ਅਕਾਲ ਉਸਤਤਿ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਾਲ ਉਸਤਤਿ. ਦਸ਼ਮਗ੍ਰੰਥ ਵਿੱਚ ਅਕਾਲ ਦੀ ਮਹਿਮਾ ਦਾ ਇੱਕ ਅਸਤੋਤ੍ਰ. ਲਿਖਾਰੀਆਂ ਦੀ ਬੇਸਮਝੀ ਨਾਲ ਇਸ ਦਾ ਪਾਠ ਬਹੁਤ ਅੱਗੇ ਪਿੱਛੇ ਅਤੇ ਅਸ਼ੁੱਧ ਹੋ ਗਿਆ ਹੈ. ਦੇਖੋ, ਏਕ ਸਮੈ ਸ੍ਰੀ ਆਤਮਾ , ਅਤੇ ਗੁਰੁਮਤ ਸੁਧਾਕਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਕਾਲ ਉਸਤਤਿ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਕਾਲ ਉਸਤਤਿ (ਬਾਣੀ): ‘ਦਸਮ-ਗ੍ਰੰਥ ’ ਵਿਚ ਕ੍ਰਮਾਂਕ ਦੋ ਉਤੇ ਸੰਕਲਿਤ ਇਹ ਭਗਤੀ ਪ੍ਰਧਾਨ ਰਚਨਾ ਹੈ। ਇਸ ਦੇ ਸ਼ੁਰੂ ਵਿਚ ‘ਅਕਾਲ ਉਸਤਤਿ’ ਆਦਿ ਕਿਸੇ ਪ੍ਰਕਾਰ ਦਾ ਕੋਈ ਨਾਂ ਨਹੀਂ ਦਿੱਤਾ ਹੋਇਆ। ਪੁਰਾਤਨ ਬੀੜਾਂ ਵਿਚ ਕਿਤੇ ਕਿਤੇ ਅਖ਼ੀਰ’ਤੇ ‘ਉਸਤਤ ਸੰਪੂਰਨੰ’ ਸ਼ਬਦ ਲਿਖੇ ਹਨ। ਸੰਭਵ ਹੈ ਇਸ ਦੇ ਵਰਣਿਤ ਵਿਸ਼ੇ ਨੂੰ ਧਿਆਨ ਵਿਚ ਰਖ ਕੇ ਕਿਸੇ ਲਿਖਾਰੀ ਜਾਂ ਸੰਗ੍ਰਹਿ-ਕਰਤਾ ਨੇ ਇਸ ਨੂੰ ਵਰਤਮਾਨ ਨਾਂ ਦੇ ਦਿੱਤਾ ਹੋਵੇ।
ਇਸ ਦੇ ਆਰੰਭ ਵਿਚ ‘ਉਤਾਰ ਖਾਸੇ ਦਸਖਤ ਕਾ। ਪਾਤਿਸਾਹੀ ੧੦’ ਉਕਤੀ ਲਿਖੀ ਮਿਲਦੀ ਹੈ। ਉਸ ਤੋਂ ਬਾਦ ਹੇਠ ਲਿਖਿਆ ਛੰਦ (ਉਦਗਾਰ) ਅੰਕਿਤ ਹੋਇਆ ਹੈ :
ਅਕਾਲ ਪੁਰਖ ਕੀ ਰਛਾ ਹਮਨੈ।
ਸਰਬ ਲੋਹ ਕੀ ਰਛਿਆ ਹਮਨੈ।
ਸਰਬ ਕਾਲ ਜੀ ਦੀ ਰਛਿਆ ਹਮਨੈ।
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ।
ਇਸ ਤੋਂ ਅਗੇ ‘ਆਗੇ ਲਿਖਾਰੀ ਕੇ ਦਸਖਤ’ ਉਕਤੀ ਲਿਖੀ ਹੈ। ਇਸ ਤੋਂ ਸਪੱਸ਼ਟ ਹੈ ਕਿ ਇਸ ਬਾਣੀ ਨੂੰ ਜਦੋਂ ‘ਦਸਮ-ਗ੍ਰੰਥ’ ਦੇ ਵਰਤਮਾਨ ਰੂਪ ਵਿਚ ਦਰਜ ਕੀਤਾ ਗਿਆ ਤਾਂ ਇਸ ਦਾ ਉਤਾਰਾ ਕਿਸੇ ਅਜਿਹੀ ਪੋਥੀ ਤੋਂ ਕੀਤਾ ਗਿਆ ਜਿਸ ਦੇ ਸ਼ੁਰੂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਨਾਲ ਲਿਖਿਆ ਉਪਰੋਕਤ ਛੰਦ ਹੋਵੇਗਾ ਅਤੇ ਉਸ ਤੋਂ ਬਾਦ ਦਾ ਸਾਰਾ ਪਾਠ ਕਿਸੇ ਲਿਖਾਰੀ ਨੇ ਲਿਖਿਆ ਹੋਵੇਗਾ।
ਇਸ ਦਾ ਮੂਲ ਪਾਠ ‘ਤ੍ਵਪ੍ਰਸਾਦਿ’ ਉਕਤੀ ਸਹਿਤ ਚਉਪਈ ਛੰਦ ਦੀ ਵਰਤੋਂ ਨਾਲ ਸ਼ੁਰੂ ਹੁੰਦਾ ਹੈ। ਪਹਿਲੇ ਦਸ ਚਉਪਈ ਛੰਦਾਂ ਵਿਚ ਗੁਰੂ ਜੀ ਦੀ ਬ੍ਰਹਮ ਸੰਬੰਧੀ ਧਾਰਣਾ ਸਪੱਸ਼ਟ ਹੁੰਦੀ ਹੈ। ਸਭ ਤੋਂ ਪਹਿਲਾਂ ‘ਇਕ ਓਅੰਕਾਰ ’ ਨੂੰ ਪ੍ਰਣਾਮ ਕੀਤਾ ਗਿਆ ਹੈ। ‘ਓਅੰਕਾਰ’ ਸ਼ਬਦ ਗੁਰਬਾਣੀ ਵਿਚ ਬ੍ਰਹਮ ਦੇ ਵਾਚਕ ਵਜੋਂ ਵਰਤਿਆ ਗਿਆ ਹੈ। ‘ਓਅੰਕਾਰ’ ਨਾਂ ਦੀ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਰਾਹੀਂ ਹੀ ਸ੍ਰਿਸ਼ਟੀ ਦੀ ਉਤਪੱਤੀ ਮੰਨੀ ਹੈ। ਮੂਲ-ਮੰਤ੍ਰ ਵਿਚ ਇਸ ਨੂੰ ਪ੍ਰਥਮ ਸਥਾਨ ਦਿੱਤਾ ਗਿਆ ਹੈ। ‘ਜਾਪੁ ਸਾਹਿਬ ’ ਵਿਚ ਵੀ ਇਸ ਨੂੰ ਪਰਮਾਤਮਾ ਦੇ ਨਾਂਵਾਂ ਦੀ ਸੂਚੀ ਵਿਚ ਗਿਣਿਆ ਗਿਆ ਹੈ। ਇਸ ਤੋਂ ਇਲਾਵਾ ਪਰਮਾਤਮਾ ਨੂੰ ਸਰਬ-ਵਿਆਪਕ, ਸਭ ਵਿਚ ਸਮਾਇਆ ਹੋਇਆ ਅਤੇ ਘਟ ਘਟ ਵਾਸੀ ਵੀ ਦਸਿਆ ਗਿਆ ਹੈ।
ਦਸ ਚਉਪਈਆਂ ਤੋਂ ਬਾਦ 10 ਕਬਿੱਤ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਪਰਮਾਤਮਾ ਦੀ ਸਰਬ-ਵਿਆਪਕਤਾ, ਅਨੇਕ-ਰੂਪਤਾ ਅਤੇ ਫਿਰ ਇਕ-ਰੂਪਤਾ ਆਦਿ ਗੁਣਾਂ ਦਾ ਪਰਿਚਯ ਦਿੱਤਾ ਹੈ। ਇਸ ਸੰਸਾਰ ਵਿਚ ਅਨੇਕ ਤਰ੍ਹਾਂ ਨਾਲ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ, ਪਰ ਮੂਲ ਭਾਵਨਾ ਅਨੇਕਤਾ ਵਿਚ ਏਕਤਾ ਲਭਣ ਦੀ ਰਹੀ ਹੈ।
ਇਸ ਤੋਂ ਅਗੇ 10 ਸਵੈਯੇ ਹਨ। ਇਹ ਸਵੈਯੇ ‘ਅੰਮ੍ਰਿਤ ਸੰਚਾਰ ’ ਦੀਆਂ ਪੰਜ ਬਾਣੀਆਂ ਵਿਚ ਸ਼ਾਮਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਦੀ ਰਚਨਾ ‘ਅੰਮ੍ਰਿਤ-ਸੰਚਾਰ’ ਦੀ ਘਟਨਾ ਤੋਂ ਪਹਿਲਾਂ ਹੋ ਗਈ ਪ੍ਰਤੀਤ ਹੁੰਦੀ ਹੈ। ਇਨ੍ਹਾਂ ਵਿਚ ਵਖਰੀਆਂ ਵਖਰੀਆਂ ਸਾਧਨਾ ਪ੍ਰਣਾਲੀਆਂ ਦੇ ਬਾਹਰਲੇ ਆਡੰਬਰਾਂ, ਕਰਮ-ਕਾਂਡਾਂ, ਸੰਸਾਰਿਕ ਸੁਖਾਂ-ਭੋਗਾਂ ਆਦਿ ਦਾ ਵਰਣਨ ਕਰਕੇ ਪ੍ਰੇਮ-ਪੂਰਵਕ ਪਰਮਾਤਮਾ ਦੀ ਭਗਤੀ ਕਰਨ ਵਲ ਜਿਗਿਆਸੂ ਨੂੰ ਰੁਚਿਤ ਕੀਤਾ ਗਿਆ ਹੈ। ਨਮੂਨੇ ਵਜੋਂ 29ਵਾਂ ਸਵੈਯਾ ਵਿਚਾਰਨਯੋਗ ਹੈ।
ਇਸ ਤੋਂ ਅਗੇ 20 ਤੋਮਰ ਛੰਦਾਂ ਵਿਚ ਨਿਰਵਿਕਾਰ ਪਰਮਾਤਮਾ ਦਾ ਗੁਣਗਾਨ ਹੈ ਅਤੇ ਉਸ ਦੇ ਮੁਕਾਬਲੇ’ਤੇ ਸਾਰੇ ਦੇਵੀ ਦੇਵਤੇ, ਅਵਤਾਰ , ਧਰਮ-ਗ੍ਰੰਥ, ਤੀਰਥ- ਇਸ਼ਨਾਨ , ਧਾਰਮਿਕ ਅਨੁਸ਼ਠਾਨ ਵਿਅਰਥ ਹਨ। ਇਕ ਪਰਮਾਤਮਾ ਹੀ ਸਰਬ ਸ੍ਰੇਸ਼ਠ ਸ਼ਕਤੀ ਹੈ। ਫਿਰ 20 ਲਘੁ- ਨਰਾਜ ਛੰਦਾਂ ਰਾਹੀਂ ਪਰਮਾਤਮਾ ਦੀ ਸਰਬ-ਵਿਆਪਕਤਾ ਅਤੇ ਸਰਬ-ਸ਼ਕਤੀਮਾਨਤਾ ਨੂੰ ਸਪੱਸ਼ਟ ਕਰਦਿਆਂ ਉਸ ਦੀ ਉਪਾਸਨਾ ਵਲ ਜਿਗਿਆਸੂ ਨੂੰ ਪ੍ਰੇਰਿਆ ਗਿਆ ਹੈ। ਇਸ ਤੋਂ ਬਾਦ 20 ਕਬਿੱਤ ਹਨ ਜਿਨ੍ਹਾਂ ਵਿਚ ਦੁਨਿਆਵੀ ਪ੍ਰਪੰਚ ਵਿਅਰਥ ਮੰਨੇ ਗਏ ਹਨ ਅਤੇ ਸਾਰੀਆਂ ਸੰਸਾਰਿਕ ਸ਼ਕਤੀਆਂ ਤੋਂ ਪਰਮਾਤਮਾ ਨੂੰ ਅਪਰ ਅਪਾਰ ਦਸਿਆ ਗਿਆ ਹੈ। ਗੁਰੂ ਜੀ ਵੈਰੀ-ਮਿਤਰ, ਸ੍ਵਧਰਮੀ-ਵਿਧਰਮੀ ਦੇ ਲਗਾਓ ਤੋਂ ਉੱਚੇ ਉਠ ਕੇ ਸੱਚੀ ਭਾਵਨਾ ਨਾਲ ਮਾਨਵਤਾ ਦੇ ਉਧਾਰਕ ਰੂਪ ਵਿਚ ਪ੍ਰਗਟ ਹੋਏ ਸਨ। ਉਨ੍ਹਾਂ ਲਈ ਮਨੁੱਖ ਮਨੁੱਖ ਵਿਚ ਕੋਈ ਅੰਤਰ ਨਹੀਂ, ਭਾਵੇਂ ਉਹ ਇਸ ਦੇਸ਼ ਦਾ ਹੋਵੇ, ਭਾਵੇਂ ਕਿਸੇ ਹੋਰ ਦੇਸ਼ ਦਾ; ਧਾਰਮਿਕ ਵਿਸ਼ਵਾਸ ਵੀ ਉਨ੍ਹਾਂ ਲਈ ਕੋਈ ਅੰਤਰ ਉਪਸਥਿਤ ਨਹੀਂ ਕਰ ਸਕਦੇ (85)।
ਇਸ ਪ੍ਰਕਰਣ ਤੋਂ ਅਗੇ 30 ਭੁਜੰਗ-ਪ੍ਰਯਾਤ ਛੰਦ ਹਨ ਜਿਨ੍ਹਾਂ ਵਿਚ ਪਰਮਾਤਮਾ ਦੇ ਨਿਰਵਿਕਾਰ, ਨਿਸ਼ਕਾਮ ਰੂਪ’ਤੇ ਪ੍ਰਕਾਸ਼ ਪਾਇਆ ਗਿਆ ਹੈ। ਫਿਰ 20 ਪਾਧੜੀ ਛੰਦ ਹਨ ਜਿਨ੍ਹਾਂ ਵਿਚ ਅਕਾਲ ਸੱਤਾ ਦੇ ਗੁਣ ਸਪੱਸ਼ਟ ਕੀਤੇ ਗਏ ਹਨ। ਅਗਲੇ 20 ਤੋਟਕ ਛੰਦਾਂ ਵਿਚ ਪਰਮਾਤਮਾ ਦੀ ਸ੍ਰਿਸ਼ਟੀ-ਸਿਰਜਨਾ ਵਲ ਸੰਕੇਤ ਕੀਤਾ ਗਿਆ ਹੈ। ਫਿਰ 20 ਨਰਾਜ ਅਤੇ 20 ਰੂਆਮਲ ਛੰਦਾਂ ਰਾਹੀਂ ਪਰਮਾਤਮਾ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ।
ਇਸ ਤੋਂ ਅਗੇ 10 ਦੋਹਰੇ (201 ਤੋਂ 210) ਹਨ। ਇਨ੍ਹਾਂ ਵਿਚ ਅਧਿਆਤਮਿਕਤਾ ਸੰਬੰਧੀ ਕੁਝ ਪ੍ਰਸ਼ਨ ਹਨ ਅਤੇ ਉਨ੍ਹਾਂ ਦੇ ਉੱਤਰਾਂ ਸੰਬੰਧੀ ਧਾਰਣਾ ਹੈ ਕਿ ਸੰਕੇਤ ਰੂਪ ਵਿਚ ਉਹ ਆਪਣੇ ਮੂਲ ਪ੍ਰਸ਼ਨਾਂ ਵਿਚ ਹੀ ਲੁਪਤ ਹਨ। ਇਸ ਪ੍ਰਸੰਗ ਨੂੰ ਬੜੇ ਵਿਸਤਾਰ ਨਾਲ ਸਪੱਸ਼ਟ ਕਰਦਿਆਂ ਪੰਡਿਤ ਨਰੈਣ ਸਿੰਘ ਨੇ ਆਪਣੇ ਟੀਕੇ ਵਿਚ ਲਿਖਿਆ ਹੈ ਇਹ ਦੋਹਰੇ ਪਹੇਲਿਕਾਲਿੰਕਾਰ ਵਜੋਂ ਲਿਖੇ ਗਏ ਹਨ। ਇਨ੍ਹਾਂ ਵਿਚ ਜੋ ਬੁਝਾਰਤਾਂ ਪਾਈਆਂ ਗਈਆਂ ਹਨ, ਉਨ੍ਹਾਂ ਦੇ ਉੱਤਰਾਂ ਵਲ ਵੀ ਸੰਕੇਤ ਵਿਚੋਂ ਹੀ ਮਿਲ ਜਾਂਦਾ ਹੈ। ਪਹੇਲਿਕਾਲਿੰਕਾਰ ਦੇ ਦੋ ਭੇਦ—ਅਰਥ ਅਤੇ ਵਰਣ—ਦਸਦੇ ਹੋਇਆਂ ਇਨ੍ਹਾਂ ਦੋਹਰਿਆਂ ਨੂੰ ਵਰਣ-ਪਹੇਲਿਕਾ ਦੇ ਅੰਤਰਲਾਪਿਕਾ ਉਪ- ਭੇਦ ਦੇ ਅੰਤਰਗਤ ਰਖਿਆ ਗਿਆ ਹੈ। ਪਰ ਕੁਝ ਵਿਦਵਾਨਾਂ ਦੀ ਧਾਰਣਾ ਹੈ ਕਿ ਇਨ੍ਹਾਂ ਵਿਚ ਸ਼ੰਕਾਵਾਂ ਉਠਾਈਆਂ ਗਈਆਂ ਹਨ, ਪਰ ਉਨ੍ਹਾਂ ਦਾ ਸਮਾਧਾਨ ਨਹੀਂ ਕੀਤਾ ਗਿਆ। ਇਸ ਤਰ੍ਹਾਂ ਇਹ ਦਸ ਦੋਹਰੇ ‘ਅਕਾਲ ਉਸਤਤਿ’ ਮੂਲ ਵਿਸ਼ੇ ਤੋਂ ਹਟਵੇਂ ਹਨ ਜਿਸ ਕਰਕੇ ਇਸ ਰਚਨਾ ਵਿਚ ਭਾਵ-ਕ੍ਰਮ ਵਿਵਸਥਾ ਦਾ ਅਭਾਵ ਪ੍ਰਤੀਤ ਹੁੰਦਾ ਹੈ। ਇਨ੍ਹਾਂ ਦਾ ਸੰਬੰਧ , ਕੁਝ ਵਿਦਵਾਨਾਂ ਅਨੁਸਾਰ, ‘ਗਿਆਨ ਪ੍ਰਬੋਧ ’ ਰਚਨਾ ਨਾਲ ਬੈਠਦਾ ਹੈ।
ਦੋਹਰਿਆਂ ਤੋਂ ਬਾਦ 20 ਦੀਰਘ ਤ੍ਰਿਭੰਗੀ ਛੰਦ ਹਨ। ਇਹ ਵੀ ਅਪ੍ਰਸੰਗਿਕ ਢੰਗ ਨਾਲ ਦਰਜ ਹੋਏ ਪ੍ਰਤੀਤ ਹੁੰਦੇ ਹਨ। ਕਿਉਂਕਿ ਇਨ੍ਹਾਂ ਦਾ ਵਰਣਿਤ ਵਿਸ਼ਾ ਚੰਡੀ ਦੇਵੀ ਦਾ ਗੁਣਗਾਨ ਹੈ ਜਿਸ ਦਾ ਸੰਬੰਧ ਗੁਰੂ ਜੀ ਦੀ ਇਸ਼ਟ- ਭਾਵਨਾ ਨਾਲ ਨਹੀਂ ਹੈ। ਇਸ ਸੰਬੰਧ ਵਿਚ ਕੁਝ ਵਿਦਵਾਨਾਂ ਨੇ ਆਪਣੇ ਵਲੋਂ ਸਪੱਸ਼ਟੀਕਰਣ ਪੇਸ਼ ਕਰਨ ਦਾ ਯਤਨ ਕੀਤਾ ਹੈ। ਕੁਝ ਦਾ ਮਤ ਹੈ ਕਿ ਇਹ ‘ਚੰਡੀ ਚਰਿਤ੍ਰ-2’ ਵਿਚ ਸ਼ਾਮਲ ਹੋਣੇ ਸਨ, ਜੋ ਲਿਖਾਰੀ ਦੀ ਭੁਲ ਨਾਲ ਇਥੇ ਪਾ ਦਿੱਤੇ ਗਏ ਹਨ। ਕੁਝ ਵਿਦਵਾਨਾਂ ਦੀ ਸਥਾਪਨਾ ਹੈ ਕਿ ਜਦੋਂ ਗੁਰੂ ਜੀ ‘ਅਕਾਲ ਉਸਤਤਿ’ ਬਾਣੀ ਦੀ ਰਚਨਾ ਕਰ ਰਹੇ ਸਨ, ਉਦੋਂ ਕਾਸ਼ੀ ਤੋਂ ਪੰਡਿਤ ਕਾਸ਼ੀ ਰਾਮ ਆ ਗਿਆ। ਉਸ ਨੇ ਗੁਰੂ ਸਾਹਿਬ ਦੀ ਮਹਾਨਤਾ ਨੂੰ ਪਰਖਣ ਲਈ ਮਨ ਵਿਚ ਵਿਚਾਰ ਕੀਤਾ ਕਿ ਜੇ ਉਹ ਮੈਨੂੰ ਜ਼ਬਾਨੀ ਯਾਦ ਦੁਰਗਾ- ਸਤੋਤ੍ਰ ਦਾ ਭਾਸ਼ਾ ਵਿਚ ਕਾਵਿ-ਅਨੁਵਾਦ ਕਰਕੇ ਸੁਣਾਉਣ ਤਾਂ ਉਹ ਉਨ੍ਹਾਂ ਦੀ ਮਹਾਨਤਾ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਅੰਤਰਯਾਮੀ ਗੁਰੂ ਸਾਹਿਬ ਨੇ ਪੰਡਿਤ ਦੇ ਦਰਬਾਰ ਵਿਚ ਆਉਂਦਿਆਂ ਹੀ ਚੰਡੀ-ਸਤੋਤ੍ਰ ਦਾ ਇਨ੍ਹਾਂ 20 ਦੀਰਘ ਤ੍ਰਿਭੰਗੀ ਛੰਦਾਂ ਦੇ ਰੂਪ ਵਿਚ ਅਨੁਵਾਦ ਸੁਣਾਉਣਾ ਸ਼ੁਰੂ ਕਰ ਦਿੱਤਾ। ਪੰਡਿਤ ਗੁਰੂ ਸਾਹਿਬ ਦੀ ਪ੍ਰਤਿਭਾ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂ ਸਾਹਿਬ ਦੇ ਲਿਖਾਰੀ ਨੇ ‘ਅਕਾਲ ਉਸਤਤਿ’ ਦੇ ਉਸੇ ਰਚਨਾ-ਕ੍ਰਮ ਵਿਚ ਇਨ੍ਹਾਂ 20 ਛੰਦਾਂ ਨੂੰ ਵੀ ਜੋੜ ਦਿੱਤਾ। ਇਨ੍ਹਾਂ ਸਪੱਸ਼ਟੀਕਰਣਾਂ ਦੇ ਬਾਵਜੂਦ ਇਨ੍ਹਾਂ 20 ਛੰਦਾਂ ਅਤੇ ਇਨ੍ਹਾਂ ਤੋਂ ਪਹਿਲਾਂ 10 ਦੋਹਰਿਆਂ ਦੀ ਅਪ੍ਰਸੰਗਿਕਤਾ ਦੀ ਸ਼ੰਕਾ ਬਣੀ ਰਹਿੰਦੀ ਹੈ।
ਇਸ ਪਿਛੋਂ 12 ਪਾਧੜੀ ਛੰਦ ਲਿਖੇ ਹਨ ਜਿਨ੍ਹਾਂ ਵਿਚ ਪਰਮਾਤਮਾ ਸੰਬੰਧੀ ਕੁਝ ਬੁਨਿਆਦੀ ਤੱਥ ਅਤੇ ਗਿਆਨ ਆਧਾਰਿਤ ਜਿਗਿਆਸਾ ਪ੍ਰਗਟ ਕੀਤੀ ਗਈ ਹੈ। ਇਸ ਤੋਂ ਅਗੇ 10 ਸਵੈਯੇ ਹਨ ਜਿਨ੍ਹਾਂ ਨੂੰ ਕਈ ਸ਼ਰਧਾਲੂ ਅੰਮ੍ਰਿਤ ਬਾਣੀਆ ਜਾਂ ਸਵੇਰ ਦੀਆਂ ਬਾਣੀਆਂ ਦੇ ਨਾਲ ਪੜ੍ਹਦੇ ਹਨ। ਇਨ੍ਹਾਂ ਵਿਚ ਪਰਮਾਤਮਾ ਦੇ ਪ੍ਰਤਿਪਾਲਕ ਰੂਪ ਨੂੰ ਸਪੱਸ਼ਟ ਕਰਦੇ ਹੋਇਆਂ ਉਸ ਦੇ ਵਰਣਨ ਅਤੀਤ ਅਨਿਰਵਚਨੀ ਰੂਪ ਉਤੇ ਪ੍ਰਕਾਸ਼ ਪਾਇਆ ਗਿਆ ਹੈ। (251)।
ਇਸ ਪ੍ਰਕਰਣ ਤੋਂ ਅਗੇ 14 ਕਬਿੱਤ ਹਨ ਜਿਨ੍ਹਾਂ ਵਿਚ ਗੁਰੂ ਜੀ ਨੇ ਅਨੇਕ ਜਾਤਾਂ, ਧਰਮਾਂ, ਸੰਪ੍ਰਦਾਵਾਂ ਦਾ ਉਲੇਖ ਕਰਕੇ ਅਤੇ ਅਨੇਕ ਪ੍ਰਕਾਰ ਦੇ ਸੰਸਕ੍ਰਿਤਿਕ, ਭੂਗੋਲਿਕ ਅਤੇ ਭਾਸ਼ਾਈ ਪਰਿਵੇਸ਼ਾਂ ਦਾ ਵਰਣਨ ਕਰਕੇ ਉਨ੍ਹਾਂ ਵਖਰੇਵਿਆਂ ਪਿਛੇ ਇਕ ਮਹਾਨ ਸੱਤਾ ਦੀ ਸ਼ਕਤੀ ਦਾ ਹੱਥ ਦਸਿਆ ਹੈ ਅਤੇ ਅਨੇਕਤਾ ਤੋਂ ਏਕਤਾ ਵਲ ਭਾਵ-ਸੰਚਾਰ ਕੀਤਾ ਹੈ। ਇਸ ਤੋਂ ਅਗੇ ਪੰਜ ਪੂਰੇ ਅਤੇ ਇਕ ਅੱਧਾ ਪਾਧੜੀ ਛੰਦ ਹਨ। ਆਖ਼ੀਰ ਵਾਲਾ ਛੰਦ ਅੱਧਾ ਕਿਉਂ ਹੈ ? ਇਸ ਬਾਰੇ ਕੁਝ ਵਿਦਵਾਨ ਇਹ ਮੰਨਦੇ ਹਨ ਕਿ ਜਦੋਂ ਗੁਰੂ ਜੀ ਇਸ ਛੰਦ ਦੀ ਰਚਨਾ ਕਰਨ ਲਗੇ ਤਾਂ ਕਿਸੇ ਸ਼ੁਭ ਸਮਾਚਾਰ ਦੇ ਪੁਜਣ ਕਰਕੇ ਅੱਧ ਵਿਚ ਹੀ ਛਡ ਕੇ ਉਠ ਗਏ ਜਿਸ ਕਰਕੇ ਇਹ ਛੰਦ ਅਪੂਰਣ ਹੀ ਰਿਹਾ। ਕੁਝ ਵਿਦਵਾਨ ਇਸ ਮਤ ਦੇ ਹਨ ਕਿ ਇਸ ਰਚਨਾ ਦੇ 266ਵੇਂ ਛੰਦ ਦੇ ਅੰਤਿਮ ਚਰਣ—ਪੂਰਨ ਪ੍ਰਤਾਪੀ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਤਿ ਤਿਹਾਰੀ ਕੋ ਨ ਪਾਰ ਪਾਈਅਤੁ ਹੈ — ਦੇ ਅਧਾਰ’ਤੇ ਗੁਰੂ ਜੀ ਨੇ ਸਥਾਪਨਾ ਕੀਤੀ ਹੈ ਕਿ ਪਰਮਾਤਮਾ ਦੀ ਜਿਤਨੀ ਵੀ ਉਸਤਤਿ ਕੀਤੀ ਜਾਏ ਉਹ ਅਪੂਰਣ ਹੈ, ਅਰਥਾਤ ਪਰਮਾਤਮਾ ਦੀ ਉਸਤਤਿ ਅਸੀਮ ਹੈ, ਉਸ ਦਾ ਕੋਈ ਅੰਤ ਨਹੀਂ ਹੈ। ਇਸ ਲਈ ਇਸ ਰਚਨਾ ਦਾ ਅੰਤ ਅਪੂਰਣ ਹੀ ਰਖਿਆ ਗਿਆ ਹੈ। ਪਰ ਇਨ੍ਹਾਂ ਦੋਹਾਂ ਦਲੀਲਾਂ ਵਿਚ ਵਜ਼ਨ ਘਟ ਹੈ। ਪ੍ਰਸਤੁਤ ਲੇਖਕ ਦੀ ਜਾਚੇ ਜਿਸ ਪੋਥੀ ਤੋਂ ‘ਅਕਾਲ ਉਸਤਤਿ’ ਦੇ ਪਾਠ ਦਾ ਉਤਾਰਾ ਕੀਤਾ ਗਿਆ ਸੀ , ਉਸ ਪੋਥੀ ਦੇ ਅੰਤਿਮ ਪੰਨੇ ਮੁਕੰਮਲ ਨਹੀਂ ਸਨ, ਜੋ ਜਾਂ ਫਟ ਗਏ ਸਨ ਜਾਂ ਗੁੰਮ ਹੋ ਚੁੱਕੇ ਸਨ। ਇਸ ਲਈ ਜਿਥੇ ਅੰਤਿਮ ਪੰਨੇ ਦਾ ਪਾਠ ਮੁਕਿਆ, ਉਥੇ ਹੀ ਲਿਖਾਰੀ ਨੇ ਇਸ ਰਚਨਾ ਦਾ ਪਾਠ ਲਿਖਣਾ ਬੰਦ ਕਰ ਦਿੱਤਾ।
ਸਮੁੱਚੇ ਤੌਰ ’ਤੇ ਇਸ ਰਚਨਾ ਵਿਚ ਗੁਰੂ ਜੀ ਨੇ ਪਰਮਾਤਮਾ ਦੇ ਨਿਰਾਕਾਰ, ਨਿਰ-ਵਿਕਾਰ, ਨਿਰਗੁਣ, ਸਰਬ-ਵਿਆਪਕ, ਘਟ-ਘਟ ਵਾਸੀ ਰੂਪ ਦਾ ਵਰਣਨ ਕੀਤਾ ਹੈ। ਉਸ ਲਈ ਰਾਜਾ-ਰੰਕ, ਹਾਥੀ-ਕੀੜਾ ਸਭ ਸਮਾਨ ਹਨ। ਉਸ ਦਾ ਆਪਣਾ ਪਰਾਇਆ ਕੋਈ ਨਹੀਂ। ਉਸ ਦੀ ਜੋਤਿ ਹਰ ਪਾਸੇ ਪਸਰੀ ਹੋਈ ਹੈ। ਉਹ ਸਭ ਵਿਚ ਰੰਮਿਆ ਹੋਇਆ ਅਤੇ ਸਭ ਤੋਂ ਪਰੇ ਵੀ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਬਣਾਉਣ, ਸਥਾਪਿਤ ਕਰਨ ਅਤੇ ਸੰਘਾਰਨ ਦੀ ਸ਼ਕਤੀ ਰਖਦਾ ਹੈ। ਉਸ ਨੂੰ ਪ੍ਰਾਪਤ ਕਰਨ ਦਾ ਸਾਧਨ ਕੇਵਲ ਪ੍ਰੇਮ ਜਾਂ ਪ੍ਰੇਮ-ਭਗਤੀ ਹੈ, ਬਾਕੀ ਦੇ ਸਾਰੇ ਸਾਧਨ ਵਿਅਰਥ ਹਨ, ਪਾਖੰਡ ਹਨ, ਤ੍ਰੈਗੁਣਮਈ ਹਨ, ਵਾਸਨਾਵਾਂ ਦੇ ਸਰੋਤ ਹਨ। ਸੰਸਾਰਿਕ ਪ੍ਰਪੰਚ ਛਿਣ-ਭੰਗਰ ਹੈ, ਉਸ ਵਿਚ ਖਚਿਤ ਹੋਣਾ ਅਨੁਚਿਤ ਹੈ। ਇਨ੍ਹਾਂ ਸਾਰਿਆਂ ਕਰਮ-ਕਾਂਡਾਂ ਅਤੇ ਸਾਧਨਾ- ਵਿਧੀਆਂ ਨੂੰ ਛਡ ਕੇ ਅਨੁਭਵ ਤੋਂ ਪੈਦਾ ਹੋਏ ਗਿਆਨ ਦੀ ਅੱਖ ਨਾਲ ਪਰਮਾਤਮਾ ਦੀ ਵਾਸਤਵਿਕਤਾ ਨੂੰ ਜਾਣਨਾ ਹੀ ਸੱਚੀ ਸਾਧਨਾ ਹੈ।
ਇਸ ਰਚਨਾ ਵਿਚ ਕੁਲ 271-1/2 ਛੰਦ ਹਨ ਜਿਨ੍ਹਾਂ ਲਈ 12 ਕਿਸਮਾਂ ਦੇ ਛੰਦਾਂ ਦੀ ਵਰਤੋਂ ਹੋਈ ਹੈ। ਇਨ੍ਹਾਂ ਵਿਚੋਂ ਕਬਿੱਤ ਅਤੇ ਪਾਧੜੀ ਦੀ ਪ੍ਰਧਾਨਤਾ ਹੈ। ਇਸ ਵਿਚ 17 ਵਾਰ ਛੰਦ-ਪਰਿਵਰਤਨ ਹੋਇਆ ਹੈ। ਇਸ ਵਿਚਲੇ ਛੰਦ ਦੀਰਘ ਆਕਾਰ ਵਾਲੇ ਹਨ ਕਿਉਂਕਿ ਗੁਰੂ-ਕਵੀ ਨੇ ਪਰਮਾਤਮਾ ਦੀ ਮਹਾਨਤਾ ਨੂੰ ਦਲੀਲ ਅਤੇ ਉਕਤੀ-ਜੁਗਤੀ ਨਾਲ ਸਮਝਾ ਕੇ ਜਿਗਿਆਸੂ ਨੂੰ ਵਾਸਤਵਿਕਤਾ ਦਾ ਬੋਧ ਕਰਾਇਆ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਰਚਨਾ ਛੰਦਾਂ ਦੇ ਨਾਂਵਾਂ ਅਨੁਸਾਰ ਵਖ ਵਖ ਇਕਾਈਆਂ ਵਿਚ ਕੀਤੀ ਗਈ ਸੀ ਅਤੇ ਬਾਦ ਵਿਚ ਉਨ੍ਹਾਂ ਛੰਦ-ਜੁੱਟਾਂ ਨੂੰ ਇਕ ਸਿਰਲੇਖ ਅਧੀਨ ਇਕੱਠਾ ਕਰ ਦਿੱਤਾ ਗਿਆ। ਇਸ ਗੱਲ ਦੀ ਪੁਸ਼ਟੀ ਇਸ ਰਚਨਾ ਵਿਚ ਦਰਸਾਏ ਦੂਹਰੇ ਗਿਣਤੀ-ਅੰਕਾਂ ਤੋਂ ਵੀ ਹੋ ਜਾਂਦੀ ਹੈ। ਜੇ ਇਹ ਇਕ ਇਕਾਈ ਵਿਚ ਲਿਖੀ ਰਚਨਾ ਹੁੰਦੀ ਤਾਂ ਦੂਹਰੇ ਅੰਕ ਦੇਣ ਦੀ ਲੋੜ ਹੀ ਨਹੀਂ ਸੀ।
ਇਹ ਰਚਨਾ ਭਗਤੀ ਪ੍ਰਧਾਨ ਮੁਕਤਕ ਕਾਵਿ ਦਾ ਸੁੰਦਰ ਨਮੂਨਾ ਹੈ। ਇਸ ਦਾ ਹਰ ਛੰਦ ਸੁਤੰਤਰ ਭਾਵ ਪ੍ਰਗਟ ਕਰਦਾ ਹੈ। ਕਿਸੇ ਪ੍ਰਕਾਰ ਦੇ ਅਗਲੇ ਪਿਛਲੇ ਪ੍ਰਕਰਣ ਨੂੰ ਜੋੜਨ ਦੀ ਲੋੜ ਨਹੀਂ। ਇਸ ਦੀ ਭਾਸ਼ਾ ਸਾਫ਼-ਸੁਥਰੀ ਬ੍ਰਜ ਹੈ। ਪਰਿਭਾਸ਼ਿਕ ਸ਼ਬਦਾਵਲੀ ਦੇ ਪ੍ਰਯੋਗ ਕਰਕੇ ਕਿਤੇ ਕਿਤੇ ਔਖਿਆਈ ਦਾ ਅਨੁਭਵ ਹੁੰਦਾ ਹੈ। ਅਰਬੀ-ਫ਼ਾਰਸੀ ਦੀ ਸ਼ਬਦਾਵਲੀ ਪ੍ਰਸੰਗ-ਕ੍ਰਮ ਅਨੁਸਾਰ ਵਰਤੀ ਗਈ ਹੈ। ਭਾਵ ਨੂੰ ਠੀਕ ਢੰਗ ਨਾਲ ਪ੍ਰਗਟਾਉਣ ਵਿਚ ਇਸ ਦੀ ਭਾਸ਼ਾ ਬਹੁਤ ਸਮਰਥ ਹੈ। ਕਈ ਪੰਕਤੀਆਂ ਸਤਿ-ਕਥਨਾਂ ਦਾ ਰੂਪ ਧਾਰਦੀਆਂ ਹਨ। ਇਸ ਵਿਚ ਭਾਵ ਅਤੇ ਭਾਸ਼ਾ ਦਾ ਸੁੰਦਰ ਸੁਮੇਲ ਵੇਖਿਆ ਜਾ ਸਕਦਾ ਹੈ ਜੋ ਗੁਰੂ ਜੀ ਦੀ ਪ੍ਰਤਿਭਾ ਦਾ ਲਖਾਇਕ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਅਕਾਲ ਉਸਤਤਿ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਾਲ ਉਸਤਤਿ : ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਇਕ ਕਾਵਿ ਰਚਨਾ ਹੈ।ਦਸਮ ਗ੍ਰੰਥ ਵਿਚ ਇਹ ਇਕੋ ਇਕ ਮੁੱਖ ਰਚਨਾ ਹੈ ਜਿਸ ਦਾ ਸਿਰਲੇਖ ਨਹੀਂ ਹੈ। ਇਹ ਸਿਰਲੇਖ ਜਿਸ ਰਾਹੀਂ ਇਹ ਬਾਣੀ ਜਾਣੀ ਜਾਂਦੀ ਹੈ, ਪਹਿਲੇ ਸਬਦ, ‘ਅਕਾਲ` ਅਤੇ ਅਖ਼ੀਰਲੇ ‘ਉਸਤਤਿ` ਤੋਂ ਬਣਿਆ ਹੈ। ਅਰੰਭ ਵਿਚ ਇਕ ਟਿੱਪਣੀ ਹੈ: ਉਤਾਰ ਖਾਸੇ ਦਸਖ਼ਤ ਕਾ ਪਾਤਸ਼ਾਹੀ 10 (ਦਸਮ ਗੁਰੂ ਜੀ ਦੀ ਹੱਥ ਲਿਖਤ ਦੀ ਨਕਲ)। ਚਾਰ ਸਤਰਾਂ ਪਿੱਛੋਂ ਇਕ ਹੋਰ ਟਿਪਣੀ ਆਉਂਦੀ ਹੈ: ਆਗੇ ਲਿਖਾਰੀ ਕੈ ਦਸਖ਼ਤ(ਇਸ ਤੋਂ ਅੱਗੇ ਲਿਖਾਰੀ ਦੀ ਲਿਖਤ ਹੈ)। ਇਸ ਦਾ ਅਰਥ ਹੈ ਕਿ ਮੂਲ ਖਰੜੇ ਵਿਚ ਪਹਿਲੀਆਂ ਚਾਰ ਤੁਕਾਂ ਗੁਰੂ ਜੀ ਨੇ ਆਪਣੇ ਹੱਥ ਨਾਲ ਲਿਖੀਆਂ ਸਨ। ਪਹਿਲੀਆਂ ਚਾਰ ਤੁਕਾਂ ਤੋਂ ਇਲਾਵਾ ਇਸ ਦੇ 271 ਪਦੇ ਹਨ। ਇਸ ਵਿਚ ਬਾਰਾਂ ਵੱਖਰੇ ਵੱਖਰੇ ਛੰਦ ਵਰਤੇ ਗਏ ਹਨ। ਅਕਾਲ ਉਸਤਤਿ ਦੀ ਭਾਸ਼ਾ ਬ੍ਰਜ ਭਾਸ਼ਾ ਹੈ ਜੋ ਗੁਰਮੁਖੀ ਅੱਖਰਾਂ ਵਿਚ ਲਿਖੀ ਹੋਈ ਹੈ। ਇਸ ਰਚਨਾ ਦੇ ਪਹਿਲੇ ਭਾਗ ਦਾ ਸਮਾਂ 1684 ਦਿੱਤਾ ਹੋਇਆ ਹੈ ਅਤੇ ਬਾਕੀ ਭਾਗ ਦੀ ਰਚਨਾ 1691 ਵਿਚ ਹੋਈ ਲਿਖੀ ਹੈ। ਇਸ ਦਾ ਅੰਤਮ ਸੰਕਲਨ ਕਾਫ਼ੀ ਪਿਛੋਂ 1735 ਦੇ ਕਰੀਬ ਭਾਈ ਮਨੀ ਸਿੰਘ ਜੀ ਨੇ ਦਸਮ ਗ੍ਰੰਥ ਦੀ ਪਹਿਲੀ ਪੜ੍ਹਤ ਤਿਆਰ ਕਰਨ ਸਮੇਂ ਕੀਤਾ।
ਇਸ ਬਾਣੀ ਦਾ ਮੁੱਖ ਵਿਸ਼ਾ ਸਦੀਵੀ ਅਕਾਲ ਦੀ ਉਪਮਾ ਹੈ। ਮੰਗਲਾਚਰਣ ਵਿਚ ਪਰਮਾਤਮਾ ਨੂੰ ਅਕਾਲ ਅਤੇ ਸਰਬਲੋਹ ਸੰਬੋਧਿਤ ਕੀਤਾ ਗਿਆ ਹੈ ਜੋ “ਸ਼ਕਤੀ ਦਾ ਸੋਮਾ ਅਤੇ ਸਰੂਪ ਹੈ।" ਉਹ ਪਰਾਭੌਤਿਕ ਹਸਤੀ ਸਾਰੇ ਸੰਸਾਰ ਤੋਂ ਵਿਲੱਖਣ ਹੈ (ਪਦਾ 9)। ਇਸ ਪਿੱਛੋਂ ਦਸ ਸਵੈਯੇ ਆਉਂਦੇ ਹਨ। ਇਹ ਚਾਰ ਤੁਕੇ ਬੰਦ ਸਾਨੂੰ ਇਸ ਗੱਲ ਤੋਂ ਸੁਚੇਤ ਕਰਦੇ ਹਨ ਕਿ ਧਾਰਮਿਕ ਗ੍ਰੰਥ ਅਤੇ ਰੀਤੀ ਰਿਵਾਜ , ਧਾਰਮਿਕ ਤਪੱਸਿਆ ਜਾਂ ਦੁਨੀਆਂ ਵਿਚ ਵਿਖਾਵਾ ਅਤੇ ਸ਼ਕਤੀ, ਪਰਮਾਤਮਾ ਦੇ ਪ੍ਰੇਮ ਅਤੇ ਮਿਹਰ ਬਿਨਾਂ ਵਿਅਰਥ ਹਨ (ਪਦਾ 21-30)। ਇਸ ਰਚਨਾ ਵਿਚ ਮਹਾਨ ਪਰਮਾਤਮਾ ਹਰੀ ਨੂੰ ਅਲੌਕਿਕ ਰੂਪ ਵਿਚ ਸਰਬ ਵਿਆਪਕ ਅਤੇ ਦੁਨੀਆਂ ਦੇ ਪਾਲਨਹਾਰ ਦੇ ਤੌਰ ਤੇ ਬਿਆਨਿਆ ਗਿਆ ਹੈ। ਕਠਨ ਤਪ ਸਾਧਨਾਵਾਂ, ਰਸਮ ਰਿਵਾਜ਼, ਤੀਰਥ ਯਾਤਰਾਵਾਂ ਸ਼ਰਧਾਲੂਆਂ ਦੁਆਰਾ ਹਰ ਜਗ੍ਹਾ ਕੀਤੀਆਂ ਜਾਂਦੀਆਂ ਹਨ ਪਰੰਤੂ ਸਿੱਟਾ ਇਹ ਹੈ ਕਿ :
‘ਸਭ ਕਰਮ ਫੋਕਟ ਜਾਨ। ਸਭ ਧਰਮ ਨਿਹਫ਼ਲ ਮਾਨ।
ਬਿਨੁ ਏਕ ਨਾਮ ਅਧਾਰ। ਸਭ ਕਰਮ ਭਰਮ ਬਿਚਾਰ॥` (31-50)
ਫਿਰ ਪਰਮਾਤਮਾ ਦੀ ਸਰਵ ਵਿਆਪਕਤਾ ਦੀ ਮਹਾਨਤਾ ਦਾ ਗਾਇਨ ਕੀਤਾ ਗਿਆ ਹੈ। ‘ਜਿਮੀ ਹਰੀ। ਜਮਾਂ ਹਰੀ।ਤੁਹੀ ਤੁਹੀ।ਤੁਹੀ ਤੁਹੀ। 16 ਵਾਰ ਦੁਹਰਾਏ ਗਏ ਹਨ (ਪਦਾ 51-70)। ਇਕ ਹੋਰ ਪਦੇ ਵਿਚ ਪਰਮਾਤਮਾ ਪ੍ਰਤੀ ਸੱਚੇ ਅਤੇ ਝੂਠੇ ਸੰਕਲਪਾਂ ਦੇ ਲੰਮੇ ਵਰਨਨ ਦੇ ਵਿਚਕਾਰ ਪਰਮਾਤਮਾ ਸਾਮ੍ਹਣੇ ਮਨੁੱਖੀ ਏਕਤਾ ਤੇ ਇਸ ਤਰ੍ਹਾਂ ਜ਼ੋਰ ਦਿੱਤਾ ਗਿਆ ਹੈ:
ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ।
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ।
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ
ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ।
ਅੱਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ
ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ। (ਪਦਾ 86)
ਇਸ ਬਾਣੀ ਦਾ ਲਗਪਗ ਤੀਜਾ ਹਿੱਸਾ ਝੂਠੀਆਂ ਪੂਜਾ ਵਿਧੀਆਂ ਉਪਰ ਵਿਅੰਗ ਹੈ ਪਰੰਤੂ ਉਪਕਾਰੀ ਉਦੇਸ਼ ਨਾਲ ਕੀਤੇ ਇਸ ਵਿਅੰਗ ਦਾ ਭਾਵ ਇਹ ਦੱਸਣਾ ਹੈ ਕਿ ਸੱਚੀ ਉਪਮਾ ਉਸ ਇਕ ਸਰਬੋੱਤਮ ਕਰਤਾਰ ਪ੍ਰਤੀ ਮਨੋਂ ਅਨੁਭਵ ਕੀਤੀ ਸ਼ਰਧਾ ਦੀ ਸਥਿਤੀ ਹੈ (ਨਾ ਕਿ ਬਾਹਰੀ ਵਿਖਾਵਾ ਕਰਨ ਵਿਚ ਹੈ)। ਇਸੇ ਪ੍ਰਕਾਰ ਦੈਵੀ ਉਦੇਸ਼ ਦੀ ਪੂਰਤੀ ਲਈ ਵਿਅੰਗ ਵੀ ਇਕ ਸਾਧਨ ਮਾਤਰ ਹੈ। ਇਸ ਤੋਂ ਅੱਗੇ ਫਿਰ ਪਰਮਾਤਮਾ ਨੂੰ ਨਕਾਰਾਤਮਿਕ ਸ਼ਬਦਾਂ ਵਿਚ (ਪਦੇ 91-200) ਬਿਆਨ ਕੀਤਾ ਗਿਆ ਹੈ ਅਤੇ ਦਰਸਾਇਆ ਗਿਆ ਹੈ ਕਿ ਅਕਾਲ ਪੁਰਖ ਨੂੰ ਕਠਿਨ ਤਪੱਸਿਆ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਗੋਂ ਉਸ ਦੀ ਅਰਾਧਨਾ ਉਸਨੂੰ ਮਿਹਰ ਦਾ ਖਜ਼ਾਨਾ ਮੰਨਕੇ ਹੀ ਕੀਤੀ ਜਾ ਸਕਦੀ ਹੈ(59) ਕਿਉਂਕਿ ਉਹ (ਪਰਮਾਤਮਾ) ਹੀ ਪ੍ਰੇਮ, ਪਵਿੱਤਰਤਾ, ਚੰਗਿਆਈ ਅਤੇ ਸਰਬ ਵਿਆਪਕਤਾ ਹੈ (172)। ਇਸ ਤੋਂ ਅੱਗੇ (201-10) ‘ਪ੍ਰਸ਼ਨ` ਅਤੇ ਸਮੱਸਿਆਵਾਂ ਦਾ ਉਲੇਖ ਧਾਰਮਿਕ ਪ੍ਰਸ਼ਨੋਤਰੀ ਦੇ ਰੂਪ ਵਿਚ ਕੀਤਾ ਗਿਆ ਹੈ।
ਆਖ਼ਰੀ ਭਾਗ ਵਿਚ ਪਰਮਾਤਮਾ ਦੀ ਯਥਾਰਥਿਕ ਮਹਿਮਾ ਦਾ ਗਾਇਨ ਕੀਤਾ ਗਿਆ ਹੈ। ਗੁਰੂ ਜੀ ਨੇ ਸਾਰੀ ਦੁਨੀਆਂ ਦੇ ਮਨੁੱਖਾਂ ਨੂੰ ਇਸ ਵਿਚ ਸ਼ਾਮਲ ਕੀਤਾ ਹੈ ਜੋ ਪਰਮਾਤਮਾ ਦੀ ਭਾਲ ਵਿਚ ਹਨ, ਜਿਵੇਂ, ਅਰਬ ਦੇ ਲੋਕ , ਫਰਾਂਸ ਦੇ, ਕੰਧਾਰ ਦੇ, ਕੁਰੈਸ਼ੀ, ਪੱਛਮੀ, ਮਰਾਠੇ, ਬਿਹਾਰੀ, ਉੜੀਆ, ਬੰਗਾਲੀ, ਅੰਗਰੇਜ਼, ਦਿੱਲੀ ਦੇ ਵਾਸੀ , ਗੋਰਖੇ, ਚੀਨੀ, ਮਨਚੂਰੀ, ਤਿਬਤੀ ਕਾਮਰੂਪ ਦੇ ਪੂਰਬੀ ਅਤੇ ਕੁਮਾਉਂ ਵਾਸੀ-ਇਹਨਾਂ ਸਾਰਿਆਂ ਉਪਰ ਪਰਮਾਤਮਾ ਦੀ ਕਿਰਪਾ ਹੈ ਕਿਉਂਕਿ ਇਹ ਸਾਰੇ ਉਸੇ ਇਕ ਦੀ ਹੀ ਉਪਮਾ ਗਾਉਂਦੇ ਹਨ (ਪਦੇ 254-71)।
ਪੂਰਬੀ ਦੇਸੀ ਬਿੰਬਾਵਾਲੀ ਵਿਚ ਉਸ (ਅਕਾਲ) ਦੀ ਉਪਮਾ, ਦੁੱਧ ਮੱਖਣ , ਜਮੁਨਾ-ਕਿਨਾਰੇ ਚੰਨ ਦੀ ਰੋਸ਼ਨੀ, ਬਲੌਰੀ ਸ਼ੀਸ਼ੇ, ਹੰਸਾਂ , ਕੂੰਜਾਂ , ਗੰਗਾ ਆਦਿ ਨਾਲ ਮੇਲ ਖਾਂਦੀ ਦਰਸਾਈ ਗਈ ਹੈ ਅਤੇ ਅੰਤ ਵਿਚ:
ਬਨ ਤਿਨ ਮਹੀਪ ਜਲ ਥਲ ਮਹਾਨ। ਜਹ ਤਹ ਪ੍ਰਸੋਹ ਕਰੁਣਾਨਿਧਾਨ।
ਜਗਮਗਤ ਤੇਜ ਪੂਰਨ ਪ੍ਰਤਾਪ ।ਅੰਬਰ ਜਮੀਨ ਜਿਹ ਜਪਤ ਜਾਪ।(ਪਦਾ 271)
ਗੁਰੂ ਜੀ ਆਪਣੀ ਮਹਾਨ ਰਚਨਾ ਸਰਬ ਸ਼ਕਤੀਮਾਨ ਸਰਬਲੋਹ ਦੇ ਮੰਗਲਾਚਰਣ ਤੋਂ ਅਰੰਭਦੇ ਹਨ ਅਤੇ ਇਸ ਦਾ ਅੰਤ ਸਾਰੇ ਸੰਸਾਰ ਵਿਚ ਮਨੁੱਖਤਾ ਵਿਚਕਾਰ ਅਜਿਹੇ ਭਰਾਤਰੀ ਭਾਵ ਦੇ ਪਸਰ ਜਾਣ ਦੀ ਉਮੀਦ ਨਾਲ ਕਰਦੇ ਹਨ ਕਿਉਂ ਸਾਰਾ ਸੰਸਾਰ ਇਕੋ ਅਕਾਲ ਦੀ ਮਿਹਰ ਦਾ ਜਾਚਕ ਹੈ ਅਤੇ ਉਸੇ ਦੀ ਹੀ ਉਸਤਤਿ ਦਾ ਗਾਇਨ ਕਰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਅਕਸਰ ਟੂਕ ਵਜੋਂ ਦਿੱਤੇ ਜਾਂਦੇ ਪਦੇ ਇਸ ਰਚਨਾ ਵਿਚ ਸ਼ਾਮਲ ਹਨ। ਇਹ ਰਚਨਾ ਭਗਤੀ ਭਾਵਨਾ ਅਤੇ ਦਾਰਸ਼ਨਿਕ ਵਿਚਾਰਾਂ ਦਾ ਮਿਸ਼ਰਨ ਹੈ। ਅਕਾਲ ਉਸਤਤਿ ਦੀ ਸ਼ੈਲੀ ਜਾਹੋ ਜਲਾਲ ਅਤੇ ਸੁੰਦਰਤਾ ਦਾ ਸੁਮੇਲ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਚੋਣ ਅਤੇ ਸ਼ੈਲੀ ਅਦੁੱਤੀ ਹੈ ਜਿਸ ਦੀ ਸਮਾਨਤਾ ਦੀ ਸਮੁੱਚੇ ਹਿੰਦੀ ਜਾਂ ਪੰਜਾਬੀ ਸਾਹਿਤ ਵਿਚੋਂ ਭਾਲ ਕਰ ਸਕਣੀ ਅਸੰਭਵ ਹੈ। ਇਸ ਬਾਣੀ ਵਿਚ ਉਹਨਾਂ ਦੀ ਸ਼ਬਦਾਵਲੀ ਦਾ ਮੁੱਖ ਸ੍ਰੋਤ ਸੰਸਕ੍ਰਿਤ ਹੈ ਭਾਵੇਂ ਕਿ ਉਹਨਾਂ ਨੇ ਆਪਣੀਆਂ ਹੋਰ ਰਚਨਾਵਾਂ ਵਿਚ ਫ਼ਾਰਸੀ-ਅਰਬੀ ਦੇ ਸ਼ਬਦਾਂ ਦੀ ਵੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਉਹ ਸੰਸਕ੍ਰਿਤ ਸ਼ਬਦਾਂ ਨੂੰ ਤਦਭਵ ਰੂਪ ਵਿਚ ਵਰਤਦੇ ਹਨ ਅਤੇ ਉਹਨਾਂ ਨੇ ਨਵੇਂ ਸ਼ਬਦਾਂ ਅਤੇ ਸੰਯੋਜਕਾਂ ਦਾ ਤਜਰਬਾ ਵੀ ਕੀਤਾ ਹੈ। ਜਾਪੁ ਵਾਂਗ ਅਕਾਲ ਉਸਤਤਿ ਵਿਸ਼ੇਸ਼ਣੀ ਸ਼ਬਦਾਂ ਦਾ ਖਜ਼ਾਨਾ ਹੈ।
ਇਹਨਾਂ ਵਿਚੋਂ ਬਹੁਤ ਸਾਰੇ ਵਿਸ਼ੇਸ਼ਣ ਗੁਰੂ ਜੀ ਦੁਆਰਾ ਨਵੇਂ ਘੜੇ ਹੋਏ ਹਨ। ਅਕਾਲ ਉਸਤਤਿ ਵਿਚ ਅਨੇਕ ਕਾਵਿ-ਛੰਦਾਂ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਵਿਚੋਂ ਕਬਿੱਤ, ਸੱਵੈਯੇ, ਅਤੇ ਦੀਰਘ ਨਰਾਜ ਲੰਮੇ ਕਾਵਿਕ ਰੂਪ ਹਨ ਜਦੋਂ ਕਿ ਤੋਮਰ ਅਤੇ ਪਾਧੜੀ ਛੋਟੇ ਰੂਪ ਹਨ ਜੋ ਕੇਵਲ ਦੋ ਜਾਂ ਤਿੰਨ ਸ਼ਬਦਾਂ ਦੇ ਹੀ ਹਨ।
ਲੇਖਕ : ਸੀ.ਐਚ.ਲ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਕਾਲ ਉਸਤਤਿ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਕਾਲ ਉਸਤਤਿ : ਇਹ ਦਸਮ ਗਰੰਥ ਵਿਚ ‘ਜਾਪੁ’ ਤੋਂ ਪਿੱਛੋਂ ਦੋ ਸੌ ਸਾਢੇ ਇਕਤਰ ਛੰਦਾਂ ਦੀ ਰਚਨਾ ਹੈ ਪਰ ਪ੍ਰਾਚੀਨ ਬੀੜਾਂ ਵਿਚ ਕ੍ਰਮ ਇੱਕੋ ਜਿਹਾ ਨਹੀਂ ਹੈ। ਇਸ ਨੂੰ ਦਸਮ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਿਆ ਜਾਂਦਾ ਹੈ। ਭਾਵ, ਵਿਸ਼ੇ, ਛੰਦ ਅਤੇ ਸ਼ੈਲੀ ਦੀ ਭਿੰਨਤਾ ਤੋਂ ਪਤਾ ਚਲਦਾ ਹੈ ਕਿ ਇਸ ਬਾਣੀ ਦੀ ਰਚਨਾ ਇਕ ਸਮੇਂ ਨਹੀਂ ਸੀ ਪਤਾ ਚਲਦਾ ਹੈ ਕਿ ਇਸ ਬਾਣੀ ਦੀ ਰਚਨਾ ਇਕ ਸਮੇਂ ਨਹੀਂ ਸੀ ਹੋਈ। ਇਸ ਬਾਣੀ ਦੇ ਛੰਦਾਂ ਦੇ ਦੋਹਰੇ ਅੰਕੜੇ (ਇਕ ਅੰਕ ਆਦਿ ਤੋਂ ਅੰਤ ਤਕ ਚਲਦਾ ਹੈ ਅਤੇ ਦੂਜਾ ਹਰ ਭਾਵ ਤੇ ਬਦਲਤਾ ਹੈ) ਵੀ ਉਕਤ ਗਲ ਦੀ ਪੁਸ਼ਟੀ ਕਰਦੇ ਹਨ। ਅਸਲ ਵਿਚ ਵੱਖ ਵੱਖ ਸਮਿਆਂ ਤੇ ਲਿਖੇ ਕਾਵਿ ਅੰਸ਼ਾਂ ਨੂੰ ਮਗਰੋਂ ਇਕ ਥਾਂ ਇਕੱਤਰ ਕਰ ਦਿੱਤਾ ਗਿਆ। ਇਕੱਤਰ ਕਰਨ ਵਾਲੇ ਨੇ ਪੋਥੀ ਲਿਖਣ ਤੋਂ ਪਹਿਲਾਂ ਉਸ ਦਾ ਆਰੰਭ ਖਾਸ ਦਸਖਤ ਵਿੱਚ ਕਰਵਾ ਕੇ ਫਿਰ ਬਾਕੀ ਸਾਰੀ ਪੋਥੀ ਆਪ ਲਿਖੀ ਹੈ। ਇਸ ਦਾ ਅਜੋਕਾ ਨਾਂ ਇਸ ਦੀ ਰਚਨਾ ਵੇਲੇ ਨਹੀਂ ਸੀ ਦਿੱਤਾ ਗਿਆ। ਇਸ ਦੇ ਆਰੰਭ ਵਿਚ ‘ਅਕਾਲ ਪੁਰਖ ਕੀ ਰਛਾ ਹਮਨੈ’ ਦਾ ਆਦਿ ਪਦ ‘ਅਕਾਲ’ ਅਤੇ ਅੰਤਮ ‘ਉਸਤਤਿ ਸੰਪੂਰਨ’ ਦਾ ਆਦਿ ਪਦ ‘ਉਸਤਤਿ’ ਨੂੰ ਗ੍ਰਹਿਣ ਕਰਕੇ ਉਪ ਕ੍ਰਮ ਅਤੇ ਉਹ ਸੰਹਾਰ ਦੀ ਰੀਤੀ ਨਾਲ ਦਸਮ ਗ੍ਰੰਥ ਦੀਆਂ ਬੀੜਾਂ ਦੇ ਸੰਪਾਦਕਾਂ ਨੇ ਇਸ ਦਾ ਨਾਂ ‘ਅਕਾਲ ਉਸਤਤਿ’ ਰੱਖ ਦਿੱਤਾ ਹੈ। ਇਸ ਵਿਚ 211 ਤੋਂ 230 ਤਕ ਛੰਦ ਦੇਵੀ ਉਸਤਿਤ ਨਾਲ ਸਬੰਧ ਰੱਖਣ ਵਾਲੇ ਹਨ ਜਿਨ੍ਹਾਂ ਵਿੱਚੋਂ 20 ਦੀਰਘ ਤ੍ਰਿਭੰਗੀ ਛੰਦ ਹਨ। ਉਨ੍ਹਾਂ ਦਾ ਬਾਕੀ ਦੀ ਬਾਣੀ ਨਾਲ ਸਿੱਧਾ ਸਬੰਧ ਨਹੀਂ ਹੈ ਅਤੇ ਪੰਡਤ ਰਾਮ ਕ੍ਰਿਸ਼ਨ ਦੇ 30 ਛੰਦਾਂ ਵਿਚ ਰਚੇ ‘ਭਗਵੰਤੀ ਪਦਯ ਪੁਸ਼ਪਾਂਜਲਿ ਸਤੋਤਰ’ ਦਾ ਸੁਤੰਤਰ ਅਨੁਵਾਦ ਹਨ। ਛੰਦ 201 ਤੋਂ 210 ਤਕ ਜੋ ਪ੍ਰਸ਼ਨ ਆਤਮਾ ਵੱਲੋਂ ਬੁੱਧੀ ਨੂੰ ਕਰਵਾਏ ਗਏ ਹਨ, ਉਨ੍ਹਾਂ ਬਾਰੇ ਵੱਖ ਵੱਖ ਵਿਚਾਰ ਹਨ। ਕੁਝ ਵਿਦਵਾਨ ਇਨ੍ਹਾਂ ਦੋਹਰਿਆਂ ਵਿੱਚੋਂ ਹੀ ਇਨ੍ਹਾਂ ਦੇ ਉੱਤਰ ਲਭਦੇ ਹਨ ਅਤੇ ਕੁਝ ਇਸ ਸੰਪੂਰਨ ਭਾਗ ਨੂੰ ਵਰਤਮਾਨ ਪ੍ਰਕਰਣ ਵਿੱਚ ਗਲਤੀ ਨਾਲ ਇਕੱਤਰ ਕੀਤੇ ਗਏ ਮੰਨਦੇ ਹੋਇਆ ਇਨ੍ਹਾਂ ਦਾ ਮੂਲ ਸਥਾਨ ਦਸਮ ਗਰੰਥ ਦੀ ਇਕ ਹੋਰ ਬਾਣੀ ‘ਗਿਆਨ ਪ੍ਰਬੋਧ ਦੇ ਛੰਦ ਅੰਕ 126 ਤੋਂ ਪਹਿਲਾਂ ਮੰਨਦੇ ਹਨ, ਕਿਉਂਕਿ ਉਸ ਤੋਂ ਮਗਰੋਂ ਉਥੇ ਇਨ੍ਹਾਂ ਦੇ ਉੱਤਰ ਦਿੱਤੇ ਹਨ। ਇਸ ਕਰਕੇ ਇਸ ਰਚਨਾ ਦੇ ਵਰਤਮਾਨ ਸਰੂਪ ਦੇ ਪ੍ਰਮਾਣਿਕਤਾ ਬਾਰੇ ਮਤਭੇਦ ਹੈ ਅਤੇ ਕਿਆਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਵਿੱਚ ਰਲਾ ਹੈ। ਛੰਦ 21 ਤੋਂ 30 ਤਕ ਦੇ 10 ਸੁਧਾ ਸਵੈਯੇ ‘ਅੰਮ੍ਰਿਤ ਸੰਸਕਾਰ’ ਦੀਆਂ ਬਾਣੀਆਂ ਵਿੱਚੋਂ ਇਕ ਬਾਣੀ ਹੈ। ਇਸ ਦਾ ਆਖ਼ਰੀ ਛੰਦ ਅਪੂਰਣ ਹੈ। ਕੁਝ ਵਿਦਵਾਨਾਂ ਦੀ ਰਾਏ ਹੈ ਕਿ ਇਸ ਛੰਦ ਦੇ ਅੰਤਮ ਚਰਨ, ਜੋ ਪਿਛਲੇ ਕਈ ਛੰਦਾਂ ਵਿਚ ਵਾਰ ਵਾਰ ਦੁਹਰਾਏ ਗਏ ਹਨ, ਇਥੇ ਲਿਖਾਰੀ ਦੀ ਭੁੱਲ ਕਾਰਣ ਰਹਿ ਗਏ ਹਨ। ਇਸ ਸਮੁੱਚੀ ਰਚਨਾ ਦੀ ਸਿੱਖ ਜਗਤ ਵਿਚ ਬੜੀ ਮਹਾਨਤਾ ਹੈ ਅਤੇ ਇਸ ਦਾ ਸੰਖੇਪ ਛੰਦ ਦੇ ਅੰਕ ਕ੍ਰਮ ਅਨੁਸਾਰ ਇੰਜ ਹੈ :––
ਪਹਿਲੇ ਛੰਦ ਵਿਚ ਅਕਾਲ ਪੁਰਖ ਦਾ ਨਮਸਕਾਰਾਤਮਕ ਮੰਗਲ ਹੈ। ਦੂਜੇ ਤੋਂ ਦੱਸਵੇਂ ਛੰਦ ਤਕ ਅਕਾਲ ਪੁਰਖ ਦੇ ਸਰਬ-ਵਿਆਪੀ ਹੋਣ ਦਾ ਉਲੇਖ ਕਰਦੇ ਹੋਇਆਂ ਉਸ ਦੇ ਵੱਖ ਵੱਖ ਗੁਣਾਂ ਅਤੇ ਸਿਫਤਾਂ ਤੇ ਚਾਨਣਾ ਪਾਇਆ ਗਿਆ ਹੈ। (11-20) ਛੰਦਾਂ ਵਿਚੋਂ ਉਸਿ ਦੇ ਰੰਗ ਰੂਪ, ਅਕਾਰ ਪ੍ਰਕਾਰ ਅਤੇ ਉਸ ਦੀਆਂ ਸਥਿਤੀਆਂ ਤੇ ਅਵਸਥਾਵਾਂ ਦੱਸੀਆਂ ਗਈਆਂ ਹਨ। (21-30) ਛੰਦਾਂ ਦੇ ਵਿਚ ਦੇਵਤੇ, ਦੈਂਤ, ਸੂਰਮੇ, ਕਰਮਕਾਂਡੀ, ਜੈਨੀ, ਬੋਧੀ, ਠਾਠ-ਬਾਠ ਵਾਲੇ ਅਤੇ ਦਿਗ ਵਿਜਈ ਰਾਜੇ, ਹਿੰਮਤੀ ਯੋਧੇ ਆਦਿ ਸਭ ਭਗਵਾਨ ਦੀ ਕਿਰਪਾ ਤੋਂ ਬਿਨਾਂ ਕੌਡੀ ਦੇ ਕੰਮ ਵੀ ਨਹੀਂ। ਕਰਮਕਾਂਡ, ਤੀਰਥ ਅਸ਼ਨਾਨ, ਵੇਦ ਪੁਰਾਣ ਆਦਿ ਭਗਵਾਨ ਦੀ ਭਗਤੀ ਤੋਂ ਬਿਨਾਂ ਕਬੂਲ ਨਹੀਂ ਹੁੰਦੇ। ਭਗਵੰਤ ਪੂਜਾ ਕਰਨ ਵਾਲੇ ਦੇਹ-ਮੁਕਤ ਹੋ ਜਾਂਦੇ ਹਨ। ਰੱਬ ਪ੍ਰੇਮ ਰਾਹੀਂ ਪ੍ਰਾਪਤ ਹੁੰਦਾ ਹੈ। ਵਿਅਰਥ ਭਰਮਾਂ ਤੇ ਪੂਜਾ ਵਿਧੀਆਂ ਵਿਚ ਉਲਝਿਆ ਮਨੁਖ ਸ੍ਰੀ ਭਗਵਾਨ ਦਾ ਭੇਦ ਨਹੀਂ ਪਾ ਸਕਦਾ। (31-50) ਛੰਦਾਂ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਸਰਬ-ਸ਼ਕਤੀਮਾਨ ਹੈ ਅਤੇ ਉਸ ਦੀ ਦਰਗਾਹ ਵਿਚ ਭਗਤੀ ਤੋਂ ਬਿਨਾਂ ਕੋਈ ਦੇਵਤਾ, ਦੈਂਤ, ਅਵਤਾਰ, ਪਰਵਾਨ ਨਹੀਂ ਹੁੰਦਾ। ਉਸ ਤੋਂ ਬਿਨਾਂ ਸ਼ੁਭ ਕਰਮ ਕੇਵਲ ਭਰਮ ਹਨ।
(51-70) ਛੰਦਾਂ ਵਿਚ ਦੰਸਿਆ ਗਿਆ ਹੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ ਅਤੇ ਹਰ ਇਕ ਵਸਤ ਉਸ ਦਾ ਹੀ ਰੂਪ ਹੈ। (71-90) ਛੰਦਾਂ ਵਿਚ ਹਿੰਦੂ ਮੁਸਲਮਾਨ ਇੱਕੋ ਸ਼ਕਤੀ ਤੋਂ ਪੈਦਾ ਹੋਏ ਹਨ ਅਤੇ ਸਾਰੇ ਉਸੇ ਮਹਾਨ ਸ਼ਕਤੀ ਵਿਚ ਸਮਾਉਣਗੇ। ਕੋਈ ਵੀ ਦੇਵਤਾ, ਦੈਂਤ ਆਦਿ ਪ੍ਰਭੂ ਦਾ ਭੇਤ ਨਹੀਂ ਜਾਣ ਸਕਿਆ।
(91-120) ਛੰਦਾਂ ਵਿਚ ਪ੍ਰਭੂ ਨਿਰਗੁਣ, ਅਰੂਪ, ਸ਼ਕਤੀਮਾਨ ਅਤੇ ਸਮਰਥ ਹੈ। ਉਸ ਨੂੰ ਵਾਰ ਵਾਰ ਨਸਸਕਾਰ ਹੈ, (121-160) ਛੰਦਾਂ ਵਿਚ ਵਰਣਨ ਹੈ ਕਿ ਕਿਤਨੇ ਕਰਮ ਕਾਂਡ ਕਰੋ ਪਰ ਭਗਤੀ ਤੋਂ ਬਿਨਾਂ ਪ੍ਰਭੂ ਨਹੀਂ ਮਿਲਦਾ। ਉਸ ਤੋਂ ਬਿਨਾਂ ਸਾਰੇ ਕੰਮ ਫੋਕਟ ਹਨ। ਜਿਨ੍ਹਾਂ ਨੇ ਉਸ ਦੇ ਨਾਮ ਦਾ ਸੁਆਦ ਚੱਖਿਆ ਹੈ ਉਹ ਭੁੱਲ ਕੇ ਵੀ ਕਾਲ ਦੀ ਫਾਹੀ ਵਿਚ ਨਹੀਂ ਫਸਣਗੇ। (161-180) ਛੰਦਾਂ ਵਿਚ ਪ੍ਰਭੂ ਦਾ ਵੱਖ ਵੱਖ ਪੱਖਾਂ ਤੋਂ ਸਤੋਤਰ ਗਾਇਆ ਗਿਆ ਹੈ। (181-200) ਛੰਦਾਂ ਵਿਚ ਲਿਖਿਆ ਹੈ ਕਿ ਪ੍ਰਭੂ ਅਨੰਤ ਹੈ, ਉਸ ਦਾ ਕੋਈ ਪਾਰ ਨਹੀਂ ਪਾ ਸਕਦਾ (201-210) ਛੰਦਾਂ ਵਿਚ ਬੁੱਧੀ ਪਾਸੋਂ ਆਤਮਾ ਦੀਆਂ ਹਿੰਦੂ ਸ਼ਾਸਤਰਾਂ ਦੇ ਆਧਾਰ ਤੇ ਕਈ ਅਧਿਆਤਮਕ ਪੁੱਛਾਂ ਵੇਰਵੇ ਨਾਲ ਲਿਖੀਆਂ ਹਨ। (211-230) ਛੰਦ ਵੀ ਦੀਰਘ ਤ੍ਰਿਭੰਗੀ ਛੰਦ ਹਨ ਜੋ ਦੇਵੀ ਦੀ ਉਸਤਤ ਨਾਲ ਸਬੰਧਿਤ ਹਨ। (231-242) ਛੰਦਾਂ ਵਿਚ ਪ੍ਰਭੂ ਦੀ ਮਹਾਨਤਾ ਸੁਚਕ ਸਤੋਤਰ ਹੈ ਅਤੇ 243 ਤੋਂ 252 ਤਕ ਦੇ ਛੰਦਾਂ ਵਿਚ ਉਸ ਦੇ ਰਖਿਅਕ ਗੁਣਾਂ ਦਾ ਸਤੋਤਰ ਹੈ। ਉਸ ਤੋਂ ਪਿੱਛੋਂ ਭਗਵਾਨ ਦੇ ਬਹੁਭਾਂਤੀ ਗੁਣਾਂ ਸਬੰਧੀ ਸਤੋਤਰ ਹਨ।
ਇਹ ਰਚਨਾ ਸਤੋਤਰਾਤਮਕ, ਉਪਦੇਸ਼ਾਤਮਕ ਅਤੇ ਵਿਅੰਗਾਤਮਕ ਸ਼ੈਲੀ ਵਿਚ ਲਿਖੀ ਗਈ ਹੈ। ਇਸ ਵਿਚ ਅਦਭੁਤ ਅਤੇ ਸ਼ਾਂਤ ਰਸ ਨਹੀਂ ਹੈ ਅਤੇ ਪ੍ਰਸਾਦ ਗੁਣ ਤੇ ਬੀਰ ਰਸ ਪ੍ਰਧਾਨ ਹਨ। ਇਸ ਦੇ ਕੁਲ 271½ ਛੰਦਾਂ ਵਿਚ ਬਾਰਾਂ ਕਿਸਮਾਂ ਦੇ ਛੰਦ ਵਰਤੇ ਗਏ ਹਨ––ਸਵੈਯੇ (20), ਕਬਿਤ (44), ਚਉਪਈ (10), ਤੋਟਕ (20), ਤੋਮਰ (20), ਦੀਰਘ ਤ੍ਰਿਭੰਗੀ (20), ਦੋਹਰਾ (10), ਨਿਰਾਜ (20), ਪਾਧੜੀ––(37½), ਭੁਯੰਗ ਪ੍ਰਯਾਤ (30), ਰੁਆਮਲ (20), ਲਘ ਨਿਰਾਜ (20)। ਸਵੈਯਾ ਛੰਦ ਦੋ ਵਾਰ ਦੁਹਰਾਇਆ ਗਿਆ ਹੈ ਅਤੇ ਕਬਿਤ ਤੇ ਪਾਧੜੀ ਤਿੰਨ ਤਿੰਨ ਵਾਰ।
ਇਸ ਰਚਨਾ ਦੀ ਬੋਲੀ ਮਾਂਜੀ ਸਵਾਰੀ ਠੇਠ ਬ੍ਰਜ ਹੈ। ਇਸ ਉਤੇ ਫ਼ਾਰਸੀ ਦਾ ਇੰਨਾ ਅਸਰ ਨਹੀਂ, ਜਿੰਨਾ ਕਿ ਸੰਸਕ੍ਰਿਤ ਦਾ ਹੈ। ਪੁਰਾਣਾ ਤੇ ਸ਼ਾਸਤਰਾਂ ਦੇ ਨਾਵਾਂ, ਪ੍ਰਸੰਗਾਂ ਅਤੇ ਸੰਕੇਤਾਂ ਦੀ ਭਰਮਾਰ ਹੋਣ ਕਰਕੇ ਕਿਤੇ ਕਿਤੇ ਅਰਥ ਔਖੇ ਹੋ ਗਏ ਹਨ, ਇਸ ਲਈ ਇਹ ਰਚਨਾ ਪਾਠਕਾਂ ਦੀ ਆਮ ਸਮਝ ਤੋਂ ਉਚੇਰੀ ਜਾਪਦੀ ਹੈ ਪਰ ਇਸ ਵਿਚ ਪ੍ਰਵਾਹ ਬਹੁਤ ਹੈ। ਦਸਮ ਗ੍ਰੰਥ ਦੀਆਂ ਭਗਤੀ ਭਰਪੂਰ ਰਚਨਾਵਾਂ ਵਿੱਚੋਂ ਇਹ ਇਕ ਮਹੱਤਵਪੂਰਣ ਅਤੇ ਸ਼ਿਰੋਮਣੀ ਰਚਨਾ ਹੈ।
ਹ. ਪੁ.––ਭਾਈ ਰਣਧੀਰ ਸਿੰਘ ਰਚਿਤ ਦਸਵੇਂ ਪਾਤਸ਼ਾਹ ਦੇ ਗ੍ਰੰਥ ਦਾ ਇਤਿਹਾਸ; ਰਣ ਸਿੰਘ ਰਚਿਤ ਦਸਮ ਗ੍ਰੰਥ ਨਿਰਣਯ; ਡਾ. ਧਰਮਪਾਲ ਅਸ਼ਟਾ ‘ਦੀ ਪੋਇਟਰੀ ਆਫ਼ ਦਸਮ ਗ੍ਰੰਥ; ਡਾ. ਹਰਭਜਨ ਸਿੰਘ ਰਚਿਤ ਗੁਰਮੁਖੀ ਲਿਪੀ ਮੇਂ ਉਪਲਬਧ ਹਿੰਦੀ ਕਾਵਯ ਕਾ ਆਲੋਚਨਾਤਮਕ ਅਧਿਅਨ; ਸਿੱਖ ਰਿਵੀਊ, ਮਈ-ਜੁਲਾਈ, 1955; ਮ. ਕੋ. ; ਕਨਿੰਘਮ ਰਚਿਤ ਹਿਸਟਰੀ ਆਫ਼ ਦੀ ਸਿਖਰ ਵਿਚੋਂ ਦਸਮ ਗ੍ਰੰਥ; ਨਰੈਣ ਸਿੰਘ ਰਚਿਤ ਦਸਮ ਗ੍ਰੰਥ ਸਟੀਕ, ਆਦਿ।
ਲੇਖਕ : ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First