ਅਨੁਸੂਚਿਤ ਜਾਤੀਆਂ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Scheduled Casts ਅਨੁਸੂਚਿਤ ਜਾਤੀਆਂ: ਰਾਸ਼ਟਰਪਤੀ ਕਿਸੇ ਰਾਜ ਜਾਂ ਸੰਘੀ ਖੇਤਰ ਸਬੰਧੀ ਅਤੇ ਰਾਜ ਦੀ ਸੂਰਤ ਵਿਚ ਰਾਜਪਾਲ ਦੀ ਸਲਾਹ ਨਾਲ ਅਧਿਸੂਚਨਾ ਜਾਰੀ ਕਰਕੇ ਜਾਤੀਆਂ, ਨਸਲਾਂ ਜਾਂ ਕਬੀਲਿਆਂ ਵਿਚੋਂ ਜਾਤਾਂ, ਨਸਲਾਂ ਜਾਂ ਕਬੀਲਿਆਂ ਜਾਂ ਉਨ੍ਹਾਂ ਦੇ ਭਾਗਾਂ ਜਾਂ ਗਰੁੱਪਾਂ ਨੂੰ ਦਰਸਾ ਸਕਦਾ ਹੈ ਜੋ ਉਸ ਰਾਜ ਜਾਂ ਸੰਘੀ ਖੇਤਰ ਦੀਆਂ ਅਨੁਸੂਚਿਤ ਜਾਤੀਆਂ ਸਮਝੀਆਂ ਜਾਣਗੀਆਂ। ਸੰਸਦ ਕਾਨੂੰਨ ਦੁਆਰਾ ਅਧਿਸੂਚਨਾ ਵਿਚ ਦਰਜ ਕਿਸੇ ਜਾਤੀ, ਨਸਲ ਜਾਂ ਕਬੀਲੇ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਵਿਚੋਂ ਕੱਢ ਸਕਦੀ ਹੈ।
ਭਾਰਤੀ ਸੰਵਿਧਾਨ ਦੁਆਰਾ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਵਿਸ਼ੇਸ਼ ਸੁਰੱਖਿਆ ਲਈ ਕਈ ਉਪਰਾਲੇ ਕੀਤੇ ਗਏ ਹਨ। ਭਾਰਤੀ ਸਮਾਜ ਅਤੇ ਰਾਜਨੀਤੀ ਵਿਚ ਅਨੁਸੂਚਿਤ ਜਾਤੀਆਂ ਦੀ ਸਮਾਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਸੀ ਕਿ ਇਨ੍ਹਾਂ ਜਾਤੀਆਂ ਲਈ ਵਿਧਾਨ-ਪਾਲਿਕਾਵਾਂ ਅਤੇ ਸਰਕਾਰੀ ਸੇਵਾਵਾਂ ਵਿਚ ਸੀਟਾਂ ਦਾ ਰਾਖਵਾਂਕਰਨ ਕੀਤਾ ਜਾਵੇ। ਇਸ ਕਰਕੇ ਅਨੁਸੂਚਿਤ ਜਾਤੀਆਂ ਲਈ ਵਿਸ਼ੇਸ ਸਹੂਲਤਾਂ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ । ਅਨੁਸੂਚਿਤ ਜਾਤੀਆਂ ਲਈ ਨਾਗਰਿਕ ਸੇਵਾਵਾਂ, ਸਿਖਿਆ ਸੰਸਥਾਵਾਂ ਅਤੇ ਵਿਧਾਨ ਮੰਡਲਾਂ ਵਿਚ ਸੀਟਾਂ ਰਾਖਵੇਂਕਰਣ ਦੀ ਵਿਵਸਥਾ ਕੀਤੀ ਗਈ ਹੈ।
ਭਾਰਤੀ ਸੰਵਿਧਾਨ ਵਿਚ ਅਨੁਸੂਚਿਤ ਜਾਤੀਆਂ ਲਈ ਸਰਕਾਰੀ ਸੇਵਾਵਾਂ ਵਿਚ ਸਥਾਨ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ। ਛੂਤ-ਛਾਤ ਨੂੰ ਕਾਨੂੰਨੀ ਅਪਰਾਧ ਮੰਨਿਆ ਗਿਆ ਹੈ। ਸਰਕਾਰੀ ਵਿਦਿਅਕ ਅਦਾਰਿਆਂ ਵਿਚ ਜਾਤੀ ਦੇ ਆਧਾਰ ਤੇ ਕਿਸੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਨਾਂ ਦੇ ਵਿਦਿਅਕ ਅਤੇ ਆਰਥਿਕ ਹਿੱਤਾਂ ਨੂੰ ਵਿਕਸਿਤ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਅਤੇ ਸਮਾਜਿਕ ਅਨਿਆਂ ਅਤੇ ਸ਼ੋਸਣ ਤੋਂ ਇਨ੍ਹਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ। ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿਚ ਇਨ੍ਹਾਂ ਲਈ ਸੀਟਾਂ ਰਾਖਵੇਂਕਰਣ ਦੀ ਵਿਵਸਥਾ ਹੈ। ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਉਨ੍ਹਾਂ ਲਈ ਸੀਟਾਂ ਰਿਜ਼ਰਵ ਹਨ। ਅਨੁਸੂਚਿਤ ਜਾਤੀਆਂ ਦੇ ਹਿੱਤਾਂ ਲਈ ਸਰਕਾਰੀ ਕਮਿਸ਼ਨ ਦੀ ਸਥਾਪਤੀ ਦਾ ਵੀ ਉਪਬੰਧ ਹੈ।
ਸੰਵਿਧਾਨ ਵਿਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਅਤੇ ਸੰਵਿਧਾਨਕ ਵਿਵਸਥਾਵਾਂ ਨੂੰ ਲਾਗੂ ਕਰਨ ਦੇ ਭਰਪੂਰ ਯਤਨ ਕੀਤੇ ਜਾਂਦੇ ਹਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਅਨੁਸੂਚਿਤ ਜਾਤੀਆਂ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਅਨੁਸੂਚਿਤ ਜਾਤੀਆਂ : ਅਨੁਸੂਚਿਤ ਜਾਤੀਆਂ (Scheduled Castes) ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਸਮਾਨਤਾ, ਸੁਤੰਤਰਤਾ ਅਤੇ ਨਿਆਂ ਪ੍ਰਾਪਤੀ ਤੋਂ ਵੰਚਿਤ ਹਨ। ਉਹਨਾਂ ਨੂੰ ਕਈ ਪ੍ਰਕਾਰ ਦੀਆਂ ਅਯੋਗਤਾਵਾਂ ਦਾ ਸਾਮ੍ਹਣਾ ਕਰਨਾ ਪਿਆ ਹੈ, ਇਸ ਕਰਕੇ ਇਹਨਾਂ ਨੂੰ ਸਮਾਜ ਦੇ ਦਲਿਤ ਅਤੇ ਵੰਚਿਤ ਵਰਗ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਹੋਂਦ ਵਿੱਚ ਆਉਣ ਤੇ ਛੂਤ-ਛਾਤ ਅਤੇ ਸਮਾਜਿਕ ਅਯੋਗਤਾਵਾਂ ਦਾ ਸ਼ਿਕਾਰ ਕੁਝ ਵਰਗਾਂ ਨੂੰ ਅਨੁਸੂਚਿਤ ਜਾਤੀਆਂ ਕਰਾਰ ਦਿੱਤਾ ਗਿਆ। ਸੰਵਿਧਾਨ ਦੇ ਲਾਗੂ ਹੋਣ ਤੇ ਅਨੁਸੂਚਿਤ ਜਾਤੀਆਂ ਦੀ ਇੱਕ ਸੂਚੀ ਜਾਰੀ ਕੀਤੀ ਗਈ। ਸਰਕਾਰ ਨੇ ਅਨੁਸੂਚਿਤ ਜਾਤੀਆਂ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ। ਕੇਵਲ ਅਧਿਕਾਰੀਆਂ ਦੀ ਮਰਜ਼ੀ ਅਨੁਸਾਰ ਕੋਈ ਜਾਤੀ ਅਨੁਸੂਚਿਤ ਜਾਤੀ ਹੋ ਜਾਂਦੀ ਹੈ। ਸਾਰੀਆਂ ਅਨੁਸੂਚਿਤ ਜਾਤੀਆਂ ਦਾ ਲਗਪਗ 52 ਪ੍ਰਤਿਸ਼ਤ ਖੇਤੀ ਮਜ਼ਦੂਰ ਅਤੇ 28 ਪ੍ਰਤਿਸ਼ਤ ਛੋਟੇ ਕਿਸਾਨ ਅਤੇ ਮੁਜ਼ਾਰੇ ਹਨ। ਭਾਵੇਂ ਅਬਾਦੀ ਦੇ ਹੋਰ ਵਰਗਾਂ ਵਿੱਚ ਵੀ ਗ਼ਰੀਬ ਅਤੇ ਦਲਿਤ ਤਬਕੇ ਹਨ, ਪਰੰਤੂ ਅਨੁਸੂਚਿਤ ਜਾਤੀਆਂ ਵਿੱਚ ਅਜਿਹੇ ਵਿਅਕਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਬਹੁਤ ਗ਼ਰੀਬ, ਸਧਾਰਨ, ਅਗਿਆਨਤਾ ਅਤੇ ਵਹਿਮਾਂ- ਭਰਮਾਂ ਦਾ ਜੀਵਨ ਬਤੀਤ ਕਰ ਰਹੇ ਹਨ। ਵੰਚਿਤ ਲੋਕਾਂ ਵਿੱਚ ਵੀ ਹਰੀਜਨ ਅਜਿਹੇ ਲੋਕ ਸਨ ਜੋ ਸਦੀਆਂ ਤੋਂ ਗ਼ੁਲਾਮੀ, ਅਪਮਾਨ ਅਤੇ ਬੇਵਸੀ ਦਾ ਜੀਵਨ ਜੀਅ ਰਹੇ ਸਨ।
ਅਜ਼ਾਦੀ ਤੋਂ ਬਾਅਦ ਉਹਨਾਂ ਦੇ ਸਿੱਖਿਅਕ ਅਤੇ ਆਰਥਿਕ ਹਿਤਾਂ ਵਿੱਚ ਸੁਧਾਰ ਲਿਆ ਕੇ ਅਤੇ ਸਮਾਜਿਕ ਅਯੋਗਤਾਵਾਂ ਨੂੰ ਦੂਰ ਕਰਕੇ ਉਹਨਾਂ ਨੂੰ ਨਾਗਰਿਕਾਂ ਵਜੋਂ ਅਧਿਕਾਰ ਦਿੱਤੇ ਗਏ ਹਨ। ਹੁਣ ਛੂਆ-ਛਾਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਅਨੁਸੂਚਿਤ ਜਾਤੀਆਂ ਨੂੰ ਹਰ ਪ੍ਰਕਾਰ ਦੇ ਸਮਾਜਿਕ ਅਨਿਆਂ ਅਤੇ ਹਰ ਪ੍ਰਕਾਰ ਦੇ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਹੁਣ ਉਹਨਾਂ ਉੱਪਰ ਮੰਦਰਾਂ, ਮਸਜਿਦਾਂ, ਹੋਟਲਾਂ ਅਤੇ ਹੋਰ ਮਨੋਰੰਜਕ ਸਥਾਨਾਂ ਤੇ ਜਾਣ ਤੇ ਕੋਈ ਪਾਬੰਦੀ ਨਹੀਂ। ਉਹ ਖੂਹਾਂ, ਤਾਲਾਬਾਂ, ਇਸ਼ਨਾਨ ਘਾਟਾਂ ਨੂੰ ਵਰਤ ਸਕਦੇ ਹਨ। ਉਹ ਦੇਸ ਵਿੱਚ ਕਿਧਰੇ ਵੀ ਅਜ਼ਾਦੀ ਨਾਲ ਜਾ ਸਕਦੇ ਹਨ, ਅਬਾਦ ਹੋ ਸਕਦੇ ਹਨ ਅਤੇ ਜਾਇਦਾਦ ਖ਼ਰੀਦ ਸਕਦੇ ਹਨ। ਸਰਕਾਰੀ ਨੌਕਰੀਆਂ ਵਿੱਚ ਉਹਨਾਂ ਲਈ ਅਸਾਮੀਆਂ ਰਾਖਵੀਆਂ ਕੀਤੀਆਂ ਗਈਆਂ ਹਨ। ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਉਹਨਾਂ ਨੂੰ ਪ੍ਰਤਿਨਿਧਤਾ ਦਿੱਤੀ ਗਈ ਹੈ।
ਅਨੁਸੂਚਿਤ ਖੇਤਰਾਂ ਦੇ ਪ੍ਰਸ਼ਾਸਨ ਅਤੇ ਕੰਟ੍ਰੋਲ ਲਈ ਵਿਸ਼ੇਸ਼ ਉਪਬੰਧ ਕੀਤੇ ਗਏ ਹਨ। ਵਗਾਰ ਨੂੰ ਵਰਜਿਤ ਕਰਾਰ ਦਿੱਤਾ ਗਿਆ ਹੈ। ਅਨੁਸੂਚਿਤ ਜਾਤੀਆਂ ਲਈ ਕੇਂਦਰ ਨੇ ਮੈਟ੍ਰਿਕ ਤੋਂ ਬਾਅਦ ਦੀ ਪੜ੍ਹਾਈ ਲਈ ਸਕਾਲਰਸ਼ਿਪ ਪ੍ਰਦਾਨ ਕਰਨ ਦੀ ਸਕੀਮ ਲਾਗੂ ਕੀਤੀ ਹੈ। ਉਹਨਾਂ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਮੈਟ੍ਰਿਕ ਤੋਂ ਪਹਿਲਾਂ ਦੀ ਪੜ੍ਹਾਈ ਲਈ ਵੀ ਵਜੀਫ਼ੇ ਦਿੱਤੇ ਜਾਂਦੇ ਹਨ, ਜੋ ਗੰਦ-ਸਫ਼ਾਈ ਦੇ ਕਾਰਜ ਵਿੱਚ ਲੱਗੇ ਹਨ। ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੁਸਤਕ ਬੈਂਕ ਸਥਾਪਿਤ ਕੀਤੇ ਗਏ ਹਨ। ਅਨੁਸੂਚਿਤ ਜਾਤੀਆਂ ਦੀਆਂ ਕੁੜੀਆਂ ਲਈ ਵਿਸ਼ੇਸ਼ ਹੋਸਟਲ ਸਥਾਪਿਤ ਕੀਤੇ ਗਏ ਹਨ। ਅਨੁਸੂਚਿਤ ਜਾਤੀਆਂ ਨੂੰ ਉਚੇਰੀਆਂ ਸੇਵਾਵਾਂ ਦੀਆਂ ਪਰੀਖਿਆਵਾਂ ਲਈ ਤਿਆਰੀ ਕਰਨ ਦਾ ਅਵਸਰ ਪ੍ਰਦਾਨ ਕਰਨ ਲਈ ਮੁਫ਼ਤ ਕੋਚਿੰਗ ਦੇ ਪ੍ਰਬੰਧ ਵੀ ਕੀਤੇ ਗਏ ਹਨ। ਇਹਨਾਂ ਜਾਤੀਆਂ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਜਾ ਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਰਾਸ਼ਟਰੀ ਓਵਰਸੀਜ਼ ਸਕਾਲਰਸ਼ਿਪ ਦਿੱਤੇ ਜਾਂਦੇ ਹਨ।
ਭਾਰਤ ਸਰਕਾਰ ਖ਼ੁਸ਼ਕ ਸੌਚਾਲਿਆਂ ਨੂੰ ਪਾਣੀ ਵਾਲੇ ਸੌਚਾਲਿਆਂ ਵਿੱਚ ਬਦਲ ਕੇ ਮਿਹਤਰਾਂ ਨੂੰ ਇਸ ਕੰਮ ਤੋਂ ਮੁਕਤੀ ਦੇਣ ਲਈ ਅਤੇ ਇਸ ਪ੍ਰਕਾਰ ਗੰਦ-ਸਫ਼ਾਈ ਦੇ ਕੰਮਾਂ ਤੋਂ ਮੁਕਤ ਹੋਏ ਮਿਹਤਰਾਂ ਦਾ ਬਦਲਵੇਂ ਪੇਸ਼ਿਆਂ ਵਿੱਚ ਪੁਨਰਵਾਸ ਕਰਨ ਲਈ ਰਾਜਾਂ ਨੂੰ ਸਮਾਨ ਸਹਾਇਤਾ ਪ੍ਰਦਾਨ ਕਰਦੀ ਹੈ।
ਅਨੁਸੂਚਿਤ ਜਾਤੀਆਂ ਦੇ ਮਸੀਹਾ ਡਾ. ਬੀ. ਆਰ. ਅੰਬੇਦਕਰ ਦਾ ਭਾਰਤ ਸਰਕਾਰ ਹਰ ਸਾਲ 13 ਅਪ੍ਰੈਲ ਨੂੰ ਜਨਮ ਦਿਨ ਮਨਾਉਣ ਸਮੇਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕਈ ਪ੍ਰੋਗਰਾਮਾਂ ਦੀ ਘੋਸ਼ਣਾ ਕਰਦੀ ਹੈ। ਭਾਰਤ ਸਰਕਾਰ ਨੇ ਦਲਿਤਾਂ ਦੇ ਮਹਾਨ ਨੇਤਾ ਬਾਬਾ ਸਾਹਿਬ ਨੂੰ ਉਹਨਾਂ ਦੇ ਮਰਨ ਉਪਰੰਤ ਦੇਸ ਦਾ ਉੱਚਤਮ ਸਨਮਾਨ ਭਾਰਤ ਰਤਨ ਪ੍ਰਦਾਨ ਕੀਤਾ। ਉਹਨਾਂ ਦੀਆਂ ਰਾਸ਼ਟਰ ਨਿਰਮਾਣ ਅਤੇ ਦਲਿਤਾਂ ਦੀ ਭਲਾਈ ਲਈ ਕੀਤੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਸੰਸਦ ਦੇ ਕੇਂਦਰੀ ਹਾਲ ਵਿੱਚ ਡਾ. ਬੀ. ਆਰ. ਅੰਬੇਦਕਰ ਦੀ ਫ਼ੋਟੋ ਲਗਾਈ ਗਈ।
ਲੇਖਕ : ਡੀ.ਆਰ.ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 5883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-04-35-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First