ਅਨਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨਾਰ (ਨਾਂ,ਇ) ਕਿਰਮਨ ਕਿਰਮੀ ਖੇਡ ਵਿੱਚ ਹਾਰੀ ਧਿਰ ਦੀ ਪਿੱਠ ਤੇ ਸਵਾਰੀ ਕਰਨ ਵਾਲੀ ਖਿਡਾਰਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਨਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨਾਰ (ਨਾਂ,ਪੁ) ਕਰੜੀ ਛਿੱਲੜ ਦੇ ਗੋਲਾਕਾਰ ਖੋਲ ਵਿੱਚ ਰਸਦਾਇਕ ਦਾਣਿਆਂ ਨਾਲ ਭਰਿਆ ਫਲ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਨਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨਾਰ. ਵਿ—ਨਾਰ (ਗਰਦਨ) ਬਿਨਾ। ੨ ਫ਼ਾ ਸੰਗ੍ਯਾ—ਦਾੜਿਮ. ਦਾੜੂ. ਦ੍ਰੁਮਸਾਰ. L.Punicagranatum. ਅੰ. Pomegranate. ਮਿੱਠਾ ਅਨਾਰ ਪਿਆਸ ਕੰਠ ਦੇ ਰੋਗ ਤਾਪ ਨੂੰ ਦੂਰ ਕਰਦਾ ਹੈ, ਵੀਰਯ ਪੁ ਕਰਦਾ ਹੈ. ਕਾਬਿਜ ਹੈ. ਕੰਧਾਰ ਦਾ ਬੇਦਾਨਾ ਅਨਾਰ ਬਹੁਤ ਉੱਤਮ ਹੁੰਦਾ ਹੈ. ਖੱਟਾ ਅਨਾਰ ਚਟਣੀ ਮਸਾਲੇ ਆਦਿ ਵਿੱਚ ਵਰਤੀਦਾ ਹੈ. ਅਨਾਰ ਦਾ ਛਿਲਕਾ ‘ਨਾਸਪਾਲ’ ਅਨੇਕ ਰੋਗਾਂ ਵਿੱਚ ਵਰਤਿਆ ਜਾਂਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਨਾਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਨਾਰ : ਇਹ ਪਿਊਨੀਕੇਸੀ (Punicaceae) ਕੁਲ, ਪਿਊਨਿਕਾ (Punica) ਪ੍ਰਜਾਤੀ ਅਤੇ ਗ੍ਰੈਨੇਟਮ (granatum) ਜਾਤੀ ਦਾ ਇਕ ਫਲ ਹੈ ਜੋ ਪਹਿਲੋਂ ਪਹਿਲ ਈਰਾਨ ਵਿਚ ਪੈਦਾ ਕੀਤਾ ਜਾਣ ਲਗਾ। ਭਾਰਤ ਵਿਚ ਇਹ ਕਸ਼ਮੀਰ ਤੋਂ ਲੈ ਕੇ ਮਦਰਾਸ ਤਕ ਹਰ ਰਾਜ ਵਿਚ ਉਗਾਇਆ ਜਾਂਦਾ ਹੈ। ਇਹ ਸਭ ਤੋਂ ਵੱਧ ਬੰਬਈ ਰਾਜ ਵਿਚ ਉਗਾਇਆ ਜਾਂਦਾ ਹੈ। ਇਸ ਵਿਚ ਮਿਠਾਸ 12 ਤੋਂ 16 ਪ੍ਰਤਿਸ਼ਤ ਤਕ ਹੁੰਦੀ ਹੈ ਤੇ ਖਟਾਸ 1.5 ਪ੍ਰਤਿਸ਼ਤ ਤੋਂ 2.5 ਪ੍ਰਤੀਸ਼ਤ ਤਕ ਹੁੰਦੀ ਹੈ। ਮਿਠਾਸ ਤੇ ਖਟਾਸ ਦਾ ਨਿਰਭਰ ਅਨਾਰ ਦੀ ਵੰਨਗੀ ਉੱਤੇ ਹੈ। ਪੌਦੇ ਨੂੰ ਸਰਦੀ ਵਿਚ ਬਹੁਤੀ ਸਰਦੀ ਅਤੇ ਗਰਮੀ ਵਿਚ ਬਹੁਤੀ ਖੁਸ਼ਕੀ ਤੇ ਗਰਮੀ ਚਾਹੀਦੀ ਹੈ। ਬਹੁਤੀ ਵਰਖਾ ਇਸ ਲਈ ਹਾਨੀਕਾਰਕ ਹੁੰਦੀ ਹੈ ਤੇ ਖ਼ੁਸ਼ਕ ਵਾਤਾਵਰਨ ਇਸ ਨੂੰ ਵਧੇਰੇ ਠੀਕ ਰਹਿੰਦਾ ਹੈ। ਇਸ ਦੀ ਚੰਗੀ ਉਪਜ ਅਤੇ ਵਾਧੇ ਲਈ ਭਾਰੀ ਮੈਰਾ ਭੂਮੀ ਵਧੇਰੇ ਠੀਕ ਰਹਿੰਦੀ ਹੈ। ਖਾਰੀ ਮਿੱਟੀ ਵੀ ਇਸ ਨੂੰ ਠੀਕ ਰਹਿੰਦੀ ਹੈ। ਇਸ ਦੀ ਹਰ ਕਿਸਮ ਵਿਚ ਥੋੜ੍ਹੇ ਬਹੁਤ ਝੂਠੇ ਫੁੱਲ ਲਗਦੇ ਹੀ ਰਹਿੰਦੇ ਹਨ। ਮਸਕਟ ਰੈੱਡ ਕੰਧਾਰੀ, ਸਪੈਨਿਸ਼, ਰੂਬੀ, ਢੋਲਕਾ ਅਤੇ ਪੇਪਰ ਸ਼ੈਲ ਆਦਿ ਕਿਸਮਾਂ ਭਾਰਤ ਵਿਚ ਮਿਲਦੀਆਂ ਹਨ। ਇਸ ਦਾ ਪੌਦਾ ਵੱਡਾ ਹੁੰਦਾ ਹੈ। ਛੋਟੀਆਂ ਟਾਹਣੀਆਂ ਆਮ ਤੌਰ ਤੇ ਕੰਡੇਦਾਰ ਹੁੰਦੀਆਂ ਹਨ। ਪੱਤੇ 2 ਤੋਂ 5 ਸੈਂ. ਮੀ. ਤਕ ਲੰਬੇ ਹੁੰਦੇ ਹਨ। ਫੱਲ ਲਾਲ ਰੰਗ ਦੇ ਅਤੇ ਡੰਡੀ ਰਹਿਤ ਹੁੰਦੇ ਹਨ। ਇਹ ਇਕੱਲੇ ਇਕੱਲੇ ਜਾਂ ਤਿੰਨ ਤਿੰਨ ਦੇ ਸਮੂਹ ਵਿਚ ਲੱਗੇ ਹੁੰਦੇ ਹਨ। ਸੈਪਲ-ਪੁੰਜ (calyx) ਵਿਚ ਲਾਲ ਭਾਹ ਮਾਰਦੀ ਹੈ। ਇਹ ਨਲੀ ਵਰਗੇ ਆਕਾਰ ਵਿਚ 5-7 ਤਕ ਗੁੱਦੇਦਾਰ ਪੱਤੀਆਂ ਹੁੰਦੀਆਂ ਹਨ। ਪੁੰਕੇਸਰ ਬਹੁਤ ਜ਼ਿਆਦਾ ਹੁੰਦੇ ਹਨ। ਇਸ ਦਾ ਵਾਧਾ ਕਲਮਾਂ ਰਾਹੀਂ ਹੁੰਦਾ ਹੈ ਭਾਵੇਂ ਬੀਜ ਅਤੇ ਦਾਬ ਨਾਲ ਵੀ ਪੌਦੇ ਤਿਆਰ ਕੀਤੇ ਜਾਂਦੇ ਹਨ। ਬਾਗ਼ ਵਿਚ ਲਗਾਉਣ ਵਾਸਤੇ ਕਲਮਾਂ ਇਕ ਜਾਂ ਦੋ ਸਾਲਾਂ ਤਕ ਤਿਆਰ ਹੁੰਦੀਆਂ ਹਨ।
ਭਾਰਤ ਵਿਚ ਅਨਾਰ ਦੀਆਂ ਕੁਝ ਕਿਸਮਾਂ ਚੰਗੇ ਫਲਾਂ ਦੇ ਬੀਜਾਂ ਰਾਹੀਂ ਵੀ ਉਗਾਈਆਂ ਜਾਂਦੀਆਂ ਹਨ। ਅਨਾਰ ਦੇ ਪੌਦੇ 7-8 ਮੀ. ਦੀ ਵਿੱਥ ਤੇ ਲਾਏ ਜਾਂਦੇ ਹਨ। ਇਨ੍ਹਾਂ ਲਈ ਗਰਮੀ ਵਿਚ ਤਿੰਨ ਵੇਰ ਅਤੇ ਸਰਦੀ ਵਿਚ ਇਕ ਵੇਰ ਸਿੰਜਾਈ ਕਾਫ਼ੀ ਹੁੰਦੀ ਹੈ। ਖਾਦ ਜਨਵਰੀ ਜਾਂ ਫਰਵਰੀ ਵਿਚ ਪਾਉਣੀ ਚਾਹੀਦੀ ਹੈ। 40 ਕਿ. ਗ੍ਰਾ. ਰੂੜੀ, ਇਕ ਕਿ. ਗ੍ਰਾ. ਅਮੋਨੀਅਮ ਸਲਫੇਟ, ਚਾਰ ਕਿ.ਗ੍ਰਾ. ਰਾਖ ਅਤੇ ਇਕ ਕਿ. ਗ੍ਰਾ. ਚੂਨਾ ਫ਼ੀ ਪੌਦੇ ਦੇ ਹਿਸਾਬ ਨਾਲ ਖਾਦ ਪਾਉਣੀ ਚਾਹੀਦੀ ਹੈ।
ਬੰਬਈ ਵਿਚ ਇਕ ਪੌਦੇ ਨੂੰ ਇਕ ਸਾਲ ਵਿਚ 70 ਤੋਂ 200 ਫਲ ਲਗਦੇ ਹਨ। ਇਨ੍ਹਾਂ ਵਿੱਚੋਂ ਲਗਭਗ ਅੱਧੇ ਫਲ ਪੱਕਣ ਤੋਂ ਪਹਿਲਾਂ ਹੀ ਫੁੱਟ ਜਾਂਦੇ ਹਨ। ਫੁੱਟਣ ਦਾ ਕਾਰਨ ਧਰਤੀ ਦੀ ਗਿੱਲ ਹੈ।
ਇਸ ਦੇ ਰਸ ਨੂੰ ਸ਼ਰਬਤ ਬਣਾ ਕੇ ਸੰਭਾਲਿਆ ਜਾਂਦਾ ਹੈ। ਇਸ ਤੋਂ ਇਕ ਖ਼ਾਸ ਕਿਸਮ ਦਾ ਸ਼ਰਬਤ ਤਿਆਰ ਕੀਤਾ ਜਾਂਦਾ ਹੈ ਜਿਸ ਦਾ ਨਾਮ ਰੂਹੇ-ਅਨਾਰ ਹੈ। ਵੈਦ ਇਸ ਨੂੰ ਕਈ ਕਿਸਮ ਦੀਆਂ ਗਰਮੀ ਤੋਂ ਉਪਜੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਦੇ ਹਨ।
ਅਨਾਰ ਦੇ ਫਲਾਂ ਨੂੰ ਇਕ ਖ਼ਾਸ ਕਿਸਮ ਦੀ ਤਿਤਲੀ ਵਾਇਰੋਕੋਲਾ ਆਈਸੋਕਰੇਟਸ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਤਿਤਲੀ ਦੇ ਹਮਲੇ ਮਗਰੋਂ ਫਲ ਗਲਣੇ ਸੜਣੇ ਆਰੰਭ ਹੋ ਜਾਂਦੇ ਹਨ। ਇਸ ਬਿਮਾਰੀ ਨੂੰ ਫਰੂਟ ਰਾੱਟ ਆਖਦੇ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਅਨਾਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਨਾਰ : ਅਨਾਰ ਏਸ਼ੀਆ ਦਾ ਇਕ ਫ਼ਲਦਾਰ ਪੌਦਾ ਹੈ। ਇਸ ਫ਼ਲ ਦੀ ਕਦੀਮ ਸਮੇਂ ਤੋਂ ਹੀ ਸਮੁੱਚੇ ਪੂਰਬ ਵਿਚ ਇਕ ਮਹੱਤਵਪੂਰਣ ਥਾਂ ਬਣੀ ਰਹੀ ਹੈ। ਇਸ ਦੀ ਕਾਸ਼ਤ ਕਾਫ਼ੀ ਪੁਰਾਣੇ ਸਮੇਂ ਤੋਂ ਰੂਮ-ਸਾਗਰ ਦੇ ਦੁਆਲੇ ਦੇ ਦੇਸ਼ਾਂ ਤੋਂ ਲੈ ਕੇ ਅਰਬ-ਪ੍ਰਾਇਦੀਪ, ਅਫ਼ਗਾਨਿਸਤਾਨ ਅਤੇ ਭਾਰਤ ਤਕ ਹੁੰਦੀ ਆ ਰਹੀ ਹੈ। ਇਹ ਪੌਦਾ ਅਮਰੀਕਾ ਦੇ ਮੁਕਾਬਲਤਨ ਗਰਮ ਖੇਤਰਾਂ ਤੋਂ ਲੈ ਕੇ ਦੱਖਣੀ ਅਮਰੀਕਾ ਵਿਚ ਵੀ ਅਕਸਰ ਉਗਾਇਆ ਜਾਂਦਾ ਹੈ। ਭਾਰਤ ਵਿਚ ਉੱਤਰ ਤੋਂ ਲੈ ਕੇ ਦੱਖਣ ਤਕ ਹਰ ਥਾਂ ਅਨਾਰ ਦੇ ਪੌਦੇ ਮਿਲਦੇ ਹਨ। ਅਨਾਰ ਦੀ ਕਾਸ਼ਤ ਸਭ ਤੋਂ ਵੱਧ ਮਹਾਰਾਸ਼ਟਰ ਵਿਚ ਹੁੰਦੀ ਹੈ। ਅਨਾਰ ਦੀ ਉਤਪਤੀ ਈਰਾਨ ਅਤੇ ਉਸ ਦੇ ਲਾਗਲੇ ਦੇਸ਼ਾਂ ਤੋਂ ਹੋਈ ਮੰਨੀ ਜਾਂਦੀ ਹੈ।
ਇਸ ਫ਼ਲ ਦੀ ਛਿਲ ਮੋਟੀ ਹੁੰਦੀ ਹੈ। ਫ਼ਲ ਅੰਦਰੋਂ ਪਤਲੀਆਂ, ਚਮਕੀਲੀਆਂ ਅਤੇ ਮੋਟੀਆਂ ਪਰ ਨਰਮ ਨਰਮ ਕੰਧਾਂ ਦੁਆਰਾ ਕਈ ਖ਼ਾਨਿਆਂ ਵਿਚ ਵੰਡਿਆ ਹੁੰਦਾ ਹੈ। ਫ਼ਲ ਦੇ ਅੰਦਰ ਅਣਗਿਣਤ ਲੰਬੂਤਰੇ ਅਤੇ ਕੋਣਾਕਾਰ ਬੀਜ ਹੁੰਦੇ ਹਨ। ਬੀਜਾਂ ਦਾ ਫੁੱਲਿਆਂ ਹੋਇਆ ਟੈਸਟਾ ਗੂੜ੍ਹੇ ਗੁਲਾਬੀ ਜਾਂ ਲਾਲ ਰਸ ਨਾਲ ਭਰਿਆ ਹੋਇਆ ਹੁੰਦਾ ਹੈ ਅਤੇ ਕੇਵਲ ਇਹ ਹਿੱਸਾ (ਭਾਵ ਰਸ ) ਹੀ ਖਾਣਯੋਗ ਹੈ।
ਅਨਾਰ ਖਟ-ਮਿੱਠਾਂ ਫ਼ਲ ਹੈ। ਇਸ ਵਿਚ ਲਗਭਗ 15% ਕਾਰਬੋਹਾਈਡ੍ਰੇਟ (ਵਧੇਰੇ ਕਰਕੇ ਖੰਡਾਂ ) ਹੁੰਦਾ ਹੈ ਅਤੇ ਲਗਭਗ 2-2.5% ਖੱਟ ਅੰਸ਼ ਵੀ ਹੁੰਦੇ ਹਨ।
ਵੱਖ ਵੱਖ ਕਿਸਮਾਂ ਦੇ ਫ਼ਲਾਂ ਵਿਚ ਮਿਠਾਸ ਅਤੇ ਖਟਾਸ ਦਾ ਅਨੁਪਾਤ ਵੱਧ ਘਟ ਹੁੰਦਾ ਹੈ। ਫ਼ਲ ਦੇ ਰਸ ਵਿਚ ਕੈਲਸ਼ੀਅਮ ਫ਼ਾਸਫੋਰਸ ਅਤੇ ਕਾਫ਼ੀ ਮਾਤਰਾ ਵਿਚ ਲੋਹਾ ਵੀ ਹੁੰਦਾ ਹੈ। ਅਨਾਰ ਵਿਚ ਵਿਟਾਮਿਨ ਸੀ ਦੀ ਮਾਤਰਾ ਵੀ ਕਾਫ਼ੀ ਹੁੰਦੀ ਹੈ। ਇਸ ਤਰ੍ਹਾਂ ਅਨਾਰ ਬਹੁਤ ਤਾਕਤਵਰ ਫ਼ਲ ਹੈ ਅਤੇ ਹਾਜ਼ਮੇ ਨੂੰ ਵੀ ਠੀਕ ਰਖਦਾ ਹੈ। ਭਾਰਤ ਵਿਚ ਰੂਬੀ, ਸਪੈਨਿਸ, ਕੰਧਾਰੀ ਅਤੇ ਪੇਪਰ ਸ਼ੈਲ ਆਦਿ ਕਿਸਮਾਂ ਆਮ ਤੌਰ ਤੇ ਕਾਸ਼ਤ ਕੀਤੀਆਂ ਜਾਂਦੀਆਂ ਹਨ। 'ਕੰਧਾਰੀ' ਅਨਾਰ ਦੀ ਸਭ ਤੋਂ ਉੱਤਮ ਕਿਸਮ ਹੈ। ਇਸ ਪੌਦੇ ਨੂੰ ਚੰਗੀ ਪੱਕੀ ਹੋਈ ਰੂੜੀ ਜਨਵਰੀ-ਫ਼ਰਵਰੀ ਦੇ ਮਹੀਨਿਆਂ ਵਿਚ ਪਾਉਣੀ ਚਾਹੀਦੀ ਹੈ। ਨਿਸ਼ਚਿਤ ਮਾਤਰਾ ਵਿਚ ਰਸਾਇਣਿਕ ਖਾਦ ਪਾਉਣੀ ਵੀ ਲਾਹੇਵੰਦ ਸਿੱਧ ਹੁੰਦੀ ਹੈ। ਅਨਾਰ ਦੇ ਟੋਇਆਂ ਵਿਚ ਰਾਖ਼ ਅਤੇ ਚੂਨਾਂ ਵੀ ਅਵੱਸ਼ ਪਾਉਣਾ ਚਾਹੀਦਾ ਹੈ। ਅਨਾਰ ਲਈ ਡੂੰਘੀ ਪਰ ਭਾਰੀ, ਕੈਲਸ਼ੀਅਮੀ, ਲੋਮੀ ਮਿੱਟੀ ਸਭ ਤੋਂ ਚੰਗੀ ਹੁੰਦੀ ਹੈ। ਫ਼ਲ ਬਣਨ ਅਤੇ ਪੱਕਣ ਵੇਲੇ ਉੱਚਾ ਤਾਪਮਾਨ ਅਤੇ ਖੁਸ਼ਕ ਮੌਸਮ ਵਧੇਰੇ ਲਾਭਦਾਇਕ ਹੁੰਦੇ ਹਨ। ਸਰਦੀ ਦੀ ਰੁੱਤ ਵਿਚ ਪਈ ਕੜਾਕੇ ਦੀ ਸਰਦੀ ਵੀ ਉਪਜਾਇਕਤਾ ਅਤੇ ਪੌਦਿਆਂ ਨੂੰ ਨਰੋਏ ਰੱਖਣ ਲਈ ਲਾਹੇਵੰਦ ਹੁੰਦੀ ਹੈ। ਇਹ ਪੌਦਾ ਬਹੁਤੀ ਸਿੰਜਾਈ ਨਹੀਂ ਮੰਗਦਾ।
ਜੇਕਰ ਮੌਸਮ ਵਧੇਰੇ ਸਿੱਲਾ ਬਣਿਆ ਰਹੇ ਅਤੇ ਧਰਤੀ ਵੀ ਜ਼ਿਆਦਾ ਗਿੱਲੀ ਹੋਵੇ ਤਾਂ ਕਈ ਵਾਰ ਅਣਗਿਣਤ ਛੋਟੇ ਵੱਡੇ ਫ਼ਲ ਪੱਕਣ ਤੋਂ ਪਹਿਲਾਂ ਹੀ ਫਟ ਜਾਂਦੇ ਹਨ। ਇਸ ਨੁਕਸਾਨ ਤੋਂ ਬਚਣ ਲਈ ਫ਼ਲਾਂ ਉੱਤੇ ਆਏ ਪੌਦੇ ਨੂੰ ਪਾਣੀ ਨਹੀਂ ਦੇਣਾ ਚਾਹੀਦਾ। ਵਧੇਰੇ ਨਮੀ ਹੋਣ ਕਾਰਨ ਕਈ ਵਾਰ ਉਲੀ ਵੀ ਲਗ ਜਾਂਦੀ ਹੈ। ਇਕ ਪ੍ਰਕਾਰ ਦਾ ਤਿਤਲੀ ਵਰਗਾ ਕੀੜਾ 'ਅਨਾਰ ਦਾ ਰਾੱਟ' ਨਾਂ ਦਾ ਰੋਗ ਪੈਦਾ ਕਰ ਦਿੰਦਾ ਹੈ ਜਿਸ ਨਾਲ ਫ਼ਲ ਗਲਣ ਲਗ ਪੈਂਦੇ ਹਨ। ਰੋਗ ਦੇ ਸ਼ੁਰੂ ਵਿਚ ਹੀ ਕਿਸੇ ਹਲਕੀ ਕੀਟ ਨਾਸ਼ਕ ਦਵਾਈ ਦਾ ਛਿੜਕਾਉ ਕਰਨਾ ਫ਼ਾਇਦੇਮੰਦ ਸਿੱਧ ਹੁੰਦਾ ਹੈ।
ਮਿੱਠਾ ਅਨਾਰ ਬੁਖ਼ਾਰ ਨੂੰ ਦੂਰ ਕਰਦਾ ਹੈ ਅਤੇ ਪਿਆਸ ਬੁਝਾਉਂਦਾ ਹੈ। ਕਬਜ਼ ਅਤੇ ਗਲੇ ਦੇ ਰੋਗਾਂ ਲਈ ਵੀ ਚੰਗਾ ਹੁੰਦਾ ਹੈ। ਅਨਾਰ ਨੂੰ ਸੁਰੱਖਿਅਤ ਰਖਣ ਲਈ, (ਤਾਂ ਜੋ ਉਸ ਦੀ ਵਰਤੋਂ ਮੌਸਮ ਤੋਂ ਬਾਅਦ ਵੀ ਕੀਤੀ ਜਾ ਸਕੇ) ਅਨਾਰ ਦਾ ਸ਼ਰਬਤ ਤਿਆਰ ਕਰ ਲਿਆ ਜਾਂਦਾ ਹੈ। ਜੰਗਲੀ ਜਾਂ ਕਾਠੇ ਅਨਾਰਾਂ ਦੇ ਬੀਜਾਂ ਨੂੰ ਸੁਕਾ ਕੇ ਅਨਾਰ ਦਾਣਾ ਬਣ ਜਾਂਦਾ ਹੈ ਜੋ ਖਟ-ਮਿੱਠੇ ਮਸਾਲੇ ਵਾਂਗ ਚਟਨੀ ਆਦਿ ਵਿਚ ਵਰਤਦੇ ਹਨ। ਅਨਾਰਦਾਣਾ, ਗਰਮੀ, ਬਵਾਸੀਰ ਅਤੇ ਉਲਟੀਆਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਦੇਸੀ ਵੈਦ/ਹਕੀਮ ਅਨਾਰ ਦੇ ਫ਼ਲ, ਛਿੱਲੜ ਅਤੇ ਸ਼ਰਬਤ ਦੀ ਵਰਤੋਂ ਗਰਮੀ ਆਦਿ ਕਾਰਨ ਪੈਦਾ ਹੁੰਦੀਆਂ ਕਈ ਬੀਮਾਰੀਆਂ ਦੇ ਇਲਾਜ਼ ਲਈ ਆਮ ਕਰਦੇ ਹਨ।
ਲੇਖਕ : ਤਾਰਾ ਸਿੰਘ ਸੇਠੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-05-06-15, ਹਵਾਲੇ/ਟਿੱਪਣੀਆਂ:
ਅਨਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਨਾਰ, ਫ਼ਾਰਸੀ / ਪੁਲਿੰਗ : ਇਕ ਪ੍ਰਸਿੱਧ ਫਲਦਾਰ ਰੁੱਖ ਤੇ ਉਸਦਾ ਫਲ, ਆਤਸ਼ਬਾਜ਼ੀ ਦੀ ਇਕ ਚੀਜ਼
–ਇਕ ਅਨਾਰ ਸੌ ਬੀਮਾਰ, ਅਖੌਤ : ਥੋੜੀ ਚੀਜ਼ ਤੇ ਬਹੁਤੇ ਲੋੜਵੰਦ
–ਅਨਾਰਗੀ, ਇਸਤਰੀ ਲਿੰਗ : ਨਿੱਕਾ ਜੇਹਾ ਅਨਾਰ
–ਅਨਾਰਦਾਣਾ, ਪੁਲਿੰਗ : ਖੱਟੇ ਅਨਾਰਾਂ (ਦਾੜੂ) ਦੇ ਸੁੱਕੇ ਬੀਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-06-03-37-13, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First