ਅਮਾਵਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਾਵਸ [ਨਾਂਇ] ਹਨ੍ਹੇਰੇ ਪੱਖ ਦੀ ਪੰਦਰਵੀਂ ਤਿੱਥ, ਮੱਸਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਮਾਵਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਾਵਸ ਸੰ. ਅਮਾਵਾਸ੍ਯਾ. ਸੰਗ੍ਯਾ—ਸੂਰਜ ਦੇ ਅਮਾ (ਸਾਥ) ਚੰਦ੍ਰਮਾ ਇੱਕ ਹੀ ਰਾਸ਼ਿ ਤੇ ਜਿਸ ਵਿੱਚ ਵਸਦਾ ਹੈ. ਅਨ੍ਹੇਰੇ ਪੱਖ ਦੀ ਪਿਛਲੀ ਤਿਥਿ. ਮੌਸ. ਇਸ ਤਿਥਿ ਦੇ ਲਿਖਨ ਲਈ ਅੰਗ ੩੦ ਵਰਤਿਆ ਜਾਂਦਾ ਹੈ. “ਕੂੜ ਅਮਾਵਸ ਸਚ ਚੰਦ੍ਰਮਾ.” (ਮ: ੧ ਵਾਰ ਮਾਝ) “ਅਮਾਵਸਿਆ ਚੰਦ ਗੁਪਤ ਗੈਣਾਰ.” (ਬਿਲਾ ਥਿਤੀ ਮ: ੧) ਅਮਾਵਸ ਅਵਿਦ੍ਯਾ, ਅਤੇ ਚੰਦ ਆਤਮਗ੍ਯਾਨ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਮਾਵਸ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਮਾਵਸ: ਸੰਸਕ੍ਰਿਤ ਦੇ ‘ਅਮਾਵਸੑਯਾ’ ਸ਼ਬਦ ਦੇ ਤਦਭਵ ਰੂਪ ਵਿਚ ਵਰਤਿਆ ਗਿਆ ਇਹ ਸ਼ਬਦ ਭਾਰਤੀ ਰਾਸ਼ੀ- ਵਿਗਿਆਨ ਦੀ ਇਕ ਮਹੱਤਵਪੂਰਣ ਤਿਥੀ ਦਾ ਲਖਾਇਕ ਹੈ। ਇਸ ਨੂੰ ਕ੍ਰਿਸ਼ਣ (ਹਨੇਰੇ) ਪੱਖ ਦੀ ਅੰਤਿਮ ਤਿਥੀ ਮੰਨਿਆ ਜਾਂਦਾ ਹੈ। ਇਸ ਤਿਥੀ ਨੂੰ ਚੰਦ੍ਰਮਾ ਅਤੇ ਸੂਰਜ ਇਕ ਹੀ ਰਾਸ਼ੀ ਵਿਚ ਰਹਿੰਦੇ ਹਨ। ਇਹ ਚੰਦਰ-ਮੰਡਲ ਦੀ ਪੰਦਰ੍ਹਵੀ ਕਲਾ ਹੈ। ਇਸ ਤਰ੍ਹਾਂ ਸੂਰਜ ਅਤੇ ਚੰਦ੍ਰਮਾ ਦਾ ਜੋ ਆਪਸ ਵਿਚ ਮੇਲ ਹੁੰਦਾ ਹੈ, ਉਸ ਨੂੰ ‘ਅਮਾਵਸ’ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਯੁਗੀਨ ਪਰਿਸਥਿਤੀਆਂ ਨੂੰ ਅਮਾਵਸ ਕਹਿੰਦਿਆਂ ‘ਮਾਝ ਕੀ ਵਾਰ ’ ਵਿਚ ਲਿਖਿਆ ਹੈ — ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ। (ਗੁ.ਗ੍ਰੰ.145)।
ਗੁਰੂ ਨਾਨਕ ਦੇਵ ਜੀ ਨੇ ਬਿਲਾਵਲ ਰਾਗ ਵਿਚ ‘ਥਿਤੀ ’ (ਵੇਖੋ) ਦੀ ਰਚਨਾ ਕਰਕੇ ਲੋਕਾਂ ਦੇ ਮਨਾਂ ਅੰਦਰ ਦਿਨਾਂ, ਵਾਰਾਂ , ਤਿਥੀਆਂ ਬਾਰੇ ਬਣੇ ਹੋਏ ਅੰਧ-ਵਿਸ਼ਵਾਸਾਂ ਅਤੇ ਭਰਮਾਂ ਨੂੰ ਵਿਅਰਥ ਸਿੱਧ ਕੀਤਾ ਹੈ ਅਤੇ ਸਥਾਪਨਾ ਕੀਤੀ ਹੈ ਕਿ ਸਾਰੀਆਂ ਘੜੀਆਂ ਅਤੇ ਤਿਥੀਆਂ ਇਕ- ਸਮਾਨ ਪਰਮ-ਤਤ੍ਵ ਦੀ ਅਦ੍ਵੈਤਤਾ ਦੀਆਂ ਲਖਾਇਕ ਹਨ। ਇਸ ਲਈ ਇਨ੍ਹਾਂ ਭਰਮਾਂ ਦੀ ਥਾਂ ਭਗਤੀ , ਗਿਆਨ ਅਤੇ ਵੈਰਾਗ ਨੂੰ ਧਾਰਣ ਕਰਨਾ ਚਾਹੀਦਾ ਹੈ। ਉਹੀ ਦਿਨ ਚੰਗਾ ਹੈ ਜਿਸ ਦਿਨ ਹਰਿ-ਭਗਤੀ ਕੀਤੀ ਜਾਏ ਅਤੇ ਸਦਾਚਾਰ ਵਿਚ ਮਨ ਲਗਾਇਆ ਜਾਏ।
ਇਹ ਸਚ ਹੈ ਕਿ ਕਿਸੇ ਵੀ ਦਿਨ ਦੇ ਮਨਾਉਣ ਬਾਰੇ ਗੁਰਬਾਣੀ ਵਿਚ ਕਿਤੇ ਵੀ ਕੋਈ ਸੰਕੇਤ ਨਹੀਂ ਮਿਲਦਾ, ਪਰ ਫਿਰ ਵੀ ਅਮਾਵਸ ਨੂੰ ਗੁਰਦੁਆਰਿਆਂ ਵਿਚ ਉਚੇਚੇ ਸਮਾਗਮ ਕਰਨਾ ਅਤੇ ਸਰੋਵਰਾਂ ਵਿਚ ਇਸ਼ਨਾਨ ਕਰਨਾ ਪ੍ਰਚਲਿਤ ਹੈ। ਕਈ ਗੁਰੂ-ਧਾਮਾਂ ਜਿਵੇਂ ਕਿ ਮੁਕਤਸਰ ਅਤੇ ਤਰਨਤਾਰਨ ਵਿਚ ਤਾਂ ਅਮਾਵਸ ਦਾ ਦਿਨ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਲੋਕੀਂ ਦੂਰੋਂ ਦੂਰੋਂ ਆ ਕੇ ਸਮਾਗਮਾਂ ਵਿਚ ਭਾਗ ਲੈਂਦੇ ਹਨ। ਸਹਿਜੇ ਸਹਿਜੇ ਇਹ ਧਾਰਮਿਕ ਸਮਾਗਮ ਮੇਲਿਆਂ ਦਾ ਰੂਪ ਧਾਰਣ ਕਰਦੇ ਜਾ ਰਹੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਅਮਾਵਸ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਾਵਸ : (ਆਮ ਬੋਲਚਾਲ ਵਿਚ ਮੱਸਿਆ) ਸੰਸਕ੍ਰਿਤ ਦੇ ਮੂਲ ਰੂਪ ਵਿਚ ਦੋ ਪਦਾਂ ਦਾ ਸਮੂੰਹ ਹੈ- ‘ਅਮਾ` ਜਿਸ ਦਾ ਅਰਥ ਹੈ ‘ਇਕੱਠੇ` ਅਤੇ ‘ਵਸਯਾ` ਜਿਸ ਦਾ ਭਾਵ ਹੈ ‘ਸਥਿਰ ਹੋਣਾ`। ਦੋਹਾਂ ਪਦਾਂ ਦਾ ਸਮੂਹਿਕ ਰੂਪ ਵਿਚ ਅਰਥ ਹੈ ਚੰਦ ਅਤੇ ਸੂਰਜ ਦੋਹਾਂ ਦਾ ਇਕੱਠੇ ਇਕੋ ਸੀਧ ਵਿਚ (ਕੁਝ ਸਮੇਂ ਲਈ) ਸਥਿਰ ਹੋ ਜਾਣਾ। ਇਸ ਰਾਤ ਚੰਦਰਮਾ ਪੂਰੀ ਤਰ੍ਹਾਂ ਨਜ਼ਰਾਂ ਤੋਂ ਉਹਲੇ ਰਹਿੰਦਾ ਹੈ।
ਇਕ ਵਿਸ਼ਵਾਸ ਅਨੁਸਾਰ ਚੰਦਰਮਾਂ ਦੀਆਂ ਪਤਨੀਆਂ ਮੰਨੇ ਜਾਂਦੇ 27 ਨਖ਼ਸ਼ਤ੍ਰ ਚੰਦਰਮਾ ਦੇ 27 ਘਰ ਹਨ ਜਿਨ੍ਹਾਂ ਵਿਚੋਂ ਚੰਦਰਮਾ ਉਸੇ ਤਰ੍ਹਾਂ ਲੰਘ ਕੇ ਜਾਂਦਾ ਹੈ ਜਿਵੇਂ ਸੂਰਜ 12 ਰਾਸ਼ੀਆਂ ਵਿਚੋਂ ਲੰਘਦਾ ਮੰਨਿਆ ਜਾਂਦਾ ਹੈ।ਇਸ ਵਿਸ਼ਵਾਸ ਅਨੁਸਾਰ ਵਿਅਕਤੀ ਦੇ ਜਨਮ ਸਮੇਂ ਚੰਦਰਮਾ ਕਿਸ ਘਰ ਵਿਚੋਂ ਲੰਘ ਰਿਹਾ ਸੀ , ਇਹ ਗੱਲ ਉਸ ਦੇ ਜੀਵਨ ਨੂੰ ਪੂਰੀ ਤਰਾਂ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਪੰਚਮੀ , ਇਕਾਦਸੀ, ਪੂਰਨਮਾਸ਼ੀ, ਅਮਾਵਸ ਆਦਿ ਨੂੰ ਹਿੰਦੂ ਪਰੰਪਰਾ ਵਿਚ ਖਾਸ ਮਹੱਤਵ ਮਿਲਦਾ ਗਿਆ। ਸਮਾਂ ਪਾ ਕੇ ਇਹਨਾਂ ਦਿਨਾਂ ਨਾਲ ਕੁਝ ਕਰਮਕਾਂਡ(ਵਰਤ, ਇਸ਼ਨਾਨ) ਜੁੜਦੇ ਗਏ।
ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਿਤੀਂ ਸਿਰਲੇਖ ਹੇਠ ਤਿੰਨ ਬਾਣੀਆਂ ਹਨ ਜਿਨ੍ਹਾਂ ਨਾਲ ਹਨੇਰ ਅਤੇ ਚਾਨਣ ਪੱਖ ਦੇ ਦਿਨਾਂ ਲਈ ਢੁਕਵੇਂ ਸਲੋਕ ਵੀ ਦਰਜ ਹਨ। ਇਹਨਾਂ ਰਚਨਾਵਾਂ ਦਾ ਮੁਖ ਸਰੋਕਾਰ ਹੀ ਇਹ ਦਸਣਾ ਹੈ ਕਿ ਕੋਈ ਵੀ ਥਿਤ (ਤਿਥੀ) ਜਾਂ ਵਾਰ ਦੂਸਰੇ ਨਾਲੋਂ ਚੰਗੀ ਜਾਂ ਮਾੜੀ ਨਹੀਂ। ਪਰਮਾਤਮਾ ਦੀ ਭਗਤੀ ਅਤੇ ਸ਼ੁਭ ਕਰਮ ਕਰਨ ਵਿਚ ਬਤੀਤ ਹੋਇਆ ਦਿਨ ਹੀ ਸਰਬੋਤਮ ਹੈ। ਸਿੱਖ ਪਰੰਪਰਾ ਵਿਚ ਅਮਾਵਸ ਲਈ ਬੇਸ਼ਕ ਕੋਈ ਕਰਮਕਾਂਡੀ ਵਿਧਾਨ ਨਹੀਂ ਹੈ ਪਰੰਤੂ ਇਸ ਦਿਨ ਸੰਗਤ ਰੂਪ ਵਿਚ ਲੋਕ ਗੁਰਦੁਆਰੇ ਆ ਕੇ ਜੁੜ ਬੈਠਦੇ ਹਨ। ਸਰੋਵਰਾਂ ਵਿਚ ਸਮੂਹਿਕ ਇਸ਼ਨਾਨ ਵੀ ਸ਼ਰਧਾਲੂ ਕਰਦੇ ਹਨ। ਤਰਨਤਾਰਨ ਅਤੇ ਮੁਕਤਸਰ ਦੇ ਧਰਮ ਅਸਥਾਨ ਦੂਰੋਂ ਆਏ ਸ਼ਰਧਾਲੂਆਂ ਲਈ ਇਸ ਦਿਨ ਵਿਸ਼ੇਸ਼ ਖਿੱਚ ਦੇ ਕੇਂਦਰ ਹੁੰਦੇ ਹਨ।
ਲੇਖਕ : ਤ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਮਾਵਸ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਮਾਵਸ : ਚੰਦਰਮਾ ਦੇ ਮਹੀਨੇ ਦੀ ਹਨੇਰੇ ਪੱਖ ਦੀ ਪੰਦਰ੍ਹਵੀਂ ਤਿੱਥ ਨੂੰ ਅਮਾਵਸ ਕਿਹਾ ਜਾਂਦਾ ਹੈ। ਇਸ ਤਿੱਥ ਨੂੰ ਮੱਸਿਆ ਵੀ ਕਹਿੰਦੇ ਹਨ। ਇਹ ਦਿਨ ਕਿਸੇ ਵੀ ਮੰਗਲ ਸੰਸਕਾਰ ਜਾਂ ਵਿਆਹ ਸ਼ਾਦੀ ਲਈ ਅਸ਼ੁਭ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਮਾਵਸ ਵਾਲੇ ਦਿਨ ਜੰਮਿਆ ਬੱਚਾ ਤਾਮਸੀ ਸੁਭਾਅ ਦਾ ਹੁੰਦਾ ਹੈ।
ਇਕ ਅੰਗਰੇਜ਼ ਇਸਤਰੀ ਸਾਹਿਤਕਾਰ ਸਿੰਕਲੇਅਰ ਸਟੀਵੇਨਸਨ ਆਪਣੀ ਪੁਸਤਕ 'Rites of the twin born' ਵਿਚ ਲਿਖਦੀ ਹੈ ਕਿ ਅਮਾਵਸ ਦਾ ਦਿਨ ਅਸ਼ੁਭ ਹੈ। ਇਸੇ ਲਈ ਇਸ ਤਿੱਥ ਨੂੰ ਕੇਵਲ ਇਕ ਵਾਰ ਭੋਜਨ ਕਰਨਾ ਚਾਹੀਦਾ ਹੈ। ਕੱਪੜੇ ਧੋਣ ਤੇ ਕੇਸੀ ਇਕ ਵਾਰ ਭੋਜਨ ਕਰਨਾ ਚਾਹੀਦਾ ਹੈ। ਕੱਪੜੇ ਧੋਣ ਅਤੇ ਕੇਸੀ ਇਸ਼ਨਾਨ ਨੂੰ ਵੀ ਇਸ ਦਿਨ ਅਸ਼ੁਭ ਮੰਨਿਆ ਜਾਂਦਾ ਹੈ। ਔਰਤਾਂ ਇਸ ਦਿਨ ਕੱਪੜੇ ਸਿਉਂਦੀਆਂ ਵੀ ਨਹੀਂ ਅਤੇ ਨਾ ਹੀ ਚੱਕੀ ਝੋਂਦੀਆਂ ਹਨ। ਮਰਦ ਵੀ ਸ਼ਿਕਾਰ ਨਹੀਂ ਕਰਦੇ। ਤਰਖਾਣ ਕੁਲੀ ਅਤੇ ਸ਼ਿਲਪੀ ਅਮਾਵਸ ਦੇ ਦਿਨ ਕੋਈ ਕੰਮ ਨਹੀਂ ਕਰਦੇ।
ਇਸ ਸਭ ਦੇ ਨਾਲ ਨਾਲ ਅਮਾਵਸ ਦੇ ਦਿਨ ਸਰੋਵਰ ਜਾਂ ਦਰਿਆ ਵਿਚ ਇਸ਼ਨਾਨ ਕਰਨਾ ਸ਼ੁਭ ਸਮਝਿਆ ਜਾਂਦਾ ਹੈ। ਬ੍ਰਾਹਮਣਾਂ ਨੂੰ ਭੋਜਨ ਕਰਾਉਣਾ ਅਤੇ ਦਾਨ ਪੁੰਨ ਕਰਨਾ ਵੀ ਸ਼ੁਭ ਸਮਝਿਆ ਜਾਂਦਾ ਹੈ। ਸਿੱਖਾਂ ਵਿਚ ਅਮਾਵਸ ਦੇ ਦਿਨ ਗੁਰਦੁਆਰੇ ਜਾਣਾ ਅਤੇ ਸਰੋਵਰ ਵਿਚ ਇਸ਼ਨਾਨ ਕਰਨਾ ਬਹੁਤ ਸ਼ੁਭ ਸਮਝਿਆ ਜਾਂਦਾ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਦੇ 'ਮੱਸਿਆ ਇਸ਼ਨਾਨ' ਦਾ ਵਿਸ਼ੇਸ਼ ਮਹੱਤਵ ਦੱਸਿਆ ਜਾਂਦਾ ਹੈ। ਇਸ ਅਵਸਰ ਤੇ ਭਾਰੀ ਮੇਲਾ ਲਗਦਾ ਹੈ। ਹਿੰਦੂ ਔਰਤਾਂ ਅਮਾਵਸ ਵਾਲੇ ਦਿਨ ਵਰਤ ਰਖਦੀਆਂ ਹਨ ਅਤੇ ਗਊ ਨੂੰ ਆਟੇ ਦਾ ਪੇੜਾ ਦਿੰਦੀਆਂ ਹਨ। ਹਿੰਦੂਆਂ ਵਿਚ ਇਸ ਤਿੱਥ ਨੂੰ ਪਿਤਰਾਂ ਦਾ ਸਰਾਧ ਵੀ ਕੀਤਾ ਜਾਂਦਾ ਹੈ ਅਤੇ ਕਈ ਹਿੰਦੂ ਪਿਤਰਾਂ ਨਮਿਤ ਪਿੰਡ ਦਾਨ ਤੇ ਤਰਪਣ ਕਰਦੇ ਹਨ। ਧਰਮ ਸ਼ਾਸਤਰਾਂ ਅਨੁਸਾਰ ਇਹ ਕਰਨ ਨਾਲ ਪਿਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
ਸੋਮਵਾਰ ਨੂੰ ਆਉਣ ਵਾਲੀ ਅਮਾਵਸ ਨੂੰ 'ਸੋਮਵਤੀ ਅਮਾਵਸ' ਕਿਹਾ ਜਾਂਦਾ ਹੈ। ਇਸ ਵਿਸ਼ੇਸ਼ ਅਮਾਵਸ ਦੇ ਦਿਨ ਦਾਨ ਅਤੇ ਵਰਤ ਦਾ ਬਹੁਤ ਮਹਾਤਮ ਹੈ। ਔਰਤਾਂ ਵਰਤ ਰਖ ਕੇ ਪਿੱਪਲ ਦੀ ਪੂਜਾ ਵੀ ਕਰਦੀਆਂ ਹਨ। ਸੋਮ (ਚੰਦਰਮਾ) ਨਾਲ ਸਬੰਧਿਤ ਹੋਣ ਕਰ ਕੇ ਇਹ ਸ਼ੁਭ ਅਤੇ ਕਲਿਆਣੀ ਮੰਨੀ ਜਾਂਦੀ ਹੈ। ਇਸ ਤਿੱਥ ਦੇ ਵਰਤ ਨਾਲ ਸੰਤਾਨ ਦਾ ਸੁਖ ਅਤੇ ਸੰਪਤੀ ਪ੍ਰਾਪਤ ਹੁੰਦੀ ਹੈ।
ਅਜੋਕੇ ਵਿਗਿਆਨਕ ਯੁੱਗ ਦੇ ਲੋਕ ਮੱਸਿਆ ਬਾਰੇ ਬਣੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਰਹੇ ਹਨ। ਪੰਜਾਬੀ ਲੋਕ ਗੀਤਾਂ ਵਿਚ ਮੱਸਿਆ ਦਾ ਆਮ ਜ਼ਿਕਰ ਮਿਲਦਾ ਹੈ ਜਿਵੇ :–
' ' ਤੇਰੇ ਅੰਦਰੋਂ ਮੈਲ ਨਾ ਜਾਵੇ, ਮੱਸਿਆ ਤੇ ਨ੍ਹਾਉਣ ਵਾਲੀਏ।' '
' ' ਮੈਨੂੰ ਮੱਸਿਆ ' ਚ ਪੈਣ ਭੁਲੇਖੇ, ਤੇਰੀ ਵੇ ਸੰਧੂਰੀ ਪੱਗ ਦੇ ' '।
ਚੋਰ ਸਦਾ ਮੱਸਿਆ ਨੂੰ ਉਡੀਕਦਾ ਰਹਿੰਦਾ ਹੈ।
ਗੁਰਬਾਣੀ ਵਿਚ ਵੀ ਅਮਾਵਸ ਦਾ ਜ਼ਿਕਰ ਕਈ ਥਾਈਂ ਆਇਆ ਹੈ–
' ' ਕੂੜ ਅਮਾਵਸ ਸਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ǁ' '
' ' ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ǁ' ',
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-03-02-01, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਲੋ. ਵਿ. ਕੋ. 1:215; ਪੰ. ਵਿ. ਕੋ. 3 : 800.
ਅਮਾਵਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਮਾਵਸ, ਸੰਸਕ੍ਰਿਤ (ਅਮਾਵਸਯਾ) / ਇਸਤਰੀ ਲਿੰਗ : ਮੱਸਿਆ, ਅਨ੍ਹੇਰੇ ਪੱਖ ਦੀ ਪੰਦਰਵ੍ਹੀਂ ਤਿਥਿ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-33-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First