ਅਲਾਹਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਲਾਹਣੀ. ਸੰਗ੍ਯਾ—ਸ਼ਲਾਘਾ (ਉਸਤਤਿ) ਦੀ ਕਵਿਤਾ. ਉਹ ਗੀਤ , ਜਿਸ ਵਿੱਚ ਕਿਸੇ ਦੇ ਗੁਣ ਗਾਏ ਜਾਣ. ਖ਼ਾਸ ਕਰਕੇ ਮੋਏ ਪ੍ਰਾਣੀ ਦੇ ਗੁਣ ਕਰਮ ਕਹਿਕੇ ਜੋ ਗੀਤ ਗਾਇਆ ਜਾਂਦਾ ਹੈ, ਉਸ ਦਾ ਨਾਉਂ ਅਲਾਹਣੀ ਹੈ. ਦੇਖੋ, ਰਾਗ ਵਡਹੰਸ ਵਿੱਚ ਸਤਿਗੁਰੂ ਨਾਨਕ ਦੇਵ ਦੀ ਸਿਖ੍ਯਾ ਭਰੀ ਬਾਣੀ , ਜਿਸ ਦੀ ਪਹਿਲੀ ਤੁਕ ਹੈ—“ਧੰਨੁ ਸਿਰੰਦਾ ਸਚਾ ਪਾਤਿਸਾਹੁ.”
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅਲਾਹਣੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਲਾਹਣੀ* (ਸੰ.। ਪੰਜਾਬੀ) ਕੀਰਨੇ ਕਰਨ ਦਾ ਵਿਰਲਾਪ। ਨਾਇਣ ਦਾ ਮ੍ਰਿਤੁ ਵਿਰਲਾਪ, ਜੋ ਮੁਰਦੇ ਪਰ ਕੀਰਨੇ ਕਰਦੀ ਤੇ ਪਿਟਾਉਂਦੀ ਹੈ।
----------
* ਇਸ ਦਾ ਮੂਲ ਬੀ ‘ਅਲਾਪ’ ਜਾਪਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਲਾਹਣੀ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਲਾਹਣੀ : ਇਹ ਪੰਜਾਬੀ ਦਾ ਇਕ ਸੋਗੀ ਜਾਂ ਮਾਤਮੀ ਲੋਕਗੀਤ ਹੈ ਜੋ ਕੇਵਲ ਮਰਨ ਦੇ ਅਵਸਰ ਤੇ ਹੀ ਰੁਦਨਮਈ ਢੰਗ ਨਾਲ ਗਾਇਆ ਜਾਂਦਾ ਹੈ। ਇਸ ਨੂੰ ਕਿਸੇ ਹੋਰ ਅਵਸਰ ਤੇ ਨਹੀਂ ਗਾਇਆ ਜਾ ਸਕਦਾ, ਸਗੋਂ ਇਸ ਨੂੰ ਇਕੱਲਿਆਂ ਜਾਂ ਮਿੱਤਰਾਂ ਵਿਚ ਬੈਠ ਕੇ ਗੁਣਗੁਣਾਉਣ ਵੀ ਬਦਸ਼ਗਨੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ।
ਪੰਜਾਬ ਵਿਚ ਜਦੋਂ ਕੋਈ ਵਿਅਕਤੀ ਮਰਦਾ ਹੈ, ਤਾਂ ਪਿੰਡ ਜਾਂ ਕਸਬੇ ਦੀ ਨੈਣ, ਮਿਰਾਸਣੀ ਆ ਜਾਂਦੀ ਹੈ ਅਤੇ ਉਹ ਖੜ੍ਹੋ ਕੇ ਬੋਲ ਬੋਲਦੀ ਹੈ। ਅਫ਼ਸੋਸ ਕਰਨ ਆਇਆ ਬਾਕੀ ਸਾਰੀਆਂ ਇਸਤਰੀਆਂ ਉਸ ਦੇ ਇਰਦ-ਗਿਰਦ ਘੇਰੇ ਵਿਚ ਖੜ੍ਹੋ ਕੇ ਮ੍ਰਿਤ ਵਿਅਕਤੀ ਦਾ ਨਾਂ ਜਾਂ ਰਿਸ਼ਤਾ ਬੋਲ ਕੇ ਹਾਇ-ਹਾਇ ਦੇ ਤਾਲ ਤੇ ਰੋਂਦੀਆਂ ਹੋਈਆਂ ਸਿਆਪਾ ਕਰਦੀਆਂ ਹਨ। ਇਹ ਸਿਆਪਾ ਮੱਥੇ, ਛਾਤੀ ਅਤੇ ਪੱਟਾਂ ਉਸ ਕ੍ਰਮ-ਵਾਰ ਹੱਥ ਮਾਰ ਕੇ ਕੀਤਾ ਜਾਂਦਾ ਹੈ। ਇਸ ਦੀ ਚਾਲ ਪਹਿਲਂ ਹੌਲੀ, ਪਰ ਸਹਿਜ਼ੇ-ਸਰਿਜ਼ੇ ਤੇਜ਼ ਹੁੰਦੀ ਜਾਂਦੀ ਹੈ ਅਤੇ ਸਾਰੀਆਂ ਦੇ ਹੱਥ ਇਕ ਤਾਲ ਵਿਥ ਇੱਕਠੇ ਮੱਥੇ, ਛਾਤੀ ਅਤੇ ਪੱਟਾਂ ਉਤੇ ਵਜਦੇ ਹਨ। ਤਾਲੋਂ ਉਖੜਨ ਵਾਲੀ ਇਸਤਰੀ ਨੂੰ ਕਈ ਵਾਰ ਨੈਣ ਬਹਾਰ ਵੀ ਕੱਢ ਦਿੰਦੀ ਹੈ। ਮਰਨ ਵਾਲੇ ਦੀ ਆਯੂ ਦੇ ਪੱਖ ਤੋਂ ਅਲਾਹਣੀ ਤਿੰਨ ਪ੍ਰਕਾਰ ਦੀ ਹੁੰਦੀ ਹੈ— ਜਵਾਨੀ ਦੀ ਮੌਤ ਵੇਲੇ ਪਾਈ ਅਲਾਹਣੀ ਬੜੀ ਹਿਰਦੇ ਬੇਧਕ ਹੁੰਦੀ ਹੈ, ਬੱਚੇ ਦੀ ਮ੍ਰਿਤੂ ਤੇ ਪਾਈ ਗਈ ਅਲਾਹਣੀ ਵਿਚ ਮਮਤਾ ਦਾ ਪੱਖ ਪ੍ਰਧਾਨ ਹੁੰਦਾ ਹੈ ਅਤੇ ਬਿਰਧ ਦੀ ਮੌਤ ਵੇਲੇ ਪਾਈ ਗਈ ਅਲਾਹਣੀ ਵਿਚ ਕਰੁਣ ਰਸ ਵਿਚ ਕਈ ਵਾਰ ਠਠੇਬਾਜ਼ੀ ਦਾ ਰੰਗ ਬੰਨ੍ਹ ਕੇ ਰਸਾਂਤਰ ਪੈਦਾ ਕੀਤਾ ਜਾਂਦਾ ਹੈ। ਅਜਿਹਾ ਖ਼ਾਸ ਤੌਰ ਤੇ ਸ਼ਰੀਕਣਾਂ ਕਰਦੀਆਂ ਹਨ। ਮ੍ਰਿਤ ਮਰਦਾਂ ਅਤੇ ਇਸਤਰੀਆਂ ਨਾਲ ਸੰਬੰਧਿਤ ਅਲਾਹਣੀਆਂ ਵਿਚ ਕ੍ਰਮਵਾਰ ਮਰਦਾਵੇਂ ਜ਼ਨਾਨੇ ਗੁਣਾਂ ਦਾ ਕਥਨ ਕਰਕੇ ਸਿਆਪਾ ਕੀਤਾ ਜਾਂਦਾ ਹੈ। ਉਦਾਹਰਣ ਵਜੋਂ—‘ਤੰਦ ਅਜੇ ਨਾ ਕਤੀ, ਧੀਏ ਮੋਰਨੀਏ, ਹਾਇ ਹਾ-ਧੀਏ ਮੋਰਨੀਏ’, ‘ਮੁਛ ਅਜੇ ਨ ਫੁਟੀ, ਸ਼ੇਰ ਸਰੂ ਜਿਹਾ, ਹਾਇ ਹਾ-ਸ਼ੇਰ ਸਰੂ ਜਿਹਾ’ ਆਦਿ। ਨੈਣਾਂ ਜਾਂ ਮਿਸਰਣਾਂ ਨੂੰ ਹਰ ਪ੍ਰਕਾਰ ਦੇ ਵਿਅਕਤੀ ਲਈ ਅਲਾ-ਹਣੀਆਂ ਯਾਦ ਹੁੰਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਵਿਚ ਇਤਨੀ ਸਮਰਥਾ ਵੀ ਹੁੰਦੀ ਹੈ ਕਿ ਉਹ ਮੌਕੇ ਉਤੇ ਤੁਰੰਤ ਅਲਾਹਣੀ ਦੇ ਬੋਲ ਘੜ ਲੈਂਦੀਆਂ ਹਨ। ਜਿਉਂ ਜਿਉਂ ਲੋਕਾਂ ਵਿਚ ਵਿਦਿਆ ਦੀ ਜਾਗ੍ਰਿਤੀ ਆਉਂਦੀ ਜਾ ਰਹੀ ਹੈ ਅਤੇ ਇਸਤਰੀਆਂ ਦਾ ਰਹਿਣ-ਸਹਿਣ ਸੁਖਾਵਾਂ ਅਤੇ ਆਧੁਨਿਕ ਢੱਬ ਦਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਅਲਾ-ਹਣੀਆਂ ਦਾ ਰਿਵਾਜ ਵੀ ਘਟਦਾ ਜਾ ਰਿਹਾ ਹੈ।
ਲੋਕ-ਜੀਵਨ ਦੀਆਂ ਭਾਵਨਾਵਾਂ ਦੇ ਨਾਲ ਨਾਲ ਵਿਚਰਨ ਵਾਲੀ ਗੁਰਬਾਣੀ ਦੀ ਨੁਹਾਰ ਅਧਿਕਤਰ ਲੋਕ-ਪਰੰਪਰਾ ਵਾਲੀ ਹੈ ਅਤੇ ਇਸ ਕਾਰਣ ਗੁਰੂ ਸਾਹਿਬਾਨ ਨੇ ਬਹੁਤ ਸਾਰੇ ਲੋਕ-ਗੀਤਾਂ ਅਤੇ ਕਾਵਿ-ਰੂਪਾਂ ਦੀਆਂ ਲੀਹਾਂ ਉਤੇ ਆਪਣੀ ਬਾਣੀ ਦੀ ਰਚਨਾ ਕੀਤੀ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਵਡਹੰਸ ਰਾਗ ਵਿਚ ਪੰਜ ਅਲਾਹਣੀਆਂ ਦੀ ਰਚਨਾ ਕੀਤੀ। ਇਸ ਵਿਚ ਸੰਦੇਹ ਨਹੀਂ ਕਿ ਇਨ੍ਹਾਂ ਅਲਾਹਣੀਆਂ ਦਾ ਵਰਣਿਤ ਵਿਸ਼ਾ ਵਿਯੋਗ-ਜਨਿਤ ਵੈਰਾਗ ਹੈ, ਪਰ ਗੁਰੂ ਜੀ ਨੇ ਕਿਤੇ ਵੀ ਨਿਰਾਸ਼ਾ ਜਾਂ ਉਦਾਸੀਨਤਾ ਦੀ ਭਾਵਨਾ ਦਾ ਸੰਚਾਰ ਨਹੀਂ ਹੋਣ ਦਿਤਾ। ਅਸਲੋਂ ਗੁਰੂ ਜੀ ਨੇ ਜਿਗਿਆਸੂ ਨੂੰ ਅਜਿਹੇ ਮਰਨੇ ਲਈ ਪ੍ਰੇਰਿਤ ਕੀਤਾ ਜਿਸ ਨਾਲ ਪ੍ਰਭੂ ਦੇ ਦੁਆਰ ਉਤੇ ਵਡਿਆਈ ਅਤੇ ਪ੍ਰਮਾਣਿਕਤਾ ਦਾ ਚਿੰਨ੍ਹ ਪ੍ਰਾਪਤ ਹੋ ਸਕੇ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First