ਅਲਾਹਣੀਆਂ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਲਾਹਣੀਆਂ : ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ, ਵਡਹੰਸ ਰਾਗ ਵਿਚ, ਗੁਰੂ ਨਾਨਕ ਦੇਵ ਦੀ ਰਚਨਾ ਹੈ। ਅਲਾਹਣੀ ਆਮ ਤੌਰ ਤੇ ਇਸੇ ਦੇ ਬਹੁ-ਵਚਨ ਰੂਪ , ਅਲਾਹਣੀਆਂ, ਕਹਿ ਕੇ ਵਰਤੀ ਜਾਂਦੀ ਹੈ। ਇਹ ਇਸਤਰੀਆਂ ਦੁਆਰਾ ਕਿਸੇ ਰਿਸ਼ਤੇਦਾਰ ਦੀ ਮੌਤ ਤੇ ਇਕੱਠੇ ਹੋ ਕੇ ਵਿਰਲਾਪ ਭਰਪੂਰ ਸੋਗਮਈ ਗੀਤ ਹੈ। ਵਿਉਤਪੱਤੀ ਸ਼ਾਸਤਰ ਅਨੁਸਾਰ ਇਹ (ਮਰਨ ਵਾਲੇ ਮਨੁੱਖ) ਦੀ ਉਪਮਾ ਵਿਚ ਉਚਾਰਨ ਕੀਤਾ ਹੋਇਆ ਕਥਨ ਹੈ। ਅਲਾਹਣੀਆਂ ਦਾ ਸੋਗਮਈ ਵਿਰਲਾਪ ਸੋਗ ਵਾਲੇ ਰੀਤੀ ਰਿਵਾਜਾਂ, ‘ਸਿਆਪਾ`, ਦਾ ਇਕ ਹਿੱਸਾ ਹੈ। ਇਸਤਰੀਆਂ ਮਰ ਗਏ ਮਨੁੱਖ ਦੇ ਘਰ ਇਕੱਠੀਆਂ ਹੁੰਦੀਆਂ ਹਨ ਅਤੇ ਖੜ੍ਹੀਆਂ ਹੋ ਕੇ ਜਾਂ ਬੈਠ ਕੇ ਉੱਚੀ ਉੱਚੀ ਰੋਂਦੀਆਂ ਹੋਈਆਂ ਆਪਣੀਆਂ ਛਾਤੀਆਂ ਪਿਟਦੀਆਂ ਹਨ ਅਤੇ ਵਿਰਲਾਪ ਕਰਦੀਆਂ ਹਨ। ਉਹ ਬਹੁਤ ਦੁਖਵੇਂ ਰੂਪ ਵਿਚ ਅਤੇ ਬਹੁਤ ਕਰੁਣਾਮਈ ਲਹਿਜੇ ਵਿਚ ਵੈਣ ਪਾਉਂਦੀਆਂ ਹਨ। ਪਿੰਡ ਦੀ ਨੈਣ ਜਾਂ ਮਰਾਸਣ ਮਰੇ ਹੋਏ ਮਨੁੱਖ ਦੀ ਉਪਮਾ ਕਰਦੀ ਹੋਈ ਇਸ ਸੋਗਮਈ ਕਥਨ ਦੀ ਪਹਿਲੀ ਪੰਗਤੀ ਸ਼ੁਰੂ ਕਰਦੀ ਹੈ ਅਤੇ ਇਸ ਪਿੱਛੋਂ ਬਾਕੀ ਸਾਰੀਆਂ ਇਸਤਰੀਆਂ ਇਸੇ ਤਰ੍ਹਾਂ ਕਰਦੀਆਂ ਹਨ। ਆਖਰੀ ਰਸਮ ਹੋਣ ਤਕ ਸਿਆਪਾ ਕਈ ਦਿਨ ਤਕ ਚਲਦਾ ਰਹਿੰਦਾ ਹੈ ਅਤੇ ਮਿਰਤਕ ਦੇ ਰਿਸ਼ਤੇਦਾਰ ਦੂਰੋਂ ਨੇੜਿਉਂ ਆਉਂਦੇ ਰਹਿੰਦੇ ਹਨ ਅਤੇ ਇਸਤਰੀਆਂ ਇਹਨਾਂ ਦਿਨਾਂ ਵਿਚ ਦਿਲ ਹਿਲਾਊ ਕੀਰਨੇ ਪਾਉਂਦੀਆਂ ਰਹਿੰਦੀਆਂ ਹਨ।
ਅਲਾਹਣੀ, ਪੰਜਾਬੀ ਵਿਚ ਸੋਗਮਈ ਗੀਤ ਦੇ ਰੂਪ ਵਿਚ ਇਕ ਕਾਵਿ ਰੂਪ ਵੀ ਹੈ। ਵਿਸ਼ੇ ਅਨੁਸਾਰ ਇਸ ਦਾ ਲਹਿਜਾ ਬਦਲ ਸਕਦਾ ਹੈ। ਗੁਰੂ ਨਾਨਕ ਦੇਵ ਨੇ ਆਪਣੀ ਬਾਣੀ ਵਿਚ ਇਹ ਵਿਧੀ ਅਪਣਾ ਲਈ , ਜਿਵੇਂ ਉਹਨਾਂ ਹੋਰ ਕਈ ਪ੍ਰਚਿਲਤ ਅਤੇ ਲੋਕਯਾਨ ਰੂਪ ਅਪਣਾ ਲਏ ਸਨ। ਗੁਰੂ ਗ੍ਰੰਥ ਸਾਹਿਬ ਵਿਚ ਰਾਗ ਵਡਹੰਸ ਵਿਚ ਅੰਕਿਤ ਉਹਨਾਂ ਦੇ ਸ਼ਬਦਾਂ ਵਿਚੋਂ ਪੰਜ ਸ਼ਬਦ (ਪੰਨਾ 578 ਤੋਂ 582) ਹਨ ਜਿਨ੍ਹਾਂ ਦਾ ਸਿਰਲੇਖ ਅਲਾਹਣੀਆਂ ਹੈ। ਇਹਨਾਂ ਸ਼ਬਦਾਂ ਵਿਚ ਪਰਮਾਤਮਾ ਦੇ ਹੁਕਮ ਦੀ ਸਰਬਉੱਚਤਾ ਉਤੇ ਜ਼ੋਰ ਦਿੱਤਾ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਸਿਆਪਾ ਅਤੇ ਅਲਾਹਣੀਆਂ ਦੇ ਰਿਵਾਜ ਨੂੰ ਨਾ-ਪਸੰਦ ਕੀਤਾ ਗਿਆ ਹੈ। ਮਨੁੱਖ ਨੂੰ ਰੋਣ-ਧੋਣ ਵਿਚ ਹੀ ਸਮਾਂ ਨਹੀਂ ਗੁਆਉਣਾ ਚਾਹੀਦਾ ਬਲਕਿ ਪਰਮਾਤਮਾ ਦੇ ਕੀਤੇ ਨੂੰ ਪਰਵਾਨ ਕਰਨਾ ਸਿੱਖਣਾ ਚਾਹੀਦਾ ਹੈ। ਮਨੁੱਖ ਨੂੰ ਮੌਤ ਦੀ ਅਸਲੀਅਤ ਸਮਝਾਈ ਗਈ ਹੈ-ਜਿਵੇਂ ਮਨੁੱਖ ਇਸ ਸੰਸਾਰ ਵਿਚ ਆਉਂਦਾ ਹੈ ਉਸੇ ਤਰ੍ਹਾਂ ਉਸਨੇ ਜਾਣਾ ਵੀ ਅਵੱਸ਼ ਹੈ। ਅਲਾਹਣੀਆਂ ਦਾ ਪਾਠ ਦੁਖੀ ਆਤਮਾ ਨੂੰ ਧੀਰਜ ਦਿੰਦਾ ਹੈ ਅਤੇ ਇਸ ਨੂੰ ਪਰਮਾਤਮਾ ਦੀ ਸ਼ਰਣ ਲੈਣ ਦੀ ਪ੍ਰੇਰਨਾ ਦਿੰਦਾ ਹੈ। ਪਰਮਾਤਮਾ ਦੀ ਇੱਛਾ ਨੂੰ ਆਪਾ ਸਮਰਪਣ ਕਰਨਾ ਇਹਨਾਂ ਪਦਿਆਂ ਦਾ ਮੁੱਖ ਭਾਵ ਹੈ। “ਭੈ ਹੋਵੇ ਗੁਣ ਸਾਰਿ ਸਮਾਲੇ ਕੋ ਮਰੇ ਨਾ ਮੁਇਆ ਨਾਲੇ॥ ਨਾਨਕ ਜੁਗਿ ਜੁਗਿ ਜਾਣ ਸਿਜਾਣਾ ਹੋਵਹਿ ਸਚੁ ਸਮਾਲੇ"।
ਮੌਤ ਅਵੱਸ਼ ਹੈ। ਪਰੰਤੂ ਮੌਤ ਮਨਮੁਖ ਲਈ ਹੈ ਜੋ ਆਪਣੀ ਹਉਮੈ ਵਿਚ ਗਲਤਾਨ ਰਹਿੰਦਾ ਹੈ ਅਤੇ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ। ਗੁਰਮੁਖ ਜੋ ਪਰਮਾਤਮਾ ਨੂੰ ਯਾਦ ਕਰਦਾ ਹੈ, ਉਸ ਲਈ ਮੌਤ ਨਹੀਂ ਹੈ। ਲਗਾਤਾਰ ਨਾਮ ਸਿਮਰਨ ਕਰਨ ਨਾਲ ਮਨੁੱਖ ਮੌਤ ਦੇ ਭੈਅ ਤੋਂ ਮੁਕਤ ਹੋ ਜਾਂਦਾ ਹੈ। ਨਿਰਭਉ , ਮੁਕਤੀ ਅਤੇ ਅਮਰਤਾ ਦੀ ਸਥਿਤੀ ਨੂੰ ਪ੍ਰਾਪਤ ਕਰਨ ਲਈ ਇਹੀ ਰਸਤਾ ਹੈ। ਦੁਨੀਆ ਵਿਚ ਓਹੀ ਅਸਲ ਵਿਚ ਜੇਤੂ ਹੈ ਜੋ ਨਾਮ ਵਿਚ ਮਸਤ ਰਹਿੰਦਾ ਹੈ ਅਤੇ ਆਪਣੇ ਵਿਸ਼ਵਾਸ ਵਿਚ ਪਰਪੱਕ ਹੈ; ਜੋ ਆਪਣੇ ਸੰਸਾਰਿਕ ਫ਼ਰਜ਼ ਨਿਭਾਉਂਦਾ ਹੈ ਅਤੇ ਫਿਰ ਵੀ ਨਿਰਲੇਪ ਰਹਿੰਦਾ ਹੈ ਅਤੇ ਬਿਨਾਂ ਦੁਖੀ ਹੋਏ ਹਮੇਸ਼ਾਂ ਇਸ ਸੰਸਾਰ ਨੂੰ ਛੱਡਣ ਲਈ ਤਿਆਰ ਰਹਿੰਦਾ ਹੈ। ਜੋ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਰਹਿੰਦਾ ਹੈ ਅਤੇ ਪਵਿੱਤਰ ਜੀਵਨ ਜੀਉਂਦਾ ਹੈ ਉਹ ਸ਼ਾਂਤੀ ਅਤੇ ਚੈਨ ਨਾਲ ਜੀਵਨ ਬਤੀਤ ਕਰਦਾ ਹੈ ਅਤੇ ਮੌਤ ਤੋਂ ਭੈਅ ਨਹੀਂ ਖਾਂਦਾ। ਇਸ ਤਰ੍ਹਾਂ ਪਵਿੱਤਰ ਮਨੁੱਖ ਲਈ ਮੌਤ ਇਕ ਜਿੱਤ ਹੈ। ਗੁਰੂ ਨਾਨਕ ਦੇਵ ਕਹਿੰਦੇ ਹਨ ਕਿ ਸਾਰਿਆਂ ਨੇ ਉਸੇ ਨਿਸ਼ਾਨੇ ਤੇ ਪਹੁੰਚਣਾ ਹੈ। ਰਿਸ਼ਤੇਦਾਰ ਦੀ ਮੌਤ ‘ਤੇ ਰੋਣ ਅਤੇ ਵਿਰਲਾਪ ਕਰਨ ਦੀ ਥਾਂ ਤੇ ਮਨੁੱਖਾਂ ਨੂੰ ਇਕੱਠੇ ਬੈਠ ਕੇ ਪਰਮਾਤਮਾ ਦੀ ਉਪਮਾ ਗਾਇਨ ਕਰਨੀ ਚਾਹੀਦੀ ਹੈ।
ਅਲਾਹਣੀਆਂ ਦਾ ਕਾਵਿਕ ਛੰਦ ਉਸੇ ਵਜ਼ਨ ਦਾ ਹੈ ਜਿਸ ਵਿਚ ਲੋਕਯਾਨ ਰੂਪ ਲਿਖਿਆ ਗਿਆ ਹੈ। ਇਹ ਇਕ ਦੁਵੈਯਾ ਛੰਦ ਹੈ ਜਿਸ ਵਿਚ ਸ਼ਬਦ ਦੀ ਆਖਰੀ ਪੰਗਤੀ ਅਲਾਹਣੀਆਂ ਦੇ ਪਹਿਲੇ ਹਿੱਸੇ ਦੀ ਪਹਿਲੀ ਪੰਗਤੀ ਦੇ ਭਾਵ ਦੀ ਝਲਕ ਹੈ। ਇਸ ਵਿਚ ਸਾਧ ਭਾਸ਼ਾ ਵਰਤੀ ਗਈ ਹੈ ਜਿਸ ਉੱਤੇ ਲਹਿੰਦੀ ਉਪਭਾਸ਼ਾ ਦਾ ਪ੍ਰਭਾਵ ਹੈ। ਅਨੁਪ੍ਰਾਸ ਦੀ ਵਰਤੋਂ ਕੀਤੀ ਗਈ ਹੈ ਅਤੇ ਤੁਕਾਂ ਨੂੰ ਸੰਗੀਤਿਕ ਬਣਾਉਣ ਲਈ ਨਵੇਂ ਸੰਯੋਜਕ ਬਣਾਏ ਗਏ ਹਨ। ਕੁਝ ਤੁਕਾਂ ਅੰਤਿਮ ਸੱਚ ਨੂੰ ਏਨੇਂ ਸਰਲ ਤਰੀਕੇ ਨਾਲ ਸੰਖੇਪ ਭਾਸ਼ਾ ਵਿਚ ਪ੍ਰਗਟ ਕਰਦੀਆਂ ਹਨ ਕਿ ਉਹ ਪੰਜਾਬੀ ਬੋਲਚਾਲ ਦਾ ਹਿੱਸਾ ਬਣ ਗਈਆਂ ਹਨ। ਉਦਾਹਰਨ ਦੇ ਤੌਰ ਤੇ “ਜੇਹਾ ਲਿਖਿਆ ਤੇਹਾ ਪਾਇਆ" ਅਤੇ “ਕੋ ਮਰੈ ਨਾ ਮੁਇਆ ਨਾਲੇ"।
ਲੇਖਕ : ਹ.ਚ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਲਾਹਣੀਆਂ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਲਾਹਣੀਆਂ : ਵੇਖੋ ‘ਲੋਕਗੀਤ ਅਤੇ ‘ਅਲਾਹਣੀ’
ਅਲਾਹੁਣੀ : ‘ਅਲਾਹੁਣੀ’ ਪੰਜਾਬੀ ਦਾ ਇਕ ਸੋਗਮਈ ਜਾਂ ਮਾਤਮੀ ਲੋਕਗੀਤ ਹੈ। ਪੰਜਾਬ ਵਿਚ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ, ਤਾਂ ਪਿੰਡ ਜਾਂ ਕਸਬੇ ਦੀ ਨੈਣ, ਮਿਰਾਸਣ ਜਾਂ ਮਿਸ਼ਰਾਣੀ ਆ ਜਾਂਦੀ ਹੈ ਅਤੇ ਉਹ ਖੜੋ ਕੇ ਅਲਾਹੁਣੀ ਦੇ ਬੋਲ ਬੋਲਦੀ ਹੈ। ਬਾਕੀ ਅਫਸੋਸ ਕਰਨ ਆਈਆਂ ਸਾਰੀਆਂ ਇਸਤਰੀਆਂ ਉਸ ਦੇ ਇਰਦ ਗਿਰਦ ਘੇਰੇ ਵਿਚ ਖੜੋ ਕੇ ਮ੍ਰਿਤ ਵਿਅਕਤੀ ਦਾ ਨਾਂ ਜਾਂ ਰਿਸ਼ਤਾ ਬੋਲ ਕੇ ਹਾਇ–ਹਾਇ ਦੇ ਤਾਲ ਤੇ ਰੋਂਦੀਆਂ ਹੋਈਆਂ ਸਿਆਪਾ ਕਰਦੀਆਂ ਹਨ। ਇਸ ਸਿਆਪਾ ਮੱਥੇ, ਛਾਤੀ ਅਤੇ ਪੱਟਾਂ ਉੱਤੇ ਕ੍ਰਮ ਵਿਚ ਹੱਥ ਮਾਰ ਕੇ ਕੀਤਾ ਜਾਂਦਾ ਹੈ। ਇਸ ਦੀ ਚਾਲ ਪਹਿਲਾਂ ਹੌਲੀ, ਪਰ ਸਹਿਜੇ ਸਹਿਜੇ ਤੇਜ਼ ਹੁੰਦੀ ਜਾਂਦੀ ਹੈ ਅਤੇ ਸਾਰੀਆਂ ਇਸਤਰੀਆਂ ਦੇ ਹੱਥ ਇਕੋ ਸਮੇਂ ਮੱਥੇ, ਛਾਤੀ ਅਤੇ ਪੱਟਾਂ ਉਤੇ ਵਜਦੇ ਹਨ। ਇਸ ਤਾਲ ਨਾਲ ਮੇਲ ਨਾ ਖਾਣ ਵਾਲੀ ਇਸਤਰੀ ਨੂੰ ਕਈ ਵਾਰ ਨੈਣ ਬਾਹਰ ਵੀ ਕਢ ਦਿੰਦੀ ਹੈ।
ਆਯੂ ਦੇ ਪੱਖ ਤੋਂ ਅਲਾਹੁਣੀ ਤਿੰਨ ਪ੍ਰਕਾਰ ਦੀ ਹੁੰਦੀ ਹੈ– ਜਵਾਨੀ ਦੀ ਮੌਤ ਵੇਲੇ ਬੇਧਕ ਹੁੰਦੀ ਹੈ, ਬੱਚੇ ਦੀ ਮ੍ਰਿਤੂ ਦੇ ਪਾਈ ਗਈ ਅਲਾਹੁਣੀ ਵਿਚ ਪਾਈ ਅਲਾਹੁਣੀ ਬੜੀ ਹਿਰਦੇ ਮਮਤਾ ਦਾ ਪੱਖ ਪ੍ਰਧਾਨ ਹੁੰਦਾ ਹੈ ਅਤੇ ਬਿਰਧ ਦੀ ਮੌਤ ਵੇਲੇ ਪਾਈ ਗਈ ਅਲਾਹੁਣੀ ਵਿਚ ਕਰੁਣ ਰਸ ਵਿਚ ਕਈ ਵਾਰ ਸਥਾਨਾਂਤਕ ਹੋ ਜਾਂਦਾ ਹੈ ਅਤੇ ਠਠੇਬਾਜ਼ੀ ਦਾ ਰੰਗ ਬੰਨ੍ਹ ਦਿੱਤਾ ਜਾਂਦਾ ਹੈ, ਅਜਿਹਾ ਕੁਝ ਖ਼ਾਸ ਤੌਰ ਤੇ ਸਰੀਕਣਾਂ ਕਰਦੀਆਂ ਹਨ। ਮਰਦਾਂ ਅਤੇ ਇਸਤਰੀਆਂ ਨਾਲ ਸੰਬੰਧਿਤ ਨਾਲ ਸੰਬੰਧਿਤ ਅਲਾਹੁਣੀਆਂ ਵਿਚ ਕ੍ਰਮਵਾਰ ਮਰਦਾਵੇਂ ਅਤੇ ਜ਼ਨਾਨੇ ਗੁਣਾਂ ਦਾ ਕਥਨ ਕਰਕੇ ਸਿਆਪਾ ਕੀਤਾ ਜਾਂਦਾ ਹੈ। ਉਦਾਹਰਣ ਵਜੋਂ– ‘ਤੰਦ ਅਜੇ ਨਾ ਕਤੀ, ਧੀਏ ਮੋਰਨੀਏ’, ‘ਮੁਛ ਅਜੇ ਨਾ ਫੁਟੀ’ ਹਾਇਹਾ ਸ਼ੇਰ ਸਰੂ ਜਿਹਾ’ ਆਦਿ। ਨੈਣਾਂ ਜਾਂ ਮਿਰਾਸਣਾਂ ਨੂੰ ਹਰ ਪ੍ਰਕਾਰ ਦੇ ਵਿਅਕਤੀਆਂ ਲਈ ਅਲਾਹੁਣੀਆਂ ਯਾਦ ਹੁੰਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਵਿਚ ਇਤਨੀ ਸਮਰੱਥਾ ਵੀ ਹੁੰਦੀ ਹੈ ਕਿ ਉਹ ਮੌਕੇ ਉਤੇ ਤੁਰੰਤ ਅਲਾਹੁਣੀ ਦੇ ਬੋਲ ਘੜ ਲੈਂਦੀਆਂ ਹਨ। ਜਿਉਂ ਜਿਉਂ ਲੋਕਾਂ ਵਿਚ ਵਿੱਦਿਆ ਦੀ ਜਾਗ੍ਰਿਤੀ ਆਂਦੀ ਜਾਂਦੀ ਹੈ ਅਤੇ ਇਸਤਰੀਆਂ ਦਾ ਹਢੇਬਾ ਅਤੇ ਰਹਿਣ ਸਹਿਣ ਸੁਖਾਵਾਂ ਅਤੇ ਆਧੁਨਿਕ ਢਬ ਦਾ ਹੁੰਦਾ ਜਾਂਦਾ ਹੈ, ਅਲਾਹੁਣੀਆਂ ਪਾਉਣ ਦਾ ਰਿਵਾਜ ਵੀ ਮੁਕਦਾ ਜਾਂਦਾ ਹੈ। ਅਲਾਹੁਣੀ ਅਜਿਹਾ ਲੋਕ–ਗੀਤ ਹੈ ਜੋ ਕੇਵਲ ਮਰਨ ਦੇ ਅਵਸਰ ਤੇ ਹੀ ਗਾਇਆ ਜਾਂਦਾ ਹੈ, ਇਸ ਨੂੰ ਕਿਸੇ ਹੋਰ ਅਵਸਰ ਤੇ ਨਹੀਂ ਗਾਇਆ ਜਾ ਸਕਦਾ, ਸਗੋਂ ਇਸ ਨੂੰ ਇਕਲਿਆਂ ਜਾਂ ਮਿੱਤਰਾਂ ਵਿਚ ਬੈਠ ਕੇ ਗੁਣਗੁਣਾਣਾ ਵੀ ਬਦਸ਼ਗਨੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ।
ਲੋਕ–ਜੀਵਨ ਦੀਆਂ ਭਾਵਨਾਵਾਂ ਦੇ ਨਾਲ ਨਾਲ ਵਿਚਰਨ ਵਾਲੀ ਗੁਰਬਾਣੀ ਦੀ ਨੁਹਾਰ ਅਧਿਕਤਰ ਲੋਕ ਪਰੰਪਰਾ ਵਾਲੀ ਹੈ ਅਤੇ ਇਸ ਕਾਰਣ ਗੁਰੂ ਸਾਹਿਬਾਨ ਨੇ ਬਹੁਤ ਸਾਰੇ ਲੋਕ–ਗੀਤਾਂ ਅਤੇ ਕਾਵਿ–ਰੂਪਾਂ ਦੀਆਂ ਲੀਹਾਂ ਉਤੇ ਆਪਣੀ ਬਾਣੀ ਦੀ ਰਚਨਾ ਕੀਤੀ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਵਡਹੰਸ ਰਾਗ ਵਿਚ ਪੰਜ ਅਲਾਹੁਣੀਆਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ਪਹਿਲੀ, ਦੂਜੀ, ਚੌਥੀ ਅਤੇ ਪੰਜਵੀਂ ਵਿਚ ਛੇ ਛੇ ਤੁਕਾਂ ਦੇ ਚਾਰ ਚਾਰ ਪਦੇ ਹਨ ਅਤੇ ਤੀਜੀ ਵਿਚ ਚਾਰ ਚਾਰ ਤੁਕਾਂ ਦੇ ਅੱਠ–ਅੱਠ ਪਦੇ ਹਨ। ਇਸ ਅਲਾਹੁਣੀ ਦੇ ਪਹਿਲੇ ਪਦੇ ਤੋਂ ਬਾਅਦ ਇਕ ਪੰਕਤੀ ‘ਰਹਾਉ’ ਦੀ ਵੀ ਹੈ। ਇਨ੍ਹਾਂ ਦੇ ਛੰਦਾਂ ਦਾ ਸਰੂਪ ਅਸਪਸ਼ਟ ਹੈ ਪਰ ਫਿਰ ਵੀ ਕੁੰਡਲੀਆਂ ਛੰਦ ਦੇ ਲੱਛਣਾਂ ਦੀ ਸਮੀਪਤਾ ਵੇਖੀ ਜਾ ਸਕਦੀ ਹੈ। ਇਸ ਵਿਚ ਸੰਦੇਹ ਨਹੀਂ ਕਿ ਇਨ੍ਹਾਂ ਅਲਾਹੁਣੀਆਂ ਦਾ ਵਰਣਿਤ ਵਿਸ਼ਾ ਵਿਯੋਗ ਜਨਿਤ ਵੈਰਾਗ ਹੈ, ਪਰ ਗੁਰੂ ਜੀ ਨੇ ਕਿਤੇ ਵੀ ਨਿਰਾਸ਼ਾ ਜਾਂ ਉਦਾਸੀਨਤਾ ਦੀ ਭਾਵਨਾ ਦਾ ਸੰਚਾਰ ਨਹੀਂ ਹੋਣ ਦਿੱਤਾ। ਅਸਲੋਂ ਗੁਰੂ ਜੀ ਨੇ ਅਜਿਆਸੂ ਨੂੰ ਅਜਿਹੇ ਮਰਨੇ ਲਈ ਪ੍ਰੇਰਿਤ ਕੀਤਾ ਜਿਸ ਨਾਲ ਪ੍ਰਭੂ ਦੇ ਦੁਆਰਾ ਉੱਤੇ ਵਡਿਆਈ ਅਤੇ ਪ੍ਰਮਾਣਿਕਤਾ ਦਾ ਚਿੰਨ੍ਹ ਪ੍ਰਾਪਤ ਹੋ ਸਕੇ। ਇਨ੍ਹਾਂ ਪਦਿਆਂ ਵਿਚ ਸਾਧਕ ਨੂੰ ਮ੍ਰਿਤੂ ਦੇ ਭੈ ਤੋਂ ਵੀ ਮੁਕਤੀ ਪ੍ਰਾਪਤ ਕਰਨ ਲਈ ਉਤਸਾਹਿਤ ਕੀਤਾ ਗਿਆ ਹੈ। ਗੁਰੂ ਅਮਰ ਦਾਸ ਦੁਆਰਾ ਚਾਰ ਚਾਰ ਪਦਿਆਂ ਦੀਆਂ ਲਿਖੀਆਂ ਚਾਰ ਅਲਾਹੁਣੀਆਂ ਵਡਹੰਸ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਅਲਾਹੁਣੀਆਂ ਤੋਂ ਬਾਅਦ ਬਿਨਾ ਸਿਰਲੇਖ ਦਰਜ ਹਨ। ਇਨ੍ਹਾਂ ਵਿਚ ਗੁਰੂ ਨਾਨਕ ਦੇਵ ਵਾਲੀ ਬਿਰਹ ਦੀ ਤੀਬਰਤਾ ਅਤੇ ਤੀਬਰ ਪ੍ਰਭਾਵਸ਼ੀਲਤਾ ਤਾਂ ਨਹੀਂ, ਪਰ ਪਤੀ ਦੀ ਮ੍ਰਿਤੂ ਤੋਂ ਬਾਅਦ ਪੈਦਾ ਹੋਏ ਵਿਛੋੜੇ ਦੇ ਕਰੁਣਾਮਈ ਦ੍ਰਿਸ਼ ਚਿਤਰਨ ਵਿਚ ਗੁਰੂ ਅਮਰਦਾਸ ਬੜੇ ਸਫਲ ਹੋਏ ਹਨ। ਇਨ੍ਹਾਂ ਉੱਤੇ ਵੀ ਕਿਸੇ ਖ਼ਾਸ ਛੰਦ ਦੇ ਲੱਛਣ ਲਾਗੂ ਨਹੀਂ ਹੁੰਦੇ, ਕਿਤੇ ਕਿਤੇ ਕਲਸ ਛੰਦ ਦੇ ਲੱਛਣਾਂ ਦਾ ਕੁਝ ਪ੍ਰਭਾਵ ਪੈਂਦਾ ਪ੍ਰਤੀਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਲਾਹੁਣੀਆਂ ਦਾ ਆਰੰਭ ਇਸ ਪ੍ਰਕਾਰ ਦਾ ਹੁੰਦਾ ਹੈ– “ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੇ ਲਾਇਆ। ਮੁਹਲਿਤ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ।”
[ਸਹਾ. ਗ੍ਰੰਥ– ਡਾ. ਵਣਜਰਾ ਬੇਦੀ : ‘ਪੰਜਾਬੀ ਲੋਕਧਾਰਾ ਕੋਸ਼’ (ਭਾਗ ੧); ਡਾ. ਬਲਬੀਰ ਸਿੰਘ ਦਿਲ : ‘ਅਮਰ ਕਵੀ ਗੁਰੂ ਅਮਰਦਾਸ’; ਡਾ. ਗੁਰਸ਼ਰਨ ਕੌਰ ਜੱਗੀ : ‘ਗੁਰੂ ਨਾਨਕ ਦੇਵੀ ਦੀ ਕਾਵਿ ਕਲਾ’]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First