਜਿਵੇਂ :
ਧੰਨ ਸਿਰੰਦਾ ਸਚਾ ਪਾਤਿਸਾਹੁ, ਜਿਨਿ ਜਗੁ ਧੰਦੇ ਲਾਇਆ॥
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ॥
ਜਾਨੀ ਘਤਿ ਚਲਾਇਆ ਲਿਖਿਆ ਆਇਆ
ਰੁਨੇ ਵੀਰ ਸਬਾਏ॥
ਕਾਇਆ ਹੰਸ ਥੀਆ ਵੇਛੋੜਾ ਜਾ ਦਿਨ ਪੁੰਨੇ ਮੇਰੀ ਮਾਏ॥
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥
ਧੰਨ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਦੇ ਲਾਇਆ॥1॥
(ਰਾਗ ਵਡਹੰਸ ਮਹਲਾ 1, ਅਲਾਹੁਣੀਆਂ)
ਲੋਕ ਸ਼ੋਕ-ਗੀਤ ਸਮੁੱਚੇ ਤੌਰ ਤੇ ਅਜਿਹਾ ਸ਼ੋਕ-ਗੀਤ ਹੈ ਜੋ ਮੌਤ ਤੋਂ ਉਪਜੇ ਦੁੱਖ ਕਾਰਨ ਅਤੇ ਸੰਸਾਰ ਛੱਡ ਗਏ ਬੰਦੇ ਪ੍ਰਤਿ ਨਾ ਕੇਵਲ ਸਰਧਾਂਜਲੀ ਹੀ ਪੇਸ਼ ਕਰਦਾ ਹੈ, ਸਗੋਂ ਉਸ ਦਾ ਗੁਣ ਗਾਣ ਕਰ ਕੇ ਹਰ ਮਨ ਨੂੰ ਪਿਘਲਾਉਣ ਦੀ ਸ਼ਕਤੀ ਵੀ ਰੱਖਦਾ ਹੈ। ਇਹੀ ਉਹ ਸ਼ਕਤੀ ਹੈ ਜਿਸ ਰਾਹੀਂ ਸਮੂਹਿਕ ਦੱਬੀਆਂ ਭਾਵਨਾਵਾਂ ਬਾਹਰ ਨਿਕਲ ਕੇ ਮਨ ਨੂੰ ਸੰਤੁਲਿਤ ਕਰਦੀਆਂ ਹਨ। ਫ਼ਰਾਇਡ ਨੇ ਵੀਹਵੀਂ ਸਦੀ ਵਿੱਚ ਆ ਕੇ ਦੱਬੀਆਂ ਭਾਵਨਾਵਾਂ ਦਾ ਸਿਧਾਂਤ ਦਿੱਤਾ ਹੈ ਪਰ ਲੋਕ ਮਨ ਸਦੀਆਂ ਤੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਮਹੱਤਵ ਸਮਝਦੇ ਰਹੇ ਹਨ। ਸੰਸਾਰ ਛੱਡ ਕੇ ਚੱਲੇ ਗਏ ਵਿਅਕਤੀ ਦੇ ਨਿਕਟਵਰਤੀ ਨੂੰ ਇਸੇ ਲਈ ਰੋਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਸ ਦੇ ਦਿਲ ਵਿੱਚ ਗੁੰਮ ਬਣਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਭਾਵ ਉਹ ਅਸੰਤੁਲਿਤ ਹੋ ਸਕਦਾ ਹੈ ਜਾਂ ਫਿਰ ਬਿਲਕੁਲ ਪਾਗ਼ਲ ਹੋ ਸਕਦਾ ਹੈ। ਸ਼ਾਇਦ ਇਹ ਕੰਮ ਸੰਸਾਰ ਛੱਡ ਗਏ ਬੰਦੇ ਦੇ ਨਜ਼ਦੀਕੀ ਇੰਨੀ ਖ਼ੂਬੀ ਨਾਲ ਨਹੀਂ ਕਰ ਸਕਦੇ ਜਿੰਨੀ ਖ਼ੂਬੀ ਨਾਲ ਪੇਸ਼ਾਵਰ ਸਿਆਪਾਕਾਰ ਨੈਣ ਜਾਂ ਮਰਾਸਣ ਕਰ ਸਕਦੀ ਹੈ। ਸੰਸਾਰ ਛੱਡ ਗਏ ਬੰਦੇ ਦੇ ਸਾਰੇ ਰਿਸ਼ਤੇਦਾਰ ਆਪ ਹੀ ਸ਼ੋਕਗ੍ਰਸਤ ਹੁੰਦੇ ਹਨ ਅਤੇ ਉਹਨਾਂ ਨੂੰ ਦੂਸਰਿਆਂ ਦੀ ਸਹਾਇਤਾ ਦੀ ਲੋੜ ਰਹਿੰਦੀ ਹੈ।
ਸਿਆਪਾਕਾਰ ਨੈਣ ਜਾਂ ਮਰਾਸਣ ਭਾਵੇਂ ਕਿ ਆਪ ਭਾਵੁਕ ਨਹੀਂ ਹੁੰਦੀਆਂ ਪਰ ਉਹ ਦੂਸਰਿਆਂ ਨੂੰ ਰੁਆ ਸਕਣ ਦੀ ਸਮਰੱਥਾ ਰੱਖਦੀਆਂ ਹਨ। ਅਲਾਹੁਣੀਆਂ ਉਮਰ ਦੇ ਹਿਸਾਬ ਨਾਲ ਵੱਖ-ਵੱਖ ਹੋ ਜਾਂਦੀਆਂ ਹਨ। ਪਰ ਜੁਆਨ ਜਹਾਨ ਵਿਅਕਤੀ ਦਾ ਜਹਾਨ ਤੋਂ ਤੁਰ ਜਾਣਾ ਸਭ ਤੋਂ ਦੁਖਦਾਈ ਵਰਤਾਰਾ ਹੈ। ਇਸੇ ਲਈ ਉਸ ਦੇ ਜਹਾਨੋਂ ਤੁਰ ਜਾਣ ਉਪਰੰਤ ਪਾਈਆਂ ਜਾਣ ਵਾਲੀਆਂ ਅਲਾਹੁਣੀਆਂ ਸਭ ਤੋਂ ਵਧੇਰੇ ਹਿਰਦੇਵੇਧਕ ਹੁੰਦੀਆਂ ਹਨ। ਜਵਾਨੀ ਨਾਲ ਜੁੜੇ ਸਮੁੱਚੇ ਕਾਰਜਾਂ ਨੂੰ ਯਾਦ ਕਰ-ਕਰ ਕੇ ਵਰਤਮਾਨ ਤੇ ਭਵਿੱਖ ਵਿੱਚ ਜੋ ਜਵਾਨ ਵਿਅਕਤੀ ਨੇ ਕਰਨਾ ਸੀ, ਉਸ ਦੀ ਤੁਲਨਾ ਕਰ ਕੇ ਸਮੇਂ ਨੂੰ ਹੋਰ ਵੀ ਗ਼ਮਗੀਨ ਬਣਾ ਦਿੱਤਾ ਜਾਂਦਾ ਹੈ। ਜਦੋਂ ਭਵਿੱਖ ਹਨੇਰਾ ਨਜ਼ਰ ਆਉਣ ਲੱਗ ਪਵੇ ਤਾਂ ਦੁਖਾਂਤ ਹੋਰ ਵੀ ਗਹਿਰਾ ਹੋ ਜਾਂਦਾ ਹੈ। ਇਉਂ ਹੀ ਧੀ, ਬਜ਼ੁਰਗ ਆਦਿ ਦੇ ਸੰਸਾਰ ਛੱਡ ਜਾਣ ਉਪਰੰਤ ਪਾਈਆਂ ਜਾਣ ਵਾਲੀਆਂ ਅਲਾਹੁਣੀਆਂ ਵੱਖ-ਵੱਖ ਹਨ। ਉਦਾਹਰਨ ਲਈ :
- ਹੈ ਸੀ ਖੇਡਦਿਆਂ ਪੋਤਿਆਂ ਵਾਲਾ-ਵਾਹ ਰਾਜਾ
ਹੈ ਸੀ ਹੁੰਦਿਆਂ ਹੁਕਮਾਂ ਵਾਲਾ-ਵਾਹ ਰਾਜਾ,
ਹੈ ਸੀ ਡੱਠੀ ਚੌਕੀ ਵਾਲਾ-ਵਾਹ ਰਾਜਾ
ਹੈ ਸੀ ਖੁਲ੍ਹਿਆਂ ਦਫ਼ਤਰਾਂ ਵਾਲਾ - ਵਾਹ ਰਾਜਾ।
- ਤੈਨੂੰ ਕੀ ਹੋਇਆ ਕੀ ਹੋਇਆ,
ਬੀਬੀ ਮੋਰਨੀਏ...ਹਾਇਆ ਧੀਏ ਮੋਰਨੀਏ
ਤੈਨੂੰ ਕੀ ਹੋਇਆ ਹੈਰਾਨ ਹਾਂ ਧੀਏ ਮੋਰਨੀਏ...
ਹਾਇਆ ਧੀਏ ਮੋਰਨੀਏ
ਤੈਨੂੰ ਮਾਰੂ ਝੋਲਾ ਵੱਗਿਆ ਬੀਬੀ ਮੋਰਨੀਏ...
ਹਾਇਆ ਧੀਏ ਮੋਰਨੀਏ
- ਤੈਨੂੰ ਕੀ ਹੋਇਆ ਕੀ ਹੋਇਆ ਮਾਂ ਦੇ ਬੱਚੜੇ ਨੂੰ...
ਹਾਇਆ ਮਾਂ ਦੇ ਬੱਚੜੇ ਨੂੰ
ਤੈਨੂੰ ਮੌਤ ਪੁਛੇਂਦੀ ਆਈ ਮਾਂ ਦੇ ਬੱਚੜੇ ਨੂੰ...
ਹਾਇਆ ਮਾਂ ਦੇ ਬੱਚੜੇ ਨੂੰ
ਨਾਹਰ ਸਿੰਘ ਨੇ ਰੂਪਗਤ ਦ੍ਰਿਸ਼ਟੀ ਤੋਂ ਅਲਾਹੁਣੀ ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ :
ਅਲਾਹੁਣੀ ਪੇਸ਼ਾਵਰ ਸਿਆਪਾਕਾਰ ਵੱਲੋਂ ਉਚਾਰਿਆ ਜਾਂਦਾ ‘ਸਿਆਪੇ’ ਨਾਲ ਸੰਬੰਧਿਤ ਅਜਿਹਾ ਗੀਤ ਰੂਪ ਹੈ, ਜੋ ਮੌਤ ਦੇ ਸ਼ੋਕ ਭਾਵ ਨੂੰ ਥੀਮਕ ਟਕਰਾਉ ਵਿੱਚ ਪੇਸ਼ ਕਰ ਕੇ ਸੁਲਝਾਊ ਵੱਲ ਲੈ ਜਾਂਦਾ ਹੈ। ਇਸਦਾ ਥੀਮ ਵਿਛੜ ਗਏ ਜੀਅ ਦੇ ਗੁਣਾਂ ਦਾ ਗਾਣ ਅਤੇ ਪਿੱਛੇ ਰਹਿ ਗਿਆਂ ਨੂੰ ਧਰਵਾਸ ਦੇਣਾ ਹੁੰਦਾ ਹੈ।
ਜਿਵੇਂ ਅਸੀਂ ਉਪਰ ਦੇਖਿਆ ਹੈ ਅਲਾਹੁਣੀ ਦਾ ਪ੍ਰਮੁਖ ਕਾਰਜ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਵਿਰੇਚਨ ਕਰਨਾ ਹੁੰਦਾ ਹੈ। ਜਿਥੇ ਦੂਸਰੇ ਕਾਵਿ-ਰੂਪ ਗੰਭੀਰ ਭਾਵਨਾਵਾਂ ਜਾਂ ਖ਼ੁਸ਼ੀ ਦੀਆਂ ਭਾਵਨਾਵਾਂ ਦਾ ਵਿਰੇਚਨ ਕਰਦੇ ਹਨ ਉੱਥੇ ਅਲਾਹੁਣੀ ਦੁੱਖ ਨੂੰ ਘਟਾ ਕੇ ਭਾਈਚਾਰੇ ਨੂੰ ਦੁਬਾਰਾ ਕਾਰ ਵਿਹਾਰ ਵਿੱਚ ਲੱਗਣ ਦੇ ਸਮਰੱਥ ਬਣਾਉਂਦੀ ਹੈ।
ਲੇਖਕ : ਕੁਲਦੀਪ ਸਿੰਘ ਧੀਰ, ਕਰਮਵੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First