ਅਣ-ਅਧਿਕਾਰਿਤ ਪ੍ਰਵੇਸ਼: ਕਰੈਕਰ ਅਤੇ ਹੈਕਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Unauthorized Access : Crackers and Hackers
ਕਿਸੇ ਦੇ ਕੰਪਿਊਟਰ ਜਾਂ ਨੈੱਟਵਰਕ ਨੂੰ ਬਿਨਾਂ ਆਗਿਆ ਇਸਤੇਮਾਲ ਕਰਨਾ ਅਣ-ਅਧਿਕਾਰਿਤ ਪ੍ਰਵੇਸ਼ ਅਖਵਾਉਂਦਾ ਹੈ। ਕਰੈਕਿੰਗ ਅਤੇ ਹੈਕਿੰਗ ਅਜਿਹੇ ਹੀ ਦੋ ਤਰੀਕੇ ਹਨ ਜਿਨ੍ਹਾਂ ਰਾਹੀਂ ਸਾਡੇ ਕੰਪਿਊਟਰ ਜਾਂ ਨੈੱਟਵਰਕ ਅਣ-ਅਧਿਕਾਰਿਤ ਪ੍ਰਵੇਸ਼ ਦਾ ਸ਼ਿਕਾਰ ਹੁੰਦੇ ਹਨ।
ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜੋ ਕਿਸੇ ਦੇ ਕੰਪਿਊਟਰ ਜਾਂ ਨੈੱਟਵਰਕ ਦਾ ਗ਼ੈਰ-ਕਾਨੂੰਨੀ ਢੰਗ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਅਕਤੀਆਂ ਨੂੰ ਕਰੈਕਰ ਕਿਹਾ ਜਾਂਦਾ ਹੈ। ਆਮ ਕਰੈਕਰ ਅਜਿਹਾ ਕੰਮ ਇਕ ਸ਼ੋਂਕ ਵਜੋਂ ਕਰਦੇ ਹਨ ਤੇ ਉਹ ਦੂਸਰਿਆਂ ਨੂੰ ਪਰੇਸ਼ਾਨ ਕਰਨਾ ਇਕ ਖੇਡ ਸਮਝਦੇ ਹਨ। ਕੁਝ ਕਰੈਕਰ ਦੂਸਰਿਆਂ ਨੂੰ ਚੁਣੌਤੀ ਦੇਣ ਦੀ ਭਾਵਨਾ ਨਾਲ ਅਜਿਹਾ ਕਰਦੇ ਹਨ ਤੇ ਫਿਰ ਜਿੱਤ ਦੀ ਖੁਸ਼ੀ ਮਨਾਉਂਦੇ ਹਨ। ਕਈ ਲੋਕ 'ਕਰੈਕਰ' ਅਤੇ 'ਹੈਕਰ' ਦਾ ਅਰਥ ਇਕੋ ਜਿਹਾ ਹੀ ਲੈਂਦੇ ਹਨ ਪਰ ਇਹ ਇਕ ਦੂਸਰੇ ਤੋਂ ਬਿਲਕੁਲ ਭਿੰਨ ਹੁੰਦੇ ਹਨ।
ਹੈਕਰ ਚਲਾਕ ਕਿਸਮ ਦੇ ਪ੍ਰੋਗਰਾਮਰ (ਵਿਅਕਤੀ) ਹੁੰਦੇ ਹਨ। ਹੈਕਰ ਕਿਸੇ ਦੇ ਕੰਪਿਊਟਰ ਜਾਂ ਨੈੱਟਵਰਕ ਵਿੱਚ ਅਣ-ਅਧਿਕਾਰਿਤ ਤਰੀਕੇ ਨਾਲ ਦਾਖ਼ਲ ਹੋ ਕੇ ਗ਼ੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦਿੰਦੇ ਹਨ। ਹੈਕਰਸ ਨੂੰ ਆਮ ਤੌਰ 'ਤੇ ਕੰਪਿਊਟਰ ਅਪਰਾਧੀਆਂ ਜਾਂ ਸਾਈਬਰ ਅਪਰਾਧੀਆਂ ਦਾ ਨਾਮ ਦਿੱਤਾ ਜਾਂਦਾ ਹੈ।
ਹੈਕਰ ਦੂਸਰੇ ਦੇ ਕੰਪਿਊਟਰ ਉੱਤੇ ਹਮਲਾ ਕਰਕੇ ਪਹਿਲਾਂ ਉਸ ਨਾਲ ਸੰਪਰਕ ਬਣਾਉਂਦੇ ਹਨ ਤੇ ਫਿਰ ਉਸ ਦੇ ਯੂਜ਼ਰ (ਵਰਤੋਂਕਾਰ) ਬਣ ਕੇ ਉਸ ਨੂੰ ਲੌਗਿਨ ਕਰਦੇ ਹਨ। ਹੈਕਰਸ ਦੁਆਰਾ ਕੀਤੇ ਜਾਣ ਵਾਲੇ ਅਜਿਹੇ ਕੰਮਾਂ ਨੂੰ 'ਹੈਕਿੰਗ' ਕਿਹਾ ਜਾਂਦਾ ਹੈ। ਹੈਕਰਸ ਦੁਆਰਾ ਦੂਸਰੇ ਦੇ ਕੰਪਿਊਟਰ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਵੜ ਕੇ ਉਸ ਨੂੰ ਚੇਤਾਵਨੀ ਸੰਦੇਸ਼ਾਂ ਰਾਹੀਂ ਤੰਗ ਪਰੇਸ਼ਾਨ ਕਰਨਾ, ਉਸ ਦੇ ਅੰਕੜਿਆਂ ਦੀ ਤੋੜ-ਮਰੋੜ ਕਰਨਾ ਜਾਂ ਨਸ਼ਟ ਕਰਨ ਨੂੰ 'ਹੈਕ ਕਰਨਾ' ਕਿਹਾ ਜਾਂਦਾ ਹੈ।
ਕਈ ਹੈਕਰ ਦੂਸਰੇ ਦੇ ਕੰਪਿਊਟਰ ਵਿੱਚ ਫੇਰੀ ਪਾ ਕੇ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਆਪਣੀ ਹਾਜ਼ਰੀ ਦਾ ਸਬੂਤ ਛੱਡ ਜਾਂਦੇ ਹਨ। ਅਜਿਹੇ ਵਿਅਕਤੀ ਆਪਣੀ ਪ੍ਰੋਗਰਾਮਿੰਗ ਸੂਝ-ਬੂਝ ਦਾ ਲਾਹਾ ਮਨਵਾਉਣ ਲਈ ਅਜਿਹਾ ਕਰਦੇ ਹਨ। ਕਈ ਹੈਕਰ ਆਪਣੀ ਹਾਜ਼ਰੀ ਦਾ ਸਬੂਤ ਕਿਸੇ ਸੁਨੇਹੇ ਜਾਂ ਚਿਤਾਵਨੀ ਸੰਦੇਸ਼ ਦੇ ਰੂਪ ਵਿੱਚ ਛੱਡ ਜਾਂਦੇ ਹਨ।
ਕਈ ਵਿਅਕਤੀ ਪਹਿਲਾਂ ਕਿਸੇ ਦੂਸਰੇ ਦਾ ਈ-ਮੇਲ ਪਾਸਵਰਡ ਪਤਾ ਲਗਾਉਂਦੇ ਹਨ ਤੇ ਫਿਰ ਪਾਸਵਰਡ ਨੂੰ ਆਪਣੀ ਮਰਜੀ ਨਾਲ ਬਦਲ ਦਿੰਦੇ ਹਨ। ਇਸ ਪ੍ਰਕਾਰ ਹੁਣ ਕਿਸੇ ਈ-ਮੇਲ ਖਾਤੇ ਉੱਤੇ ਸਿਰਫ਼ ਉਹਨਾਂ ਦਾ ਅਧਿਕਾਰ ਹੀ ਰਹਿ ਜਾਂਦਾ ਹੈ। ਇਸ ਨਾਲ ਈ-ਮੇਲ ਦੇ ਖਾਤਾਧਾਰਕ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਹੈਕਰਸ ਦੂਸਰੇ ਦੀ ਈ-ਮੇਲ ਦਾ ਪਾਸਵਰਡ ਹੈਕ ਕਰਕੇ ਉਸ ਦੀ ਐਡਰੈੱਸ ਬੁਕ ਵਿੱਚ ਪਏ ਵੱਖ-ਵੱਖ ਪਤਿਆਂ ਨੂੰ ਇਤਰਾਜਯੋਗ ਸੰਦੇਸ਼ ਭੇਜ ਕੇ ਪਰੇਸ਼ਾਨ ਕਰਦੇ ਹਨ। ਹੈਕਰਸ ਕਿਸੇ ਵਿਅਕਤੀ ਦੇ ਬੈਂਕ ਖਾਤੇ ਵਿੱਚ ਸੇਧ ਲਗਾ ਕੇ ਉਸ ਦੇ ਖਾਤੇ ਵਿੱਚ ਪਈ ਰਾਸ਼ੀ ਵੀ ਕਢਵਾ ਸਕਦੇ ਹਨ। ਹੈਕਰਸ ਦੂਸਰੇ ਦੇ ਕੰਪਿਊਟਰ ਵਿੱਚ ਪਈ ਕੀਮਤੀ ਜਾਣਕਾਰੀ ਨੂੰ ਚੋਰੀ ਕਰ ਸਕਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First