ਅਚੁੱਕਵੀਂ ਸੰਪਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Immovable property_ਅਚੁੱਕਵੀਂ ਸੰਪਤੀ: ਸਾਧਾਰਨ ਖੰਡ ਐਕਟ, 1897 ਦੀ ਧਾਰਾ 3(26) ਵਿਚ ਅਚੁੱਕਵੀਂ ਸੰਪਤੀ ਦੀ ਪਰਿਭਾਸ਼ਾ ਨਿਮਨ-ਅਨੁਸਾਰ ਕੀਤੀ ਗਈ ਹੈ:-

       ‘‘ਅਚੁੱਕਵੀਂ ਸੰਪਤੀ ਵਿਚ ਸ਼ਾਮਲ ਹੋਵੇਗੀ ਭੋਂ , ਭੋਂ ਤੋਂ ਉਪਜਣ ਵਾਲੇ ਫ਼ਾਇਦੇ ਅਤੇ ਉਹ ਚੀਜ਼ਾਂ ਜੋ ਧਰਤੀਬੱਧ ਹਨ ਜਾਂ ਧਰਤੀ-ਬੱਧ ਕਿਸੇ ਚੀਜ਼ ਨਾਲ ਸਥਾਈ ਤੌਰ ਤੇ ਜਕੜੀਆਂ ਹੋਈਆਂ ਹਨ’’

       ਦ ਇੰਡੀਅਨ ਰਜਿਸਟਰੇਸ਼ਨ ਐਕਟ, 1908 ਦੀ ਧਾਰਾ 2(6) ਵਿਚ ਅਚੁੱਕਵੀਂ ਸੰਪਤੀ ਦੀ ਪਰਿਭਾਸ਼ਾ ਨਿਮਨ ਅਨੁਸਾਰ ਕੀਤੀ ਗਈ ਹੈ:-

       ‘‘ਅਚੁੱਕਵੀਂ ਸੰਪਤੀ ਵਿਚ ਸ਼ਾਮਲ ਹੈ ਭੋਂ, ਇਮਾਰਤਾਂ, ਜੱਦੀ ਭੱਤੇ , ਰਸਤਿਆਂ, ਚਾਨਣ, ਨੌ-ਚਾਲਣ, ਮੱਛੀ ਖੇਤਰ ਦੇ ਅਧਿਕਾਰ , ਜਾਂ ਭੋਂ ਤੋਂ ਉਪਜਣ ਵਾਲੇ ਹੋਰ ਫ਼ਾਇਦੇ ਅਤੇ ਉਹ ਚੀਜ਼ਾਂ ਜੋ ਧਰਤੀ-ਬਧ ਹਨ ਜਾਂ ਧਰਤੀ ਬਧ ਕਿਸੇ ਚੀਜ਼ ਨਾਲ ਸਥਾਈ ਤੌਰ ਤੇ ਜਕੜੀਆਂ ਹੋਈਆਂ ਹਨ, ਪਰ ਇਸ ਵਿਚ ਖੜੀ ਇਮਾਰਤੀ ਲਕੜੀ , ਜਾਂ ਉਗਦੀ ਫ਼ਸਲ ਜਾਂ ਘਾਹ ਸ਼ਾਮਲ ਨਹੀਂ ਹੈ।’’

       ਸੰਪਤੀ ਇੰਤਕਾਲ ਐਕਟ, 1882 ਦੀ ਧਾਰਾ 3 ਅਨੁਸਾਰ ਅਚੁੱਕਵੀਂ ਸੰਪਤੀ ਵਿਚ ਭੋਂ, ਭੋਂ ਤੋਂ ਅਤੇ ਧਰਤੀ-ਬੱਧ ਚੀਜ਼ਾਂ ਜਾਂ ਧਰਤੀ ਨਾਲ ਸਥਾਈ ਤੌਰ ਤੇ ਬਝੀਆਂ ਜਾਂ ਧਰਤੀ-ਜੜਤ ਕੋਈ ਚੀਜ਼ ਸ਼ਾਮਲ ਹੋਵੇਗੀ। ਉਸ ਐਕਟ ਅਨੁਸਾਰ ਜੇਕਰ ਵਿਸ਼ੇ ਜਾਂ ਪ੍ਰਸੰਗ ਵਿਚ ਇਸ ਦੇ ਵਿਰੁੱਧ ਕੋਈ ਗੱਲ ਨ ਹੋਵੇ ਤਾਂ, ਅਚੁੱਕਵੀਂ ਸੰਪਤੀ ਵਿਚ ਖੜੀ ਇਮਾਰਤੀ ਲਕੜੀ, ਉਗਦੀਆਂ ਫ਼ਸਲਾਂ ਅਤੇ ਘਾਹ ਸ਼ਾਮਲ ਨਹੀਂ ਹੈ।’’

       ਭੋਂ ਵਿਚ ਗੱਡੀਆਂ ਚੀਜ਼ਾਂ ਜਿਵੇਂ ਕਿ ਰੁਖ ਅਤੇ ਝਾੜੀਆਂ, ਸਾਧਾਰਨ ਖੰਡ ਐਕਟ ਅਤੇ ਸੰਪਤੀ ਇੰਤਕਾਲ ਦੋਹਾਂ ਅਨੁਸਾਰ ਅਚੁਕਵੀਂ ਸੰਪਤੀ ਹਨ। ਪਰ ਸੰਪਤੀ ਇੰਤਕਾਲ ਐਕਟ ਵਿਚ ਖੜੀ ਇਮਾਰਤੀ ਲਕੜੀ ਉਗਦਾ ਫ਼ਸਲ ਅਤੇ ਘਾਹ, ਭਾਵੇਂ ਉਨ੍ਹਾਂ ਦੀਆਂ ਜੜ੍ਹਾਂ ਧਰਤੀ ਵਿਚ ਹੁੰਦੀਆਂ ਹਨ ਤਦ ਵੀ ਅਚੁੱਕਵੀਂ ਸੰਪਤੀ ਵਿਚ ਸ਼ਾਮਲ ਨਹੀਂ ਹਨ। ਮਹਾਂਦਿਉ ਬਨਾਮ ਬੰਬੇ ਰਾਜ (ਏ ਆਈ ਆਰ 1959 ਐਸ ਸੀ 735) ਅਨੁਸਾਰ ਜਿਨ੍ਹਾਂ ਚੀਜ਼ਾਂ ਦੀਆਂ ਜੜ੍ਹਾਂ ਧਰਤੀ ਵਿਚ ਹਨ ਜਿਵੇਂ ਕਿ ਦਰਖ਼ਤ ਅਤੇ ਝਾੜੀਆਂ, ਉਹ ਸਾਧਾਰਨ ਖੰਡ ਐਕਟ ਅਤੇ ਸੰਪਤੀ ਇੰਤਕਾਲ ਐਕਟ ਅਨੁਸਾਰ ਇਮਾਰਤੀ ਲਕੜੀ ਦੇ ਖੜੇ ਰੁਖ, ਉਗਦੀਆਂ ਫ਼ਸਲਾਂ ਅਤੇ ਘਾਹ, ਭਾਵੇਂ ਉਨ੍ਹਾਂ ਦੀਆਂ ਜੜ੍ਹਾਂ ਧਰਤੀ ਵਿਚ ਹਨ, ਉਹ ਅਚੁੱਕਵੀਂ ਸੰਪਤੀ ਵਿਚ ਸ਼ਾਮਲ ਨਹੀਂ ਹਨ।

       ਡਿਸਟ੍ਰਿਕਟ ਬੋਰਡ ਬਨਾਮ ਚੁੜ੍ਹੂ ਰਾਏ (ਏ ਆਈ ਆਰ 1956 ਇਲਾ. 1860) ਵਿਚ ਕਿਹਾ ਗਿਆ ਹੈ ਕਿ ਸੰਪਤੀ ਇੰਤਕਾਲ ਐਕਟ, 1882 ਦੀ ਧਾਰਾ 3 ਅਨੁਸਾਰ ਇਮਾਰਤੀ ਲਕੜੀ ਦੇ ਖੜੇ ਰੁਖ, ਉਗਦੀਆਂ ਫ਼ਸਲਾਂ ਅਤੇ ਘਾਹ ਅਚੁੱਕਵੀਂ ਸੰਪਤੀ ਵਿਚ ਸ਼ਾਮਲ ਨਹੀਂ ਹਨ। ਅਦਾਲਤ ਅਨੁਸਾਰ ਇਹ ਤੈਅ ਕਰਨ ਲਈ ਸਹੀ ਟੈਸਟ ਕਿ ਕੀ ਕੋਈ ਰੁਖ ਅਚੁੱਕਵੀਂ ਸੰਪਤੀ ਹੈ ਜਾਂ ਚੁੱਕਵੀਂ ਸੰਪਤੀ , ਉਸ ਰੁੱਖ ਦੀ ਪ੍ਰਕਿਰਤੀ ਨਹੀਂ, ਸਗੋਂ ਇਹ ਹੈ ਕਿ ਉਸ ਨੂੰ ਕਿਵੇਂ ਨਜਿਠਿਆ ਜਾਣਾ ਹੈ। ਜੇ ਕਿਸੇ ਵਿਹਾਰ ਵਿਚ ਧਿਰਾਂ ਦਾ ਇਰਾਦਾ ਇਹ ਹੈ ਕਿ ਰੁਖ ਖ਼ਰੀਦਾਰ ਦੁਆਰਾ ਕਟ ਕੇ ਲਿਜਾਇਆ ਜਾਣਾ ਹੈ ਤਾਂ ਉਹ ਇਮਾਰਤੀ ਲਕੜੀ ਹੋਵੇਗੀ ਅਤੇ ਚੁਕਵੀਂ ਸੰਪਤੀ ਹੋਵੇਗੀ। ਪਰ ਜੇ ਇਰਾਦਾ ਇਹ ਹੋਵੇ ਕਿ ਖ਼ਰੀਦ ਤੋਂ ਪਿਛੋਂ ਰੁਖ ਵਧਦਾ ਫੁਲਦਾ ਰਹੇਗਾ ਤਾਂ ਉਹ ਇਮਾਰਤੀ ਲਕੜੀ ਨਹੀਂ ਹੋਵੇਗੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.