ਅਮਰ ਸਿੰਘ ਝਬਾਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਮਰ ਸਿੰਘ ਝਬਾਲ (1888-1962 ਈ.): ਅੰਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਪਿੰਡ ਵਿਚ ਸੰਨ 1888 ਈ. ਵਿਚ ਪੈਦਾ ਹੋਇਆ ਅਮਰ ਸਿੰਘ ਸ. ਗੁਲਾਬ ਸਿੰਘ ਦੇ ਤਿੰਨਾਂ ਪੁੱਤਰਾਂ ਵਿਚੋਂ ਸਭ ਤੋਂ ਵੱਡਾ ਸੀ। ਇਸ ਦੇ ਪੜ-ਦਾਦਾ ਅਤੇ ਦਾਦਾ ਲਾਹੌਰ ਦਬਾਰ ਦੀ ਫ਼ੌਜ ਵਿਚ ਸੇਵਾ ਕਰ ਚੁਕੇ ਸਨ। ਇਸ ਨੇ ਪਹਿਲਾਂ ਆਪਣੇ ਪਿੰਡ ਵਿਚ ਪੜ੍ਹਾਈ ਕੀਤੀ ਅਤੇ ਫਿਰ ਖ਼ਾਲਸਾ ਕਾਲਿਜੀਏਟ ਸਕੂਲ , ਅੰਮ੍ਰਿਤਸਰ ਤੋਂ ਦਸਵੀਂ ਪਾਸ ਕਰਕੇ ਪੁਲਿਸ ਵਿਚ ਭਰਤੀ ਹੋ ਗਿਆ। ਕਿਰਪਾਨ ਪਾਣ ਉਤੇ ਪਾਬੰਦੀ ਲਗਾਏ ਜਾਣ , ਨਵੀਂ ਦਿੱਲੀ ਵਿਚ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਢਾਹੇ ਜਾਣ ਅਤੇ ਬਜਬਜ ਘਾਟ ਦੇ ਗੋਲੀ-ਕਾਂਡ ਕਾਰਣ ਇਸ ਨੇ ਪੁਲਿਸ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਦੋਂ ਇਹ ਸਬ- ਇੰਸਪੈਕਟਰ ਸੀ।
ਪੁਲਿਸ ਦੀ ਨੌਕਰੀ ਤੋਂ ਮੁਕਤ ਹੋ ਕੇ ਇਸ ਨੇ ਰਾਜਨੀਤੀ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਸੰਬੰਧ ਵਿਚ ਇਸ ਦੀ ਸਭ ਤੋਂ ਪਹਿਲੀ ਪ੍ਰਾਪਤੀ ਸੀ ਦਰਬਾਰ ਸਾਹਿਬ ਪਰਿਸਰ ਵਿਚ ‘ਮੰਜੀ ਸਾਹਿਬ’ ਵਾਲੀ ਥਾਂ ਉਤੇ ਮੀਟਿੰਗ ਕਰਕੇ ਦਰਬਾਰ ਸਾਹਿਬ ਦੇ ਮੈਨੇਜਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਰੁੱਧ ਪ੍ਰਸਤਾਵ ਪਾਸ ਕਰਨਾ ਕਿਉਂਕਿ ਉਨ੍ਹਾਂ ਨੇ ਜਲਿਆਂ ਵਾਲੇ ਬਾਗ਼ ਵਿਚ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ।
ਸ. ਸਰਦੂਲ ਸਿੰਘ ਕਵੀਸ਼ਰ ਵਲੋਂ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਢਵਾਏ ਜਾਣ ਸੰਬੰਧੀ ਮੋਰਚਾ ਲਗਾਉਣ ਅਤੇ ਦੀਵਾਰ ਨੂੰ ਫਿਰ ਤੋਂ ਉਸਾਰਨ ਲਈ ਕੀਤੀ ਅਪੀਲ ਨੂੰ ਸਾਹਮਣੇ ਰਖਦੇ ਹੋਇਆਂ ਇਸ ਨੇ ਆਪਣੇ ਭਰਾ ਜਸਵੰਤ ਸਿੰਘ ਨਾਲ ਰਲ ਕੇ ਵਾਲਿੰਟੀਅਰਾਂ ਦੀ ਭਰਤੀ ਕਰਨੀ ਸ਼ੁਰੂ ਕੀਤੀ। ਤਰਨਤਾਰਨ ਵਿਚ ਅਮਾਵਸ ਦੇ ਮੇਲੇ ਦੌਰਾਨ ਸੈਂਟ੍ਰਲ ਮਾਝਾ ਖ਼ਾਲਸਾ ਦੀਵਾਨ ਦੀ ਹੋ ਰਹੀ ਇਕ ਮੀਟਿੰਗ ਵਿਚ ਸੂਚਨਾ ਮਿਲੀ ਕਿ ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ ਦਾ ਪ੍ਰਬੰਧ ਬਹੁਤ ਵਿਗੜ ਚੁਕਾ ਹੈ। ਮੀਟਿੰਗ ਵਿਚ ਅਮਰ ਸਿੰਘ ਨੂੰ ਉਥੋਂ ਦੀ ਸਥਿਤੀ ਵੇਖ ਕੇ ਰਿਪੋਰਟ ਕਰਨ ਲਈ ਕਿਹਾ ਗਿਆ। ਇਹ ਆਪਣੇ ਭਰਾ ਜਸਵੰਤ ਸਿੰਘ ਅਤੇ ਕਈ ਸਾਥੀਆਂ ਤੇ ਵਾਲੰਟੀਅਰਾਂ ਸਮੇਤ ਉਥੇ ਪਹੁੰਚਿਆ। ਸਥਾਨਕ ਹਾਕਮਾਂ ਨੇ ਸਥਿਤੀ ਨੂੰ ਵਿਗੜਨ ਤੋਂ ਬਚਾਉਣ ਲਈ 6 ਅਕਤੂਬਰ 1920 ਈ. ਨੂੰ ਗੁਰਦੁਆਰੇ ਦਾ ਪ੍ਰਬੰਧ ਉਥੋਂ ਦੇ ਚੋਣਵੇਂ ਸਿੱਖਾਂ ਦੀ ਕਮੇਟੀ ਨੂੰ ਸੌਂਪ ਦਿੱਤਾ। ਇਸ ਜਿਤ ਨਾਲ ਝਬਾਲ ਭਰਾਵਾਂ ਦਾ ਨਾਂ ਪੰਥ ਵਿਚ ਰੌਸ਼ਨ ਹੋ ਗਿਆ।
16 ਨਵੰਬਰ 1920 ਈ. ਨੂੰ ਜਦ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ , ਤਾਂ ਅਮਰ ਸਿੰਘ ਸਮੇਤ ਤਿੰਨਾਂ ਭਰਾਵਾਂ ਨੂੰ ਮੈਂਬਰ ਬਣਾਇਆ ਗਿਆ। ਗੁਰਦੁਆਰਾ ਤਰਨਤਾਰਨ ਦੇ ਆਜ਼ਾਦ ਹੋਣ ’ਤੇ ਬਣਾਈ ਗਈ ਮੁਢਲੀ ਕਮੇਟੀ ਵਿਚ ਵੀ ਇਸ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਇਸ ਨੇ ਹੋਰ ਵੀ ਕਈ ਗੁਰਦੁਆਰੇ ਆਜ਼ਾਦ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ। ਨਨਕਾਣਾ ਸਾਹਿਬ ਦੀ ਘਟਨਾ ਸੰਬੰਧੀ ਭਾਸ਼ਣ ਦੇਣ’ਤੇ ਇਸ ਨੂੰ ਪਕੜ ਲਿਆ ਗਿਆ ਅਤੇ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਦਿੱਤੀ ਗਈ।
ਅਮਰ ਸਿੰਘ ਨੂੰ ਸੰਨ 1922 ਈ. ਵਿਚ ਹੋਏ ਸਿੱਖ ਲੀਗ ਦੇ ਤੀਜੇ ਸਾਲਾਨਾ ਸਮਾਗਮ ਵੇਲੇ ਪ੍ਰਧਾਨ ਬਣਾਇਆ ਗਿਆ। ਇਸ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਦਰਬਾਰ ਸਾਹਿਬ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਵਾਲੇ ਮੋਰਚੇ ਵੇਲੇ ਦਿੱਤੇ ਭਾਸ਼ਣ ਕਾਰਣ ਪਕੜ ਲਿਆ ਗਿਆ ਅਤੇ ਕੈਦ ਕਟਣੀ ਪਈ। 16 ਜੁਲਾਈ 1922 ਈ. ਨੂੰ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ। ਕਾਂਗ੍ਰਸ ਦੁਆਰਾ ਚਲਾਏ ਨਾ-ਮਿਲਵਰਤਨ ਅੰਦੋਲਨ ਵੇਲੇ ਇਹ ਉਸ ਪਾਰਟੀ ਵਲ ਝੁਕਦਾ ਗਿਆ। ਕੁਝ ਸਮੇਂ ਲਈ ਇਹ ਪੰਜਾਬ ਪ੍ਰਦੇਸ਼ ਕਾਂਗ੍ਰਸ ਕਮੇਟੀ ਦਾ ਪ੍ਰਧਾਨ ਵੀ ਰਿਹਾ। ਹੌਲੀ ਹੌਲੀ ਇਸ ਦਾ ਪੰਥ ਵਿਚ ਆਦਰ-ਮਾਣ ਘਟਣ ਲਗ ਗਿਆ। ਕਾਲਾਂਤਰ ਵਿਚ ਇਸ ਦਾ ਮਨ ਸਰਗਰਮ ਰਾਜਨੀਤੀ ਤੋਂ ਉਚਾਟ ਹੋ ਗਿਆ। 28 ਮਾਰਚ 1962 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਦਿਆਲ ਭੜੰਗ ਵਿਚ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First