ਅਥਰਵਵੇਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਥਰਵਵੇਦ : ਚਾਰ ਵੇਦਾਂ ਵਿੱਚੋਂ ਚੌਥਾ ਵੇਦ ਅਥਰਵਵੇਦ ਹੈ। ਇਸ ਵਿੱਚ ਸ੍ਰਿਸ਼ਟੀ ਦੇ ਗੂੜ੍ਹ ਰਹੱਸਾਂ, ਦੇਵਤਿਆਂ ਨਾਲ ਸੰਬੰਧਿਤ ਪ੍ਰਾਰਥਨਾਵਾਂ, ਯੱਗ ਨਾਲ ਸੰਬੰਧਿਤ ਵਿਧੀਆਂ, ਰੋਗਾਂ ਦੇ ਇਲਾਜਾਂ, ਵਿਆਹਾਂ ਸ਼ਾਦੀਆਂ, ਜੰਮਣ ਮਰਨੇ ਅਤੇ ਵੱਖ-ਵੱਖ ਸਮਾਜਿਕ ਵਿਵਸਥਾਵਾਂ ਦੇ ਤੌਰ- ਤਰੀਕਿਆਂ ਭਾਵ ਜੀਵਨ ਦੇ ਸਰਬਪੱਖੀ ਤੱਤਾਂ ਦਾ ਜ਼ਿਕਰ ਹੈ। ਇਸ ਵੇਦ ਨੂੰ ਬ੍ਰਹਮਵੇਦ, ਅੰਗਿਰੋ ਵੇਦ ਜਾਂ ਅਥਰਵਾਂਗੀਰਸ ਵੇਦ, ਭ੍ਰਿਗੂ-ਅੰਗੀਰਸ ਵੇਦ ਆਦਿ ਵੱਖ- ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਅਥਰਵਨ ਦਾ ਇੱਕ ਅਰਥ ਹੈ ਹਵਨ ਕਰਨ ਵਾਲਾ ਪਰੋਹਤ। ਇਸ ਵੇਦ ਵਿੱਚ ਯੱਗ ਦਾ ਸੰਪਾਦਨ ਬ੍ਰਹਮਾ ਨਾਂ ਦਾ ਪਰੋਹਤ ਕਰਦਾ ਹੈ। ਇਸ ਲਈ ਬ੍ਰਹਮ-ਕਰਮ ਦੀ ਪ੍ਰਮੁੱਖਤਾ ਦੇ ਆਧਾਰ ਤੇ ਇਸ ਨੂੰ ਬ੍ਰਹਮਵੇਦ ਆਖਦੇ ਹਨ। ਬ੍ਰਾਹਮਣ ਗ੍ਰੰਥਾਂ ਅਤੇ ਛਾਂਦੋਗਯ ਆਦਿ ਉਪਨਿਸ਼ਦਾਂ ਵਿੱਚ ਇਸ ਨੂੰ ਬ੍ਰਹਮਵੇਦ ਆਖਿਆ ਗਿਆ ਹੈ। ਅੰਗਿਰਾ ਨਾਮੀ ਗੋਤ ਦੇ ਅਥਰਵਾ ਨਾਂ ਦੇ ਰਿਸ਼ੀ ਨੇ ਇਸ ਵੇਦ ਨੂੰ ਇਹ ਰੂਪ ਦਿੱਤਾ। ਇਸ ਲਈ ਇਸ ਵੇਦ ਨੂੰ ਅਥਰਵਾਂਗੀਰਸ ਵੇਦ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਅਥਰਵਾ ਦੇ ਸ਼ਿਸ਼ ਭ੍ਰਿਗੂ ਨੇ ਇਸ ਵੇਦ ਦਾ ਪ੍ਰਚਾਰ ਕੀਤਾ। ਇਸ ਲਈ ਇਸ ਨੂੰ ਭ੍ਰਿਗੂ-ਅੰਗੀਰਸ ਵੇਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵੇਦ ਦੇ ਵਰਨ-ਵਿਸ਼ਿਆਂ ਦੇ ਆਧਾਰ `ਤੇ ਕਈ ਹੋਰ ਨਾਂ ਵੀ ਉਪਲਬਧ ਹਨ, ਜਿਵੇਂ-ਛੰਦੋਵੇਦ, ਮਹੀਵੇਦ, ਭੈਸ਼ਜਯਵੇਦ ਆਦਿ। ਪਰ ਇਸ ਦਾ ਸਭ ਤੋਂ ਵੱਧ ਪ੍ਰਸਿੱਧ ਨਾਂ ਅਥਰਵਵੇਦ ਹੀ ਹੈ।
ਅਥਰਵਵੇਦ ਦੇ ਕੁੱਲ ਵੀਹ ਕਾਂਡ ਅਤੇ 760 ਮੰਤਰ ਹਨ। ਇਸ ਦੀ ਵਿਸ਼ਾ ਵੰਡ ਦਾ ਕ੍ਰਮ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਹੈ-ਕਾਂਡ, ਸੂਕਤ ਅਤੇ ਮੰਤਰ ਜਾਂ ਕਾਂਡ, ਭਾਗ, ਉਪਵੰਡ, ਸੂਕਤ ਅਤੇ ਮੰਤਰ।ਦੋਵਾਂ ਵਿੱਚੋਂ ਪਹਿਲੀ ਵੰਡ ਵਧੇਰੇ ਸੌਖੀ ਅਤੇ ਮਾਨਤਾ ਪ੍ਰਾਪਤ ਹੈ। ਅਥਰਵਵੇਦ ਦੀ ਵਿਸ਼ਾ ਸਮਗਰੀ ਦਾ ਖੇਤਰ ਬਹੁਤ ਵਿਆਪਕ ਹੈ। ਸਾਇਣ ਇਸ ਦੇ ਚੌਦਾਂ ਵਿਸ਼ਿਆਂ ਦਾ ਜ਼ਿਕਰ ਕਰਦੇ ਹਨ ਅਤੇ ਪਰਬਰਤੀ ਅਚਾਰੀਆ ਇਸ ਦੇ 29 ਵਿਸ਼ਿਆਂ ਦਾ ਹਵਾਲਾ ਦਿੰਦੇ ਹਨ। ਸਮੁੱਚੇ ਤੌਰ ਤੇ ਇਸ ਵੇਦ ਵਿੱਚ ਜੀਵਨ ਨੂੰ ਸੁਖ ਅਤੇ ਸ਼ਾਂਤੀਪੂਰਬਕ ਢੰਗ ਨਾਲ ਜਿਊਣ ਦੇ ਅਤੇ ਵਿਘਨਾਂ ਤੋਂ ਛੁਟਕਾਰਾ ਪਾਉਣ ਦੇ ਸਾਧਨਾਂ ਦਾ ਜ਼ਿਕਰ ਹੈ। ਮੁੱਖ ਰੂਪ ਵਿੱਚ ਅਥਰਵਵੇਦ ਵਿੱਚ ਨਿਮਨ- ਲਿਖਤ ਤਿੰਨ ਵਿਸ਼ਿਆਂ ਦਾ ਉਲੀਕਣ ਹੈ :
1. ਰੋਗਾਂ ਦਾ ਇਲਾਜ ਕਰਨ ਵਾਲੀਆਂ ਔਸ਼ਧੀਆਂ (ਦਵਾਈਆਂ) ਦਾ;
2. ਮੌਤ ਨੂੰ ਦੂਰ ਕਰਨ ਦੇ ਸਾਧਨਾਂ ਦਾ ਅਤੇ
3. ਬ੍ਰਹਮ ਗਿਆਨ ਦਾ।
ਅਥਰਵਵੇਦ ਦੇ ਕੁਝ ਗੁੰਝਲਦਾਰ ਪ੍ਰਸੰਗਾਂ ਨੂੰ ਸਮਝਣ ਵਿੱਚ ਔਕੜ ਮਹਿਸੂਸ ਕਰਨ ਕਰ ਕੇ ਵਿਦਵਾਨਾਂ ਨੂੰ ਕੁਝ ਗ਼ਲਤ-ਫ਼ਹਿਮੀਆਂ ਹੋ ਗਈਆਂ ਹਨ ਜਿਸ ਕਰ ਕੇ ਉਹ ਇਸ ਵੇਦ ਨੂੰ ਜਾਦੂ-ਟੂਣਿਆਂ ਦਾ ਵੇਦ ਮੰਨਦੇ ਹਨ ਪਰ ਸਕਾਰਾਤਮਿਕ ਦ੍ਰਿਸ਼ਟੀਕੋਣ ਪੱਖੋਂ ਵਿਚਾਰਨ ਵਾਲਿਆਂ ਨੂੰ ਅਜਿਹੀਆਂ ਧਾਰਨਾਵਾਂ ਵਿੱਚ ਕੋਈ ਤੱਤ ਨਜ਼ਰ ਨਹੀਂ ਆਉਂਦਾ ਅਤੇ ਉਹ ਇਹ ਮੰਨਦੇ ਹਨ ਕਿ ਵੈਦਿਕ ਸਮੇਂ ਦੇ ਰਿਸ਼ੀਆਂ ਨੇ ਆਪਣੀ ਪ੍ਰਤੀਕਾਤਮਿਕ ਭਾਸ਼ਾ ਵਿੱਚ ਅਜਿਹੇ ਤੱਥ ਦੱਸੇ ਹਨ ਜਿਨ੍ਹਾਂ ਨੂੰ ਸਾਡੀ ਬੁੱਧੀ ਪੂਰਨ ਤੌਰ ਤੇ ਸਮਝਣ ਵਿੱਚ ਅਸਮਰਥ ਹੈ।
ਅਥਰਵਵੇਦ ਦੀਆਂ ਤਿੰਨ ਸੰਹਿਤਾਵਾਂ ਜਾਂ ਪਾਠ ਪੁਸਤਕਾਂ (text books) ਉਪਲਬਧ ਹਨ-ਆਰਸ਼ੀ ਸੰਹਿਤਾ ਜੋ ਕਿ ਮੂਲ ਪਾਠ ਪੁਸਤਕ ਹੈ, ਆਚਾਰਯ ਸੰਹਿਤਾ ਜੋ ਕਿ ਮੂਲ ਦਾ ਹੀ ਸੰਖੇਪ ਹੈ ਅਤੇ ਵਿਧੀ-ਪ੍ਰਯੋਗ ਸੰਹਿਤਾ ਜੋ ਮੂਲ ਦਾ ਵਿਸਤਾਰ ਹੈ। ਇਸ ਵੇਦ ਦੀਆਂ ਸ਼ਾਖਾਵਾਂ ਦੀ ਗਿਣਤੀ ਸੰਬੰਧੀ ਵੱਖ-ਵੱਖ ਰਾਏ ਹਨ। ਪਤੰਜਲੀ ਨੇ ਆਪਣੇ ‘ਮਹਾਂਭਾਸ਼ਯ` ਵਿੱਚ ਇਸ ਵੇਦ ਦੀਆਂ ਨੌਂ ਸ਼ਾਖਾਵਾਂ ਦਾ ਹਵਾਲਾ ਦਿੱਤਾ ਹੈ ਜਦੋਂ ਕਿ ਕਾਤਯਾਯਨ ਦੀ ਸਰਵਾਨੁਕ੍ਰਮਣੀ ਵਿੱਚ ਇਸ ਵੇਦ ਦੀਆਂ ਸ਼ਾਖਾਵਾਂ ਦੀ ਗਿਣਤੀ ਨੌਂ ਅਤੇ ਪੰਦਰਾਂ ਦੱਸੀ ਗਈ ਹੈ। ਹਰ ਵੇਦ ਦੀ ਤਰ੍ਹਾਂ ਅਥਰਵਵੇਦ ਸੰਬੰਧੀ ਸਾਹਿਤ ਵਿੱਚ ਇਸ ਦੇ ਬ੍ਰਾਹਮਣ, ਪ੍ਰਾਤਿਸ਼ਾਖਯ, ਸ਼ਿਕਸ਼ਾ, ਕਲਪ ਅਤੇ ਸੂਤਰ ਗ੍ਰੰਥ ਉਪਲਬਧ ਹਨ। ਇਸ ਵੇਦ ਦੇ ਬ੍ਰਾਹਮਣ ਗ੍ਰੰਥ ਹਨ-ਗੋਪਥ, ਬ੍ਰਾਹਮਣ ਅਤੇ ਪੈਪਲਾਦ। ਇਸ ਦੇ ਬੱਤੀ ਉਪਨਿਸ਼ਦਾਂ ਦੇ ਨਾਂ ਹਨ-ਮੁੰਡਕ, ਪ੍ਰਸ਼ਨ, ਅਥਰਵਸ਼ਿਰਸ, ਅਥਰਵਸ਼ਿਖਾ, ਬ੍ਰਿਹਤ-ਜਾਬਾਲ, ਨ੍ਰਿਸਿੰਹ ਤਾਪਨੀ, ਨਾਰਦ ਪਰਿਵ੍ਰਾਜਕ, ਸੀਤਾ, ਸ਼ਰਭ, ਮਹਾਂਨਾਰਾਇਣ, ਰਾਮ ਰਹੱਸਯ, ਰਾਮਤਾਧਨੀ, ਸ਼ਾਂਡਿਲਯ, ਪਰਮਹੰਸ, ਪਰਿਵ੍ਰਾਜਕ, ਅੰਨਪੂਰਣਾ, ਸੂਰਯ (ਸੂਰਿਆ), ਆਤਮਨ, ਪਾਸ਼ੂਪਤ, ਪਰਬ੍ਰਹਮ, ਤ੍ਰਿਪੁਰਤਾਪਨੀ, ਦੈਵੀ, ਭਾਵਨਾ, ਬ੍ਰਾਹਮ, ਜਾਬਾਲ, ਗਣਪਤੀ, ਮਹਾਂਵਕਿਅ, ਗੋਪਾਲ, ਤਾਪਨੀ, ਕ੍ਰਿਸ਼ਣ, ਹਯਗ੍ਰੀਵ, ਦੱਤਾਤ੍ਰੇਯ ਅਤੇ ਗਰੁੜ। ਅਥਰਵਵੇਦ ਪ੍ਰਾਤਿਸ਼ਾਖਯ ਜਾਂ ਸ਼ੌਨਕੀ ਚਤੁਰ ਅਧਯਾਯਿਕਾ, ਅਥਰਵ ਵੇਦ ਪ੍ਰਾਤਿਸ਼ਾਖਯ ਸੂਤਰ ਅਤੇ ਅਥਰਵ ਪ੍ਰਾਤਿਸ਼ਾਖਯ ਇਹ ਤਿੰਨ ਇਸ ਵੇਦ ਦੇ ਪ੍ਰਾਤਿਸ਼ਾਖਯ ਗ੍ਰੰਥ ਹਨ। ਇਸ ਵੇਦ ਦੇ ਸ਼ਿਕਸ਼ਾ ਗ੍ਰੰਥਾਂ ਵਿੱਚ ਮਾਂਡੂਕੀ ਸ਼ਿਕਸ਼ਾ, ਸੂਤਰ ਗ੍ਰੰਥਾਂ ਵਿੱਚ ਵੈਤਾਨ ਸ਼੍ਰੌਤ ਸੂਤਰ ਅਤੇ ਕੌਸ਼ਿਕ ਗ੍ਰਿ ਸੂਤਰ ਹਨ। ਅਥਰਵ ਪਰਿਸ਼ਿਸ਼ਟ, ਚਰਣਵਿਊਹ, ਪੰਚ ਪਟਲਿਕ, ਦੰਤ ਅੋਸ਼ਠਯ ਵਿਧੀ, ਬ੍ਰਿਹਤ ਸਰਵਾਨੁਕ੍ਰਮਣੀ, ਨਕਸ਼ੱਤਰ ਕਲਪ, ਆਂਗੀਰਸ ਕਲਪ, ਸ਼ਾਤੀ ਕਲਪ, ਚਰਣ ਵਿਊਹ ਸੂਤਰ ਅਤੇ ਅਥਰਵ ਪ੍ਰਾਯਸ਼ਚਿਤ ਇਹ ਦਸ ਇਸ ਦੇ ਅਨੁਕ੍ਰਮਣੀ ਗ੍ਰੰਥ ਹਨ। ਇਸ ਤੋਂ ਇਲਾਵਾ ਇਤਿਹਾਸਵੇਦ, ਪੁਰਾਣਵੇਦ, ਅਸੁਰਵੇਦ, ਸਰਪਵੇਦ ਅਤੇ ਪਿਸ਼ਾਚਵੇਦ, ਇਹ ਪੰਜ ਇਸ ਦੇ ਉਪਵੇਦ ਹਨ।
ਹਰ ਵੇਦ ਵਿੱਚ ਉਸ ਦੇ ਰਿਸ਼ੀ, ਦੇਵਤਾ ਅਤੇ ਛੰਦ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਵੇਦ ਦੇ ਜ਼ਿਆਦਾਤਰ ਸੂਕਤਾਂ ਦਾ ਰਿਸ਼ੀ ਅਥਰਵਾ ਹੈ। ਕੁਝ ਸੂਕਤਾਂ ਦੇ ਰਿਸ਼ੀਆਂ ਦੇ ਨਾਂ ਨਾਲ ਵੀ ਅਥਰਵਾ ਦਾ ਨਾਂ ਜੁੜਿਆ ਹੋਇਆ ਹੈ ਜਿਵੇਂ ਅਥਰਵਾਂਗਿਰਾ, ਅਥਰਵਾ ਚਾਰੀਆ ਆਦਿ। ਭੁਵਨ, ਭੁਵਨਸਾਧਨ, ਆਯੂ, ਯਕਸ਼ਮਾ- ਨਾਸ਼ ਆਦਿ ਕੁਝ ਰਿਸ਼ੀਆਂ ਦੇ ਨਾਂ ਭਾਵ ਵਾਚਕ ਹਨ ਜਿਸ ਤੋਂ ਇਹ ਜ਼ਾਹਰ ਹੈ ਕਿ ਰਿਸ਼ੀਆਂ ਨੇ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਮੰਤਰਾਂ ਦੇ ਦਰਸ਼ਨ ਕੀਤੇ ਉਸ ਭਾਵਨਾ ਨੂੰ ਹੀ ਉਹਨਾਂ ਨੇ ਰਿਸ਼ੀ ਮੰਨਿਆ। ਅਥਰਵਵੇਦ ਦੇ ਵਰਨ-ਵਿਸ਼ਿਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਇਸ ਵੇਦ ਦੇ ਦੇਵਤਿਆਂ ਦੀ ਗਿਣਤੀ ਵੀ ਹੋਰ ਵੇਦਾਂ ਨਾਲੋਂ ਵੱਧ ਹੈ। ਜਿਸ ਵਿਸ਼ੇ ਨੂੰ ਮੁੱਖ ਰੱਖ ਕੇ ਮੰਤਰ ਕਹੇ ਗਏ ਹਨ ਉਸ ਨੂੰ ਹੀ ਦੇਵਤਾ ਮੰਨ ਲਿਆ ਗਿਆ ਹੈ। ਅਥਰਵਵੇਦ ਦੇ ਛੰਦਾਂ ਵਿੱਚ ਵੀ ਹੋਰ ਵੇਦਾਂ ਨਾਲੋਂ ਵਧੇਰੇ ਵੱਖਰਤਾ ਅਤੇ ਵੰਨ-ਸਵੰਨਤਾ ਹੈ। ਅਜਿਹੇ ਅਨੇਕਾਂ ਛੰਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਛੰਦ ਸ਼ਾਸਤਰ ਵਿੱਚ ਵੀ ਉਪਲਬਧ ਨਹੀਂ ਹਨ। ਕੁਝ ਅਜਿਹੇ ਛੰਦ ਵੀ ਹਨ ਜਿਨ੍ਹਾਂ ਨੂੰ ਕਈ ਛੰਦ ਮਿਲਾ ਕੇ ਰਚਿਆ ਗਿਆ ਹੈ ਅਤੇ ਕੁਝ ਮੰਤਰਾਂ ਦੇ ਅਜਿਹੇ ਛੋਟੇ-ਛੋਟੇ ਟੁਕੜੇ ਹਨ ਜਿਨ੍ਹਾਂ ਨੂੰ ਛੰਦ ਮੰਨਿਆ ਹੀ ਨਹੀਂ ਜਾ ਸਕਦਾ। ਅਥਰਵਵੇਦ ਦੇ ਪ੍ਰਾਚੀਨ ਵਿਆਖਿਆਕਾਰਾਂ ਵਿੱਚ ਸਾਇਣ (14ਵੀਂ ਸ਼ਤਾਬਦੀ) ਦਾ ਨਾਂ ਹੈ। ਪਰ ਇਸ ਵੇਦ ਦੇ ਕੁਝ ਕਾਂਡਾ ਉਪਰ ਸਾਇਣ ਦੀ ਵਿਆਖਿਆ ਉਪਲਬਧ ਨਹੀਂ ਹੁੰਦੀ। ਸਾਇਣ ਤੋਂ ਇਲਾਵਾ ਪੱਛਮੀ ਵਿਦਵਾਨਾਂ ਵਿੱਚ ਆਰ.ਟੀ.ਐਚ. ਗ੍ਰਿਫਿਥ (R.T.H. Griffith), ਅਤੇ ਵ੍ਹਿਟਨੀ (W.D. Whitney) ਨੇ ਸੰਪੂਰਨ ਅਥਰਵਵੇਦ ਦਾ ਅੰਗਰੇਜ਼ੀ ਅਨੁਵਾਦ ਕੀਤਾ। ਇਸੇ ਤਰ੍ਹਾਂ ਐਮ. ਬਲੂਮਫੀਲਡ (M. Bloomfield) ਨੇ ਵੀ ਅਥਰਵਵੇਦ ਦੇ ਬਹੁਤੇ ਹਿੱਸੇ ਦਾ ਅੰਗਰੇਜ਼ੀ ਅਨੁਵਾਦ ਕੀਤਾ। ਏ. ਲੁਡਵਿਕ (A. Ludwick) ਅਤੇ ਜੇ. ਗ੍ਰਿਲ (J. Grill) ਨੇ ਇਸ ਵੇਦ ਦਾ ਜਰਮਨ ਭਾਸ਼ਾ ਵਿੱਚ ਅਨੁਵਾਦ ਕੀਤਾ। ਭਾਰਤੀ ਵਿਦਵਾਨਾਂ ਵਿੱਚ ਸ਼੍ਰੀਪਾਦ ਦਾਮੋਦਰ ਸਾਤਵਲੇਕਰ, ਜੈਦੇਵ ਵਿਦਿਆਲੰਕਾਰ ਅਤੇ ਸ਼੍ਰੀਮਾਰ ਸ਼ਰਮਾ ਅਚਾਰੀਆ ਦੇ ਅਨੁਵਾਦ ਪ੍ਰਸਿੱਧ ਹਨ। ਇਸ ਤੋਂ ਇਲਾਵਾ ਅਥਰਵਵੇਦ ਦੇ ਵੱਖ-ਵੱਖ ਹਿੱਸਿਆਂ ਦੇ ਅਨੁਵਾਦ ਵੀ ਉਪਲਬਧ ਹਨ।
ਪ੍ਰਾਚੀਨ ਸਮੇਂ ਤੋਂ ਹੀ ਇਸ ਵੇਦ ਬਾਰੇ ਇਹ ਪ੍ਰਸਿੱਧ ਹੈ ਕਿ ਜਿਸ ਸਥਾਨ `ਤੇ ਅਥਰਵਵੇਦ ਦਾ ਜਾਣਕਾਰ ਰਹਿੰਦਾ ਹੈ ਉਹ ਰਾਸ਼ਟਰ ਅਵੱਸ਼ ਉੱਨਤੀ ਪ੍ਰਾਪਤ ਕਰਦਾ ਹੈ ਅਤੇ ਇਸ ਵੇਦ ਦੇ ਜਾਣੂ ਪਰੋਹਤ ਦਾ ਮਾਨ ਸਨਮਾਨ ਕਰਨਾ ਇੱਕ ਰਾਜੇ ਦੇ ਨਿੱਤਨੇਮ ਦੇ ਕੰਮਾਂ ਦੀ ਸੂਚੀ ਵਿੱਚ ਦਰਜ ਹੋਣਾ ਜ਼ਰੂਰੀ ਹੈ।
ਲੇਖਕ : ਰਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਅਥਰਵਵੇਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਥਰਵਵੇਦ [ਨਾਂਪੁ] ਵੇਖੋ ਅਥਰਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First