ਅਤਰ ਸਿੰਘ ਸੰਧਾਵਾਲੀਆ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਤਰ ਸਿੰਘ ਸੰਧਾਵਾਲੀਆ (ਅ.ਚ.1844): ਸਰਦਾਰ ਅਮੀਰ ਸਿੰਘ ਦਾ ਪੁੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਸ਼ਰੀਕ ਸੀ। ਰਣਜੀਤ ਸਿੰਘ ਦੇ ਵੰਸ਼ ਵਿਚ ਉਸ ਦੀ ਆਪਣੀ ਔਲਾਦ ਤੋਂ ਬਾਦ ਇਹ ਸੰਧਾਵਾਲੀਆ ਪਰਵਾਰ ਵਿਚ ਸਭ ਤੋਂ ਵੱਡਾ ਹੋਣ ਕਾਰਨ ਪਰਵਾਰ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਅਤੇ ਰਾਜਗੱਦੀ ਦੇ ਸਭ ਤੋਂ ਵੱਧ ਨੇੜੇ ਸੀ। ਅਤਰ ਸਿੰਘ ਇਕ ਸਿਰਲੱਥ ਸਿਪਾਹੀ, ਇਕ ਚਲਾਕ ਅਤੇ ਸੁਆਰਥੀ ਦਰਬਾਰੀ ਸੀ। ਇਸ ਨੇ ਸਿੰਧ ਤੋਂ ਪਾਰ ਪਿਸ਼ਾਵਰ ਅਤੇ ਹਜ਼ਾਰਾ ਦੀਆਂ ਕਈ ਮੁਹਿੰਮਾਂ ਵਿਚ ਭਾਗ ਲਿਆ ਸੀ। ਹਰੀ ਸਿੰਘ ਨਲਵਾ ਦੇ ਅਕਾਲ ਚਲਾਣੇ ਉਪਰੰਤ ਅਤਰ ਸਿੰਘ ਨੂੰ ਹੀ ‘ਖਾਲਸਾ ਪੰਥ ਦਾ ਮੁਦਈ` ਮੰਨਿਆ ਜਾਂਦਾ ਸੀ। ਇਸ ਦੀਆਂ ਸਿੱਖ ਦਰਬਾਰ ਪ੍ਰਤੀ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ‘ਉੱਜਲ ਦੀਦਾਰ`, ‘ਨਿਰਮਲ ਬੁੱਧ`, ‘ਸਰਦਾਰ-ਇ-ਬਾ-ਵਕਾਰ, ‘ਕਾਸਿਰ- ਉਲ-ਇਕਤਦਾਰ`, ‘ਸਰਵਰ-ਇ-ਗਰੋਹ-ਇ-ਨਾਮਦਾਰ, ਆਲੀ ਤਬਾ , ‘ਸ਼ੁਜਾ ਉਦ-ਦੌਲਾ, ‘ਸਰਦਾਰ ਅਤਰ ਸਿੰਘ ਸ਼ਮਸ਼ੇਰ-ਇ-ਜੰਗ ਬਹਾਦੁਰ`, ਆਦਿ ਅਨੇਕਾਂ ਉਪਾਧੀਆਂ ਨਾਲ ਸਨਮਾਨਿਤ ਕੀਤਾ ਗਿਆ। ਪਰੰਤੂ ਅਤਰ ਸਿੰਘ ਇਕ ਚਲਾਕ ਅਤੇ ਉੱਚ ਅਕਾਂਖਿਆ ਵਾਲਾ ਵਿਅਕਤੀ ਸੀ। ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਦ ਇਸ ਨੇ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਵਿਚੋਂ ਕਿਸੇ ਪ੍ਰਤੀ ਵੀ ਵਫ਼ਾਦਾਰੀ ਦੀ ਸਾਖੀ ਭਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਖ ਦਰਬਾਰ ਵਿਚ ਡੋਗਰਾ-ਗੁੱਟ ਨਾਲ ਰਲ ਗਿਆ। ਛੇਤੀ ਹੀ ਇਸ ਨੇ ਫਿਰ ਪਾਸਾ ਪਰਤਿਆ ਅਤੇ ਡੋਗਰਾ ਵਜ਼ੀਰ ਧਿਆਨ ਸਿੰਘ ਦੇ ਵਿਰੁੱਧ ਨੌਨਿਹਾਲ ਸਿੰਘ ਦੇ ਪੱਖ ਵਿਚ ਹੋ ਗਿਆ। ਧਿਆਨ ਸਿੰਘ ਦਾ ਕੋਈ ਯੋਗ ਥਾਂ-ਲੇਵਾ ਤਲਾਸ਼ ਕਰਨ ਦੇ ਇਰਾਦੇ ਨਾਲ ਇਹ ਲੁਧਿਆਣੇ ਵੀ ਗਿਆ। ਜਦੋਂ ਨਵੰਬਰ 1840 ਈਸਵੀ ਵਿਚ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਦੀ ਮੌਤ ਹੋ ਗਈ ਤਾਂ ਇਸ ਨੇ ਡੋਗਰਾ ਪ੍ਰਭਾਵ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਦਰਬਾਰ ਵਿਚ ਇਕ ਨਵਾਂ ਗੁੱਟ ਖੜ੍ਹਾ ਕਰਨ ਦੀ ਜੁਗਤ ਬਣਾਈ ਅਤੇ ਨਾਲੋ ਨਾਲ ਇਸ ਤਾਕ ਵਿਚ ਵੀ ਰਿਹਾ ਕਿ ਜਿਵੇਂ ਕਿਵੇਂ ਸ਼ੇਰ ਸਿੰਘ ਦੀ ਤਾਜ਼ਪੋਸੀ ਨੂੰ ਰੋਕਿਆ ਜਾਏ। ਛੇਤੀ ਹੀ ਸੰਧਾਵਾਲੀਏ ਸਰਦਾਰ ਮਹਾਰਾਣੀ ਚੰਦ ਕੌਰ ਦੇ ਪੱਕੇ ਹਿਮਾਇਤੀ ਬਣ ਗਏ। ਜਦੋਂ ਸ਼ੇਰ ਸਿੰਘ ਨੇ ਜਨਵਰੀ 1841 ਈਸਵੀ ਵਿਚ ਲਾਹੌਰ ਦੇ ਕਿਲੇ ਉਪਰ ਹਮਲਾ ਕੀਤਾ ਤਾਂ ਅਤਰ ਸਿੰਘ ਨੇ ਉਸ ਵਿਰੁੱਧ ਫ਼ੌਜ ਦੀ ਅਗਵਾਈ ਕੀਤੀ। ਪਰੰਤੂ ਜਦੋਂ ਸ਼ੇਰ ਸਿੰਘ ਦਾ ਕਿਲੇ ਉਪਰ ਕਬਜ਼ਾ ਹੋ ਗਿਆ ਤਾਂ ਅਤਰ ਸਿੰਘ ਮੈਦਾਨ ਛੱਡ ਕੇ ਨੱਸ ਗਿਆ। ਬਾਦ ਵਿਚ ਇਸ ਨੇ ਪੰਜਾਬ ਵਿਚ ਰਹਿੰਦਿਆਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਅਤੇ ਆਪਣੇ ਭਤੀਜੇ, ਅਜੀਤ ਸਿੰਘ ਨਾਲ ਬ੍ਰਿਟਿਸ਼ ਖੇਤਰ ਵਿਚ ਥਾਨੇਸਰ ਜਾ ਸ਼ਰਣ ਲਈ। ਮਹਾਰਾਜਾ ਸ਼ੇਰ ਸਿੰਘ ਦੇ ਰਾਜ ਕਾਲ ਵਿਚ ਸੰਧਾਵਾਲੀਏ ਵਿਦਰੋਹੀ ਹੀ ਬਣੇ ਰਹੇ ਅਤੇ ਰਾਣੀ ਚੰਦ ਕੌਰ ਦੇ ਹੱਕ ਵਿਚ ਅੰਗਰੇਜ਼ ਸਰਦਾਰ ਦੀ ਦਖਲ-ਅੰਦਾਜ਼ੀ ਕਰਵਾਉਣ ਲਈ ਸਾਜ਼ਸ਼ਾਂ ਕਰਦੇ ਰਹੇ। ਇਹਨਾਂ ਨੇ ਖ਼ਾਲਸਾ ਫ਼ੌਜ ਦੇ ਸਰਦਾਰਾਂ ਨੂੰ ਵੀ ਚਿੱਠੀਆਂ ਲਿਖੀਆਂ ਜਿਨ੍ਹਾਂ ਵਿਚ ਉਹਨਾਂ ਨੂੰ ਮਹਾਰਾਜਾ ਸ਼ੇਰ ਸਿੰਘ ਵਿਰੁੱਧ ਬਗਾਵਤ ਕਰਨ ਲਈ ਉਕਸਾਇਆ ਗਿਆ ਸੀ। ਕਿਸੇ ਨੂੰ ਨਹੀਂ ਪਤਾ ਕਿ ਕਿਉਂ ਪਰ ਇਕ ਵਾਰ ਅਤਰ ਸਿੰਘ ਨੇ ਲੁਧਿਆਣਾ ਵਿਖੇ ਅਫ਼ਗਾਨਿਸਤਾਨ ਦੇ ਜਲਾਵਤਨ ਅਮੀਰ , ਦੋਸਤ ਮੁਹੰਮਦ ਖ਼ਾਨ ਨਾਲ ਘਿਉ-ਖਿਚੜੀ ਹੋਣ ਦਾ ਯਤਨ ਕੀਤਾ ਤਾਂ ਭਾਰਤ ਵਿਚ ਅੰਗਰੇਜ਼ੀ ਰਾਜਧਾਨੀ ਫੋਰਟ ਵਿਲੀਅਮ ਵਿਖੇ ਹਲਚਲ ਮੱਚ ਗਈ। ਅੰਗਰੇਜ਼ਾਂ ਨੇ ਵਿਚੋਲਗੀ ਕਰਕੇ ਸੰਧਾਵਾਲੀਏ ਸਰਦਾਰਾਂ ਅਤੇ ਮਹਾਰਾਜਾ ਸ਼ੇਰ ਸਿੰਘ ਵਿਚਕਾਰ ਸੁਲ੍ਹਾ ਕਰਵਾ ਦਿੱਤੀ ਅਤੇ ਸੰਧਾਵਾਲੀਆਂ ਨੂੰ ਲਾਹੌਰ ਪਰਤਣ ਦੀ ਆਗਿਆ ਵੀ ਦੇ ਦਿੱਤੀ। ਪਰੰਤੂ ਅਤਰ ਸਿੰਘ ਨੇ ਪੰਜਾਬ ਪਰਤਣ ਤੋਂ ਨਾਂਹ ਕਰ ਦਿੱਤੀ ਅਤੇ ਮਹਾਰਾਜਾ ਸ਼ੇਰ ਸਿੰਘ ਵਿਰੁੱਧ ਸਰਗਰਮੀ ਨਾਲ ਸਾਜ਼ਸ਼ਾਂ ਕਰਦਾ ਰਿਹਾ। ਜਦੋਂ ਸਤੰਬਰ 1843 ਈਸਵੀ ਵਿਚ ਮਹਾਰਾਜਾ ਸ਼ੇਰ ਸਿੰਘ ਦੀ ਅਜੀਤ ਸਿੰਘ ਅਤੇ ਲਹਿਣਾ ਸਿੰਘ ਦੁਆਰਾ ਇਕ ਵਿਸ਼ਵਾਸਘਾਤੀ ਸਾਜ਼ਸ਼ ਅਧੀਨ ਹੱਤਿਆ ਕਰ ਦਿੱਤੀ ਗਈ ਤਾਂ ਉਸ ਸਮੇਂ ਅਤਰ ਸਿੰਘ ਊਨਾ (ਵਰਤਮਾਨ ਹਿਮਾਚਲ ਪ੍ਰਦੇਸ) ਵਿਖੇ ਸੀ। ਜਦੋਂ ਇਸ ਨੂੰ ਦੋਹਾਂ ਸੰਧਾਵਾਲੀਏ ਸਰਦਾਰਾਂ ਵਿਰੁੱਧ ਬਦਲੇ ਦੀ ਕਾਰਵਾਈ ਸੰਬੰਧੀ ਜਾਣਕਾਰੀ ਮਿਲੀ ਤਾਂ ਇਸ ਤੋਂ ਪਹਿਲਾਂ ਕਿ ਹੀਰਾ ਸਿੰਘ ਦੁਆਰਾ ਭੇਜੀ ਗਈ ਇਕ ਫ਼ੌਜੀ ਟੁਕੜੀ ਇਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਇਹ ਦੌੜ ਕੇ ਥਾਨੇਸਰ ਚਲਾ ਗਿਆ। 1843 ਈਸਵੀ ਦੇ ਕਹਿਰ ਤੋਂ ਬਚੇ ਕੁਝ ਸੰਧਾਵਾਲੀਏ ਪਰਵਾਰਾਂ ਸਮੇਤ ਅਤਰ ਸਿੰਘ ਸੰਧਾਵਾਲੀਆ ਥਾਨੇਸਰ ਵਿਚ ਜਲਾਵਤਨੀ ਦੀ ਜਿੰਦਗੀ ਜਿਉਂਦਾ ਰਿਹਾ। ਇਹਨਾਂ ਵਿਚ ਇਸ ਦਾ ਪੁੱਤਰ ਕੇਹਰ ਸਿੰਘ ਅਤੇ ਰਣਜੋਧ ਸਿੰਘ, ਅਜੀਤ ਸਿੰਘ ਦਾ ਭਰਾ ਵੀ ਸ਼ਾਮਲ ਸਨ। ਅਤਰ ਸਿੰਘ ਨੇ ਮਨ ਵਿਚ ਹੀਰਾ ਸਿੰਘ ਵਿਰੁੱਧ ਦੁਸ਼ਮਣੀ ਦੀ ਭਾਵਨਾ ਪਾਲੀ ਰੱਖੀ ਅਤੇ ਪੰਜਾਬ ਵਿਚ ਅਸੰਤੁਸ਼ਟ ਤੱਤਾਂ ਨਾਲ ਸੰਪਰਕ ਬਣਾਈ ਰਖਿਆ। ਜਦੋਂ ਮਈ 1844 ਈਸਵੀ ਵਿਚ ਕੰਵਰ ਪਿਸ਼ੌਰਾ ਸਿੰਘ ਅਤੇ ਕੰਵਰ ਕਸ਼ਮੀਰਾ ਸਿੰਘ ਨੇ ਬਗਾਵਤ ਕੀਤੀ ਤਾਂ ਅਤਰ ਸਿਘ ਸੰਧਾਵਾਲੀਏ ਨੇ ਆਪਣੀ ਛੋਟੀ ਜਿਹੀ ਫ਼ੌਜੀ ਟੁਕੜੀ ਤਿਆਰ ਕਰ ਲਈ ਅਤੇ ਹਰੀਕੇ ਨੇੜਿਓਂ ਸਤਲੁਜ ਪਾਰ ਕਰਕੇ ਨੌਰੰਗਾਬਾਦ ਵਿਖੇ ਦੋਹਾਂ ਕੰਵਰਾਂ ਨਾਲ ਆ ਮਿਲਿਆ। ਇਸ ਤੇ ਖ਼ਾਲਸਾ ਦਰਬਾਰ ਵਲੋਂ ਲੁਧਿਆਣਾ ਦੇ ਬਰਤਾਨਵੀ ਮਿਸ਼ਨ ਕੋਲ ਇਹਨਾਂ ਵਿਦਰੋਹੀਆਂ ਨੂੰ ਆਪਣੇ ਖੇਤਰ ਵਿਚ ਰਾਹਦਾਰੀ ਦੇਣ ਕਾਰਨ ਰੋਸ ਪ੍ਰਗਟ ਕੀਤਾ ਗਿਆ। ਮੀਆਂ ਲਾਭ ਸਿੰਘ ਅਤੇ ਜਨਰਲ ਗੁਲਾਬ ਸਿੰਘ ਦੀ ਅਗਵਾਈ ਅਧੀਨ 20,000 ਸਿੱਖਾਂ ਦੇ ਸੈਨਿਕ ਦਸਤੇ ਨੇ ਸਤਲੁਜ ਪਾਰ ਕਰਕੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਨੂੰ ਘੇਰ ਲਿਆ। ਲਾਹੌਰ ਦਰਬਾਰ ਦੇ ਸੈਨਾਪਤੀ ਬਾਬਾ ਬੀਰ ਸਿੰਘ ਦੀਆਂ ਧਾਰਮਿਕ ਪ੍ਰਾਪਤੀਆਂ ਦਾ ਸਤਿਕਾਰ ਕਰਦੇ ਹੋਏ ਪੂਰਨ ਸੁਹਿਰਦਤਾ ਸਹਿਤ ਸੁਲ੍ਹਾ ਸਫ਼ਾਈ ਲਈ ਗੱਲਬਾਤ ਕਰਨ ਦੇ ਇਰਾਦੇ ਨਾਲ ਡੇਰੇ ਵਿਚ ਆ ਗਏ। ਜਦੋਂ ਹਾਲੀਂ ਗੱਲ-ਬਾਤ ਚੱਲ ਹੀ ਰਹੀ ਸੀ ਤਾਂ ਅਤਰ ਸਿੰਘ ਨੇ ਅਚਾਨਕ ਗੁੱਸੇ ਵਿਚ ਆ ਕੇ ਜਨਰਲ ਗੁਲਾਬ ਸਿੰਘ ਨੂੰ ਛੁਰਾ ਮਾਰ ਕੇ ਮਾਰ ਦਿੱਤਾ। ਗੁਲਾਬ ਸਿੰਘ ਦੇ ਰੱਖਿਅਕ ਤੁਰੰਤ ਅਤਰ ਸਿੰਘ ਉਪਰ ਝਪਟ ਪਏ ਅਤੇ ਉਸ ਦੇ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ ਗਏ। ਇਹ ਘਟਨਾ ਮਈ 1844 ਵਿਚ ਵਾਪਰੀ।


ਲੇਖਕ : ਬ.ਜ.ਹ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.